
26/09/2025
ਤਸਵੀਰ ਵਾਲੀ ਇਸ ਖੂਬਸੂਰਤ ਔਰਤ ਦਾ ਨਾਮ ਐਲੀ ਲੋਬੇਲ (Ellie Lobel) ਹੈ। ਇਸਦੇ ਮੁਸਕਰਾਉਂਦੇ ਚਿਹਰੇ ਨੂੰ ਦੇਖ ਕੇ, ਵਿਸ਼ਵਾਸ ਨਹੀਂ ਹੁੰਦਾ ਕਿ ਕਦੇ ਇਹ ਔਰਤ ਆਪਣੇ ਦਰਦ ਅਤੇ ਬਿਮਾਰੀ ਕਰਕੇ ਇੰਨੀ ਨਿਰਾਸ਼ ਸੀ ਕਿ ਹਰ ਰੋਜ਼ ਮੌਤ ਲਈ ਅਰਦਾਸ ਕਰਦੀ ਸੀ।
ਹੋਇਆ ਇਹ ਕਿ ਉਹ ਆਪਣੇ ਘਰ ਦੇ ਪਿਛਲੇ ਪਾਸੇ ਵਾਲੇ ਜੰਗਲ ਵਿੱਚ ਘੁੰਮ ਰਹੀ ਸੀ ਤਾਂ ਅਚਾਨਕ ਉਸਨੂੰ ਲੱਤ ’ਤੇ ਕੁਝ ਚੁਭਣ ਦਾ ਅਹਿਸਾਸ ਹੋਇਆ। ਬਾਅਦ ਵਿੱਚ, ਵੇਖਣ ’ਤੇ ਉਸਨੂੰ ਪਤਾ ਲੱਗਾ ਕਿ ਉਸਨੂੰ ਕਿਸੇ ਕੀੜੇ ਨੇ ਕੱਟਿਆ ਹੈ, ਪਰ ਉਸਨੇ ਬਹੁਤਾ ਗੌਰ ਨਹੀਂ ਕੀਤਾ।
ਜਦੋਂ ਉਹ ਘਰ ਆਈ ਤਾਂ ਉਹ ਉਸ ਜਗ੍ਹਾ ਆਪਣੀ ਰੋਜ਼ਾਨਾਂ ਵਰਤੋਂ ਵਾਲੀ ਕਰੀਮ ਲਗਾ ਕੇ ਸੌਂ ਗਈ। ਸਵੇਰ ਤੱਕ, ਉਸਨੂੰ ਸਭ ਨੌਰਮਲ ਲੱਗਾ। ਇਕ ਦੋ ਦਿਨ ਬਾਅਦ ਉਹ ਇਸ ਘਟਨਾ ਨੂੰ ਪੂਰੀ ਤਰ੍ਹਾਂ ਭੁੱਲ ਹੀ ਗਈ।
ਕੁਝ ਹਫ਼ਤਿਆਂ ਬਾਅਦ ਉਸਨੂੰ ਜ਼ੁਕਾਮ ਹੋਇਆ, ਜੋ ਦੋ ਹਫ਼ਤਿਆਂ ਤੱਕ ਰਿਹਾ ਅਤੇ ਫਿਰ ਉਹ ਠੀਕ ਹੋ ਗਈ ਪਰ ਉਸਦੀ ਅਸਲ ਸਮੱਸਿਆ ਕੁਝ ਕੁ ਮਹੀਨਿਆਂ ਬਾਅਦ ਸ਼ੁਰੂ ਹੋਈ, ਜੋ ਫਿਰ ਪੂਰੇ ਪੰਦਰਾਂ ਸਾਲਾਂ ਤੱਕ ਰਹੀ।
