02/09/2026
‘ਮਹਾਰਾਜਾ ਰਿਪੁਦਮਨ ਸਿੰਘ’ ਦੇ ਦਿਹਾਂਤ ਤੋਂ ਕੁਝ ਸਮਾਂ ਪਹਿਲਾਂ ਪ੍ਰਤਾਪ ਸਿੰਘ ਇੰਗਲੈਂਡ ਤੋਂ ਵਾਪਸ ਪਰਤਦਾ ਹੈ ਤੇ ਗੱਦੀ ਸਾਂਭਦਾ ਹੈ । ਇਸ ਛੋਟੀ ਜਿਹੀ ਰਿਆਸਤ ਦੇ ਟੁੱਟਵੇਂ ਝਗੜੇ ਨਿਬੇੜਨ ਅਤੇ ਸਿੱਖਿਆ ਲਈ ਚੰਗੇ ਯਤਨ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਆਪਣੀ ਫੌਜ ਨੂੰ ਅੰਗਰੇਜ਼ੀ ਤਰੀਕੇ ਨਾਲ ਤਿਆਰ ਕਰਦਾ ਹੈ ।
ਮਹਾਰਾਜਾ ਪ੍ਰਤਾਪ ਸਿੰਘ ਦਾ ਵਿਆਹ ਅਜੋਕੇ ਰਾਜਸਥਾਨ ਦੀ ‘ਧੌਲਪੁਰ ਰਿਆਸਤ’ ਦੇ ਮਹਾਰਾਜਾ ਉਦੇਭਾਨੂੰ ਸਿੰਘ ਦੀ ਪੁੱਤਰੀ ‘ਰਾਜਕੁਮਾਰੀ ਉਰਮਿਲਾ ਦੇਵੀ’ ਨਾਲ ਹੁੰਦਾ ਹੈ । ਜਿਸਦੇ ਚਾਰ ਬੱਚੇ ਪੈਦਾ ਹੁੰਦੇ ਹਨ ,1947 ਵਿੱਚ ਪੈਦਾ ਹੋਈ ਸਭ ਤੋਂ ਵੱਡੀ ਰਾਜਕੁਮਾਰੀ ਸਨੇਹ ਲਤਾ ਕੌਰ ਜਿਸਦਾ ਵਿਆਹ ‘ਓਰਛਾ ਰਿਆਸਤ’ ਵਿੱਚ ਹੋਇਆ । ਦੂਜੇ ਨੰਬਰ ਤੇ ਮਹਾਰਾਜਾ ਹਨੂੰਵੰਤ ਸਿੰਘ ਮਾਲਵਿੰਦਰ ਬਹਾਦਰ ਜੋ ਦਸੰਬਰ 1948 ਵਿੱਚ ਪੈਦਾ ਹੋਇਆ ਤੇ ਅੱਗੇ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਹੋਣ ਕਰਕੇ ਮਹਾਰਾਜਾ ਦੀ ਗੱਦੀ ਦਾ ਹੱਕਦਾਰ ਬਣਿਆ । ਤੀਜੇ ਨੰਬਰ ਤੇ 1951 ‘ਚ ਪੈਦਾ ਹੋਇਆ ਮਹਾਰਾਜ ‘ਰਾਣਾ ਹੇਮੰਤ ਸਿੰਘ’ ਜਿਸਨੂੰ ਉਸਦੇ ਨਾਨਾ ਉਦੇ ਭਾਨ ਸਿੰਘ ਜੋ ਧੌਲਪੁਰ ਦੇ ਮਹਾਰਾਜਾ ਸਨ ਦੀ ਮੌਤ ਕਾਰਨ ਨਾਨੀ ਨੇ ਗੋਦ ਲੈ ਲਿਆ ਅਤੇ ਮਹਾਰਾਜੇ ਦੀ ਪਦਵੀ ਦਿੱਤੀ । ਚੌਥਾ ਤੇ ਸਭ ਤੋਂ ਛੋਟਾ ਸੀ ਮਹਾਰਾਜਕੁਮਾਰ ਹਿੰਮਤ ਸਿੰਘ ਜੋ 1952 ਵਿੱਚ ਇੰਗਲੈਂਡ ਵਿੱਚ ਪੈਦਾ ਹੋਇਆ ਅਤੇ ਇਸਦਾ ਵਿਆਹ ਨੇਪਾਲ ਦੀ ਇਕ ਰਿਆਸਤ ਦੀ ਰਾਜਕੁਮਾਰੀ ਓਮਾ ਰਾਜ ਲਕਸ਼ਮੀ ਨਾਲ ਹੋਇਆ ।
