
17/05/2025
ਮਾਂ ਬਾਪ ਅਮੀਰ ਹੋਣ ਜਾਂ ਗਰੀਬ ਆਪਣੀ ਧੀ ਦਾ ਦੁਖ ਨਹੀ ਦੇਖ ਸਕਦੇ।ਯਥਾਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹੀ ਹਨ। ਅੱਜ ਐਸੇ ਹੀ ਇਕ ਮਜਬੂਰ ਧੀ ਦੇ ਬਾਪ ਨੂੰ ਮਿਲਣ ਦਾ ਮੌਕਾ ਮਿਲਿਆ। ਮੈਂ ਘਰੋਂ ਗੱਡੀ ਲੈ ਕੇ ਆਪਣੇ ਅੰਮ੍ਰਿਤਸਰ ਵਾਲੇ ਦਫਤਰ ਨੂੰ ਨਿਕਲਿਆ ਹੀ ਸੀ ਕਿ ਫਤਿਹਗੜ੍ਹ ਚੂੜੀਆਂ ਰੋਡ ਤੇ ਇਕ ਬਜੁਰਗ ਨੇ ਮੇਰੀ ਗੱਡੀ ਰੋਕਣ ਲਈ ਇਸ਼ਾਰਾ ਕੀਤਾ।ਗਰਮੀ ਵਿਚ ਸ਼ਾਇਦ ਉਹ ਕਾਫੀ ਲੰਮੇ ਸਮੇ ਤੋਂ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ।ਪਸੀਨੇ ਨਾਲ ਪੂਰੀ ਤਰਾਂ ਤਰ ਬਤੱਰ ਸੀ।ਮੈਂ ਗੱਡੀ ਰੋਕੀ ਤੇ ਪੁਛਿਆ ਦੱਸੋ ਜੀ ਕੀ ਹੁਕਮ ਹੈ,ਉਹ ਕਹਿਣ ਲੱਗਾ ਹੁਕਮ ਕਾਹਦਾ ਸਰਦਾਰ ਜੀ ਬੇਨਤੀ ਹੈ ਕਿ ਮੈਨੂੰ ਫਤਿਹਗੜ੍ਹ ਤੱਕ ਲੈ ਚੱਲੋ।ਮੈਂ ਕਿਹਾ ਕੋਈ ਗਲ ਨਹੀ ਬਜ਼ੁਰਗੋ ਬੈਠੋ ਲੈ ਚਲਦੇ ਹਾਂ।ਉਹ ਦਰਵਾਜਾ ਖੋਲ ਕੇ ਗੱਡੀ ਬੈਠ ਗਿਆ ਅਤੇ ਬੈਠਦੇ ਸਾਰ ਉਸ ਦੇ ਮੂੰਹੋਂ ਨਿਕਲਿਆ ਆ ਹਾ ਹਾ ਸਵਾਦ ਆ ਗਿਆ ਸਰਦਾਰ ਜੀ ਠੰਡ ਪੈ ਗਈ ਆ।ਗੱਡੀ ਜੀ ਕੀ ਲਾਇਆ ਜੇ।ਉਸਨੇ ਬਹੁਤ ਸਕੂਨ ਮਹਿਸੂਸ ਕੀਤਾ, ਉਸ ਨੇ ਕੁਝ ਦੇਰ ਲਈ ਅੱਖਾਂ ਮੀਟ ਲਈਆਂ। ਗੱਡੀ ਵਿਚ ਪਸਰੀ ਚੁੱਪੀ ਨੂੰ ਤੋੜਦਿਆਂ ਮੈ ਪੁਛਿਆ ਬਜ਼ੁਰਗੋ ਕਿਥੇ ਚੱਲੇ ਜੇ ਏਨੀ ਗਰਮੀ ਵਿਚ ਤਾਂ ਉਹ ਮੇਰੀ ਗੱਲ ਸੁਣਕੇ ਇਕ ਪਲ ਵਿਚ ਹੀ ਗੰਭੀਰ ਹੋ ਗਿਆ। ਅਤੇ ਕਹਿਣ ਸਰਦਾਰ ਜੀ ਮੇਰੀਆਂ ਤਿੰਨ ਧੀਆਂ ਨੇ ਦੋ ਤਾਂ ਆਪਣੇ ਘਰ ਠੀਕ ਠਾਕ ਵਸਦੀਆਂ ਨੇ ਪਰ ਇਕ ਧੀ ਵਲੋਂ ਬੜਾ ਪ੍ਰੇਸ਼ਾਨ ਹਾਂ।ਉਸਦਾ ਘਰਵਾਲਾ ਨਸ਼ੇ ਕਰਦਾ ਹੈ,ਕੋਈ ਕਮਾਈ ਨਹੀ ਕਰਦਾ ਤਿੰਨ ਬੱਚੇ ਹਨ,ਕਈਆਂ ਦਿਨਾਂ ਤੋਂ ਉਸਦੀ ਮਾਂ ਕਹਿ ਰਹੀ ਸੀ ਕਿ ਜਾਓ ਬੇਟੀ ਨੂੰ ਕੁੱਝ ਦੇ ਆਓ।