ਉਸਦੇ ਜੋੜਾਂ ਵਿੱਚ ਸੋਜ ਹੋ ਗਈ ਅਤੇ ਭਅੰਕਰ ਦਰਦ ਸ਼ੁਰੂ ਹੋ ਗਿਆ। ਹੌਲੀ-ਹੌਲੀ, ਉਹ ਤੁਰਨ, ਬੋਲਣ ਤੇ ਚੱਜ ਨਾਲ ਖਾਣ-ਪੀਣ ਤੋਂ ਵੀ ਅਸਮਰੱਥ ਹੋ ਗਈ। ਇੱਕ ਸਾਲ ਤੱਕ, ਡਾਕਟਰ ਗਲਤ ਬਿਮਾਰੀਆਂ ਲਈ ਉਸਦਾ ਇਲਾਜ ਕਰਦੇ ਰਹੇ। ਕੋਈ ਕਹਿੰਦਾ ਰਿਹਾ ਕਿ ਇਹ ਇੱਕ ਵਾਇਰਲ ਇਨਫੈਕਸ਼ਨ ਹੈ, ਕੋਈ ਕਹਿੰਦਾ ਕਿ ਇਹ ਇੱਕ ਇਮਿਊਨ ਸਿਸਟਮ ਦੀ ਸਮੱਸਿਆ ਹੈ।
ਅਸਲ ਵਿੱਚ, ਉਸਨੂੰ ਲਾਈਮ ਦੀ ਬਿਮਾਰੀ ਸੀ, ਜੋ ਇੱਕ ਖਾਸ ਕਿਸਮ ਦੇ ਟਿੱਕ (ਕੀੜੇ) ਦੇ ਕੱਟਣ ਨਾਲ ਫੈਲਣ ਵਾਲੇ ਬੈਕਟੀਰੀਏ ਕਰਕੇ ਹੁੰਦੀ ਹੈ।
ਬਦਕਿਸਮਤੀ ਨਾਲ, ਅਸਲੀ ਬਿਮਾਰੀ ਬਹੁਤ ਦੇਰ ਨਾਲ ਫੜ੍ਹੀ ਗਈ। ਉਦੋਂ ਤੱਕ, ਬੈਕਟੀਰੀਆ ਉਸਦੇ ਦਿਮਾਗ ਅਤੇ ਦਿਮਾਗੀ ਪ੍ਰਣਾਲੀ (ਨਰਵ ਸਿਸਟਮ) ਤੱਕ ਪਹੁੰਚ ਚੁੱਕਾ ਸੀ। ਉਸਦੀ ਹਾਲਤ ਵਿਗੜਦੀ ਚਲੀ ਗਈ, ਉਹ ਇੰਨੀ ਲਾਚਾਰ ਹੋ ਗਈ ਕਿ ਆਪਣਾ ਧਿਆਨ ਵੀ ਆਪ ਨਹੀਂ ਰੱਖ ਸਕਦੀ ਸੀ। ਉਸਦੀ ਯਾਦਦਾਸ਼ਤ ਵੀ ਜਾਣ ਲੱਗੀ। ਉਹ ਜਿਵੇਂ ਬਿਨਾਂ ਆਤਮਾ ਦੇ ਸਰੀਰ ਵਿੱਚ ਜੀਅ ਰਹੀ ਸੀ।
27 ਸਾਲ ਦੀ ਉਮਰ ਤੋਂ ਲੈਕੇ 42 ਸਾਲ ਤੱਕ ਉਹ ਇਸੇ ਦਰਦਨਾਕ ਹਾਲਤ ਵਿੱਚ ਰਹੀ। ਜ਼ਿੰਦਗੀ ਉਸਦੇ ਸਾਹਮਣੇ ਢਹਿ-ਢੇਰੀ ਹੋ ਰਹੀ ਸੀ। ਉਹ ਬਿਸਤਰੇ 'ਤੇ ਪਈ ਰਹਿੰਦੀ, ਉਹਨੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੰਦੀ। ਉਹ ਬਸ ਮੌਤ ਦੀ ਉਡੀਕ ਕਰ ਰਹੀ ਸੀ। ਡਾਕਟਰਾਂ ਦਾ ਕਹਿਣਾ ਸੀ ਕਿ ਦਵਾਈਆਂ ਤੋਂ ਬਿਨਾਂ ਉਹ ਲਗਭਗ 90 ਦਿਨਾਂ ਵਿੱਚ ਮਰ ਸਕਦੀ ਹੈ। ਬੜੀ ਜੱਦੋ-ਜਹਿਦ ਤੋਂ ਬਾਅਦ ਅਖੀਰ ਉਸਨੇ ਹਾਰ ਮੰਨ ਲਈ ਤੇ ਦਵਾਈਆਂ ਲੈਣੀਆਂ ਬੰਦ ਕਰ ਦਿੱਤੀਆਂ।
