20/05/2025
ਯਾਦਾ
ਮੇਰਾ ਜਦੋਂ ਵੀ ਚੰਡੀਗੜ੍ਹ ਪਟਿਆਲੇ ਪੇਪਰ ਹੁੰਦਾ ਤਾਂ ਮੈਂ ਇੱਕ ਦਿਨ ਪਹਿਲੋਂ ਗੱਡੀ ਚੜ ਰਾਜਪੁਰੇ ਅੱਪੜ ਜਾਂਦਾ..ਉੱਥੇ ਦੂਰ ਦੀ ਇੱਕ ਭੂਆ ਸੀ..ਉੱਥੇ ਰਾਤ ਰਹਿੰਦਾ..ਬੜੀ ਆਓ ਭਗਤ ਕਰਦੇ..ਉੱਥੇ ਇੱਕ ਮੁੰਡਾ..ਮੈਥੋਂ ਉਮਰੋਂ ਕਾਫੀ ਛੋਟਾ..ਰੋਜ ਤੜਕੇ ਉੱਠ ਖਲੋਂਦਾ..ਚਾਹ ਪਾਣੀ ਬਣਾ ਫੇਰ ਆਪੇ ਤਿਆਰ ਹੋ ਸਕੂਲੇ ਚਲਾ ਜਾਂਦਾ..ਦੁਪਹਿਰ ਵੇਲੇ ਮੁੜਦਾ ਤਾਂ ਕਿੰਨੇ ਸਾਰੇ ਕੰਮ ਉਡੀਕ ਰਹੇ ਹੁੰਦੇ..ਗੱਲ ਬਾਤ ਬਹੁਤ ਘੱਟ ਜਾਂ ਫੇਰ ਸ਼ਾਇਦ ਇਜਾਜਤ ਹੀ ਨਹੀਂ ਸੀ..ਕਈ ਵੇਰ ਫਿਲਮ ਲੱਗੀ ਹੁੰਦੀ ਤਾਂ ਸੋਫਿਆਂ ਦੇ ਪਿੱਛੇ ਚੁੱਪਚਾਪ ਬੈਠਾ ਵੇਖ ਰਿਹਾ ਹੁੰਦਾ..!
ਇੱਕ ਦਿਨ ਭੂਆ ਦਾ ਮੁੰਡਾ ਕਿਸੇ ਗੱਲੋਂ ਰੁੱਸ ਗਿਆ..ਰੋਟੀ ਨਾ ਖਾਵੇ..ਮਨਪਸੰਦ ਸਬਜੀ ਨਹੀਂ ਸੀ ਬਣੀ..ਵਾਰ-ਵਾਰ ਥਾਲੀ ਪਰਾਂ ਕਰੀ ਜਾਵੇ..ਭੂਆ ਨੇ ਥਾਲੀ ਚੁੱਕ ਲਈ 'ਤੇ ਉਸ ਮੁੰਡੇ ਵੱਲ ਕਰਦੀ ਹੋਈ ਆਖਣ ਲੱਗੀ..ਵੇ ਬਿੱਲੂ ਤੂੰ ਖਾ ਲੈ..ਉਸਨੇ ਓਸੇ ਵੇਲੇ ਆਖਾ ਮੰਨ ਦਸਾਂ ਮਿੰਟਾਂ ਵਿਚ ਹੀ ਸਭ ਕੁੱਝ ਮੁਕਾ ਦਿੱਤਾ..ਫੇਰ ਥਾਲੀ ਧੋਣ ਸਿੰਕ 'ਤੇ ਗਿਆ ਤਾਂ ਆਪਣੇ ਵਾਲੇ ਜੋਗਾ ਉਚੇਚਾ ਪਰੌਂਠਾ ਬਣਾ ਕੇ ਲਿਆਈ ਭੂਆ ਵੀ ਕੋਲ ਬੈਠ ਗਈ..ਮੈਂ ਬਿੱਲੂ ਬਾਰੇ ਪੁੱਛ ਲਿਆ ਤਾਂ ਦੱਸਣ ਲੱਗੀ ਪਿੰਡ ਸਾਡੇ ਗਵਾਂਢੋਂ ਹੀ ਹੈ..ਮਾਂ ਨੇ ਗੁੱਸੇ ਹੋ ਕੇ ਗੱਡੀ ਅੱਗੇ ਛਾਲ ਮਾਰ ਦਿੱਤੀ..ਪਿਓ ਨੇ ਦੋ ਮਹੀਨੇ ਨੀ ਟੱਪਣ ਦਿੱਤੇ ਹੋਰ ਲੈ ਆਂਦੀ..!
ਦਾਦੀ ਨੇ ਤਰਲਾ ਮਿੰਤ ਕੀਤਾ..ਨਵੀਂ ਕੁੱਟਦੀ ਮਾਰਦੀ ਏ..ਕੁੱਝ ਕਰ..ਫੇਰ ਇੱਥੇ ਲਿਆ ਪੜਨੇ ਪਾ ਦਿੱਤਾ..ਹੁਣ ਇਥੇ ਹੀ ਰਹਿੰਦਾ..ਨਾਲ ਮਾੜੇ ਮੋਟੇ ਕੰਮ ਵੀ ਕਰ ਦਿੰਦਾ..!
ਭੂਆ ਲਗਾਤਾਰ ਗੱਲਾਂ ਕਰੀ ਜਾ ਰਹੀ ਸੀ ਤੇ ਮੈਂ ਅਜੀਬ ਤਰੀਕੇ ਨਾਲ ਪਰੌਂਠਾ ਖਾਂਦੇ ਵੱਲ ਵੇਖ ਸੋਚ ਰਿਹਾ ਸਾਂ..ਜਿਹਨਾਂ ਕੋਲੋਂ ਮਾਵਾਂ ਖੁੱਸ ਜਾਂਦੀਆਂ..ਓਹਨਾ ਕੋਲ ਪਸੰਦ ਨਾ ਪਸੰਦ ਦੀ ਆਪਸ਼ਨ ਵੀ ਨਹੀਂ ਰਹਿਣ ਦਿੱਤੀ !!
ਮਾਂ ਦਿਵਸ ਤੇ
ਹੈਡ ਮਾਸਟਰ ਹਰਦੇਵ ਸਿੰਘ !!!
ਪਿੰਡ: ਟੱਲ ਘਨੌੜ ਜੱਟਾਂ
ਜਿਲ੍ਹਾ: ਸੰਗਰੂਰ