07/07/2024
7 ਜੁਲਾਈ 1878 ਵਾਲੇ ਦਿਨ ਅਖੰਡ ਕੀਰਤਨੀ ਜਥੇ ਦੇ ਬਾਨੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਜਨਮ ਹੋਇਆ:
ਗੁਰਦੀਪ ਸਿੰਘ ਜਗਬੀਰ ( ਡਾ.)
ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦਾ ਜਨਮ 7 ਜੁਲਾਈ, 1878 ਵਾਲੇ ਦਿਨ ਸਰਦਾਰ ਨੱਥਾ ਸਿੰਘ ਦੇ ਗ੍ਰਹਿ ਵਿਖੇ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਆਪ ਗੁਰਸਿੱਖ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਲਬਰੇਜ਼ ਸਿੱਖ ਸ਼ਖ਼ਸੀਅਤ ਸਨ ਜੋ ਸਿੱਖਾਂ ਦੀ ਅਤੇ ਭਾਰਤ ਦੀ ਗੁਲਾਮੀ ਦੇ ਧੁਰ ਵਿਰੋਧੀ ਸਨ।
ਮਾਤਾ ਪਿਤਾ ਨੇ ਬਚਪਨ ਵਿੱਚ ਆਪ ਜੀ ਦਾ ਨਾਂ ਬਸੰਤ ਸਿੰਘ ਰੱਖਿਆ ਸੀ ਅੰਮ੍ਰਿਤ ਛਕਣ ਤੋਂ ਮਗਰੋਂ ਆਪ ਜੀ ਦਾ ਨਾਂ ਭਾਈ ਰਣਧੀਰ ਸਿੰਘ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ।ਆਪ ਦੇ ਬਚਪਨ ਦਾ ਵਧੇਰੇ ਕਰ ਕੇ ਸਮਾਂ ਨਾਭਾ ਵਿਖੇ ਗੁਜਰਿਆ ਜਿੱਥੋਂ ਆਪ ਜੀ ਨੇ ਮੁਢਲੀ ਸਿੱਖਿਆ ਪ੍ਰਾਪਤ ਕੀਤੀ ਉਪਰੰਤ ਕਾਲਜ ਦੀ ਉਚੇਰੀ ਸਿੱਖਿਆ ਦੇ ਲਈ ਆਪ ਨੂੰ ਲਾਹੌਰ ਵਿਖੇ ਮਿਸ਼ਨ ਕਾਲਜ, ਭੇਜ ਦਿੱਤਾ ਗਿਆ। ਕਾਲਜ ਦੀ ਪੜਾਈ ਦੇ ਨਾਲੋ ਨਾਲ ਆਪ ਜੀ ਨੇ ਸਿੱਖ ਧਰਮ ਦਾ ਡੂੰਘਾ ਅਧਿਐਨ ਕੀਤਾ।
ਲਾਹੌਰ ਵਿਖੇ ਵਿਦਿਆਰਥੀ ਜੀਵਨ ਦੇ ਦੁਰਾਨ ਆਪ ਜੀ ਸਿੱਖਾਂ ਦੇ ਇਤਿਹਾਸਿਕ ਅਸਥਾਨ, ਗੁਰਦੁਆਰਾ ਡੇਹਰਾ ਸਾਹਿਬ, ਸ਼ਹੀਦ ਗੰਜ, ਭਾਈ ਤਾਰੂ ਸਿੰਘ ਅਤੇ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਆਦਿ ਦੇ ਦਰਸ਼ਨਾਂ ਲਈ ਜਾਂਦੇ ਅਤੇ ਇੱਥੋਂ ਦੇ ਇਤਿਹਾਸ ਦੀ ਜੋ ਜਾਣਕਾਰੀ ਆਪ ਜੀ ਨੇ ਪ੍ਰਾਪਤ ਕੀਤੀ ਉਸ ਨੇ ਆਪ ਜੀ ਦੇ ਜੀਵਨ ਨੂੰ ਸਿੱਖੀ ਆਸ਼ੇ ਮੁਤਾਬਿਕ ਢਾਲਣ ਦੇ ਲਈ ਪ੍ਰੇਰਿਤ ਕੀਤਾ।