ਇਸ ਦੌਰਾਨ ਅਗਸਤ 1947 ਭਾਰਤ ਅਜਾਦ ਹੋ ਗਿਆ, ਅੰਗਰੇਜ਼ ਚਲੇ ਗਏ ਰਿਆਸਤਾਂ ਭਾਰਤ ਸਰਕਾਰ ਵਿੱਚ ਸਮਾ ਲਈਆਂ ਗਈਆਂ ਅਤੇ ਮਗਰ ਬਚੇ ਮਹਾਰਾਜਿਆਂ ਦੇ ਰੁਤਬੇ ਬਹਾਲ ਰੱਖਦਿਆਂ ਪ੍ਰੀਵੀਪਰਸ(ਪੈਨਸ਼ਨ ਅਤੇ ਹੋਰ ਖਰਚ ਲਈ ਪੈਸਾ) ਨਿਸ਼ਚਿਤ ਕਰ ਦਿੱਤਾ ਗਿਆ । ਰਿਆਸਤਾਂ ਦੀ ਵਾਧੂ ਸੰਪਤੀ ਸਰਕਾਰ ਦੇ ਕਬਜ਼ੇ ਹੇਠ ਚਲੀ ਗਈ ਮਹਾਰਾਜਾ ਪ੍ਰਤਾਪ ਸਿੰਘ ਇੰਗਲੈਂਡ ਦੇ ਫੌਜੀ ਰੁਤਬੇ ਕਾਰਨ ਉਸਨੂੰ ਰਾਸ਼ਟਰਪਤੀ ਭਵਨ ਵਿੱਚ ਕੈਂਪ ਆਫ਼ਿਸ ਦਾ ਪ੍ਰਬੰਧਕ ਲਾ ਦਿੱਤਾ ਗਿਆ, ਅਤੇ ਪਰਿਵਾਰ ਦਿੱਲੀ ਸਥਿਤ ਆਪਣੀ ਰਿਹਾਇਸ਼ ਵਿਖੇ ਰਹਿੰਦਾ ਰਿਹਾ ।
ਮਹਾਰਾਜ ਹੇਮੰਤ ਸਿੰਘ ਰਾਣਾ ਜੋ ਪ੍ਰਤਾਪ ਸਿੰਘ ਦਾ ਤੀਜਾ ਪੁੱਤਰ ਸੀ ਤੇ ਆਪਣੇ ਨਾਨਾ ਉਦੇਭਾਨ ਸਿੰਘ ਦੀ ਰਿਆਸਤ ਧੌਲਪੁਰ ਦਾ ਮਹਾਰਾਜ ਸੀ ਦੂਨ ਸਕੂਲ ਵਿੱਚ ਪੜ੍ਹਿਆ । ਹੇਮੰਤ ਸਿੰਘ ਦਾ ਵਿਆਹ 1972 ਵਿੱਚ ਗਵਾਲੀਅਰ ਦੇ ਮਹਾਰਾਜਾ ਜੀਵਾ ਜੀ ਰਾਓ ਸਿੰਧੀਆ ਦੀ ਪੁੱਤਰੀ ‘ਵਸੁੰਧਰਾ ਰਾਜੇ’ ਨਾਲ ਹੁੰਦਾ ਹੈ ਅਤੇ ਇੱਕ ਸਾਲ ਬਾਅਦ ਹੀ ਇਹ ਵਿਆਹ ਟੁੱਟ ਜਾਂਦਾ ਹੈ ਤੇ ਦੋਵੇਂ ਅਲੱਗ ਅਲੱਗ ਹੋ ਜਾਂਦੇ ਹਨ । ਇਸ ਜੋੜੀ ਦਾ ਪੁੱਤਰ ਦੁਸ਼ਿਅੰਤ ਸਿੰਘ ਅੱਜਕੱਲ੍ਹ ਝਾਲਾਵਾੜ ਤੋਂ ਮੈਂਬਰ ਪਾਰਲੀਮੈਂਟ ਹੈ ਅਤੇ ਵਸੁੰਧਰਾ ਰਾਜੇ ਸਿੰਧੀਆ ਦੋ ਵਾਰ ਰਾਜਸਥਾਨ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ ।
