16/10/2025
ਸਵਰਗ ਤਾਂ ਪੰਡਤ ਜੀ ਆਪਾਂ ਡਾਂਗ ਨਾਲ ਲਵਾਂਗੇ
'ਅੱਜ ਨੀਰੇ ਦੀ ਸੱਥਰੀ ਤਾਂ ਦੇਹ ਮਨਾਂ ' ਬੰਸੀ ਨੇ ਆ ਕੇ ਉਹਦੀ ਸੁਰਤ ਆਪਣੇ ਵੱਲ ਮੋੜ ਲਈ, ਲਹੂ ਨਾਲ ਨੁੱਚੜੀ ਹੋਈ ਚੀਚੀ ਵੇਖ ਕੇ ਉਹਦਾ ਤ੍ਰਾਹ ਨਿਕਲ ਗਿਆ ,'ਉਹ ਪਤੰਦਰਾ ਵਾਹਵਾ ਮਰਾਈ ਬੈਠਾਂ , ਮੰਵੀ ਦੇਖ ਲਾ ਮੌਕੇ ਸਿਰ ਆ ਈ ਗਿਆ ,' ਪੱਲੀ ਹੇਠਾਂ ਰੱਖ ਕੇ ਟੱਕ ਵਿੱਚ ਭਾਈ ਦਾਤੀ ਚੱਕ ਲਈ । ' ਔਖੇ ਵੇਲੇ ਰੱਬ ਵੀ ਬੰਦੇ ਵਿੱਚ ਹੀ ਬੌੜਦਾ ' ਰੱਬ ਦੇ ਬੌਹੜ ਜਾਣ ਵਾਲੀ ਗੱਲ ਨੇ ਬਲੌਰੇ ਦੀ ਛਾਤੀ ਨੂੰ ਪੱਛ ਦਿੱਤਾ , ਦਿਲ ਕੀਤਾ ਬੰਸੀ ਨੂੰ ਖੜ੍ਹੇ ਪੈਰੀਂ ਕੋਰਾ ਜਵਾਬ ਦੇ ਦੇਵੇ ਹੈ , 'ਹੈਨੀ-ਗੇ ਪੱਠੇ' ਪਰ ਜਨੌਰਾਂ ਲਈ ਰਿਜਕ ਮੰਗਣ ਆਏ ਬੰਦੇ ਨੂੰ ਖਾਲੀ ਹੱਥ ਮੋੜਨਾ ਗਵਾਰਾ ਨਹੀਂ ਲੱਗਿਆ ।
'ਉੱਠ ਕੇ ਖੜਾ ਹੋਈ ਗਾਂ' ਬੰਸੀ ਚਾਦਰੇ ਦਾ ਲਾਂਗੜ ਕੱਢ ਕੇ ਪੱਠੇ ਵੱਢਦਾ ਹੋਇਆ ਖੜ੍ਹਾ ਹੋ ਗਿਆ । ਉਹਦੇ ਵੱਲ ਪੂਰੇ ਗੋਹ ਨਾਲ ਵੇਖੀ ਗਿਆ । ਰੱਬ ਨੂੰ ਵੇਖਣ ਦੀ ਕੋਸ਼ਿਸ਼ ਵਿੱਚ ਸੀ ।
ਕੀ ਹੋ ਗਿਆ ਬਾਈ' ਬੰਸੀ ਨਾਲ ਹੀ ਵਿਚਾਰਾ ਬਣ ਕੇ ਖੜਾ ਰਿਹਾ ।
'ਮੈਨੂੰ ਤਾਂ ਤੇਰੇ 'ਚ ਕਿਤੇ ਰੱਬ ਨਹੀਂ ਦਿਸਿਆ , ਐ ਕਰ ਜਿੰਨ੍ਹੇ ਨੀਰੇ ਦੀ ਤਮਾਂ ਪੱਲੀ 'ਚ ਪਾ ਤੇ ਤੁਰਦਾ ਹੋ ,' ਉਹ ਤੋਂ ਦਾਤੀ ਖੋਹ ਕੇ ਜ਼ੋਰ ਨਾਲ ਮਾਰ ਕੇ ਧਰਤੀ ਵਿੱਚ ਗੱਡ ਦਿੱਤੀ । ਰੱਬ ਦੀ ਝੋਲੀ ਵਿੱਚ ਕੁਝ ਪਾਉਣ ਦੀ ਰੀਝ ਰੱਖੀ । ਬੰਸੀ ਨੇ ਛੇਤੀ ਦੇਣੇ ਪੂਣੀ ਕਰਕੇ ਪੱਲੀ ਵਿਛਾ ਲਈ ਤੇ ਵੱਢੇ ਪਏ ਪੱਠਿਆਂ ਵਿੱਚੋਂ ਪੰਡ ਬੰਨ ਲਈ । ਪੰਡ ਬੰਨ ਕੇ ਹਿਲਾ ਕੇ ਦੇਖੀ ਤਾਂ ਕਾਫੀ ਭਾਰੀ ਸੀ।
ਤਾਂ ਬੋਲਿਆ 'ਮਾੜਾ ਜਿਹਾ ਹੱਥ ਤਾਂ ਲਵਾਈ' ਪੰਡ ਨੂੰ ਸਿਰ ਤੇ ਚਕਾਉਣ ਲਈ ਆਖਿਆ
ਤਾਂ ਬਲੋਰੇ ਨੇ ਅੱਗੋਂ ਖਰੀ ਨਾਂਹ ਵਿੱਚ ਸਿਰ ਫੇਰ ਦਿੱਤਾ , ' ਮੈਂ ਨਹੀਂ ਚੁਕਾਉਣੀ । ਜੇ ਰੱਬ ਨੇ ਘੱਲਿਆ ਫਿਰ ਉਹਨੇ ਦੱਸਿਆ ਕਿਉਂ ਨਹੀਂ ਵੀ ਲਾਲਚ ਕੀਤਾ ਮਾੜਾ ਹੁੰਦਾ ' ਤੇ ਫਿਰ ਮੂੰਹ ਵਿੱਚੋਂ ਅਵੱਲੀ ਜਿਹੀ ਆਵਾਜ਼ ਕੱਢਦਾ ਹੋਇਆ ਦੁੱਖਦੀ ਚੀਚੀ ਨਾਲ ਪੱਠੇ ਵੱਢਣ ਲੱਗ ਪਿਆ ।
ਬੰਸੀ ਨੇ ਝੁੱਟੀ ਲੈ ਕੇ ਦੋ ਵਾਰ ਪੰਡ ਚੱਕਣ ਦੀ ਕੋਸ਼ਿਸ਼ ਕੀਤੀ ਪਰ ਲੱਕ ਤੋਂ ਉੱਤੇ ਜਾ ਕੇ ਸਾਰਾ ਤਾਣ ਮਿੱਟੀ ਹੋ ਜਾਂਦਾ । ਇੰਜ ਘੁਲਦਾ ਵੇਖ ਕੇ ਉਹ ਬੋਲਿਆ , ' ਜਦੋਂ ਤੇਰੇ ਆਲਾ ਰੱਬ ਭੁੰਜੇ । ਪੰਡ ਚਕਾਉਣ ਆਵੇ ਤਾਂ ਦੱਸਦੀ। ਮੈਂ ਪਾਸੇ ਹੋ ਜੂ ਕਿਤੇ ਮੈਨੂੰ ਨਾ ਮਿੱਧਦੇ '
ਇਹ ਗੁਰਪ੍ਰੀਤ ਸਹਿਜੀ ਦੇ ਨਾਵਲ ਬਲੌਰਾ ਦੇ ਇੱਕ ਕਾਂਡ ਦੇ ਵਿੱਚ ਮੁੱਖ ਪਾਤਰ ਬਲੌਰੇ ਦਾ ਵਾਰਤਾਲਾਪ ਦੱਸਦਾ ਕਿ ਰੱਬ ਦੇ ਉੱਤੇ ਉਸ ਨੂੰ ਯਕੀਨ ਕਿਉਂ ਨਹੀਂ ਜਾਂ ਰੱਬ ਨੂੰ ਉਹ ਕਿਵੇਂ ਮੰਨਦਾ । ਇੱਕ ਹੋਰ ਬ੍ਰਿਤਾਂਤ ਦੇਖੋ , 'ਕਹਿੰਦਾ ਰੱਬਾ ਤੇਰੀ ਔਕਾਤ ਹੀ ਕੀ ਹੈ ,ਮੇਰੀ ਇੱਛਾ ਪੂਰੀ ਕਰਨ ਦੀ '