ਸਾਲ 1900 ਵਿੱਚ ਆਪ ਜੀ ਨੇ ਬੀ.ਏ. ਪਾਸ ਕਰ ਲਈ। ਅਤੇ ਉਥੇ ਹੀ ਸਕੂਲ ਵਿਚ ਪੜਾਉਣਾ ਸ਼ੁਰੂ ਕਰ ਦਿੱਤਾ। ਪਰ ਉਥੋਂ ਦੇ ਪ੍ਰਬੰਧ ਨੂੰ ਇਹ ਚੰਗਾ ਨਾ ਲੱਗਾ ਕਿਉਂਜੋ ਆਪ ਜੀ ਨੇ ਪਹਿਲੇ ਦਿਨ ਹੀ ਬੱਚਿਆਂ ਦੀ ਅਸੈਂਬਲੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਸ਼ਬਦ ਬੱਚਿਆਂ ਨੂੰ ਸੁਣਾਏ। ਇਸ ਕਾਰਣ ਪ੍ਰਬੰਧ ਦੀ ਕਿੰਤੂ ਪ੍ਰੰਤੂ ਦਾ ਸ਼ਿਕਾਰ ਹੋਣ ਮਗਰੋਂ ਆਪ ਜੀ ਨੇ ਦੋ ਦਿਨਾਂ ਬਾਅਦ ਹੀ ਸਕੂਲ ਛੱਡ ਦਿੱਤਾ।
ਨਾਭਾ ਦੇ ਗੁਰਸਿੱਖ ਪਰਵਾਰ,ਸਰਦਾਰ ਬਚਨ ਸਿੰਘ ਦੀ ਸਪੁੱਤਰੀ ਬੀਬੀ ਕਰਤਾਰ ਕੌਰ ਦੇ ਨਾਲ ਆਪ ਜੀ ਦੇ ਅਨੰਦ ਕਾਰਜ ਹੋਏ।
ਸੰਨ 1902 ਵਿਚ ਆਪ ਨੇ ਨਾਇਬ ਤਹਿਸੀਲਦਾਰ ਦੀ ਨੌਕਰੀ ਵਜੋਂ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਿਨਾਂ ਵਿਚ ਪਲੇਗ ਦੀ ਨਾਮੁਰਾਦ ਬੀਮਾਰੀ ਨੇ ਪੂਰੇ ਪੰਜਾਬ ਵਿਚ ਪੈਰ ਪਸਾਰ ਲਏ ਸਨ,ਲੋਕਾਂ ਵਿੱਚ ਨਮੋਸ਼ੀ ਅਤੇ ਡਰ ਸੀ, ਪਰ ਭਾਈ ਸਾਹਿਬ ਨੇ ਇਕ ਅੰਗਰੇਜ਼ ਡਾਕਟਰ ਦੇ ਨਾਲ ਮਿਲ ਕੇ ਉਸਦੇ ਨਿੱਜੀ ਸਹਾਇਕ ਵਜੋਂ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਦੀ ਸੇਵਾ ਕੀਤੀ। ਲੋਕਾਂ ਦੇ ਮਨਾਂ ਵਿੱਚ ਵੜੇ ਮੌਤ ਦੇ ਖੌਫ਼ ਨੂੰ ਕੱਢਿਆ।
ਆਪ ਜੀ ਤਾਂ, ਆਪਣੀ ਨੌਕਰੀ ਬੜੀ ਹੀ ਇਮਾਨਦਾਰੀ,ਤਨਦੇਹੀ ਅਤੇ ਸੱਚੇ ਦਿਲ ਨਾਲ ਨਿਭਾਅ ਰਹੇ ਸਓ, ਪਰ ਉਸ ਵਕਤ ਭਾਈ ਸਾਹਿਬ ਦੇ ਲਈ ਉਥੇ ਵੀ ਕੰਮ ਕਰਨਾਂ ਮੁਸ਼ਕਿਲ ਹੋ ਗਿਆ ਜਦੋਂ ਆਪ ਨੇ ਦੇਖਿਆ ਕਿ ਇਥੋਂ ਦਾ, ਬਾਕੀ ਦਾ ਵਧੇਰੇ ਕਰਕੇ ਅਮਲਾ ਅਤੇ ਹੋਰ ਕਰਮਚਾਰੀ ਰਿਸ਼ਵਤਖੌਰ ਸਨ। ਉਹ ਫੰਡਾਂ ਵਿੱਚ ਹੇਰਾਫੇਰੀ ਕਰਦੇ ਸਨ ਅਤੇ ਜ਼ੈਲਦਾਰ ਅਤੇ ਸਫੈਦਪੋਸ਼ ਕਈ ਢੰਗਾਂ ਦੇ ਨਾਲ ਸਰਕਾਰੀ ਕਰਮਚਾਰੀਆਂ ਨੂੰ ਰਿਸ਼ਵਤ ਦੇ ਕੇ ਆਪਣੇ ਨਜਾਇਜ ਕੰਮ ਕਰਵਾਂਦੇ ਸਨ, ਜੋ ਆਪ ਜੀ ਨੂੰ ਚੰਗਾ ਨਹੀਂ ਸੀ ਲੱਗਦਾ। ਆਪ ਜੀ ਨੇ ਇਨ੍ਹਾਂ ਸਾਰਿਆਂ ਭ੍ਰਿਸ਼ਟ ਕਰਮਚਾਰੀਆਂ ਨੂੰ ਭ੍ਰਿਸ਼ਟਾਚਾਰ ਤੋਂ ਰੋਕਣ ਦੇ ਲਈ ਜਦੋਂ ਸਖਤੀ ਕੀਤੀ ਅਤੇ ਸਖਤ ਸਟੈਂਡ ਲਿਆ ਤਾਂ ਸਾਰੇ ਅੰਦਰੋ-ਅੰਦਰੀ ਬੜੇ ਦੁਖੀ ਹੋਏ ਅਤੇ ਭਾਈ ਸਾਹਿਬ ਦੇ ਨਾਲ ਖ਼ਾਰ ਖਾਣ ਲੱਗ ਪਏ। ਸਿੱਟਾ ਇਹ ਹੋਇਆ ਕਿ ਉਨ੍ਹਾਂ ਨੇ ਭਾਈ ਸਾਹਿਬ ਦੇ ਖਿਲਾਫ ਝੂਠੀ ਸ਼ਿਕਾਇਤ ਅੰਗਰੇਜ਼ ਡਾਕਟਰ ਨੂੰ ਕਰ ਕੇ ਭਾਈ ਸਾਹਿਬ ਨੂੰ ਆਪਣੇ ਰਾਹ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਪਰ ਉਲਟੇ ਜਦੋਂ ਭਾਈ ਸਾਹਿਬ ਨੇ ਇਨ੍ਹਾਂ ਦਾ ਪਾਜ ਉਖਾੜਇਆ ਤਾਂ ਭਾਈ ਸਾਹਿਬ ਜੀ ਦੀ ਇਮਾਨਦਾਰੀ ਨਾਲ ਲਬਰੇਜ਼ ਸੱਚੀ ਸੁੱਚੀ ਸ਼ਖ਼ਸੀਅਤ ਦਾ ਡਾਕਟਰ ਦੇ ਮਨ ’ਤੇ ਬੜਾ ਡੂੰਘਾ ਪ੍ਰਭਾਵ ਪਿਆ। ਉਸ ਦਿਨ ਤੋਂ ਬਾਅਦ ਡਾਕਟਰ, ਭਾਈ ਸਾਹਿਬ ਨਾਲ ਅਧਿਆਤਮਿਕ ਵਿਚਾਰਾਂ ਦੀ ਸਾਂਝ ਕਰਨ ਲੱਗ ਪਿਆ।ਉਹ ਅੰਗ੍ਰੇਜ਼ ਡਾਕਟਰ ਭਾਈ ਸਾਹਿਬ ਦੀ ਡੂੰਘੀ ਅਧਿਆਤਮਕ ਅਵਸਥਾ ਤੋਂ ਇਤਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਭਾਈ ਸਾਹਿਬ ਨੂੰ ਆਪਣਾ ਗਿਆਨ, ਇੱਕ ਪੁਸਤਕ ਰੂਪ ਵਿੱਚ ਉਤਾਰ ਕੇ ਪੰਥ ਨੂੰ ਸੇਧ ਦੇਣ ਦੇ ਲਈ ਪ੍ਰੇਰਿਆ ਅਤੇ ਇੰਜ ਉਸ ਦੇ ਕਹਿਣ ’ਤੇ ਭਾਈ ਸਾਹਿਬ ਨੇ ਇਕ ਪੁਸਤਕ ‘ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਬੁੱਤ ਪ੍ਰਸਤੀ ਹੈ?’ ਲਿਖੀ ਅਤੇ ਪੰਥ ਦੀ ਝੋਲੀ ਪਾਈ।
ਆਪ ਜੀ ਦੇ ਉਂਚ ਇਖਲਾਕ ਦੀ ਭਾਵੇਂ ਹਰ ਪਾਸੇ ਬਹੁਤ ਸ਼ਲਾਘਾ ਹੋ ਰਹੀ ਸੀ, ਆਪ ਜੀ ਦੀ ਇਮਾਨਦਾਰੀ ਅਤੇ ਕੰਮ ਤੋਂ ਪ੍ਰਭਾਵਿਤ ਹੋ ਕੇ ਭਾਂਵੇ ਆਪ ਜੀ ਦੀ ਤਰੱਕੀ ਹੋ ਗਈ ਸੀ। ਪਰ ਫੇਰ ਵੀ ਆਪ ਜੀ ਦਾ ਭਾਵੁਕ ਮਨ ਇਸ ਕੰਮ ਵਿਚ ਨਹੀਂ ਸੀ ਲੱਗਦਾ। ਆਪ ਦੀ ਸੋਚ ਸੀ ਕੇ ਜਦੋਂ ਸੰਸਾਰਿਕ ਲੋਕਾਂ ਨੂੰ ਬਹੁਤ ਕਸ਼ਟ ਹਨ ਅਤੇ ਸਾਨੂੰ ਲੋਕਾਂ ਦੀ ਸੇਵਾ ਲਈ ਰੱਖਿਆ ਗਿਆ ਹੈ ਅਤੇ ਅਫਸਰਾਂ ਵਲੋਂ ਲੋਕਾਂ ਦੀ ਸੇਵਾ ਤਾਂ ਕੀ ਕਰਨੀ ਸਗੋ ਇਹ ਤਾਂ ਉਨ੍ਹਾਂ ਨੂੰ ਡਾਕੂਆਂ ਵਾਂਗ ਲੁੱਟਦੇ ਹਨ।ਇੰਜ ਆਪ ਦਾ ਮਨ ਵਿਆਕੁਲ ਹੋ ਜਾਂਦਾ, ਰਿਸ਼ਵਤ ਖੋਰ ਝੂਠੀਆਂ ਗਵਾਹੀਆਂ ਅਤੇ ਰਿਸ਼ਵਤਾਂ ਦੇ ਕੇ ਬਚ ਜਾਂਦੇ ਹਨ, ਗਵਾਹ ਪੈਸੇ ਲੈ ਕੇ ਮੁੱਕਰ ਜਾਂਦੇ ਹਨ ਅਤੇ ਸੱਚੇ ਬੰਦੇ ਦੀ ਕੋਈ ਨਹੀਂ ਸੁਣਦਾ, ਸਗੋਂ ਉਨ੍ਹਾਂ ਨੂੰ ਝੂਠੇ ਕੇਸਾਂ ਵਿਚ ਫਸਾ ਦਿੱਤਾ ਜਾਂਦਾ ਹੈ। ਆਖਿਰ ਇਨ੍ਹਾਂ ਸਾਰੀਆਂ ਗਲਾਂ ਤੋਂ ਪ੍ਰੇਸ਼ਾਨ ਹੋ ਕੇ ਆਪ ਜੀ ਨੇ ਇਹ ਨੌਕਰੀ ਵੀ ਛੱਡ ਦਿੱਤੀ।
