02/09/2025
ਕੌਣ ਹਨ ਇਹ ਪੰਜਾਬੀ?
ਜ਼ਖ਼ਮਾਂ ਨਾਲ ਭਰੇ ਪੈਰ, ਪਰ ਬੰਨ੍ਹ ਮਾਰਨ ਲਈ ਪਿੱਠ ’ਤੇ ਸੱਠ-ਸੱਠ ਕਿਲੋ ਰੇਤ ਦੇ ਬੋਰੇ ਰੱਖ ਹਟਜੋ ਪਾਸੇ, ਹਟਜੋ ਪਾਸੇ ਕਹਿੰਦੇ ਜਾਣ, ਇਹ ਹਨ ਪੰਜਾਬੀ।
ਚੁੱਲ੍ਹੇ, ਆਟੇ ਵਾਲ਼ੇ ਪੀਪੇ, ਦਾਲਾਂ ਸਭ ਰੁੜ੍ਹ ਗਿਆ। ਛੱਤਾਂ ’ਤੇ ਬੈਠੇ ਕਿਸ਼ਤੀ ’ਚ ਆਉਣ ਵਾਲਿਆਂ ਨੂੰ ਆਖਣ, ‘ਆਜੋ ਚਾਹ-ਪਾਣੀ ਦੀ ਸੇਵਾ ਕਰੀਏ ਬਾਬਿਓ’, ਇਹ ਪੰਜਾਬੀ ਹਨ।
ਪਾਣੀ ਹਿੱਕ ਤੱਕ ਪਹੁੰਚਿਆ ਹੋਵੇ ਤੇ ਸਿਦਕ ਨਾਲ ਕਹਿਣ, ‘ਇਹ ਕਿਹੜਾ ਪਹਿਲੀ ਵਾਰ ਆਇਆ। ਇਹ ਸਾਡੇ ਸੁਭਾਅ ਬਾਰੇ ਤੇ ਅਸੀਂ ਇਹਦੇ ਸੁਭਾਅ ਬਾਰੇ ਜਾਣਦੇ ਆਂ।’ ਇਹੀ ਪੰਜਾਬੀ ਹਨ।
ਅੱਸੀ-ਅੱਸੀ ਸਾਲ ਦੇ ਪਾਣੀ ’ਚ ਡੁੱਬੇ ਬੇਬੇ-ਬਾਪੂ ਜਦੋਂ ਰੋਂਦੇ ਪੱਤਰਕਾਰਾਂ ਨੂੰ ਆਖਣ, ‘ਤੁਸੀਂ ਚਿੱਤ ਨਾ ਹੌਲ਼ਾ ਕਰੋ, ਅਸੀਂ ਠੀਕ ਹਾਂ, ਬਾਬਾ ਆਪੇ ਭਲੀ ਕਰੂ।’ ਇਹ ਪੰਜਾਬੀ ਹਨ।
ਆਫ਼ਤ ਸੁਣ ਜਿਹੜੇ ਲੋਕਾਂ ਨੂੰ ਲੰਗਰ ਲਾਉਣ ਦਾ ਚੜ੍ਹ ਜਾਂਦਾ ਹੋਵੇ, ਇਹ ਪੰਜਾਬੀ ਹਨ।
ਪੀੜਤ ਲੋਕਾਂ ਮੂੰਹੋਂ ਕਢਾ ਦੇਣ ਕਿ ਹੁਣ ਰੋਟੀ-ਪਾਣੀ, ਲੀੜੇ-ਲੱਤੇ, ਪੱਖੇ, ਚਾਰਾ ਹੋਰ ਨਾ ਲੈ ਕੇ ਆਇਓ।’ ਇਹ ਪੰਜਾਬੀ ਹਨ।
ਜਿਹੜੇ ਸੜਕਾਂ ਦੇ ਫੁੱਟਪਾਥਾਂ ’ਤੇ ਹਲ਼ਾਂ ਦੇ ਫਾਲ਼ੇ ਤਿੱਖੇ ਕਰੀ ਜਾਂਦੇ ਹੋਣ ਕਿ ਪਾਣੀ ਉੱਤਰੂ ਤਾਂ ਖੇਤ ਦੀ ਹਿੱਕ ਵਾਹ ਕੇ ਅੰਨ੍ਹ ਕੱਢਾਂਗੇ, ਇਹ ਪੰਜਾਬੀ ਹਨ।
ਇਹ ਭੁੱਖਿਆਂ ਨੂੰ ਭੋਜਨ ਕਰਾਉਣ ਵਾਲੇ ਬਾਬੇ ਦੇ ਚੇਲੇ ਹਨ। ਸੋ ਇਹ ਭੁੱਖੇ ਨਹੀਂ ਮਰਦੇ ਤੇ ਨਾ ਕਿਸੇ ਨੂੰ ਮਰਨ ਦੇਣਗੇ।
ਸੱਚ ਜਾਣਿਓ, ਇਹ ਪੰਜਾਬੀ ਮੁੱਕਦੇ ਨਹੀਂ। ਪੰਜਾਬ ਮਰਦਾ ਨਹੀਂ। ਇਹ ਆਫ਼ਤਾਂ ਸਾਨੂੰ ਸਿਖਾਉਂਦੀਆਂ, ਸਮਝਾਉਂਦੀਆਂ ਸਨ ਤੇ ਹਨ।
ਪੰਜਾਬ ਜ਼ਿੰਦਾਬਾਦ ਸੀ ਤੇ ਰਹੇਗਾ।
- ਸਵਰਨ ਸਿੰਘ ਟਹਿਣਾ