16/09/2025
ਪ੍ਰੈਸ ਬਿਆਨ ਆਰਐਮਪੀਆਈ
ਮਾਸੂਮ ਬੱਚੇ ਦੇ ਕਾਤਲ ਨੂੰ ਫੌਰੀ ਸਜ਼ਾ ਦੇਣ ਲਈ 'ਫਾਸਟ ਟਰੈਕ ਕੋਰਟ' ਦਾ ਗਠਨ ਕਰੋ -ਪਾਸਲਾ
ਸਮੁੱਚੇ ਅੰਤਰਰਾਜੀ ਕਿਰਤੀਆਂ ਨੂੰ ਵਿਅਕਤੀ ਵਿਸ਼ੇਸ਼ ਦੇ ਗੁਨਾਹਾਂ ਦੀ ਸਜ਼ਾ ਦਾ ਭਾਗੀਦਾਰ ਨਾ ਬਣਾਉ -ਰੰਧਾਵਾ
ਹਕੂਮਤੀ ਏਜੰਟ, ਕੱਟੜਪੰਥੀ ਤੇ ਅਪਰਾਧੀ ਅਨਸਰ ਭਾਈਚਾਰਾ ਤੋੜਣ 'ਚ ਰੁੱਝੇ -ਜਾਮਾਰਾਏ
ਜਲੰਧਰ ; 14 ਸਤੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਹੁਸ਼ਿਆਰਪੁਰ ਵਿਖੇ ਪੰਜ ਸਾਲਾਂ ਦੇ ਮਾਸੂਮ ਬੱਚੇ ਹਰਵੀਰ ਉਰਫ਼ ਬਿੱਲਾ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਵਹਿਸ਼ੀ ਦਰਿੰਦੇ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣਾ ਯਕੀਨੀ ਬਣਾਉਣ ਲਈ ਫਾਸਟ ਟਰੈਕ ਕੋਰਟ ਦਾ ਗਠਨ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਪਾਰਟੀ ਨੇ ਇਸ ਦੁਖਦਾਈ ਘਟਨਾ ਨੂੰ ਆਧਾਰ ਬਣਾ ਕੇ ਕੁੱਝ ਲੋਕਾਂ ਵੱਲੋਂ ਸੂਬੇ ਭਰ ’ਚ ਅੰਤਰਰਾਜੀ ਕਿਰਤੀਆਂ ਖਿਲਾਫ਼ ਵਿੱਢੀ ਨਫਰਤੀ ਮੁਹਿੰਮ ਅਤੇ ਪ੍ਰਵਾਨ ਕੀਤੇ ਜਾ ਰਹੇ ਪੰਚਾਇਤੀ ਮਤਿਆਂ ਬਾਰੇ ਵੀ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਹੈ।
ਇੱਥੋਂ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਤੇ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਹੈ ਕਿ ਕਿਸੇ ਇਕ ਵਿਅਕਤੀ ਦੇ ਅਮਾਨਵੀ ਕਾਰੇ ਨੂੰ ਆਧਾਰ ਬਣਾ ਕੇ ਦੋਸ਼ੀ ਨਾਲ ਸਬੰਧਤ ਸਮੁੱਚੇ ਭਾਈਚਾਰੇ ਨੂੰ ਸਜ਼ਾ ਦਾ ਭਾਗੀ ਬਣਾਉਣਾ ਕਿਸੇ ਵੀ ਤਰ੍ਹਾਂ ਨਾਲ ਤਰਕਸੰਗਤ ਨਹੀਂ ਕਿਹਾ ਜਾ ਸਕਦਾ। ਪਾਰਟੀ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਖਤਰਨਾਕ ਵਰਤਾਰਾ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੀ ਕੇਂਦਰੀ ਏਜੰਸੀਆਂ, ਕੱਟੜਪੰਥੀਆਂ ਤੇ ਸਮਾਜ ਵਿਰੋਧੀ ਤੱਤਾਂ ਦੀ ਚਿਰੋਕਣੀ ਮਨਸੂਬਾਬੰਦੀ ਦਾ ਨਤੀਜਾ ਹੈ, ਕਿਉਂਕਿ ਦੇਸ਼ ਦੀ ਸੱਤਾ ’ਤੇ ਬਿਰਾਜਮਾਨ ਸੰਘ ਸਮਰਥਤ ਮੋਦੀ ਸਰਕਾਰ ਦੀਆਂ ਅੱਖਾਂ ’ਚ ਪੰਜਾਬੀਆਂ ਦਾ ਨਾਬਰੀ ਦਾ ਸੁਭਾਅ ਤੇ ਹਰ ਕਿਸਮ ਦੇ ਅਨਿਆਂ ਖਿਲਾਫ਼ ਜੂਝਣ ਦਾ ਜਜ਼ਬਾ ਬਹੁਤ ਰੜਕਦਾ ਹੈ। ਕੇਂਦਰੀ ਸੱਤਾ 'ਤੇ ਕਾਬਜ ਫਿਰਕੂ ਸੋਚ ਦੇ ਧਾਰਨੀ ਹੁਕਮਰਾਨ, ਪੰਜਾਬ ਦੇ ਜੁਝਾਰੂ ਵਿਰਸੇ ਤੇ ਸਾਂਝੀਵਾਲਤਾ, ਬਰਾਬਰੀ ਤੇ ਮਾਨਵੀ ਸਰੋਕਾਰਾਂ ਦੀ ਅਲੰਬਰਦਾਰ ਸਿੱਖ ਗੁਰੂ ਸਾਹਿਬਾਨਾਂ ਵੱਲੋਂ ਰਚੀ ਬਾਣੀ ਨੂੰ ਵੀ ਦੇਸ਼ ਦੇ ਲੋਕਰਾਜੀ, ਧਰਮ ਨਿਰਪੱਖ ਤੇ ਫੈਡਰਲ ਢਾਂਚੇ ਨੂੰ ਤਬਾਹ ਕਰਕੇ ਇੱਥੇ ਇਕ ਧਰਮ ਅਧਾਰਤ ਗੈਰ ਲੋਕਰਾਜੀ ਢਾਂਚਾ ਸਥਾਪਤ ਕਰਨ ਦੇ ਆਪਣੇ ਰਾਹ ਦਾ ਵੱਡਾ ਅੜਿੱਕਾ ਸਮਝਦੇ ਹਨ। ਇਨ੍ਹਾਂ ਪੰਜਾਬ ਦੋਖੀ ਤੱਤਾਂ ਨੂੰ ਹੁਸ਼ਿਆਰਪੁਰ ਅੰਦਰ ਕਤਲ ਹੋਏ ਇਕ ਮਾਸੂਮ ਬੱਚੇ ਦੇ ਪਰਿਵਾਰ ਜਾਂ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦੇ ਪੀੜਤਾਂ ਨਾਲ ਕੋਈ ਹਮਦਰਦੀ ਨਹੀਂ ਹੈ, ਬਲਕਿ ਇਹ ਤਾਂ ਉਕਤ ਦੁਖਦਾਈ ਵਾਰਦਾਤ ਨੂੰ ਆਧਾਰ ਬਣਾ ਕੇ ਲੋਕਾਂ ’ਚ ਫੁਟ ਪਾਉਣ ਦਾ ਆਪਣਾ ਕੁਕਰਮ ਸਿਰੇ ਚੜ੍ਹਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਅੰਤਰਰਾਜੀ ਕਿਰਤੀਆਂ ਖਿਲਾਫ਼ ਵਿੱਢੀ ਉਕਤ ਮੁਹਿੰਮ ਨਾ ਕੇਵਲ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦਾ ਅਕਸ ਦਾਗ਼ਦਾਰ ਕਰੇਗੀ ਬਲਕਿ ਦੇਸ਼ ਦੇ ਵੱਖੋ-ਵੱਖ ਸੂਬਿਆਂ ‘ਚ ਅਮਨ-ਅਮਾਨ ਨਾਲ ਵਸਦੇ ਤੇ ਰੋਜ਼ੀ-ਰੋਟੀ ਦੀ ਤਲਾਸ਼ ‘ਚ ਵਿਦੇਸ਼ਾਂ ਨੂੰ ਗਏ ਪੰਜਾਬੀਆਂ ਲਈ ਵੀ ਅਨੇਕਾਂ ਅਣਕਿਆਸੀਆਂ ਮੁਸ਼ਕਿਲਾਂ ਪੈਦਾ ਕਰਨ ਦਾ ਸਬੱਬ ਵੀ ਬਣੇਗੀ।
ਪਾਸਲਾ, ਰੰਧਾਵਾ ਤੇ ਜਾਮਾਰਾਏ ਨੇ ਅਨਿਆਂ ਖਿਲਾਫ ਜੂਝਣ ਦੇ ਵਿਰਸੇ ਦੇ ਮਾਲਕ ਸਮੂਹ ਪੰਜਾਬੀਆਂ ਖਾਸ ਕਰਕੇ ਖੱਬੀਆਂ-ਜਮਹੂਰੀ ਤਾਕਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਫੁੱਟਪਾਊ ਤੱਤਾਂ ਦੇ ਕੋਝੇ ਮਨਸੂਬੇ ਪਛਾੜਣ ਲਈ ਅੱਗੇ ਆਉਣ। ਉਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸੇ ਕਿਸਮ ਦੀ ਭੜਕਾਹਟ ’ਚ ਆ ਕੇ ਕੋਈ ਗੈਰ ਕਾਨੂੰਨੀ ਤੇ ਨਾਵਾਜ਼ਬ ਕਾਰਵਾਈ ਨਾ ਕਰਨ ਤੇ ਕਤਲਾਂ, ਲੁੱਟਾਂ-ਖੋਹਾਂ ਜਾਂ ਹੋਰ ਕਿਸੇ ਕਿਸਮ ਦੀਆਂ ਅਪਰਾਧਕ ਗਤੀਵਿਧੀਆਂ ’ਚ ਸ਼ਾਮਲ ਸ਼ਰਾਰਤੀ ਤੱਤਾਂ ਨੂੰ ਕਾਨੂੰਨੀ ਕਾਰਵਾਈ ਲਈ ਪੁਲਸ ਦੇ ਹਵਾਲੇ ਕਰਨ।
ਜਾਰੀ ਕਰਤਾ
(ਮਹੀਪਾਲ)
(99153 12806)