' ਵਾਹ ਜੀ ਵਾਹ' ਪੰਡਿਤ ਇਉਂ ਹੱਲਾਸ਼ੇਰੀ ਦਿੰਦਾ ਹੋਇਆ ਆਪਣੀ ਧੋਤੀ ਦੇ ਲੜ ਨਾਲ ਰੱਸੀ 'ਚ ਬੰਨ ਕੇ ਗੱਲ ਚ ਲਮਕਾਈ ਐਨਕ ਦੇ ਸ਼ੀਸ਼ੇ ਸਾਫ ਕਰਨ ਲੱਗ ਪਿਆ ਤੇ ਐਨਕ ਅੱਖਾਂ ਤੇ ਚਾੜ ਕੇ ਚਿਹਰੇ ਤੇ ਹਾਸੀ ਲਿਆ ਕੇ ਕਿੰਨਾ ਕੁਝ ਬੋਲੀ ਗਿਆ , ਬਲੌਰਾ ਸੁਣੀ ਗਿਆ ਤੇ ਅਖੀਰ ਜਦ ਉਹਨੇ ਦਕਸ਼ਣਾ ਮੰਗਣ ਲਈ ਆਪਣੀ ਪਿੱਤਲ ਦੀ ਕਚਕੋਲ ਅੱਗੇ ਕੀਤੀ ਤਾਂ ਉਹਨੇ ਤੇਵਰ ਬਦਲ ਕੇ ਕਿਹਾ ,' ਪੰਡਿਤ ਜੀ , ਜੋ ਕੁਝ ਮੈਂ ਪੁੱਛਣਾ ਸੀ ਉਹ ਤੂੰ ਦੱਸਿਆ ਨਹੀਂ ਹੋਰ ਹੀ ਵਲੈਤੀ ਘੋੜੇ ਨੂੰ ਠਿੱਬੀ ਲਾਤੀ'
' ਪੁੱਛੋ ਜਜਮਾਨ' ਫਿਰ ਪੰਡਿਤ ਨੇ ਬਨੌਟੀ ਰੀਝ ਨਾਲ ਵੇਖਿਆ , ' ਲੇਖ ਬਹੁਤ ਤਿੱਖੇ ਨੇ ਬੱਚਾ, ਪੱਕਾ ਹੀ ਸਵਰਗ ਮਿਲੂ ,
'ਸਵਰਗ ਤਾਂ ਪੰਡਤ ਜੀ ਆਪਾਂ ਡਾਂਗ ਨਾਲ ਲਵਾਂਗੇ , ਜੇ ਉਹਨੇ ਨਾ ਵੀ ਦਿੱਤਾ ' ਬਲੌਰੇ ਨੇ ਮੁੱਛ ਨੂੰ ਵੱਟ ਚਾੜ ਕੇ ਪੰਡਿਤ ਦੇ ਗਲ ਵਿੱਚ ਪਾਈ ਸ਼ਿਵਜੀ ਦੀ ਤਸਵੀਰ ਵੱਲ ਘੂਰੀ ਵੱਟੀ , ' ਇਥੇ ਨਰਕ ਥੋੜਾ ਭੋਗ ਲਿਆ ' ਫਿਰ ਉਹਦੇ ਚਿੱਤ
'ਚ ਫੁਰਨਾ ਫੁਰਿਆ ,' ਜਦੋਂ ਕਿਸੇ ਬੰਦੇ ਨੂੰ ਹੱਥ ਪੱਲਾ ਹਿਲਾਏ ਬਿਨਾਂ ਕੁਝ ਮਿਲੇ ਉਹ ਹੁੰਦਾ ਸੁਰਗ ਤੇ ਜਿਸ ਨੂੰ ਹੱਥੀ ਕਰਕੇ ਕੁਛ ਨਾ ਮਿਲੇ ਉਹ ਹੁੰਦਾ ਨਰਕ'