ਮੈਂ ਪੁੱਛ ਲਿਆ ਕੀ ਦੇਣ ਜਾ ਰਹੇ ਹੋ ਤਾਂ ਉਹ ਕਹਿਣ ਲੱਗਾ ਸਰਦਾਰ ਅਸੀਂ ਗਰੀਬ ਕੀ ਦੇਣ ਜੋਗੇ ਹਾਂ ਫਿਰ ਵੀ ਦੋ ਕਿਲੋ ਚੌਲ ਕਰਮਾਂ ਵਾਲੀ ਨੇ ਪਾ ਦਿੱਤੇ ਨੇ ਨਾਲੇ ਕਹਿੰਦੀ ਸੀ ਦੋ ਸੌ ਰੁਪਈਆ ਵੀ ਦੇ ਆਇਓ।ਬਜੁਰਗ ਦੀ ਗੱਲ ਸੁਣਕੇ ਇਕ ਵਾਰੀ ਤਾਂ ਕਾਲਜੇ ਦਾ ਰੁੱਗ ਭਰਿਆ ਗਿਆ।ਉਸਦੀ ਹਾਲਤ ਵੇਖ ਕੇ ਲੱਗਿਆ ਕਿ ਇਹ ਬਾਪ ਆਪਣੀ ਹੈਸੀਅਤ ਮੁਤਾਬਕ ਵੱਧ ਤੋਂ ਵੱਧ ਆਪਣੀ ਧੀ ਦੀ ਮਦਦ ਕਰ ਰਿਹਾ ਸੀ।ਬਜੁਰਗ ਦੀ ਗੱਲ ਸੁਣ ਕੇ ਆਪ ਮੁਹਾਰੇ ਮੁੰਹੋਂ ਨਿਕਲਿਆ ਹੇ ਸੱਚੇ ਪਾਤਸ਼ਾਹ ਧੀਆਂ ਅਤੇ ਗਰੀਬੀ ਦੋਵੇਂ ਇਕੱਠੀਆਂ ਨਾ ਦਿਆ ਕਰ ਕਿਸੇ ਦੇ ਘਰ।ਗੱਲਾਂ ਕਰਦਿਆਂ ਪਤਾ ਹੀ ਨਾ ਲੱਗਿਆ ਕਿ ਕਦੋਂ ਫਤਿਹਗੜ੍ਹ ਆ ਗਿਆ। ਮੈਂ ਗੱਡੀ ਰੋਕੀ ਤਾਂ ਉਹ ਬਜੁਰਗ ਮੈਨੂੰ ਢੇਰ ਸਾਰੀਆਂ ਅਸੀਸਾਂ ਦੇ ਗੱਡੀ ਚੋਂ ਉਤਰ ਗਿਆ। ਜਦੋਂ ਉਹ ਤੁਰਨ ਲੱਗਾ ਤਾਂ ਮੈਂ ਕਿਹਾ ਬਜ਼ੁਰਗੋ ਇਕ ਮਿੰਟ ਰੁਕਿਓ।ਮੈਂ ਗੱਡੀ ਵਿਚ ਪਈ ਇਕ ਰਾਸ਼ਨ ਕਿਟ ਜਿਸ ਵਿਚ ਲਗਭਗ ਇਕ ਮਹੀਨੇ ਦਾ ਰਾਸ਼ਨ ਸੀ ਅਤੇ ਇਕ ਹਜਾਰ ਰੁਪਏ ਉਸਨੂੰ ਫੜਾ ਦਿੱਤੇ।ਅਤੇ ਉਸ ਬਜੁਰਗ ਨੂੰ ਕਿਹਾ ਇਹ ਛੋਟੀ ਜਿਹੀ ਭੇਟਾ ਮੇਰੇ ਵਲੋਂ ਆਪਣੀ ਧੀ ਨੂੰ ਦੇ ਦਿਓ।ਇਹ ਵੇਖਕੇ ਬਜੁਰਗ ਬਹੁਤ ਹੈਰਾਨ ਵੀ ਹੋਇਆ ਤੇ ਖੁਸ਼ ਵੀ।ਇਕ ਵਾਰ ਉਸਨੇ ਇਨਕਾਰ ਵੀ ਕੀਤਾ ਪਰ ਮੇਰੇ ਜੋਰ ਦੇਣ ਤਾਂ ਬਜੁਰਗ ਨੇ ਮੇਰੀ ਇਹ ਛੋਟੀ ਜਿਹੀ ਸੇਵਾ ਪ੍ਰਵਾਨ ਕਰ ਲਈ। ਸੱਚ ਜਾਣਿਆ ਦੋਸਤੋ ਇਹ ਛੋਟਾ ਜਿਹਾ ਕੰਮ ਕਰਨ ਨਾਲ ਬੜਾ ਵੱਡਾ ਰੂਹਾਨੀ ਸਕੂਨ ਮਿਲਿਆ। ਬੇਸ਼ੱਕ ਮੇਰੇ ਕੋਲ ਰਾਸ਼ਨ ਅਤੇ ਪੈਸੇ ਕੁੱਝ ਖਾਸ ਪਰਵਾਰਾਂ ਨੂੰ ਦੇਣ ਪਹੁੰਚਦੇ ਹਨ ਪਰ ਸਤਿਗੁਰ ਜੀ ਨੇ ਕਿਸ ਲਈ ਅਤੇ ਕਿੰਨੀ ਸੇਵਾ ਕਿਸ ਨੂੰ ਦਿਵਾ ਦੇਣੀ ਹੈ ਇਹ ਸਤਿਗੁਰ ਹੀ ਜਾਣਦੇ ਹਨ। ਅੱਜ ਸੱਚਮੁੱਚ ਲੱਗਿਆ ਇਹ ਸੇਵਾ ਸਤਿਗੁਰ ਜੀ ਦੀ ਗੋਲਕ ਵਿਚ ਪੈ ਗਈ ਹੈ। "ਗਰੀਬ ਦਾ ਮੂੰਹ ਗੁਰੂ ਦੀ ਗੋਲਕ"