08/10/2024
ਹੁਣ ਵਕਤ ਆ ਗਿਆ ਹੈ-
ਕਿ ਆਪੋ ਵਿਚਲੇ ਰਿਸ਼ਤੇ ਇਕਬਾਲ ਕਰੀਏ
ਤੇ ਵਿਚਾਰਾਂ ਦੀ ਲੜਾਈ
ਮੱਛਰਦਾਨੀ ਵਿੱਚੋਂ ਬਾਹਰ ਹੋ ਕੇ ਲੜੀਏ
ਤੇ ਹਰ ਇਕ ਦੇ ਗਿਲ੍ਹੇ ਦੀ ਸ਼ਰਮ
ਨੰਗੇ ਮੂੰਹ ‘ਤੇ ਜਰੀਏ।
ਵਕਤ ਆ ਗਿਆ ਹੈ
ਕਿ ਹੁਣ ਉਸ ਕੁੜੀ ਨੂੰ ,
ਜੋ ਮਾਸ਼ੂਕ ਬਣਨ ਤੋਂ ਪਹਿਲਾਂ ਹੀ
ਪਤਨੀ ਬਣ ਗਈ, ਭੈਣ ਕਹਿ ਦੇਈਏ
ਲਹੂ ਦੇ ਰਿਸ਼ਤੇ ਦਾ ਪਿੰਗਲ ਬਦਲੀਏ
ਤੇ ਮਿੱਤਰਾਂ ਦੀ ਨਵੀਂ ਪਹਿਚਾਣ ਘੜੀਏ
ਆਪੇ ਆਪਣੇ ਲਹੂ ਦੇ ਦਰਿਆ ਨੂੰ ਤਰੀਏ
ਸੂਰਜ ਨੂੰ ਖ਼ੁਨਾਮੀ ਤੋਂ ਬਚਾਉਣ ਲਈ
ਹੋ ਸਕੇ ਤਾਂ ਰਾਤ ਭਰ
ਆਪ ਬਲ਼ੀਏ
#ਪਾਸ਼