12/02/2023
*ਟੁੱਟੀ ਗੱਡੀ ਦੀ ਦਰਦ ਭਰੀ ਦਾਸਤਾਨ*
ਦਫਤਰੋਂ ਆ ਕੇ ਸ਼ਾਮ ਨੂੰ ਸੰਧਿਆ ਵੇਲੇ ਬੱਚਿਆਂ ਨਾਲ ਗੁਰਦੁਵਾਰਾ ਸਾਹਿਬ ਜਾਣਾ ਮੈਨੂੰ ਅਤੇ ਬੱਚਿਆਂ ਨੂੰ ਬਹੁਤ ਵਧੀਆ ਲਗਦਾ ਸੀ। ਮੇਰੀ ਕਲੌਨੀ ਚ ਗੁਰਦੁਵਾਰਾ ਸਾਹਿਬ ਨਾਂ ਹੋਣ ਕਰਕੇ ਸਾਨੂੰ ਸਾਹਮਣੇ ਕਰੌਲ ਬਾਗ ਕਲੋਨੀ ਚ ਗੁਰਦੁਆਰਾ ਸਾਹਿਬ ਜਾਣਾ ਪੈੰਦਾ ਸੀ ਪਰ ਅਕਸਰ ਹੀ ਅਸੀਂ ਉਸ ਕਲੌਨੀ ਚ ਇੱਕ ਘਰ ਦੇ ਬਾਹਰ ਖੜੀ ਇੱਕ ਨਵੇਂ ਮਾਡਲ ਦੀ ਮਹਿੰਗੀ ਗੱਡੀ ਨੂੰ ਟੁੱਟੀ ਭੱਜੀ ਹਾਲਤ ਚ ਦੇਖਦੇ ਸੀ ਜਿਸ ਦਾ ਪਿਛਲਾ ਤੇ ਸਾਈਡ ਵਾਲੇ ਸ਼ੀਸੇ ਟੁੱਟੇ ਹੋਏ ਸਨ ਤੇ ਬਾਕੀ ਵੀ ਕਾਫੀ ਨੁਕਸਾਨੀ ਹੋਈ ਸੀ। ਪਹਿਲਾਂ ਪਹਿਲਾਂ ਤਾਂ ਲੱਗਿਆ ਕਿ ਚਲੋ ਗੱਡੀ ਤਾਜੀ ਤਾਜੀ ਐਕਸੀਡੈੰਟਲ ਹੈ ਮਾਲਕ ਨੇ ਇੰਸ਼ੋਰੈੰਸ ਚੋਂ ਠੀਕ ਕਰਵਾ ਲੈਣੀ ਹੈ ਪਰ ਕਈ ਮਹੀਨੇ ਬੀਤਣ ਦੇ ਬਾਵਜੂਦ ਵੀ ਓਹ ਗੱਡੀ ਉੰਵੇ ਦੀ ਉੰਵੇ ਖੜੀ ਮਿਲਦੀ। ਬੱਚੇ ਵੀ ਦੇਖ ਕੇ ਝੱਟ ਕਹਿ ਦਿੰਦੇ ਕਿ ਪਾਪਾ ਔਹ ਵੇਖੋ ਫਿਰ ਟੁੱਟੀ ਗੱਡੀ ਖੜੀ ਹੈ। ਕਈ ਵਾਰ ਮੈਂ ਦਫਤਰ ਜਾਣ ਲੱਗਿਆਂ ਰਸਤੇ ਵਿੱਚ ਉਸ ਗੱਡੀ ਨੂੰ ਜਾਂਦੀ ਦੇਖਦਾਂ ਜਿਸ ਨੂੰ ਇੱਕ ਪਗੜੀਧਾਰੀ ਅਧੇੜ ਉਮਰ ਦਾ ਬਣਦਾ ਫੱਬਦਾ ਵਿਅਕਤੀ ਚਲਾ ਰਿਹਾ ਹੁੰਦਾ। ਅੱਗਿਓਂ ਪਿਛਿਓੰ ਟੁੱਟੇ ਸ਼ੀਸ਼ੇ ਵੇਖ ਕੇ ਬੜੀ ਹੈਰਾਨੀ ਹੰਦੀ ਤੇ ਮੰਨ ਚ ਇਕੋ ਸਵਾਲ ਬਾਰ ਬਾਰ ਆ ਖੜਦਾ ਕਿ ਐਨੇ ਮਹੀਨੇ ਬੀਤਣ ਦੇ ਬਾਵਜੂਦ ਵੀ ਇਹ ਵਿਅਕਤੀ ਨਵੀਂ ਗੱਡੀ ਨੂੰ ਠੀਕ ਕਿਉਂ ਨਹੀਂ ਕਰਵਾ ਰਿਹਾ। ਬੱਸ ਸੁਭਾਅ ਦੇ ਮੁਤਾਬਿਕ ਇਹਦਾ ਰਾਜ ਜਾਨਣ ਦੀ ਪ੍ਰਬਲ ਇੱਛਾ ਮੰਨ ਅੰਦਰ ਦੌੜ ਰਹੀ ਸੀ ਕਿ ਕਿਤੇ ਇਸ ਵਿਅਕਤੀ ਨਾਲ ਸਾਹਮਣਾ ਹੋਵੇ ਤਾਂ ਅਸਲੀਅਤ ਸਮਝ ਸਕਾਂ। ਇੱਕ ਦਿਨ ਫੌਜੀ ਆਟਾ ਚੱਕੀ ਤੇ ਮੱਕੀ ਦਾ ਆਟਾ ਲੈਣ ਗਿਆ ਤਾਂ ਓਹ ਗੱਡੀ ਚੱਕੀ ਦੇ ਬਾਹਰ ਖੜੀ ਫਿਰ ਦਿਸ ਪਈ। ਬੱਸ ਅੱਜ ਤੇ ਮੰਨ ਬਣਾਇਆ ਕਿ ਅੱਜ ਤੇ ਅਸਲੀਅਤ ਜਾਣ ਕੇ ਹੀ ਰਹਾਂਗਾ ਬੱਸ ਫਿਰ ਕੀ ਸੀ ਚੱਕੀ ਦੇ ਬਾਹਰ ਖੜ੍ਹਾ ਚੱਕੀ ਦੇ ਅੰਦਰੋਂ ਗੱਡੀ ਵਾਲੇ ਅੰਕਲ ਦੀ ਉਡੀਕ ਕਰਨ ਲੱਗਾਂ। ਐਨੇ ਨੂੰ ਉਹ ਗੱਡੀ ਵਾਲੇ ਦਾਨੇ ਸ਼ਾਨੇ ਸਰਦਾਰ ਜੀ ਬਾਹਰ ਆਏ ਗੱਡੀ ਚ ਬਹਿਣ ਲੱਗੇ ਤਾਂ ਫਟਾ ਫਟਾ ਤਾਕੀ ਦੇ ਕੋਲ ਜਾ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਪੁੱਛਿਆ ਕਿ ਅੰਕਲ ਜੇ ਤੁਸੀਂ ਬੁਰਾ ਨਾਂ ਮਨਾਓ ਤਾਂ ਇੱਕ ਗੱਲ ਪੁੱਛਾਂ। ਉਹਨੇ ਅੱਗਿਓੰ ਮੁਸਕਰਾ ਕੇ ਕਿਹਾ ਕਾਕਾ ਮੈਨੂੰ ਪਤਾ ਤੂੰ ਜੋ ਮੇਰੇ ਕੋਲੋਂ ਪੁੱਛਣਾ ਚਾਹੁੰਦਾ ਹੈ ਕਿਉਂਕਿ ਤੇਰੇ ਤੋਂ ਪਹਿਲਾਂ ਵੀ 2/3 ਜਣੇ ਮੈਨੂੰ ਉਹ ਸਵਾਲ ਪੁੱਛ ਚੁਕੇ ਨੇ....ਤੂੰ ਮੇਰੀ ਟੁੱਟੀ ਗੱਡੀ ਬਾਰੇ ਹੀ ਪੁੱਛਣਾ ਚਾਹੁੰਦਾ ਹੈਂ ਨਾਂ ? ਮੈਂ ਕੱਚੇ ਜਿਹੇ ਹੋਏ ਨੇ ਕਿਹਾ ਹਾਂਜੀ ਅੰਕਲ ਬਿਲਕੁਲ ਤੇ ਉਹਨੇ ਮੈਨੂੰ ਇਸ਼ਾਰਾ ਕਰਦੇ ਹੋਏ ਆਪਣੇ ਨਾਲ ਵਾਲੀ ਸੀਟ ਤੇ ਬਹਿਣ ਲਈ ਕਿਹਾ। ਨਾਲ ਬਹਿੰਦੇ ਹੀ ਉਸ ਨੇ ਮੈਨੂੰ ਕਿਹਾ ਕਿ ਕਾਕਾ ਮੈਂ ਇਹ ਗੱਡੀ ਵੀ ਇਸੇ ਕਰਕੇ ਠੀਕ ਨਹੀਂ ਕਰਵਾ ਰਿਹਾਂ ਕੇ ਲੋਕ ਮੈਨੂੰ ਇਹ ਸਵਾਲ ਪੁੱਛਣ। ਮੈਨੂੰ ਚੰਗਾ ਲਗਦੈ ਵਰਨਾ ਮੇਰੀ ਇਹ ਗੱਡੀ ਇੰਸ਼ੋਰੈਂਸ ਚ ਬਿਲਕੁਲ ਮੁਫਤ ਤਿਆਰ ਹੁੰਦੀ ਹੈ। ਫਿਰ ਸ਼ੁਰੂ ਹੁੰਦੀ ਹੈ ਗੱਡੀ ਦੀ ਦਰਦ ਭਰੀ ਗਾਥਾ। ਉਸ ਨੇ ਕਿਹਾ ਦੇਖ ਕਾਕਾ ਮੈਂ ਸਰਕਾਰੀ ਲੈਕਚਰਾਰ ਰਿਟਾਇਰ ਹਾਂ। 