08/26/2026
25 ਅਗਸਤ 1977 ਵਾਲੇ ਦਿਨ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਦਮਦਮੀ ਟਕਸਾਲ ਦੇ ਚੌਧਵੇਂ ਮੁਖੀ ਵਜੋਂ ਦਸਤਾਰ ਦਿੱਤੀ ਗਈ:
ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਸੰਨ 1947 ਈ. ਵਿੱਚ ਪਿੰਡ ਰੋਡੇ ਜਿਲ੍ਹਾ ਫ਼ਰੀਦਕੋਟ ਵਿਖੇ ਬਾਬਾ ਜੋਗਿੰਦਰ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਗ੍ਰਹਿ ਵਿਖੇ ਹੋਇਆ । ਆਪ ਦੀ ਮੁੱਢਲੀ ਸਿੱਖਿਆ ਪਿੰਡ ਰੋਡੇ ਦੇ ਪ੍ਰਾਇਮਰੀ ਸਕੂਲ ਵਿਚ ਹੋਈ। ਸਾਲ 1965 ਦੇ ਦੌਰਾਨ ਆਪ ਨੇ ਸਿੱਖ ਧਰਮ ਦੇ ਗ੍ਰੰਥਾਂ ਦੇ ਅਧਿਐਨ ਲਈ ਭਿੰਡਰਕਲਾਂ ਪਿੰਡ ਦੇ ‘ ਗੁਰਦੁਆਰਾ ਅਖੰਡ ਪ੍ਰਕਾਸ਼’ ਵਿਚ ਸਥਾਪਿਤ ਦਮਦਮੀ ਟਕਸਾਲ ਵਿਚ ਦਾਖਲਾ ਲਿਆ।ਇਸ ਵਕਤ ਸੰਤ ਬਾਬਾ ਗੁਰਬਚਨ ਸਿੰਘ ਜੀ ਖ਼ਾਲਸਾ ਦਮਦਮੀ ਟਕਸਾਲ ਦੇ ਮੁਖੀ ਸਨ । ਸੰਤ ਬਾਬਾ ਜਰਨੈਲ ਸਿੰਘ ਜੀ ਇਥੇ ਇਕ ਸਾਲ ਰਹੇ ਅਤੇ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮ-ਗ੍ਰੰਥਾਂ , ਅਧਿਆਤਮਿਕ ਪੋਥੀਆਂ ਅਤੇ ਇਤਿਹਾਸ ਦੇ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ । ਸਾਲ 1966 ਦੇ ਦੌਰਾਨ ਭਾਈ ਸੁੱਚਾ ਸਿੰਘ ਦੀ ਪੁੱਤਰੀ ਬੀਬੀ ਪ੍ਰੀਤਮ ਕੌਰ ਨਾਲ ਆਪ ਜੀ ਦਾ ਆਨੰਦ ਕਾਰਜ ਹੋਇਆ ਅਤੇ ਆਪ ਪਿੰਡ ਰੋਡੇ ਹੀ ਰਹਿਣ ਲਗ ਪਏ।
ਜੂਨ 1969 ਈ. ਵਿਚ ਸੰਤ ਬਾਬਾ ਗੁਰਬਚਨ ਸਿੰਘ ਜੀ ਖ਼ਾਲਸਾ ਦੇ ਸਰੀਰ ਛੱਡ ਜਾਣ ਮਗਰੋਂ ਸੰਤ ਕਰਤਾਰ ਸਿੰਘ ਖ਼ਾਲਸਾ ਦਮਦਮੀ ਟਕਸਾਲ ਦੇ ਅਗਲੇ ਮੁਖੀ ਬਣੇ । ਆਪ ਨੇ ਟਕਸਾਲ ਦਾ ਕੇਂਦਰ ‘ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼’ , ਚੌਕ ਮਹਿਤਾ ਵਿਖੇ ਪਕੇ ਤੌਰ ਤੇ ਸਥਾਪਿਤ ਕੀਤਾ ।
16 ਅਗਸਤ 1977 ਵਾਲੇ ਸੰਤ ਕਰਤਾਰ ਸਿੰਘ ਖ਼ਾਲਸਾ ਜੀ ਦਾ ਇਕ ਸੜਕ-ਹਾਦਸੇ ਵਿੱਚ ਦੇਹਾਂਤ ਹੋ ਗਿਆ। ਆਪਣਾ ਸਰੀਰ ਛੱਡਣ ਤੋਂ ਪਹਿਲਾਂ ਆਪ, ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਨਾਮਜ਼ਦ ਕਰ ਗਏ ਸਨ ।
ਸੋ 25 ਅਗਸਤ 1977 ਵਾਲੇ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸੰਗਤ ਨੇ ਆਪ ਨੂੰ ਦਮਦਮੀ ਟਕਸਾਲ ਦੇ ਅਗਲੇ ਭਾਵ ਚੌਧਵੇਂ ਮੁਖੀ ਵਜੋਂ ਦਸਤਾਰ ਦਿੱਤੀ।
