18/11/2025
ਗੁਰੂ ਕੇ ਬਾਗ ਮੋਰਚੇ ਬਾਰੇ ਕੁਝ ਦੇ ਇਤਿਹਾਸਕ ਤੱਥ…..
17 ਨਵੰਬਰ 1922 ਵਾਲੇ ਦਿਨ ਇੱਕ ਰਿਟਾਇਰਡ ਇੰਜੀਨੀਅਰ ਸਰ ਗੰਗਾ ਰਾਮ ਨੇ ਮਹੰਤ ਸੁੰਦਰ ਦਾਸ ਤੋਂ ਗੁਰੂ ਕੇ ਬਾਗ਼ ਦੀ ਜ਼ਮੀਨ ਲੀਜ਼'ਤੇ ਖਰੀਦ ਕੇ ਅਕਾਲੀਆਂ ਨੂੰ ਇਸ ਵਿਚ ਜਾਣ ਦੀ ਖੁੱਲ੍ਹ ਦੇ ਦਿੱਤੇ ਜਾਣ ਤੋਂ ਬਾਅਦ ਗੁਰੂ ਕੇ ਬਾਗ਼ ਦੇ ਮੋਰਚੇ ਦੀ ਸਮਾਪਤੀ ਹੋ ਗਈ:
ਗੁਰਦੀਪ ਸਿੰਘ ਜਗਬੀਰ ( ਡਾ.)
17 ਨਵੰਬਰ 1922 ਵਾਲੇ ਦਿਨ ਇੱਕ ਰਿਟਾਇਰਡ ਇੰਜੀਨੀਅਰ ਸਰ ਗੰਗਾ ਰਾਮ ਨੇ ਮਹੰਤ ਸੁੰਦਰ ਦਾਸ ਤੋਂ ਗੁਰੂ ਕੇ ਬਾਗ਼ ਦੀ ਜ਼ਮੀਨ ਦਾ 524 ਕਨਾਲ ਦਾ ਹਿਸਾ ਅਤੇ 12 ਮਰਲੇ ਲੀਜ਼ ਜ਼ਮੀਨ ਲੀਜ਼'ਤੇ ਖਰੀਦ ਲਏ ਅਤੇ ਅਕਾਲੀਆਂ ਨੂੰ ਇਸ ਵਿਚ ਜਾਣ ਦੀ ਖੁੱਲ੍ਹ ਦੇ ਦਿੱਤੀ ਗਈ,ਇਸਦੇ ਨਾਲ ਹੀ ਗੁਰੂ ਕੇ ਬਾਗ਼ ਦੇ ਮੋਰਚੇ ਦੀ ਸਮਾਪਤੀ ਹੋ ਗਈ:
8 ਅਗਸਤ 1922 ਵਾਲੇ ਦਿਨ "ਗੁਰੂ ਕਾ ਬਾਗ" ਮੋਰਚੇ ਦਾ ਮੁੱਢ ਬੱਝਾ ਸੀ।
ਗੁਰੂ ਕੇ ਬਾਗ਼ ਦਾ ਮੋਰਚਾ, ਸਾਲ 1920 ਦੇ ਮੁੱਢਲੇ ਦੌਰ ਵਿਚ ਸ਼ੁਰੂ ਹੋਏ ਸਿੱਖ ਸੰਘਰਸ਼ ਵਿਚੋਂ, ਸਿੱਖਾਂ ਦੇ ਇਕ ਪ੍ਰਮੁਖ ਮੋਰਚੇ ਵਜੋਂ ਜਾਣਿਆ ਜਾਂਦਾ ਹੈ, ਜਿਸਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਹਿਸੇ ਵਜੋਂ ਦੇਖਿਆ ਜਾਂਦਾ ਹੈ । ਅੰਮ੍ਰਿਤਸਰ ਤੋਂ 20 ਕੁ ਕਿਲੋਮੀਟਰ ਦੀ ਦੂਰੀ ' ਤੇ , ਪਿੰਡ ਘੁੱਕੇਵਾਲੀ ਵਿੱਖੇ "ਗੁਰੂ ਕਾ ਬਾਗ਼" ਦੇ ਮੁਕਾਮ ' ਤੇ ਦੋ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਹਨ , ਪਹਿਲਾ ਗੁਰਦੁਆਰਾ ਸਾਹਿਬ , ਗੁਰੂ ਅਰਜਨ ਦੇਵ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਹੈ ਜਦੋਂ ਸਾਹਿਬ ਸ਼ਹੀਦ ਪਿਤਾ ਸਾਲ 1585 ਦੇ ਦੌਰਾਨ ਇਥੇ ਆਏ ਸਨ। ਅਤੇ ਦੂਜਾ ਸਾਹਿਬ ਸ਼ਹੀਦ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਹੈ ਜਦੋਂ ਸਾਲ 1664 ਦੌਰਾਨ ਸਾਹਿਬ ਪਾਤਸ਼ਾਹ ਇੱਥੇ ਆਏ ਸਨ। ਸਾਹਿਬ ਪਾਤਸ਼ਾਹਾਂ ਦੇ ਆਉਣ ਦੀ ਯਾਦ ਨੂੰ ਬਰਕਰਾਰ ਰੱਖਣ ਦੇ ਇਹ ਦੋਨੋ ਗੁਰਦੁਆਰਾ ਅਸਥਾਨ ਨਾਲੋ ਨਾਲ ਹੀ ਥੋੜੀ ਵਿੱਥ 'ਤੇ ਬਣਾਏ ਗਏ ਹਨ । ਦੂਸਰੇ ਵਾਲਾ ਗੁਰਦੁਆਰਾ ਸਾਹਿਬ, ਬਾਗ਼ ਵਾਲੀ ਜਗ੍ਹਾ ਉਪਰ ਹੋਣ ਕਾਰਣ , "ਗੁਰੂ ਕੇ ਬਾਗ" ਦੇ ਨਾਲ ਇਸਦਾ ਨਾਮਕਰਨ ਕੀਤਾ ਗਿਆ ਹੈ । ਬਾਕੀ ਦੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਵਾਂਗ , ਇਹਨਾਂ ਦੋਵੇਂ ਗੁਰਦੁਆਰਾ ਸਾਹਿਬਾਨਾਂ, ਦੇ ਪ੍ਰਬੰਧ ਦਾ ਕੰਮ ਉਦਾਸੀ ਸਿੱਖ ਮਹੰਤਾਂ ਦੇ ਹੱਥਾਂ ਵਿੱਚ ਸੀ । ਸਿੱਖ ਰਾਜ ਸਮੇਂ ਅਤੇ ਮਿਸਲਾਂ ਦੇ ਸਮੇਂ ਇਤਿਹਾਸਕ ਪਵਿੱਤਰ ਧਰਮ ਅਸਥਾਨਾਂ ਨੂੰ ਜਗੀਰਾਂ ਦਿੱਤੇ ਜਾਣ ਅਤੇ ਸ਼ਰਧਾਲੂਆਂ ਦੁਆਰਾ ਇਥੇ ਸ਼ਰਧਾ ਭਾਵਨਾ ਦੇ ਨਾਲ ਦਿੱਤੇ ਚੜ੍ਹਾਵਿਆਂ ਨੇ ਇਨ੍ਹਾਂ ਮਹੰਤਾਂ ਨੂੰ ਇਆਸ਼ ਬਣਾ ਦਿੱਤਾ ਅਤੇ ਇਨ੍ਹਾਂ ਦਾ ਜੀਵਨ ਵਿਲਾਸਤਾ ਵਿਚ ਤਬਦੀਲ ਹੀ ਗਿਆ ਸੀ ।
1921 ਵਿਚ ਇਕ ਸੁੰਦਰ ਦਾਸ ਨਾਂ ਦਾ ਉਦਾਸੀ ਮਹੰਤ "ਗੁਰੂ ਕੇ ਬਾਗ਼" ਦਾ ਮਹੰਤ ਸੀ। ਇਹ ਬਹੁਤ ਹੀ ਘਟੀਆ ਆਚਰਨ ਦਾ ਮਾਲਕ ਸੀ ਪਰ ਗੋਰੀ ਸਰਕਾਰ ਦੀ ਪੂਰੀ ਸ਼ਹਿ ਇਸ ਦੇ ਨਾਲ ਸੀ ਜਿਸ ਕਰਕੇ ਸਿੱਖ ਕੌਮ ਨੂੰ ਮਜਬੂਰਨ ਕੌੜਾ ਘੁੱਟ ਪੀਣਾ ਪੈ ਰਿਹਾ ਸੀ।ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦਾ ਮਹੰਤ ਨਰੈਣੂ ਇਸ ਦਾ ਲੰਗੋਟੀਆ ਯਾਰ ਸੀ।
20 ਫਰਵਰੀ 1920 ਨੂੰ ਵਾਪਰੇ ਸ੍ਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਮਗਰੋਂ ਇਹ ਮਹੰਤ ਖੁੱਲ੍ਹ ਕੇ ਸਿੰਘਾਂ ਦੇ ਸਾਹਮਣੇ ਆ ਗਿਆ। ਇਸ ਦੀ ਸ਼ਹਿ ’ਤੇ 8 ਅਗਸਤ 1922 ਵਾਲੇ ਦਿਨ ਗੁਰੂ ਕੇ ਲੰਗਰ ਦੇ ਲਈ ਖੇਤਾਂ ਵਿੱਚੋਂ ਬਾਲਣ ਲਈ ਲੱਕੜਾਂ ਕੱਟਣ ਗਏ, ਸਿੰਘਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ, ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਇਨ੍ਹਾਂ ਸਿੰਘਾਂ ਨੂੰ ਛੇ-ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਸਲ ਵਿੱਚ ਜਿਸ ਜਗ੍ਹਾ ਤੋਂ ਲੰਗਰ ਦੇ ਬਾਲਣ ਲਈ ਲੱਕੜਾਂ ਕੱਟੀਆਂ ਗਈਆਂ ਸਨ, ਉਹ ਗੁਰਦੁਆਰੇ ਦੀ ਮਲਕੀਅਤ ਸੀ ਅਤੇ ਇਹ ਮਹੰਤ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਆਪਣੀ ਮਲਕੀਅਤ ਸਮਝ ਬੈਠੇ ਸਨ।
ਇੰਜ ਇਹ ਮਹੰਤ ਵੈਸੇ ਵੀ ਆਪਣੀਆਂ ਧਾਰਮਿਕ ਜ਼ੁੰਮੇ- ਵਾਰੀਆਂ ਨੂੰ ਠੀਕ ਤਰੀਕੇ ਨਾਲ ਨਹੀਂ ਸਨ ਨਿਭਾਅ ਰਹੇ। ਅਤੇ ਗੁਰਦੁਆਰਾ ਸਾਹਿਬ ਦੀ ਆਮਦਨ ਦਾ ਆਪਣੀ ਨਿਜੀ ਇਆਸ਼ੀ ਦੇ ਲਈ ਦੁਰਉਪਯੋਗ ਕਰਦੇ ਸਨ।ਸੰਗਤ ਦੇ ਚੜ੍ਹਾਵੇ ਦੀ ਮਾਇਆ ਦੇ ਧਾਨੱ ਦੇ ਨਾਲ ਵਿਲਾਸਤਾ ਭਰਪੂਰ ਜੀਵਨ ਬਤੀਤ ਕਰ ਰਹੇ ਸਨ ।
ਗੁਰਦੁਆਰਾ ਸੁਧਾਰ ਦੇ ਤਹਿਤ ਸੁਧਾਰਵਾਦੀ ਗੁਰੂਸਿੱਖਾਂ ਵਲੋਂ ਗੁਰਦੁਆਰਾ ਗੁਰੂ ਕਾ ਬਾਗ ਨੂੰ ਆਪਣੇ ਕਬਜ਼ੇ ਹੇਠ ਲੈਣ ਦੇ ਲਈ ਤਿਆਰੀ ਕਰ ਲਈ ਸੀ। ਮਹੰਤ ਸੁੰਦਰ ਦਾਸ ਨੂੰ ਇਹ ਕਿਵੇਂ ਬਰਦਾਸ਼ਤ ਹੋ ਸਕਦਾ ਸੀ ਸੋ, 31 ਜਨਵਰੀ 1921 ਵਾਲੇ ਦਿਨ ਮਹੰਤ ਨੇ ਸਿੱਖਾਂ ਦੇ ਨਾਲ ਇਕ ਚਾਲ ਚਲਦਿਆਂ ਹੋਇਆਂ ਰਸਮੀ ਤੌਰ ‘ ਤੇ ਇਕ ਵਾਅਦਾ ਕਰਦੇ ਹੋਇਆਂ,ਇਕ ਸਮਝੌਤੇ ' ਤੇ ਦਸਤਖ਼ਤ ਕੀਤੇ ਕਿ ਉਹ ਨਵੀਂ ਸ਼ੁਰੂਆਤ ਕਰੇਗਾ ਅਤੇ ਖ਼ਾਲਸੇ ਦਾ ਅੰਮ੍ਰਿਤ ਛਕ ਕੇ ਸਿੰਘ ਸਜੇ ਗਾ। ਇਸਦੇ ਨਾਲ ਹੀ ਇਹ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਗਿਆਰ੍ਹਾਂ ਮੈਂਬਰੀ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਦੇਖੇ ਗਾ। ਪਰ ਇਸਨੇ ਸਮਝੌਤੇ ਦੇ ਇਕ ਹਿੱਸੇ ਨੂੰ ਮੰਨਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ , ਭਾਵੇਂ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਸਪੁਰਦ ਕਰ ਦਿੱਤਾ ਗਿਆ ਹੈ , ਪਰ ਗੁਰਦੁਆਰਾ ਸਾਹਿਬ ਦੇ ਨਾਲ ਲਗਦੀ ਜ਼ਮੀਨ , ਜਿਸਨੂੰ "ਗੁਰੂ ਕਾ ਬਾਗ਼" ਵਜੋਂ ਜਾਣਿਆ ਜਾਂਦਾ ਹੈ , ਉਹ ਅਜੇ ਵੀ ਇਸਦੀ ਆਪਣੀ ਨਿੱਜੀ ਸੰਪਤੀ ਦਾ ਹਿੱਸਾ ਹੈ । ਇਸੇ ਕਰ ਕੇ ਇਸਨੇ ਸਿੱਖਾਂ ਦੇ ਨਾਲ ਉਸ ਜ਼ਮੀਨ ਵਿਚੋਂ ਲੰਗਰ ਲਈ ਲੱਕੜੀਆਂ ਕੱਟਣ ਦੀ ਕਾਰਵਾਈ ਦੇ ਲਈ ਇਤਰਾਜ਼ ਕੀਤਾ ਸੀ । ਗੋਰੀ ਹਕੂਮਤ ਦੀ ਸ਼ੈਹ ਅਤੇ ਪੁਲਿਸ , ਮਹੰਤ ਦੀ ਪਿੱਠ ' ਤੇ ਸੀ।
ਸੋ 8 ਅਗਸਤ ਨੂੰ ਗ੍ਰਿਫਤਾਰ ਕੀਤੇ ਪੰਜ ਸਿੰਘਾਂ ਨੂੰ 9 ਅਗਸਤ 1922 ਵਾਲੇ ਦਿਨ, ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਕਾਨੂੰਨੀ ਹੁਕਮਾਂ ਦੀ ਉਲੰਘਣਾ ਕਰਣ ਦੇ ਦੋਸ਼ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ ਛੇ ਮਹੀਨੇ ਦੀ ਸਖ਼ਤ ਸਜ਼ਾ ਸੁਣਾ ਦਿੱਤੀ ਗਈ ।
ਇਸ ਨਾਜਾਇਜ ਕਾਰਵਾਈ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਹੋਰ ਭੜਕਾ ਦਿੱਤਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਕੀਤਾ ਕਿ ਅੱਜ ਤੋਂ ਹਰ ਰੋਜ਼ ਪੰਜ ਪੰਜ ਸਿੱਖਾਂ ਦੇ ਜਥੇ ‘ ਗੁਰਦੁਆਰਾ ਗੁਰੂ ਕਾ ਬਾਗ਼’ ਦੀ ਜ਼ਮੀਨ ਉੱਤੇ ਜਾਣ ਗੇ ਅਤੇ ਦਰਖ਼ਤਾਂ ਦੇ ਝੁੰਡ ਤੋਂ ਲੱਕੜੀਆਂ ਕੱਟਣ ਗੇ ਅਤੇ ਗ੍ਰਿਫਤਾਰੀਆਂ ਦੇਣ ਗੇ।
ਇੰਜ 22 ਅਗਸਤ ਤੋਂ ਪੁਲਿਸ ਨੇ ਸਿੰਘਾਂ ਦੇ ਜਥਿਆਂ ਨੂੰ ਚੋਰੀ , ਦੰਗਾ ਅਤੇ ਅਪਰਾਧਕ ਕਾਰਵਾਈਆਂ ਦੇ ਦੋਸ਼ ਹੇਠਾਂ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ।ਇੰਜ ਇਕ ਕਿਸਮ ਦੇ ਮੋਰਚੇ ਦੀ ਸ਼ੁਰੂਆਤ ਹੋ ਗਈ ਅਤੇ ਇਹਨਾਂ ਰੋਜ਼ ਦੀਆਂ ਗ੍ਰਿਫ਼ਤਾਰੀਆਂ ਨੇ ਇਸ ਅੰਦੋਲਨ ਨੂੰ ਹੋਰ ਹੁਲਾਰਾ ਦਿੱਤਾ ਅਤੇ ਵੱਧ ਤੋਂ ਵੱਧ ਸਿੱਖ ਇਸ ਵਿਦਰੋਹ ਵਿਚ ਸ਼ਾਮਲ ਹੋਣ ਲਈ ਅੱਗੇ ਆਉਣੇ ਸ਼ੁਰੂ ਹੋ ਗਏ ।