14 ਜੂਨ,1903 ਵਾਲੇ ਦਿਨ ਆਪ ਜੀ ਨੇ ਫਿਲੌਰ ਲਾਗੇ ਬਕਾਪੁਰ ਵਿਖੇ ਖੰਡੇ ਦੀ ਪਾਹੁਲ ਲਈ ਅਤੇ ਆਪਣਾ ਨਾਂ ਰਣਧੀਰ ਸਿੰਘ ਰੱਖ ਲਿਆ। ਉਪਰੰਤ ਆਪ ਜੀ ਨੇ ਇਕ ਕੀਰਤਨੀ ਜਥਾ ਤਿਆਰ ਕੀਤਾ ਜੋ ਸਿੱਖ ਸੰਗਤਾਂ ਵਿਚ ਜਾ ਕੇ ਨਾਮ ਸਿਮਰਨ ਕਰਵਾਉਂਦਾ ਅਤੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦੀ ਪ੍ਰੇਰਣਾ ਦਿੰਦਾ।
ਹੁਣ ਗੁਰਮਤਿ ਪ੍ਰਚਾਰ ਹੀ ਆਪ ਜੀ ਦਾ ਮੁੱਖ ਉਦੇਸ਼ ਬਣ ਗਿਆ। ਆਪ ਜੀ ਨੇ ਪੰਚ ਖਾਲਸਾ ਦੀਵਾਨ ਬਣਾਇਆ ਅਤੇ 1909 ਈ: ਤੋਂ ਲੈ ਕੇ 1914 ਈ: ਤਕ ਹਫਤਾਵਾਰੀ ਕੀਰਤਨ ਦੀਵਾਨ ਲਗਾ ਕੇ ਸੰਗਤਾਂ ਨੂੰ ਸਿੱਖ ਜੀਵਨ ਜਾਚ ਦੀ ਪ੍ਰੇਰਨਾ ਦਿੰਦੇ ਰਹੇ। ਇਹ ਸਮਾਂ ਉਹ ਸਮਾਂ ਸੀ ਜਦੋਂ ਗੁਰਦੁਆਰੇ ਸਾਹਿਬਾਨ ਮਹੰਤਾਂ ਦੇ ਕਬਜ਼ੇ ਵਿਚ ਸਨ ਜੋ ਗੁਰਦੁਆਰਾ ਸਾਹਿਬਾਨਾਂ ਨੂੰ ਆਪਣੀ ਨਿੱਜੀ ਜਾਇਦਾਦਾਂ ਸਮਝਣ ਦੀ ਭੁੱਲ ਕਰ ਬੈਠੇ ਸਨ। ਸੋ ਉਹ ਗੁਰਦੁਆਰਾ ਸਾਹਿਬਾਨਾਂ ਵਿਚ ਨਾ ਸਿਰਫ ਕੁਕਰਮ ਕਰਦੇ ਸਨ ਸਗੋਂ ਮਨਮਤੀਆਂ ਰਾਹੀਂ ਸਿੱਖ ਸੰਗਤ ਨੂੰ ਗੁੰਮਰਾਹ ਵੀ ਕਰਦੇ ਸਨ।ਆਪ ਜੀ ਨੇ ਇਨ੍ਹਾਂ ਭ੍ਰਸ਼ਟ ਮਹੰਤਾਂ ਦੇ ਖ਼ਿਲਾਫ਼ ਜ਼ੋਰਦਾਰ ਮੁਹਿੰਮ ਚਲਾਈ।ਇੰਜ ਆਪ ਜੀ ਦੇ ਦੀਵਾਨਾਂ ਨੇ ਸੁਧਾਰ ਦੇ ਕਾਰਜਾਂ ਵਿੱਚ ਵਡਮੁੱਲਾ ਯੋਗਦਾਨ ਪਾਇਆ।
ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ, ਦਿੱਲੀ ਦੀ ਦੀਵਾਰ ਢਾਏ ਜਾਣ ਦੇ ਮਾਮਲੇ ਨੂੰ ਲੈਕੇ ਸਿੱਖਾਂ ਦੀ ਅੰਗਰੇਜ਼ਾਂ ਨਾਲ ਟੱਕਰ ਹੋ ਗਈ। ਸਾਲ 1914 ਵਿੱਚ ਅੰਗਰੇਜ਼ ਹਕੂਮਤ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਨੂੰ ਢਾਹ ਕੇ ਵਾਇਸਰਾਏ ਭਵਨ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ ਸੀ ਜਿਸ ਦਾ ਭਾਈ ਰਣਧੀਰ ਸਿੰਘ ਅਤੇ ਸਾਥੀ ਸਿੰਘਾਂ ਨੇ ਮੋਰਚਾ ਲਗਾਉਂਦੇ ਹੋਏ ਡਟਵਾਂ ਵਿਰੋਧ ਕੀਤਾ ਸੀ ਜਿਸ ਕਰਕੇ ਵਾਇਸਰਾਏ ਨੂੰ ਪਿੱਛੇ ਹਟਣਾ ਪਿਆ ਸੀ।