30/10/2025
AI ਅੱਜਕਲ੍ਹ ਦੀ ਤਕਨੀਕ ਮੰਨੀ ਜਾ ਰਹੀ ਹੈ। ਹਰ ਕੰਮ ਵਿੱਚ AI, ਮਨੁੱਖਾਂ ਦੀ ਨੌਕਰੀ ਖੋਹ ਰਹੀ ਹੈ। ਅਲਬਾਨੀਆਂ ਦੇਸ਼ ਨੇ AI ਰੋਬੋਟ ਨੂੰ ਸਰਕਾਰ ਵਿੱਚ ਮੰਤਰੀ ਬਣਾ ਦਿੱਤਾ ਹੈ ਅਤੇ ਵੱਡੇ ਫੈਸਲੇ ਲੈਣ ਦਾ ਅਧਿਕਾਰ ਦੇ ਦਿੱਤਾ ਹੈ। ਹੁਣ ਵਿਸ਼ਵ ਦੇ ਕਈ ਬੁੱਧੀਜੀਵੀਆਂ ਨੇ ਇਸ ਬਾਰੇ ਚੇਤਾਵਨੀ ਵੀ ਦੇ ਦਿੱਤੀ ਹੈ ਕਿ ਜੇਕਰ AI ਦੀ ਇੱਕ ਲਿਮਿਟ ਤੈਅ ਨਾ ਕੀਤੀ ਗਈ ਤਾਂ ਦੁਨੀਆਂ ਬਰਬਾਦ ਹੋ ਜਾਵੇਗੀ।.... ਇਹ ਸਭ ਤਾਂ ਹੋਈ ਅੱਜ ਦੇ ਯੁਗ ਦੀ ਗੱਲ ਪਰ ਇਹ ਸਭ ਕੁਝ ਸਾਲ 1984 ਵਿੱਚ ਆਈ ਫ਼ਿਲਮ 'ਦ ਟਰਮੀਨੇਟਰ' ਵਿੱਚ ਦਿਖਾਇਆ ਜਾ ਚੁੱਕਾ ਹੈ। ਮਤਲਬ ਇਹ ਮੰਨਿਆ ਜਾਵੇ ਕਿ ਫਿਲਮਕਾਰ ਵਿਗਿਆਨੀਆਂ ਨਾਲੋਂ ਜਿਆਦਾ ਸਮਝ ਰੱਖਦੇ ਨੇ? ਜੋ ਤਕਨੀਕ ਹੁਣ ਆ ਰਹੀ ਹੈ ਅਤੇ ਜੋ ਚੇਤਾਵਨੀ ਹੁਣ ਦਿੱਤੀ ਜਾ ਰਹੀ ਹੈ ਉਹ 1984 ਦੀ ਫਿਲਮ ਰਾਹੀਂ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਜਿਸ ਵੇਲੇ ਇਹ ਫ਼ਿਲਮ ਆਈ ਸੀ ਉਦੋਂ ਪਤਾ ਨਹੀਂ AI ਬਾਰੇ ਕਿਸੇ ਨੇ ਸੋਚਿਆ ਵੀ ਸੀ ਜਾਂ ਨਹੀਂ ਕਿਉਂ ਕਿ ਵਿੰਡੋਜ਼ ਨੇ ਆਵਦਾ ਪਹਿਲਾ ਬੇਸਿਕ ਵਰਜ਼ਨ 1985 ਵਿੱਚ ਲਾਂਚ ਕੀਤਾ ਸੀ। ਉਸ ਵੇਲੇ ਕੰਪਿਊਟਰ ਵੀ ਮੁਢਲੀ ਸਟੇਜ ਵਿੱਚ ਸਨ। ਉਹਨਾਂ ਦਿਨਾਂ 'ਚ ਕੰਪਿਊਟਰ ਦਾ ਓਪਰਟਇੰਗ ਸਿਸਟਮ ਵੀ ਕਮਾਂਡ ਬੇਸ DOS ਅਤੇ UNIX ਸਹਾਰੇ ਕਾਲੀ ਸਕਰੀਨ 'ਤੇ ਸੀ। ਭਾਵ ਜਿਸ ਵੇਲੇ ਇਹ ਵੀ ਨਹੀਂ ਪਤਾ ਸੀ ਕਿ ਕੰਪਿਊਟਰ ਕਦੇ ਰੰਗਲਾ ਵੀ ਹੋਊ ਅਤੇ ਕਦੇ ਇਸ 'ਤੇ ਲਿਖਣ ਤੋਂ ਬਿਨਾਂ ਹੋਰ ਕੰਮ ਵੀ ਹੋਣੇ ਨੇ, ਉਸ ਵੇਲੇ ਫਿਲਮਕਾਰਾਂ ਨੇ ਰੋਬੋਟਿਕ ਤਕਨੀਕ ਦੀ ਗੱਲ ਕਰਦਿਆਂ ਇਹ ਚੇਤਵਾਨੀ ਤੱਕ ਦੇ ਦਿੱਤੀ ਸੀ ਕਿ ਜੇ ਇਹ ਤਕਨੀਕ ਜਿਆਦਾ ਵਧਾਈ ਤਾਂ ਰੋਬੋਟਾਂ ਨੇ ਖੁਦ ਹੀ ਦੁਨੀਆਂ 'ਤੇ ਕਬਜਾ ਕਰ ਲੈਣਾ ਹੈ। ~ ਅੰਮ੍ਰਿਤ ਜੱਸਲ