25 ਅਗਸਤ ਨੂੰ , ਮੱਸਿਆ ਵਾਲਾ ਦਿਨ ਸੀ ਅਤੇ ਸਿੰਘਾਂ ਦਾ ਇਕੱਠ ਏਨਾ ਜ਼ਿਆਦਾ ਹੋ ਗਿਆ ਸੀ ਕਿ ਐਡੀਸ਼ਨਲ ਸੁਪਰੀਟੈਂਡੈਂਟ ਆਫ਼ ਪੁਲਿਸ , ਐਸ.ਜੀ.ਐਮ. ਬੈੱਟੀ ਨੂੰ ਇਸ ਭੀੜ ਨੂੰ ਤਿੱਤਰ-ਬਿੱਤਰ ਕਰਨ ਦੇ ਲਈ ਲਾਠੀਚਾਰਜ ਦਾ ਹੁਕਮ ਦੇਣਾ ਪਿਆ ਸੀ ।
ਗੋਰੀ ਸਰਕਾਰ ਦੇ ਜਿਉਂ ਜਿਉਂ ਜ਼ੁਲਮ ਵਧਦੇ ਗਏ, ਸਿੰਘਾਂ ਦਾ ਉਤਸ਼ਾਹ ਵੀ ਵੱਧਦਾ ਗਿਆ। ਸ਼੍ਰੋਮਣੀ ਕਮੇਟੀ ਨੇ ਜਥਿਆਂ ਦੇ ਆਕਾਰ ਨੂੰ ਹੋਰ ਵਧਾਉਣ ਦਾ ਫੈਸਲਾ ਕੀਤਾ ।
26 ਅਗਸਤ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤਤਕਾਲੀ ਡਿਪਟੀ ਕਮਿਸ਼ਨਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਠ ਕਾਰਜਕਾਰੀ ਮੈਬਰਾਂ ਦੇ ਨਾਂ ਗ੍ਰਿਫ਼ਤਾਰੀ ਦੇ ਵਾਰੰਟ ਜ਼ਾਰੀ ਕਰ ਦਿੱਤੇ । ਇਸਤੋਂ ਬਾਅਦ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਪ੍ਰਧਾਨਗੀ ਹੇਠ ਇੱਕ ਐਕਸ਼ਨ ਕਮੇਟੀ ਬਣਾਈ ਗਈ ਜਿਸ ਨੇ ਇਸ ਮੋਰਚੇ ਨੂੰ ਅਕਾਲੀ ਮੋਰਚਾ ਐਲਾਨ ਕਰਦਿਆਂ ਹੋਇਆਂ ਇਸ ਮੋਰਚੇ ਦੀ ਸਾਰੀ ਜ਼ੁੰਮੇਵਾਰੀ ਲੈ ਲਈ ।
ਗੋਰੀ ਸਰਕਾਰ ਨੇ "ਗੁਰੂ ਕਾ ਬਾਗ਼" ਵਿਖੇ ਸਿੱਖਾਂ ਦੇ ਇਕੱਠੇ ਹੋਣ ਉੱਤੇ ਪਾਬੰਦੀ ਲਾ ਦਿੱਤੀ ਅਤੇ ਸੜਕ ‘ ਤੇ ਜਗ੍ਹਾ ਜਗ੍ਹਾ ਪੁਲਿਸ ਚੌਂਕੀਆਂ ਬਣਾ ਦਿੱਤੀਆਂ ਅਤੇ ਸਿੱਖਾਂ ਦੇ ਸ੍ਰੀ ਅੰਮ੍ਰਿਤਸਰ ਸਾਹਿਬ, ਪਹੁੰਚਣ ਲਈ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ । ਫੇਰ ਵੀ ਕਾਲੀਆਂ ਦਸਤਾਰਾਂ ਸਜਾ ਕੇ ਅਕਾਲੀਆਂ ਦੇ ਜਥੇ ਪਵਿੱਤਰ ਬਾਣੀ ਦਾ ਗਾਇਨ ਕਰਦੇ ਹੋਏ ਹਰ ਰੋਜ਼ ਉਸ ਅਸਥਾਨ ‘ ਤੇ ਪਹੁੰਚ ਰਹੇ ਸਨ । ਇਨ੍ਹਾਂ ਗੁਰੂ ਕੇ ਸਿੱਖ ਨੂੰ ਪੁਲਿਸ ਵੱਲੋਂ ਬੜੀ ਬੇਰਹਿਮੀ ਦੇ ਨਾਲ ਉਦੋਂ ਤਕ ਮਾਰਿਆ ਕੁੱਟਿਆ ਜਾਂਦਾ ਜਦੋਂ ਤਕ ਉਹ ਜ਼ਮੀਨ ਤੇ ਡਿੱਗ ਨਹੀਂ ਪੈਂਦੇ ਸਨ । ਇਹ ਹਰ ਰੋਜ਼ ਲਗਾਤਾਰ ਵਾਪਰ ਰਿਹਾ ਸੀ ।
ਇਸ ਬਾਰੇ ਇਕ ਅਮਰੀਕੀ ਫ਼ਿਲਮਕਾਰ ਏ.ਐਲ. ਵਰਗਿਸ ( A.L.Verges ) ਨੇ ਸਿੱਖਾਂ ਤੇ ਹੋ ਰਹੀਆਂ ਇਹਨਾਂ ਕਾਰਵਾਈਆਂ' ਤੇ ਇਕ ਫ਼ਿਲਮ ਬਣਾਈ ਜੋਕੇ ਐਕਸਕਲੁਸਿਵ ਪਿਕਚਰ ਆਫ਼ ਇੰਡੀਆਜ਼ ਮਾਰਟੀਡਮ ( Enclusive Picture of India' s Martyrdom ) ਦੇ ਸਿਰਲੇਖ ਹੇਠ ਤਿਆਰ ਕੀਤੀ ਗਈ।
ਅੰਗਰੇਜ਼ ਮਿਸ਼ਨਰੀ ਸੀ.ਐਫ਼. ਐਡਰਿਊਜ਼ ਜਦੋਂ ਬਾਅਦ ਵਿੱਚ ਗੁਰੂ ਕੇ ਬਾਗ਼ ਵਿਖੇ ਗਿਆ ਅਤੇ ਜੋ ਵੇਖਿਆ,ਉਸ ਉਪਰ ਉਸਨੇ ਬਿਆਨ ਦਿੱਤਾ ਕੇ ਇੰਜ ਕਰਕੇ ਇਨ੍ਹਾਂ ਨੇ ਹਾਜ਼ਾਰਾਂ ਈਸਾ ਮਸੀਹਿਆਂ ‘ ਤੇ ਅਤਿਆਚਾਰ ਕੀਤਾ ਹੈ ।ਫੇਰ 12 ਸਤੰਬਰ 1922 ਨੂੰ ਉਸਨੇ ਆਪਣੀ ਅੱਖੀਂ ਦੇਖਿਆ ਹਾਲ ਵਿਸਤਾਰ ਦੇ ਨਾਲ ਬਿਓਰੇ ਰੂਪ ਵਿੱਚ ਪ੍ਰੈਸ ਨੂੰ ਜੋ ਭੇਜਿਆ ਉਹ ਇਸ ਤਰ੍ਹਾਂ ਹੈ;
ਇਹ ਇਕ ਅਜਿਹਾ ਦ੍ਰਿਸ਼ ਸੀ ਜਿਸਨੂੰ ਕਦੇ ਵੀ ਉਹ ਦੁਬਾਰਾ ਨਹੀ ਦੇਖਣਾ ਚਾਹੇ ਗਾ । ਇਹ ਕਿਸੇ ਵੀ ਅੰਗਰੇਜ਼ ਦੇ ਲਈ ਨਾ ਮੰਨਣਯੋਗ ਘਟਨਾ ਹੈ । ਮੈਂ ਉੱਥੇ ਕਾਲੀਆਂ ਦਸਤਾਰਾਂ ਬੰਨ੍ਹੀ ਚਾਰ ਅਕਾਲੀ ਸਿੱਖ ਦੇਖੇ ਜਿਨ੍ਹਾਂ ਨੂੰ ਇਕ ਦਰਜਨ ਪੁਲਿਸੀਏ ਕੁਟ ਰਹੇ ਸਨ ਇਨ੍ਹਾਂ ਵਿੱਚ ਦੋ ਅੰਗਰੇਜ਼ ਅਫ਼ਸਰ ਵੀ ਸ਼ਾਮਲ ਸਨ , ਪਰ ਉਹ ਸ਼ਾਂਤ ਸਿੱਖ ਹੱਥ ਜੋੜੀ ਖੜੇ ਸਨ ਅਤੇ ਸਿੱਖੀ ਅਨੁਸ਼ਾਸਨ ਦਾ ਨਜ਼ਾਰਾ ਪੇਸ਼ ਕਰ ਰਹੇ ਸਨ। ਉਹਨਾਂ ਦੇ ਹੱਥ ਅਰਦਾਸ ਲਈ ਜੁੜੇ ਹੋਏ ਸਨ ਅਤੇ ਸਪਸ਼ਟ ਸੀ ਕਿ ਉਹ ਅਰਦਾਸ ਹੀ ਕਰ ਰਹੇ ਹੋਣ ਗੇ । ਫਿਰ , ਇਕ ਅੰਗਰੇਜ਼ ਅਫ਼ਸਰ ਨੇ ਆਪਣੀ ਲਾਠੀ , ਜਿਹੜੀ ਪਿੱਤਲ ਦੀ ਮੁੱਠ ਵਾਲੀ ਸੀ , ਦੇ ਸਿਰੇ ਨੂੰ ਪੂਰੀ ਜ਼ੋਰ ਦੇ ਨਾਲ ਘੁਮਾ ਕੇ, ਅੱਗੇ ਨੂੰ ਕਰਕੇ ਹੁੱਜ ਮਾਰੀ, ਜੋ ਅਰਦਾਸ ਕਰ ਰਹੇ ਅਕਾਲੀ ਸਿੱਖ ਦੇ ਜਾ ਵਜੀ ।ਮੈਨੂੰ ਉਸ ਅੰਗਰੇਜ਼ ਦਾ ਇਹ ਬਹੁਤ ਹੀ ਬੁਜ਼ਦਿੱਲੀ ਵਾਲਾ ਵਾਰ ਜਾਪ ਰਿਹਾ ਸੀ. ........!
ਇੰਨ੍ਹੇ ਵਿੱਚ ਮੈਂ ਦੇਖਿਆ ਕੇ ਉਸ ਨੇ ਇੱਕ ਅਕਾਲੀ ਸਿੱਖ ਨੂੰ ਘਸੁੰਨ ਮਾਰ ਕੇ ਧਰਤੀ ਉੱਤੇ ਡੇਗ ਲਿਆ ।ਇੰਜ ਬਾਰ-ਬਾਰ, ਕਦੇ ਅੰਗਰੇਜ਼ ਅਫ਼ਸਰ ਅਤੇ ਕਦੇ ਉਸ ਅਫ਼ਸਰ ਦੇ ਅਧੀਨ ਪੁਲਿਸ ਵਾਲੇ ਸਿੱਖਾਂ ਨੂੰ ਘਸੁੰਨ ਮਾਰ-ਮਾਰ ਕੇ ਜ਼ਮੀਨ ਉੱਤੇ ਮੁੱਧੇ ਮੂੰਹ ਸੁੱਟ ਦੇਂਦੇ। ਉਹ ਲਿਖਦਾ ਹੈ ਕਿ ਉਸ ਦੇ ਵੇਖਦਿਆਂ ਹੀ ਇਹਨਾਂ ਵਿਚੋਂ ਇਕ ਪੁਲਿਸ ਵਾਲੇ ਨੇ ਇਕ ਸਿੱਖ ਦੇ ਢਿੱਡ ਵਿਚ ਜ਼ੋਰ ਦੀ ਲੱਤ ਮਾਰੀ ਸੀ ਜੋ ਉਸਦੇ ਸਾਮ੍ਹਣੇ ਵੇਚਾਰਗੀ ਨਾਲ ਖਲ੍ਹੋਤਾ ਹੋਇਆ ਸੀ । ਜਦੋਂ ਅਕਾਲੀ ਸਿੱਖਾਂ ਵਿਚੋਂ ਇਕ ਨੂੰ ਜ਼ਮੀਨ ਤੇ ਜ਼ੋਰ ਨਾਲ ਡੇਗਿਆ ਅਤੇ ਉਹ ਮੁੱਧੇ ਮੂੰਹ ਡਿੱਗ ਪਿਆ , ਤਾਂ ਇਕ ਪੁਲਿਸ ਦੇ ਸਿਪਾਹੀ ਨੇ ਮੁੱਧੇ ਪਏ ਸਿੱਖ ਦੀ ਗਰਦਨ ਅਤੇ ਮੋਢਿਆਂ ਦੇ ਵਿਚਕਾਰ ਜ਼ੋਰ ਦੀ ਲੱਤ ਮਾਰੀ ।
ਇੰਜ ਹੀ ਪੰਜਾਬ ਦਾ ਲੈਂਫ਼ਟੀਨੈਂਟ-ਗਵਰਨਰ ਸਰ ਐਡਵਰਡ ਮੈਕਲਗਨ , 13 ਸਤੰਬਰ 1922 ਵਾਲੇ ਦਿਨ ਗੁਰੂ ਕਾ ਬਾਗ਼ ਵਿਖੇ ਪੁੱਜਾ । ਉਸਨੇ ਸਿੱਖਾਂ ਦੀ ਇੰਜ ਨਾਜਾਇਜ਼ ਮਾਰ-ਕੁਟਾਈ ਨੂੰ ਬੰਦ ਕਰਣ ਦੇ ਹੁਕਮ ਦਿੱਤੇ । ਵੱਡੀ ਗਿਣਤੀ ਵਿਚ ਗ੍ਰਿਫ਼ਤਾਰੀਆਂ ਹੋਈਆਂ , ਜੇਲ੍ਹਾਂ ਭਰੀਆਂ ਗਈਆਂ,ਸਿੱਖਾਂ 'ਤੇ ਭਾਰੀ ਜ਼ੁਰਮਾਨੇ ਕੀਤੇ ਗਏ ਅਤੇ ਸਿੱਖਾਂ ਦੀਆਂ ਜ਼ਾਇਦਾਦਾਂ ਦੀ ਕੁਰਕੀ ਦੇ ਵੀ ਹੁਕਮ ਹੋਏ ।