ਪਰ ਉਸਦੀ ਇੱਕ ਆਖਰੀ ਇੱਛਾ ਸੀ ਕਿ ਉਹ ਬਸ ਆਖਰੀ ਵਾਰ ਆਪਣੇ ਬਗੀਚੇ ਵਿੱਚ ਬੈਠੇ, ਫੁੱਲ ਬੂਟੇ ਦੇਖੇ, ਇਕਾਂਤ ਵਿੱਚ ਖੁੱਲ੍ਹੇ ਅਸਮਾਨ ਹੇਠਾਂ ਧੁੱਪ ਵਿੱਚ ਬੈਠੇ, ਪੰਛੀਆਂ ਦੀ ਆਵਾਜ਼ ਸੁਣੇ।
ਉੱਥੇ ਹੀ ਬਗੀਚੇ ਵਿੱਚ, ਜਦੋਂ ਉਹ ਆਪਣੀ ਵ੍ਹੀਲਚੇਅਰ 'ਤੇ ਬੈਠੀ ਸੀ ਤਾਂ ਅਚਾਨਕ ਉਸਨੂੰ ਇੱਕ ਅਫਰੀਕੀ ਮਧੂਮੱਖੀ ਨੇ ਡੰਗ ਮਾਰਿਆ।
ਫਿਰ ਕੁਝ ਹੀ ਸਕਿੰਟਾਂ ਵਿੱਚ, ਦਰਜਨਾਂ ਮਧੂ-ਮੱਖੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਉਹ ਚੀਕਦੀ ਰਹੀ, ਭੱਜਣ ਦੀ ਕੋਸ਼ਿਸ਼ ਕਰਦੀ ਰਹੀ, ਅਤੇ ਫਿਰ ਬੇਹੋਸ਼ ਹੋ ਕੇ ਵ੍ਹੀਲਚੇਅਰ ’ਤੋਂ ਜ਼ਮੀਨ 'ਤੇ ਡਿੱਗ ਪਈ।
ਉਸਨੂੰ ਹਸਪਤਾਲ ਲਿਜਾਇਆ ਗਿਆ, ਉਸਦੇ ਦਿਲ ਦੀ ਧੜਕਨ ਰੁਕ ਰਹੀ ਸੀ, ਫਿਰ ਡਾਕਟਰਾਂ ਨੇ CPR ਦੇਕੇ ਉਸਦੀ ਧੜਕਨ ਮੁੜ ਚਾਲੂ ਕੀਤੀ।
ਉਹ ਚਾਹੁੰਦੀ ਸੀ ਕਿ ਉਸਦਾ ਇਲਾਜ ਨਾ ਕੀਤਾ ਜਾਵੇ — ਉਹ ਸ਼ਾਂਤੀ ਨਾਲ ਮਰਨਾ ਚਾਹੁੰਦੀ ਸੀ।
ਪਰ... ਕੁਝ ਅਜੀਬ ਹੋਇਆ।
ਦੋ ਦਿਨਾਂ ਬਾਅਦ ਜਦੋਂ ਉਹ ਜਾਗੀ— ਨਾ ਤਾਂ ਕੋਈ ਦਰਦ ਸੀ, ਨਾ ਹੀ ਕੋਈ ਸੋਜ ਸੀ ਅਤੇ ਉਹ ਖੜ੍ਹੀ ਵੀ ਹੋ ਪਾ ਰਹੀ ਸੀ। ਅਗਲੇ ਹੀ ਦਿਨ, ਉਹ ਤੁਰਨ-ਫਿਰਨ ਵੀ ਲੱਗ ਪਈ ਸੀ!