ਮਹਾਰਾਜਾ ਪ੍ਰਤਾਪ ਸਿੰਘ ਦਾ ਵੱਡਾ ਪੁੱਤਰ ਮਹਾਰਾਜ ਹਨੂੰਵੰਤ ਸਿੰਘ 1995 ਤੋਂ ਬਾਅਦ ਪਰਿਵਾਰਕ ਤੌਰ ਤੇ ਮਹਾਰਾਜ ਦਾ ਦਰਜਾ ਪ੍ਰਾਪਤ ਕਰਦਾ ਹੈ ਬੇਸ਼ਿਕ ਕਿ ਭਾਰਤ ਸਰਕਾਰ ਵੱਲੋਂ ਮਹਾਰਾਜਿਆਂ ਦਾ ਦਰਜਾ 1971 ਵਿੱਚ ਸਮਾਪਤ ਕਰਕੇ ਪੈਨਸ਼ਨ ਤੇ ਪ੍ਰੀਵੀ ਪਰਸ ਬੰਦ ਕਰ ਦਿੱਤੇ ਗਏ ਸਨ ਤੇ ਨਾਲ ਹੀ ਉਹ ਵਿਸ਼ੇਸ਼ ਨਾਂ ‘ਦੌਲਤ ਏ ਇੰਗਲਸ਼ੀਆ’, ਜਾਂ ਰਾਜਾ ਏ ਰਾਜਗਾਨ ਟਾਈਪ ਜਿਨਾਂ ਦਾ ਉਚਾਰਨ ਕਰਵਾ ਕੇ ਮਹਾਰਾਜੇ ਖੁਸ਼ ਹੁੰਦੇ ਰਹੇ ਹਨ ।
ਹਨੂੰਵਤ ਸਿੰਘ ਨਾਭਾ ਪਰਿਵਾਰ ਕੋਲ ਪਈਆਂ ਗੁਰੂ ਗੋਬਿੰਦ ਸਾਹਿਬ ਦੀਆਂ ਨਿਸ਼ਾਨੀਆਂ ਪੱਗ, ਕੰਘਾ ਅਤੇ ਤਲਵਾਰ ਜੋ ਹੀਰਾ ਮਹਿਲ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ ਨੂੰ ਦਿੱਲੀ ਲੈ ਜਾਂਦਾ ਹੈ ਜਿਸ ਲਈ ਉਸਨੂੰ ਪਰਿਵਾਰ ਵਿੱਚੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਹ ਵਾਪਸ ਹੀਰਾ ਮਹਿਲ ਵਿੱਚ ਲਿਆਉਣੀਆਂ ਪੈਂਦੀਆਂ ਹਨ । ਹਨੂੰਵੰਤ ਸਿੰਘ ਦੇ ਦੋ ਪੁੱਤਰ ਹਨ ਯੁਧਿਸ਼ਟਰ ਸਿੰਘ ਅਤੇ ਕੀਰਤ ਸਿੰਘ ਜਿਨਾਂ ਦਾ ਮਹਾਰਾਜਾ ਹਿੰਮਤ ਸਿੰਘ ਦੇ ਪਰਿਵਾਰ ਨਾਲ ਥੋੜ੍ਹਾ ਬਹੁਤ ਜਾਇਦਾਦ ਤੇ ਕਬਜੇ ਨੂੰ ਲੈ ਕੇ ਅਦਾਲਤੀ ਝਗੜਾ ਚੱਲਦਾ ਹੈ ।
ਸਭ ਤੋਂ ਛੋਟਾ ਪੁੱਤਰ ਮਹਾਰਾਜਾ ਹਿੰਮਤ ਸਿੰਘ ਜੋ ਆਪਣੇ ਵੱਡੇ ਭਰਾ ਹਨੂੰਵਤ ਸਿੰਘ ਨਾਲ ਨਾਭਾ ਦੀ ਸ਼ਾਹੀ ਵਿਰਾਸਤ ਨੂੰ ਅੱਗੇ ਵਧਾ ਰਿਹਾ ਸੀ ਮਈ 1924 ਤੱਕ ਜਿਉਂਦਾ ਰਿਹਾ । ਨਾਭਾ ਦੇ ਹੀਰਾ ਮਹਿਲ, ਰਿਆਸਤ ਦੀਆਂ ਯਾਦਗਾਰੀ ਨਿਸ਼ਾਨੀਆਂ ਸਾਂਭਣ, ਸ਼ਾਹੀ ਘਰਾਣੇ ਦੀ ਵਿਰਾਸਤ ਨੂੰ ਸਾਂਭ ਕੇ ਰੱਖਣ ਵਾਲਾ ਇਨਸਾਨ ਸੀ । ਵੱਡੇ ਭਰਾ ਦੀ 2017 ਵਿੱਚ ਮੌਤ ਤੋਂ ਬਾਅਦ ਕੁਝ ਸ਼ਾਹੀ ਜਾਇਦਾਦਾਂ ਨੂੰ ਲੈ ਕੇ ਭਤੀਜਿਆਂ ਨਾਲ ਰੇੜਕਾ ਰਿਹਾ ।
ਮਹਾਰਾਜ ਹਿੰਮਤ ਸਿੰਘ ਦਾ ਇੱਕ ਹੀ ਪੁੱਤਰ ਭਾਨੂੰ ਪ੍ਰਤਾਪ ਸਿੰਘ ਹੈ ਜਿਸਦੀ ਪਤਨੀ ਪਰੀਤੀ ਸਿੰਘ ਅੱਜਕੱਲ੍ਹ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਜੋੜੀ ਦਾ ਪੁੱਤਰ ਅਭਿਊਦੇਪ੍ਰਤਾਪ ਸਿੰਘ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੇ ਹੀ ਪਰਿਵਾਰ ਨੂੰ ਨਾਭੇ ਰਹਿਣ ਮਜਬੂਰ ਕੀਤਾ ਹੈ । ਇਸ ਤੇਰਾਂ ਸਾਲਾ ਬੱਚੇ ਦੀ ਪਰਿਵਾਰ ਵੱਲੋਂ ਦਸਤਾਰਬੰਦੀ ਕੀਤੀ ਗਈ ਤਾਂ ਵੱਡੇ ਵੱਡੇ ਲੀਡਰ, ਬਾਬੇ ਅਤੇ ਹੋਰ ਲੋਕਾਂ ਦੀ ਹਾਜ਼ਰੀ ਇਸ ਘਟਨਾ ਦੇ ਸਧਾਰਨ ਨਾ ਹੋਣ ਦੀ ਗਵਾਹੀ ਭਰ ਰਹੀ ਹੈ । ਇਸ ਸਮਾਗਮ ਵਿੱਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹੋਰ ਵੀ.ਆਈ.ਪੀ ਆਏ ਸਨ ਤੇ ਹੁਣ ਵੀ ਆ ਰਹੇ ਹਨ ।
ਇਸ ਘਟਨਾਕ੍ਰਮ ਦਾ ਨਤੀਜਾ ਕਿਸ ਤਰੀਕੇ ਨਿੱਕਲੇਗਾ ਇਹ ਮੇਰੇ ਵਰਗੇ ਇਤਿਹਾਸ ਵਿੱਚ ਰੁਚੀ ਲੈਣ ਵਾਲੇ ਬੰਦੇ ਦੇ ਕਰਨ ਦਾ ਵਿਸ਼ਲੇਸ਼ਣ ਨਹੀੰ ਹੈ, ਸਮਾਂ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ । ਪਰ ਪਰਿਵਾਰ ਦੀ ਬੀ.ਜੇ.ਪੀ ਨਾਲ ਨੇੜਤਾ ਅਤੇ ਸਿਰਫ ਪਰੀਤੀ ਸਿੰਘ ਵੱਲੋਂ ਹੀ ਲਗਾਤਾਰ ਮੀਡੀਆ ਵਿੱਚ ਇੰਟਰਵਿਊ ਕਰਨੀ ਕੋਈ ਖਾਸ ਇਸ਼ਾਰਾ ਜਾਹਰ ਜਰੂਰ ਕਰ ਰਹੀ ਹੈ ਪਰ ਰਾਜਨੀਤਿਕ ਮਾਹਰ ਹਾਲੇ ਤੇਲ ਦੇਖੋ ਤੇਲ ਦੀ ਦਾਰ ਦੇਖੋ ਵਾਲੀ ਸਥਿਤੀ ‘ਚ ਹੀ ਹਨ । ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਰਿਓ…. ਹੋ ਸਕਦਾ ਕਿਸੇ ਦੀ ਜਗਿਆਸਾ ਦਾ ਕੀੜਾ ਸ਼ਾਂਤ ਹੋ ਜਾਵੇ ।
Copy from ਪੇਂਡੂ ਵਿਦਵਾਨ🥸