ਅਕਤੂਬਰ ਦੇ ਪਹਿਲੇ ਹਫ਼ਤੇ , ਗਵਰਨਰ-ਜਨਰਲ ਲਾਰਡ ਰਿਡਿੰਗ ਨੇ ਪੰਜਾਬ ਦੇ ਤਤਕਾਲੀ ਗਵਰਨਰ ਦੇ ਨਾਲ ਸ਼ਿਮਲਾ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਤਾਂਜੋ ਇਸ ਦਾ ਕੋਈ ਹੱਲ ਕੱਢਿਆ ਜਾ ਸਕੇ।ਇਕ ਰਿਟਾਇਰਡ ਇੰਜੀਨੀਅਰ ਸਰ ਗੰਗਾ ਰਾਮ ਨੇ ਇਨ੍ਹਾਂ ਹਾਲਾਤਾਂ ਨੂੰ ਸੁਲਝਾਉਣ ਦਾ ਹੱਕ ਇਹ ਕਢਿਆ ਕੇ ਉਸ ਨੇ 17 ਨਵੰਬਰ 1922 ਵਾਲੇ ਦਿਨ ਮਹੰਤ ਸੁੰਦਰ ਦਾਸ ਤੋਂ ਗੁਰੂ ਕੇ ਬਾਗ਼ ਦੀ ਜ਼ਮੀਨ ਦਾ 524 ਕਨਾਲ ਦਾ ਹਿਸਾ ਅਤੇ 12 ਮਰਲੇ ਲੀਜ਼ ‘ ਤੇ ਖਰੀਦ ਲਏ ਅਤੇ ਅਕਾਲੀਆਂ ਨੂੰ ਇਸ ਵਿਚ ਜਾਣ ਦੀ ਖੁੱਲ੍ਹ ਦੇ ਦਿੱਤੀ ।
17 ਨਵੰਬਰ 1922 ਵਾਲੇ ਦਿਨ ਇੱਕ ਰਿਟਾਇਰਡ ਇੰਜੀਨੀਅਰ ਸਰ ਗੰਗਾ ਰਾਮ ਨੇ ਮਹੰਤ ਸੁੰਦਰ ਦਾਸ ਤੋਂ ਗੁਰੂ ਕੇ ਬਾਗ਼ ਦੀ ਜ਼ਮੀਨ ਦਾ 524 ਕਨਾਲ ਦਾ ਹਿਸਾ ਅਤੇ 12 ਮਰਲੇ ਲੀਜ਼ ਜ਼ਮੀਨ ਲੀਜ਼'ਤੇ ਖਰੀਦ ਲਏ ਅਤੇ ਅਕਾਲੀਆਂ ਨੂੰ ਇਸ ਵਿਚ ਜਾਣ ਦੀ ਖੁੱਲ੍ਹ ਦੇ ਦਿੱਤੀ ਗਈ,ਇਸਦੇ ਨਾਲ ਹੀ ਗੁਰੂ ਕੇ ਬਾਗ਼ ਦੇ ਮੋਰਚੇ ਦੀ ਸਮਾਪਤੀ ਹੋ ਗਈ।
27 ਅਪ੍ਰੈਲ 1923 ਨੂੰ ਪੰਜਾਬ ਸਰਕਾਰ ਨੇ ਸਿੱਖ ਅੰਦੋਲਨਕਾਰੀ ਕੈਦੀਆਂ ਦੀ ਗਿਣਤੀ ਕਰਨ ਦੇ ਲਈ ਹੁਕਮ ਜਾਰੀ ਕਰ ਦਿੱਤੇ । ਇਸ ਤਰ੍ਹਾਂ , ਗੁਰੂ ਕਾ ਬਾਗ਼ ਮੋਰਚੇ ਦੀ ਸਮਾਪਤੀ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਦੇ ਮੁਤਾਬਕ ਇਸ ਮੋਰਚੇ ਵਿੱਚ, 5605 ਸਿੱਖਾਂ ਨੇ ਗ੍ਰਿਫਤਾਰੀਆਂ ਦੇ ਕੇ ਇਸ ਮੋਰਚੇ ਨੂੰ ਸਫਲ ਬਣਾਇਆ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ.)