18/12/2025
ਫ਼ਰਕ ਸਾਫ਼ ਹੈ ਲੋਕਾਂ ਦੀ ਨੀਅਤ ਵਿੱਚ, ਕਿਉਂਕਿ ਆਖ਼ਰਕਾਰ ਨੀਅਤ ਨੂੰ ਹੀ ਮੁਰਾਦ ਮਿਲਦੀ ਹੈ।
ਸਿਡਨੀ ਦੇ Bondi ਬੀਚ ‘ਤੇ ਹੋਏ ਹਮਲੇ ਦੌਰਾਨ ਘੱਟੋ-ਘੱਟ ਚਾਰ ਆਮ ਲੋਕਾਂ ਨੇ ਦੂਜਿਆਂ ਦੀ ਜਾਨ ਬਚਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਇੱਕ ਬਜ਼ੁਰਗ ਨੇ ਹਮਲਾਵਰ ‘ਤੇ ਇੱਟ ਨਾਲ ਹਮਲਾ ਕੀਤਾ ਅਤੇ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ।
ਇੱਕ ਪਤੀ–ਪਤਨੀ ਨੇ ਬੰਦੂਕ ਛੀਨਣ ਦੀ ਕੋਸ਼ਿਸ਼ ਕੀਤੀ ਅਤੇ ਮਾਰੇ ਗਏ।
ਇੱਕ ਔਰਤ ਨੇ ਇੱਕ ਨੰਨੀ ਬੱਚੀ ਨੂੰ ਬਚਾਉਣ ਲਈ ਆਪਣੇ ਆਪ ਨੂੰ ਉਸ ਉੱਤੇ ਸੁੱਟ ਦਿੱਤਾ।
ਇੱਕ ਸਬਜ਼ੀ ਦੀ ਦੁਕਾਨ ਵਾਲੇ ਨੇ ਹਮਲਾਵਰ ਤੋਂ ਬੰਦੂਕ ਖੋਹ ਲਈ।
ਇੱਕ ਪੰਜਾਬੀ ਨੇ ਅੱਗੇ ਵੱਧ ਕੇ ਪੁਲਿਸ ਨਾਲ ਮਿਲ ਕੇ ਹਮਲਾਵਰ ਨੂੰ ਕਾਬੂ ਕੀਤਾ।
ਇਹ ਸਾਰੇ ਆਮ ਲੋਕ ਸਨ—ਨਾ ਕੋਈ ਫੌਜੀ, ਨਾ ਕੋਈ ਹੀਰੋ—ਪਰ ਸਮਾਂ ਆਉਣ ‘ਤੇ ਡਰੇ ਨਹੀਂ, ਸਗੋਂ ਦੂਜਿਆਂ ਲਈ ਖੁਦ ਅੱਗੇ ਆ ਗਏ।
ਇਹ ਇਸ ਗੱਲ ਦੀ ਵੱਡੀ ਮਿਸਾਲ ਹੈ ਕਿ ਉਸ ਸਮੇਂ ਪੂਰਾ ਆਸਟ੍ਰੇਲੀਆ ਇੱਕ ਹੋ ਗਿਆ ਅਤੇ ਇਨਸਾਨੀਅਤ ਨੂੰ ਪਹਿਲ ਦਿੱਤੀ।
ਦੂਜੇ ਪਾਸੇ, ਸਾਡੇ ਪੰਜਾਬ ਵਿੱਚ ਅਸੀਂ ਦਿਨ ਭਰ ਆਪਣੀ ਬਹਾਦੁਰੀ ਦੇ ਗੁਣਗਾਣ ਕਰਦੇ ਰਹਿੰਦੇ ਹਾਂ,
ਪਰ ਭਰੇ ਖੇਡ-ਮੇਲਿਆਂ ਵਿੱਚ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਜਾਂਦਾ ਹੈ।
ਮੈਂ ਅਜੇ ਤੱਕ ਇੱਕ ਵੀ ਐਸਾ ਕਿੱਸਾ ਨਹੀਂ ਸੁਣਿਆ ਕਿ ਕਿਸੇ ਨੇ ਕਾਤਲ ਦੇ ਵਿਰੁੱਧ ਡਟ ਕੇ ਡਲਾ ਵੀ ਮਾਰਿਆ ਹੋਵੇ।
ਬੰਦੂਕਾਂ ਤਾਂ ਛੱਡੋ—ਇੱਥੇ ਦਿਨ ਦਿਹਾੜੇ ਡਾਂਗਾਂ ਨਾਲ ਕਤਲ ਕਰ ਦਿੱਤੇ ਜਾਂਦੇ ਹਨ ਅਤੇ ਅਸੀਂ ਲੋਕ ਤਮਾਸ਼ਾਬੀਨ ਬਣੇ ਰਹਿੰਦੇ ਹਾਂ।
ਗੈਂਗਸਟਰ ਚੋਣਾਂ ਜਿੱਤ ਕੇ ਸੱਤਾ ਤੱਕ ਪਹੁੰਚ ਜਾਂਦੇ ਹਨ।
ਜੋ ਬਾਹਰਲੀਆਂ ਰਾਜਾਂ ਵਿੱਚ ਜਾ ਕੇ ਨਿੱਕੀ ਉਮਰ ਦੇ ਬੱਚਿਆਂ ਤੱਕ ਨੂੰ ਮਾਰਦੇ ਹਨ, ਉਹ ਸਾਡੇ “ਹੀਰੋ” ਬਣ ਜਾਂਦੇ ਹਨ।
ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਅਸੀਂ ਕਈ ਵਾਰ ਇਹ ਸੋਚ ਕੇ ਖੁਸ਼ੀ ਵੀ ਮਨਾਉਂਦੇ ਹਾਂ ਕਿ
“ਚਲੋ, ਦੂਜੇ ਧਰਮ ਜਾਂ ਜਾਤ ਦਾ ਇੱਕ ਬੰਦਾ ਘੱਟ ਹੋ ਗਿਆ।”