ਵਾਇਸਰਾਏ ਹਾਊਸ ਜੋ ਰਾਇਸੀਨਾ ਪਹਾੜੀ ’ਤੇ ਬਣਨਾ ਸੀ, ਉਸ ਦੇ ਸਿੱਧੇ ਰਾਹ ਦੇ ਲਈ ਸਰਕਾਰ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਦੀਵਾਰ ਢਾਹ ਦਿੱਤੀ। ਸਿੱਖਾਂ ਵਿਚ ਵਧਦੇ ਜਬਰਦਸਤ ਰੋਹ ਨੂੰ ਪਹਿਲਾਂ ਪਹਿਲ ਅੰਗਰੇਜ਼ ਨਾ ਸਮਝ ਸਕੇ ਕਿ ਇਕ ਕੰਧ ਦੇ ਡਿੱਗਣ ਨਾਲ ਕੀ ਕਿਸੇ ਦੇ ਧਰਮ ਵਿਚ ਦਖ਼ਲ ਅੰਦਾਜ਼ੀ ਹੈ? ਮਾਹੌਲ ਇਤਨਾ ਸੰਜੀਦਾ ਅਤੇ ਤਣਾਓ ਭਰਪੂਰ ਹੋ ਗਿਆ ਕਿ ਪੰਜਾਬ ਤੋਂ ਸ਼ਹੀਦੀ ਜਥੇ ਦਿੱਲੀ ਵੱਲ ਰਵਾਨਾ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਵਿਚ ਭਾਈ ਰਣਧੀਰ ਸਿੰਘ ਨੇ ਇਥੇ ਆਪਣੀ ਯੌਗ ਅਗਵਾਹੀ ਦਿੱਤੀ। ਇਹ ਸ਼ਹੀਦੀ ਜਥੇ ਅੱਜੇ ਦਿੱਲੀ ਪੁੱਜੇ ਵੀ ਨਹੀਂ ਸਨ ਕਿ ਅੰਗ੍ਰੇਜ਼ ਸਰਕਾਰ ਨੇ ਪਹਿਲਾਂ ਹੀ ਦੀਵਾਰ ਬਣਾ ਦਿੱਤੀ। ਪਰ ਇਸ ਦੇ ਨਾਲ ਹੀ ਆਪ ਜੀ ਦੇ ਮਨ ਵਿੱਚ ਇਹ ਖਿਆਲ ਹੋਰ ਘਰ ਗਿਆ ਕੇ ਰਾਜ ਤਾਂ ਅੰਗ੍ਰੇਜ਼ ਦਾ ਹੈ ਅਤੇ ਉਹ ਕਦੇ ਵੀ ਕਿਤੇ ਵੀ ਇੰਜ ਦੀਆਂ ਗਲਾਂ ਕਰ ਸਕਦੇ ਹਨ,ਇਸ ਕਰਕੇ ਉਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਹੋਰ ਸਰਗਮ ਹਿਸਾ ਲੈਣਾ ਸ਼ੁਰੂ ਕਰ ਦਿੱਤਾ।
ਆਪ ਜੀ ਨੇ ਦੇਸ਼ ਦੀ ਅਜ਼ਾਦੀ ਦੇ ਲਈ ਗਦਰ ਲਹਿਰ ਵਿਚ ਗਦਰੀ ਬਾਬਿਆਂ ਦਾ ਪੂਰਾ ਪੂਰਾ ਸਾਥ ਦਿੱਤਾ। ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਉਦੋਂ ਗ਼ਦਰ ਪਾਰਟੀ ਦੇ ਨਾਲ ਬੜੀ ਸਰਗਰਮੀ ਦੇ ਨਾਲ ਕੰਮ ਕਰ ਰਹੇ ਸਨ।ਆਪ ਨੇ ਸ਼ਹੀਦ ਸਰਦਾਰ ਕਰਤਾਰ ਸਿੰਘ ਦੇ ਨਾਲ ਮਿਲ ਕੇ 19 ਫਰਵਰੀ 1915 ਨੂੰ ਗਦਰ ਦਿਹਾੜਾ ਐਲਾਨਿਆ ਅਤੇ ਇਸੇ