ਡਾਕਟਰਾਂ ਨੇ ਜਾਂਚ ਕੀਤੀ ਅਤੇ ਪਾਇਆ ਕਿ ਮਧੂ-ਮੱਖੀਆਂ ਦੇ ਜ਼ਹਿਰ ਨੇ ਸਭ ਬਦਲ ਦਿੱਤਾ ਸੀ। ਉਸ ਜ਼ਹਿਰ ਨੇ ਲਾਈਮ ਬਿਮਾਰੀ ਫੈਲਾਉਣ ਵਾਲੇ ਬੈਕਟੀਰੀਏ ਨੂੰ ਨਸ਼ਟ ਕਰ ਦਿੱਤਾ ਸੀ ਅਤੇ ਉਸਦਾ ਇਮਿਊਨ ਸਿਸਟਮ ਜਿਵੇਂ ਮੁੜ ਤੋਂ ਚਾਲੂ ਹੋ ਗਿਆ ਸੀ।
ਕੁਝ ਹੀ ਦਿਨਾਂ ਵਿੱਚ, ਐਲੀ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ ਪਰ 15 ਸਾਲਾਂ ਤੱਕ ਦੁੱਖ ਝੱਲਣ ਤੋਂ ਬਾਅਦ, ਕਾਸ਼ ਉਹ ਕਿਤੇ ਪਹਿਲਾਂ ਆਪਣੇ ਬਗੀਚੇ ਵਿੱਚ ਜਾ ਕੇ ਬੈਠਣ ਦੀ ਇੱਛਾ ਕਰ ਜਤਾ ਲੈਂਦੀ।
ਚਲੋ ਖੈਰ, ਉਹ ਦੁਬਾਰਾ ਜ਼ਿੰਦਗੀ ਵੱਲ਼ ਮੁੜ੍ਹੀ ਅਤੇ ਹੁਣ ਉਸਨੇ ਆਪਣਾ ਜੀਵਨ ਮਧੂ-ਮੱਖੀਆਂ, ਸ਼ਹਿਦ ਅਤੇ ਉਨ੍ਹਾਂ ਦੇ ਜ਼ਹਿਰ ਦੇ ਫਾਇਦਿਆਂ ਬਾਰੇ ਲਿਖਣ ਅਤੇ ਦੂਜਿਆਂ ਨੂੰ ਉਮੀਦ ਦੇਣ ਲਈ ਸਮਰਪਿਤ ਕਰ ਦਿੱਤਾ ਹੈ।
ਇਹ ਘਟਨਾ 1997 ਵਿੱਚ ਵਾਪਰੀ ਸੀ। ਉਸ ਤੋਂ ਬਾਅਦ ਕਈ ਖੋਜਾਂ ਨੇ ਸਾਬਤ ਕੀਤਾ ਕਿ ਮਧੂ-ਮੱਖੀ ਦਾ ਜ਼ਹਿਰ ਕਈ ਬਿਮਾਰੀਆਂ ਦੇ ਇਲਾਜ ਵਿੱਚ ਅਸਰਦਾਰ ਹੋ ਸਕਦਾ ਹੈ।
ਪਰ ਯਾਦ ਰਹੇ — ਇਹ ਕਹਾਣੀ ਇਸ ਗੱਲ ਦਾ ਪ੍ਰਚਾਰ ਨਹੀਂ ਕਰਦੀ ਕਿ ਕੋਈ ਵੀ ਬਿਨਾਂ ਡਾਕਟਰੀ ਨਿਗਰਾਨੀ ਤੋਂ ਸਿੱਧਾ ਮਧੂ-ਮੱਖੀਆਂ ਤੋਂ ਆਪਣਾ ਇਲਾਜ ਕਰਵਾਏ। ਅਜਿਹਾ ਕਰਨਾ ਜਾਨਲੇਵਾ ਵੀ ਹੋ ਸਕਦਾ ਹੈ।
ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਉਮੀਦ ਹਮੇਸ਼ਾ ਰਹਿੰਦੀ ਹੈ, ਚਾਹੇ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋਣ। ਕਦੇ-ਕਦੇ, ਜਿਹੜੀ ਚੀਜ਼ ਸਾਨੂੰ ਚੋਟ ਪਹੁੰਚਾਉਂਦੀ ਹੈ, ਉਹੀ ਸਾਡੇ ਲਈ ਇਲਾਜ ਵੀ ਬਣ ਸਕਦੀ ਹੈ।
ਕਈ ਵਾਰ ਰੌਸ਼ਨੀ ਉੱਥੋਂ ਆਉਂਦੀ ਹੈ ਜਿੱਥੋਂ ਅਸੀਂ ਸੋਚ ਵੀ ਨਹੀਂ ਸਕਦੇ। ਕੁਦਰਤ ਦੇ ਰੂਪ ਵਿੱਚ ਪ੍ਰਮਾਤਮਾ ਸਦਾ ਹੀ ਮਦਦ ਕਰਨ ਲਈ ਤਤਪਰ ਰਹਿੰਦਾ ਹੈ, ਸਹੀ ਸਮਾਂ ਆਉਣ ਤੇ ਉਹ ਮਦਦ ਜ਼ਰੂਰ ਭੇਜਦਾ ਹੈ— ਭਾਵੇਂ 15 ਸਾਲ ਬਾਅਦ ਹੀ ਕਿਉਂ ਨਾ ਭੇਜੇ। ਉਸਦੇ ਆਪਣੇ ਢੰਗ ਹਨ। 🐝
— #ਮੀਤ_ਅਨਮੋਲ (ਸੋਰਸ ਬੀ.ਬੀ.ਸੀ. ਵੈੱਬਸਾਇਟ)
Copy paste