ਪੰਡਤ ਨੇ ਆਪਣਾ ਹੱਥ ਢਿੱਲਾ ਕਰ ਲਿਆ ਜੀਹਦੇ 'ਚ ਬਲੌਰੇ ਦਾ ਹੱਥ ਫੜਿਆ ਸੀ ਤੇ ਸਲਾਹ ਦਿੱਤੀ ,' ਫਿਰ ਜੇ ਸਭ ਕੁਝ ਡਾਂਗ ਨਾਲ ਹੀ ਲੈਣਾ ਤਾਂ ਮੇਰੇ ਜਿਹੇ ਨੂੰ ਹੱਥ ਵਿਖਾਉਣ ਦਾ ਕੀ ਲਾਭ ',
ਆਹ ਵੇਖ ਕੇ ਦੱਸੇਗਾ ਬਈ ਮਰਨ ਮਰਾਉਣ ਲਈ ਕਿਹੜਾ ਦਿਨ ਚੰਗਾ ਰਹੂ ।ਕਦੋਂ ਆਹ ਰੱਬ ਮੱਥੇ ਲੱਗੂ ' ਜੇਬ ਵਿੱਚੋਂ ਵੀਹ ਦਾ ਨੋਟ ਕੱਢ ਕੇ ਉਹਦੀ ਕਚਕੋਲ ਵਿੱਚ ਰੱਖ ਦਿੱਤਾ । ਪੰਡਿਤ ਇਸੇ ਚਾਅ ਵਿੱਚ ਉਹਦੇ ਹੱਥ ਨੂੰ ਪਰਖੀ ਗਿਆ, ਲਕੀਰਾਂ ਦਾ ਅੰਦਾਜ਼ਾ ਲਾ ਕੇ ਪੋਥੀ ਖੋਲ ਲਈ ਤੇ ਲਕੀਰਾਂ ਦਾ ਮੇਲ ਮਿਲਾਣ ਕਰਕੇ ਮਨ ਵਿੱਚ ਭਵਿੱਖਬਾਣੀ ਬਣਾਈ ਗਿਆ ਤੇ ਬੋਲਿਆ ,' ਜਿਹੜੇ ਬੰਦੇ ਐਤਕੀ ਦੀ ਸੰਗਰਾਂਦ ਨੂੰ ਮਰਨਗੇ , ਉਹ ਜਾਣਗੇ ਸਿੱਧੇ ਹੀ ਰੱਬ ਦੇ ਚਰਨਾਂ ਚ
" ਚਰਨਾਂ ਚ ਹੀ" ਝੇੜ ਮੰਨ ਕੇ ਆਪਣੇ ਨਾਲ ਹੀ ਗੱਲਾਂ ਕਰਨ ਲੱਗ ਪਿਆ, "ਜਿਉਂਦੇ ਜੀਅ ਨੂੰ ਘੱਟ ਠੁੱਡੇ ਮਾਰੇਆ ਵੀ ਮਾਰਨ ਤੋਂ ਬਾਅਦ ਵੀ ਜਾ ਕੇ ਉਹਦੇ ਪੈਰਾਂ 'ਚ ਹੀ ਪਈਏ ' ਝਟਕੇ ਨਾਲ ਖੜਾ ਹੋ ਗਿਆ 'ਬਾਕੀ ਮੈਂ ਵੇਖੂ ਕੀ ਬਣਦਾ'
ਇਸ ਨਾਵਲ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ। ਨਾਵਲ ਪੜ੍ਹਨਾ ਚਾਹੁੰਦੇ ਹੋ ਤਾਂ ਸਾਡੇ ਨੰਬਰ 094175 25762 ਤੇ ਆਰਡਰ ਕਰ ਸਕਦੇ ਹੋ ।