ਸ਼ਾਮ ਆਪ ਆਪਣੇ 60 ਸਾਥੀਆਂ ਨਾਲ ਫਿਰੋਜ਼ਪੁਰ ਛਾਉਣੀ ਵਿਖੇ ਬਗਾਵਤ ਦਾ ਪਰਚਮ ਲਹਿਰਾਉਣ ਦੇ ਲਈ ਪੁੱਜ ਗਏ। ਲੇਕਿਨ ਕਿਸੇ ਮੁਖ਼ਬਰ ਨੇ ਭਾਈ ਸਾਹਿਬ ਦੀ ਸਕੀਮ ਬਾਰੇ ਅੰਗਰੇਜ਼ਾਂ ਅੱਗੇ ਮੁਖਬਰੀ ਕਰ ਦਿੱਤੀ।ਮੁਖਬਰ ਦੀ ਇਸ ਹਰਕਤ ਦਾ ਪਤਾ ਲਗਦੇ ਹੀ ਆਪ ਆਪਣੇ ਸਾਥੀਆਂ ਸਮੇਤ ਆਪੋ ਆਪਣੇ ਘਰਾਂ ਨੂੰ ਪਰਤ ਗਏ, ਪਰ ਅੰਗਰੇਜ਼ ਸਰਕਾਰ ਪੂਰੀ ਚੌਕਸ ਹੋ ਗਈ ਅਤੇ ਭਾਈ ਸਾਹਿਬ ਅਤੇ ਉਨ੍ਹਾਂ ਦੇ ਦੇਸ਼ਭਗਤ ਸਾਥੀਆਂ ਨੂੰ ਗ੍ਰਿਫਤਾਰ ਕਰਣ ਦੇ ਲਈ ਅੰਗ੍ਰੇਜ਼ ਸਰਕਾਰ ਹੋਰ ਸਰਗਮ ਹੋ ਗਈ।
ਲਾਹੌਰ ਸਾਜ਼ਿਸ਼ ਕੇਸ ਦੇ ਦੋਸ਼ ਹੇਠ ਆਪ ਨੂੰ 9 ਮਈ 1915 ਵਾਲੇ ਦਿਨ ਨਾਭੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੁਲਤਾਨ ਦੀ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਆਪ ਜੀ ’ਤੇ ਤਿੰਨ ਫਰਦ-ਏ-ਜ਼ੁਰਮ ਲਗਾਏ ਗਏ: ਪਹਿਲਾ,ਗੁਰਦੁਆਰਾ ਰਕਾਬ ਗੰਜ ਦੀ ਕੰਧ ਲਈ ਕੀਤੀ ਗਈ ਬਗਾਵਤ ਦਾ ਦੋਸ਼।ਦੂਜਾ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਨਾਲ ਮਿਲ ਕੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰਣੀ ਅਤੇ ਫੈਲਾਉਣੀ।
ਤੀਜਾ,ਯੁੱਗ ਪਲਟਾਉ ਪਾਰਟੀ ਦੇ ਨੇਤਾ ਰਾਸ ਬਿਹਾਰੀ ਬੋਸ ਦੇ ਕਹੇ ਅਨੁਸਾਰ ਕ੍ਰਾਂਤੀ ਲਿਆਉਣ ਦਾ ਸੀ।
ਜੇਲ੍ਹ ਵਿਚ ਵੀ ਆਪ ਜੀ ਦੀਆਂ ਧਾਰਮਿਕ ਅਤੇ ਇੰਕਲਾਬੀ ਗਤੀਵਿਧੀਆਂ ਬਾਦਸਤੂਰ ਜਾਰੀ ਰਹੀਆਂ,ਆਪ ਨੇ ਜੇਲ ਵਿੱਚ ਹੁੰਦੀਆਂ ਵਧੀਕੀਆਂ ਦੇ ਖਿਲਾਫ ਕਈ ਵਾਰ ਭੁੱਖ ਹੜਤਾਲ ਕੀਤੀ। ਆਪ ਜੀ ਨੂੰ 30 ਮਾਰਚ 1916 ਨੂੰ ਉਮਰ ਕੈਦ ਦੀ ਸਜਾ ਤਾਂ ਸੁਣਾਈ ਹੀ ਪਰ ਨਾਲ ਹੀ ਆਪ ਜੀ ਦੀ ਸਾਰੀ ਜਾਇਦਾਦ ਵੀ ਜਬਤ ਕਰ ਲਈ ਗਈ।
ਆਪ ਜੀ ਨੇ ਜੇਲ੍ਹ ਵਿਚ ਵੀ ਬਾਣੀ ਦੇ ਕੀਰਤਨ ਪ੍ਰਵਾਹ ਰਾਹੀਂ ਗੁਰਮਤਿ ਦਾ ਪ੍ਰਚਾਰ ਜਾਰੀ ਰੱਖਿਆ। ਆਪ ਜੀ ਦੀ ਸ਼ਖ਼ਸੀਅਤ ਅਤੇ ਗੁਰੂ ਸਿੱਖਿਆਵਾਂ ਤੋਂ ਪ੍ਰਭਾਵਿਤ, ਕਈ ਕੈਦੀਆਂ ਅਤੇ ਜੇਲ ਮੁਲਾਜ਼ਮਾਂ ਨੇ ਆਪਣੇ ਜੀਵਨ ਨੂੰ ਗੁਰਮਤਿ ਸਿਧਾਂਤਾਂ ਮੁਤਾਬਿਕ ਢਾਲਣਾ ਸ਼ੁਰੂ ਕਰ ਦਿੱਤਾ।
ਜੇਲ੍ਹ ਵਿੱਚ ਹੀ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨੇ ਨਾਲ ਆਪ ਜੀ ਨੇ ਆਪਣੀ ਮੁਲਾਕਾਤ ਦਾ ਜ਼ਿਕਰ ਕੀਤਾ ਹੈ, ਜਿਸ ਦਾ ਅਸਰ ਇਹ ਹੋਇਆ ਕਿ ਉਹ ਕੇਸਾਂ ਰਹਿਤ ਤੋਂ ਕੇਸਾਂ ਧਾਰੀ ਹੋ ਗਿਆ।ਇੰਜ ਲਾਹੌਰ ਸੈਂਟਰਲ ਜੇਲ੍ਹ ’ਚੋਂ ਰਿਹਾਅ ਹੋਣ ਤੋਂ ਪਹਿਲਾਂ ਸ਼ਹੀਦ ਸਰਦਾਰ ਭਗਤ ਸਿੰਘ ਨੇ ਭਾਈ ਸਾਹਿਬ ਨਾਲ ਮੁਲਾਕਾਤ ਕੀਤੀ ਅਤੇ ਸਿੱਖੀ ਸਰੂਪ ਵਿਚ ਫਾਂਸੀ ’ਤੇ ਚੜ੍ਹਨ ਦਾ ਵਾਅਦਾ ਵੀ ਕੀਤਾ।
ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਲਿਖੇ ਮੁਤਾਬਕ ਸ਼ਹੀਦ ਭਗਤ ਸਿੰਘ ਨੇ ਭਾਈ ਸਾਹਿਬ ਦੇ ਪੈਰੀਂ ਹੱਥ ਲਾਉਣਾ ਚਾਹਿਆ ਤਾਂ ਆਪ ਨੇ ਅਜੇਹਾ ਕਰਨ ਤੋਂ ਸਰਦਾਰ ਭਗਤ ਸਿੰਘ ਨੂੰ ਵਰਜ ਦਿੱਤਾ। ਭਾਈ ਸਾਹਿਬ ਦੇ ਬਚਨ ਸਨ ਕੇ ਸਿੱਖੀ ਵਿਚ ਪੈਰੀ ਹੱਥ ਲਾਉਣਾ ਮਨਮਤ ਹੈ। ਇਸ ਕਰ ਕੇ ਭਾਈ ਸਾਹਿਬ ਨੇ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥” ਬੁਲਾ ਕੇ ਸਰਦਾਰ ਭਗਤ ਸਿੰਘ ਨੂੰ ਗਲਵਕੜੀ ਵਿਚ ਲੈ ਲਿਆ ਅਤੇ ਕਿਹਾ ਕਿ ਤੁਸੀਂ ਬਹਾਦਰ ਸਿੰਘ ਸੂਰਮਿਆਂ ਵਾਲਾ ਕਾਰਨਾਮਾ ਕਰ ਕੇ ਗੁਰੂ ਕੇ ਸਪੂਤ ਹੋਣ ਦਾ ਪ੍ਰਮਾਣ ਦਿੱਤਾ ਹੈ। ਜਦੋ ਤੁਹਾਡੇ ਵਰਗੇ ਜੁਝਾਰੂ ਸਿੰਘ ਸੂਰਮੇ ਦੇਸ਼ ਦੀ ਅਜ਼ਾਦੀ ਦੀ ਜੰਗ ਲੜ ਰਹੇ ਹੋਣ , ਤਾਂ ਫਤਿਹ ਤਾਂ ਮਿਲੇ ਗੀ ਹੀ।
ਭਾਈ ਸਾਹਿਬ 23 ਅਕਤੂਬਰ, 1923 ਵਾਲੇ ਦਿਨ ਜੇਲ਼੍ਹ ਵਿੱਚੋ ਰਿਹਾਅ ਹੋ ਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਦਰਸ਼ਨਾਂ ਲਈ ਗਏ। ਸ੍ਰੀ ਆਕਾਲ ਤਖਤ ਸਾਹਿਬ ਵਿੱਖੇ ਆਪ ਜੀ ਵੱਲੋਂ ਵਿੱਢੇ ਸੰਘਰਸ਼ ਨੂੰ ਸਹਲਾਉਂਦਿਆ ਹੋਇਆਂ ਆਪ ਜੀ ਨੂੰ ਸਿਰਪਾਉ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਾਲ 1930 ਤੋਂ 1931 ਤਕ ਨਿਸ਼ਕਾਮ ਸੇਵਾ ਭਾਵਨਾ ਦੇ ਨਾਲ ਨਿਰੋਲ ਗੁਰਬਾਣੀ ਦਾ ਕੀਰਤਨ ਕਰਦੇ ਹੋਏ ਆਪ ਜੀ ਨੇ ਸਿੱਖੀ ਦਾ ਭਰਵਾਂ ਪ੍ਰਚਾਰ ਕੀਤਾ। ਗੁਰਬਾਣੀ ਪ੍ਰਚਾਰ ਦੇ ਪ੍ਰਸਾਰ ਕਾਰਣ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਨੇ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਅਤੇ ਸਿੰਘ ਸਜ ਕੇ ਗੁਰੂ ਵਾਲੇ ਬਣ ਗਏ।