ਸੋ ਅੱਜ ਦੇ ਦਿਨ ਭਾਵ 25 ਅਗਸਤ 1977 ਵਾਲੇ ਦਿਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਦਮਦਮੀ ਟਕਸਾਲ ਦੇ ਜਥੇਦਾਰ ਵਜੋਂ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿੱਖੇ ਦਸਤਾਰ ਬੰਦੀ ਹੋਈ ਸੀ। ਉਸ ਵਕਤ ਰਵਾਇਤੀ ਅਕਾਲੀ ਦਲ ਸਮੇਤ ਸਮੂਹ ਸਿੱਖ ਜਥੇਬੰਦੀਆਂ ,ਸਿੱਖ ਸੰਪਰਦਾਵਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਦਸਤਾਰਾਂ ਭੇਂਟ ਕੀਤੀਆਂ ਗਈਆਂ ਸਨ। ਪੰਜਾਬ ਦਾ ਇਸ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਉਹ ਵੀ ਮੌਕੇ ਤੇ ਪਹੁੰਚਿਆ ਹੋਇਆ ਸੀ।ਜਿਸ ਨੇ ਆਪਣੇ ਭਾਸ਼ਣ ਵਿਚ ਆਖਿਆ ਕਿ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ ਯਾਦ ਵਿੱਚ ਕੋਈ ਹਸਪਤਾਲ ਜਾਂ ਵਿਦਿਆਲਾ ਉਸਾਰਿਆ ਜਾਵੇ ਗਾ। ਇਸ ਤੋਂ ਇਲਾਵਾ, ਦਮਦਮੀ ਟਕਸਾਲ ਨੂੰ ਕਿਸੇ ਚੀਜ ਦੀ ਲੋੜ ਹੋਵੇ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿਡਰਾਂਵਾਲੇ ਉਨ੍ਹਾਂ ਨੂੰ ਦੱਸ ਦੇਣ ,ਮੈਂ ਪੰਜਾਬ ਸਰਕਾਰ ਵਲੋ ਹੁਣੇ ਹੀ ਐਲਾਨ ਕਰ ਦਿਆਂਗਾ ।ਜਦੋੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਾਈਕ'ਤੇ ਆਏ ਤਾਂ ਉਹਨਾਂ ਸਪੱਸ਼ਟ ਰੂਪ ਵਿੱਚ ਆਖਿਆ ਕਿ ਦਮਦਮੀ ਟਕਸਾਲ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਚਲਾਈ ਹੋਈ ਟਕਸਾਲ ਹੈ, ਇਹ ਕੋਈ ਮੰਗਤਿਆਂ ਦਾ ਟੋਲਾ ਨਹੀਂ ਹੈ।ਉਹਨਾਂ ਆਖਿਆ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਧੰਨਵਾਦੀ ਹਾਂ। ਅਸੀਂ ਐਲਾਨ ਕਰਦੇ ਹਾਂ ਅਗਰ ਬਾਦਲ ਹੋਰਾਂ ਨੂੰ ਗੁਰਮਤਿ ਅਨੁਸਾਰ ਕਿਸੇ ਚੀਜ਼ ਦੀ ਜਰੂਰਤ ਹੋਵੇ ਤਾਂ ਇਹ ਦੱਸ ਸਕਦੇ ਹਨ ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਅਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਪੂਰੀ ਕਰਾਂਗੇ ।
ਆਪ ਨੇ ਦਮਦਮੀ ਟਕਸਾਲ ਦਾ ਕਾਰਜ-ਭਾਰ ਸੰਭਾਲਣ ਤੋਂ ਬਾਦ ਸਿੱਖਾਂ ਵਿਚੋਂ ਪਤਿਤਪਣੇ ਨੂੰ ਖ਼ਤਮ ਕਰਨ ਅਤੇ ਖੰਡੇ ਦੀ ਪਾਹੁਲ ਛੱਕਣ ਛਕਾਣ ਦੇ ਲਈ ਇਕ ਪ੍ਰਕਾਰ ਦੀ ਮੁਹਿਮ ਸ਼ੁਰੂ ਕਰ ਦਿੱਤੀ ਅਤੇ ਇਸ ਤੋਂ ਇਲਾਵਾਂ ਨਕਲੀ ਨਿਰੰਕਾਰੀਆਂ ਵਲੋਂ ਸਿੱਖ ਧਰਮ ਦੇ ਸਿੱਧਾਂਤਾਂ ਦੇ ਵਿਰੁੱਧ ਪ੍ਰਚਾਰੀਆਂ ਜਾਣ ਵਾਲੀਆਂ ਧਾਰਨਾਵਾਂ ਦਾ ਸਖਤੀ ਦੇ ਨਾਲ ਅਤੇ ਭਰਪੂਰ ਵਿਰੋਧ ਕੀਤਾ।
(ਸਤਿਕਾਰ ਯੋਗ ਭਾਈ ਸਾਹਿਬ ਸਿਰਦਾਰ ਲਵਸ਼ਿੰਦਰ ਸਿੰਘ ਡੱਲੇਵਾਲ ਹੁਣਾਂ ਦੇ ਧੰਨਵਾਦ ਅਤੇ ਉਨ੍ਹਾਂ ਪਾਸੋਂ ਮਿਲੀ ਵਡਮੁੱਲੀ ਜਾਣਕਾਰੀ ' ਤੇ ਅਧਾਰਿਤ)
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ.)
ਮੇਰੀ ਛੱਪ ਰਹੀ ਪੁਸਤਕ ‘365 ਦਿਨ ਸਿੱਖ ਇਤਿਹਾਸ ਦੇ’ ਦੇ ਵਿੱਚੋਂ: