07/04/2025
ਮੁਕਤਸਰ ਸਾਹਿਬ ਦੀ ਬਾਵਾ ਕਲੋਨੀ ਦੀ ਔਰਤ ਕੁਸਮ ਨੂੰ 22 ਜੂਨ ਨੂੰ ਅਣਜਾਣ ਨੰਬਰ ਤੋਂ ਫੋਨ ਆਉਂਦਾ। ਫੋਨ ਕਰਨ ਵਾਲੇ ਨੇ ਕਿਹਾ, ‘ਥੋਡੇ ਨਾਂਅ ’ਤੇ ਮੁੰਬਈ ’ਚ ਫ਼ਲਾਣਾ ਮੋਬਾਈਲ ਨੰਬਰ ਚੱਲ ਰਿਹਾ, ਜਿਸ ਤੋਂ ਅਸ਼ਲੀਲ ਸੁਨੇਹੇ ਤੇ ਵੀਡੀਓ ਭੇਜੀਆਂ ਜਾ ਰਹੀਆਂ। ਥੋਡੇ ਖਿਲਾਫ਼ ਮੁੰਬਈ ’ਚ 27 ਸ਼ਿਕਾਇਤਾਂ ਦਰਜ ਨੇ। ਮਨੀ ਲਾਂਡਰਿੰਗ ਵਾਲਾ ਮਾਮਲਾ ਵੀ ਜੁੜਿਆ ਹੈ।’
ਫੇਰ ਕਹਿੰਦਾ, ਵੀਡੀਓ ਕਾਲ ਚੁੱਕੋ ਤੇ ਵਿੱਚ ਇੱਕ ਹੋਰ ਬੰਦੇ ਨੂੰ ਲੈ ਲਿਆ, ਜੀਹਨੇ ਸੀ.ਬੀ.ਆਈ ਡਾਇਰੈਕਟਰ ਬਣ ਕੇ ਗੱਲ ਕੀਤੀ। ਵਾਰ-ਵਾਰ ਧਮਕਾਇਆ ਕਿ ਜੇ ਕਿਸੇ ਕੋਲ ਗੱਲ ਕੀਤੀ ਤਾਂ ਪੂਰੇ ਟੱਬਰ ’ਤੇ ਕੇਸ ਪਵੇਗਾ। ਡਰਾ ਕੇ ਕੁਸਮ ਕੋਲੋਂ 1 ਕਰੋੜ 27 ਲੱਖ ਰੁਪਿਆ ਵੱਖ-ਵੱਖ ਖਾਤਿਆਂ ’ਚ ਪਵਾ ਲਿਆ। ਹੁਣ ਸਾਈਬਰ ਸੈੱਲ ਇਸ ਮਾਮਲੇ ’ਤੇ ਪੜਤਾਲ ਕਰ ਰਿਹਾ।
ਨਾ ਇਹ ਪਹਿਲਾ ਮਾਮਲਾ, ਨਾ ਆਖਰੀ। ਤੁਹਾਨੂੰ ਕੋਈ ਦਿੱਲੀਓਂ, ਮੁੰਬਈ, ਕਲਕੱਤਿਓਂ ਜਾਂ ਹੋਰ ਥਾਂ ਤੋਂ ਕਿਸੇ ਵਿਭਾਗ ਦਾ ਅਧਿਕਾਰੀ ਬਣ ਕੇ ਕਹਿੰਦਾ ਕਿ ਥੋਡੇ ਪਾਰਸਲ ’ਚੋਂ ਨਸ਼ੀਲੀ ਚੀਜ਼ ਮਿਲੀ, ਥੋਡੇ ਨਾਂ ’ਤੇ ਫ਼ਰਜ਼ੀ ਖਾਤੇ ਖੁੱਲ੍ਹੇ, ਥੋਡੇ ਨਾਂ ’ਤੇ ਆਹ ਗ਼ਲਤ ਹੋਇਆ, ਥੋਡੇ ’ਤੇ ਪਰਚੇ ਦਰਜ ਹੋਏ, ਥੋਡਾ ਕੇਸ ਫ਼ਲਾਣੀ ਅਦਾਲਤ ’ਚ ਹੈ, ਫੋਨ ’ਤੇ ਜਾਂਚ ’ਚ ਸਹਿਯੋਗ ਦਿਓ, ਐਨੇ ਪੈਸੇ ਫ਼ਲਾਣੇ ਖਾਤੇ ’ਚ ਪਾਓ ਤਾਂ ਭੁੱਲ ਕੇ ਇੱਕ ਵੀ ਰੁਪੱਈਆ ਨਾ ਭੇਜੋ। ਕੋਈ ਵਿਭਾਗ ਏਨਾ ਵਿਹਲਾ ਨਹੀਂ ਕਿ ਥੋਡੇ ਮਸਲੇ ਫੋਨ ’ਤੇ ਹੱਲ ਕਰਦਾ ਹੋਵੇ। ਵੀਡੀਓ ਕਾਲ ’ਤੇ ਸੰਮਨ ਦਿਖਾਉਂਦਾ ਹੋਵੇ। ਥੋਡਾ ਕੇਸ ਫੋਨ ’ਤੇ ਰਫ਼ਾ-ਦਫ਼ਾ ਕਰਦਾ ਹੋਵੇ।
ਫੋਨ ਕਰਨ ਵਾਲੇ ਨੂੰ ਝੱਟ ਕਹੋ ਕਿ ਪੰਜਾਬ ਆ ਕੇ ਮੈਨੂੰ ਫੜ ਲਵੋ। ਸਾਡੇ ਜ਼ਿਲ੍ਹੇ ਦੀ ਪੁਲਸ ਨੂੰ ਕਹੋ ਕਿ ਮੈਨੂੰ ਲੈ ਜਾਵੇ। ਏਹੋ ਜਿਹੇ ਫੋਨ ਬਲਾਕ ਕਰ ਦਿਓ। ਪਰਵਾਰ ਜਾਂ ਦੋਸਤਾਂ ਨਾਲ ਗੱਲ ਕਰੋ।
ਚੌਕਸ ਹੋ ਕੇ ਤੁਸੀਂ ਬਚ ਸਕਦੇ ਹੋ, ਨਹੀਂ ਤਾਂ ਬਾਅਦ ’ਚ ਸ਼ਿਕਾਇਤਾਂ ਤੇ ਪੜਤਾਲਾਂ ਹੀ ਹਨ। ਆਓ ਬਚੀਏ ਤੇ ਬਚਾਈਏ।
- ਸਵਰਨ ਸਿੰਘ ਟਹਿਣਾ