ਆਪਣੇ ਪਿੰਡ ਨਾਰੰਗਵਾਲ ਵਿਖੇ ਹਰ ਵਰ੍ਹੇ ਆਪ ਜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਸ਼ੁਰੂ ਕਰ ਦਿੱਤਾ ਅਤੇ ਪੁੱਜੀਆਂ ਸੰਗਤਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਪੜਨ ਅਤੇ ਗੁਰੂ ਨਾਲ ਜੁੜ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਕਰਦੇ। ਆਪ ਜੀ ਨੇ ਪੰਜਾਂ ਤਿਆਰ ਬਰ ਤਿਆਰ ਸਿੰਘਾਂ ਵਿਚ ਸ਼ਾਮਲ ਹੋ ਕੇ ਤਰਨਤਾਰਨ ਸਾਹਿਬ, ਪੰਜਾ ਸਾਹਿਬ, ਸ਼ਹੀਦ ਗੰਜ ਨਨਕਾਣਾ ਸਾਹਿਬ, ਪਟਨਾ ਸਾਹਿਬ, ਪਾਉਂਟਾ ਸਾਹਿਬ ਆਦਿ ਗੁਰਦੁਆਰਾ ਸਾਹਿਬਾਨਾਂ ਦੀ ਨਵ ਉਸਾਰੀ ਦੇ ਲਈ ਨੀਂਹ ਪੱਥਰ ਵੀ ਰੱਖੇ।
ਆਪ ਜੀ ਨੇ ਮਨੁੱਖੀ ਜੀਵਨ ਨੂੰ ਸਫਲ ਬਨਾਉਣ ਦੇ ਲਈ ਅਧਿਆਤਮਿਕ ਗਿਆਨ ਦੇਣ ਵਾਲੀਆਂ ਵਿਦਵਤਾ ਭਰਪੂਰ ਅਨੇਕਾਂ ਪੁਸਤਕਾਂ ਦੀ ਰਚਨਾ ਕੀਤੀ। ਜਿਨ੍ਹਾਂ ਵਿੱਚ ਜੇਲ੍ਹ ਚਿੱਠੀਆਂ, ਰੰਗਲੇ ਸੱਜਣ, ਕਰਮ ਫ਼ਿਲਾਸਫ਼ੀ, ਗੁਰਮਤਿ ਬਿਬੇਕ, ਅਣਡਿੱਠੀ ਦੁਨੀਆਂ, ਗੁਰਮਤਿ ਨਾਮ ਅਭਿਆਸ, ਕਥਾ ਕੀਰਤਨ, ਸਿੰਘਾਂ ਦਾ ਪੰਥ ਨਿਰਾਲਾ, ਜੋਤਿ ਵਿਗਾਸ ਆਦਿ ਪੁਸਤਕਾਂ ਅੱਜ ਵੀ ਪੂਰਣ ਸਟੀਕ ਅਤੇ ਸਾਰਥਕ ਹੋ ਕੇ ਅਧਿਆਤਮਕ ਗਿਆਨ ਵੰਡ ਰਹੀਆਂ ਹਨ।
16 ਅਪ੍ਰੈਲ 1961 ਵਾਲੇ ਦਿਨ ਆਪ ਜੀ ਨੇ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਆਖਰੀ ਸੁਆਸ ਲਏ ਅਤੇ 83 ਵਰ੍ਹਿਆਂ ਦੀ ਉਮਰ ਬਿਤਾ ਕੇ ਇਸ ਫਾਨੀ ਸੰਸਾਰ ਤੋਂ ਚੜਾਈ ਕਰ ਗਏ। ਉਨ੍ਹਾਂ ਦਾ ਅੰਤਮ ਸਸਕਾਰ ਅਗਲੇ ਦਿਨ 17 ਅਪ੍ਰੈਲ 1961 ਨੂੰ ਗੁਜਰਵਾਲ ਦੀ ਢਾਬ ’ਤੇ ਕੀਤਾ ਗਿਆ। ਇਸ ਢਾਬ’ਤੇ ਭਾਈ ਸਾਹਿਬ ਨਾਮ ਸਿਮਰਨ ਕਰਨ ਲਈ ਆਇਆ ਕਰਦੇ ਸਉ।