12/14 ਕਿੱਲੇ ਵਾਹੀਯੋਗ ਜਮੀਣ ਦਾ ਮਾਲਕ ਹਾਂ। ਦੋ ਵੱਡੀਆਂ ਬੇਟੀਆਂ ਵਿਆਹੀਆਂ ਹੋਈਆਂ ਨੇ ਤੇ ਬੇਟਾ ਦੋਵਾਂ ਕੁੜੀਆਂ ਤੋਂ ਛੋਟਾ ਸੀ। ਵੈਸੇ ਤਾਂ ਮੈਂ ਤਿੰਨੋਂ ਬੱਚੇ ਬੜੇ ਲਾਡ ਪਿਆਰ ਨਾਲ ਪਾਲੇ ਤੇ ਪੜ੍ਹਾਏ ਨੇ ਪਰ ਬੇਟਾ ਦੋਵਾਂ ਕੁੜੀਆਂ ਤੋਂ ਛੋਟਾ ਹੋਣ ਕਰਕੇ ਬਹੁਤ ਲਾਡਲਾ ਰੱਖਿਆ ਸੀ। ਬੱਸ ਉਹਦੇ ਮੂੰਹੋਂ ਗੱਲ ਕਹਿਣ ਦੀ ਦੇਰ ਹੀ ਹੁੰਦੀ ਸੀ ਕਿ ਝੱਟ ਅੱਗੇ ਲਿਆ ਕੇ ਰੱਖ ਦਿੰਦਾ ਸੀ। ਨਾਂ ਮੀਂਹ ਦੇਖਿਆ ਨਾਂ ਹਨੇਰੀ ਦੇਖੀ ਬੱਸ ਉਹਦੀ ਖਵਾਹਿਸ਼ ਹੀ ਦੇਖਦਾ ਰਿਹਾ। ਨੋਕਰੀ ਦੇ ਬਾਵਜੂਦ ਵੀ ਖੇਤੀਬਾੜੀ ਨਹੀਂ ਛੱਡੀ। ਡਿਊਟੀ ਤੋਂ ਆ ਕੇ ਕਹੀ ਮੋਢੇ ਤੇ ਰੱਖ ਕੇ ਸੀਰੀ ਨਾਲ
ਖੇਤਾਂ ਨੂੰ ਤੁਰ ਪੈਂਦਾ। ਸਾਰੀ ਸਾਰੀ ਰਾਤ ਨੱਕੇ ਮੋੜ੍ਨੇ ਤੇ ਸਵੇਰੇ ਫਿਰ ਡਿਊਟੀ ਚਲੇ ਜਾਣਾ। ਜਮੀਨ ਨਾਲ ਹੋਰ ਦੋ ਚਾਰ ਕਿੱਲੇ ਜਮੀਨ ਰਲਾਈ।ਫਿਰ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਾਉਣ ਲਈ ਪਿੰਡ ਛੱਡ ਸ਼ਹਿਰ ਡੇਰਾ ਲਾਇਆ। ਸੋਹਣੇ ਮਕਾਨ ਬਣਾਏ। ਇੱਕ ਪਲਾਟ ਲੈ, ਇੱਕ ਹੋਰ ਲੈ, ਫਿਰ ਹੋਰ ਲੈ। ਬੱਸ ਇੱਕੋ ਇੱਛਾ ਸੀ ਕਿ ਬੱਚਿਆਂ ਲਈ ਐਨਾ ਕੁ ਕਰਾਂ ਕਿ ਇਹ ਅੱਗੇ ਸੋਖੇ ਰਹਿ ਸਕਣ। ਨਾਂ ਰਿਵਾਜ ਮੁਤਾਬਿਕ ਪਾਇਆ ਨਾਂ ਖਾਦਾ ਨਾਂ ਕਿਤੇ ਗਏ ਨਾਂ ਆਏ। ਬੱਸ ਬੱਚਿਆਂ ਦੇ ਸਿਰੇ ਲੱਗਾ ਰਿਹਾਂ ਕੇ ਇਹਨਾਂ ਨੂੰ ਪੜਾ ਲਿਖਾ ਦਵਾਂ ਵਧੀਆ ਸੈੱਟ ਕਰ ਦਵਾਂ। ਮੁੰਡਾ ਜਵਾਨ ਹੋਇਆ।ਕਾਲਜ ਪੜਦਿਆਂ ਹੀ ਆਦਤਾਂ ਵਿਗੜਨ ਲੱਗੀਆਂ। ਖੁੱਲੇ ਪੈਸੇ ਮੰਗਣ ਲੱਗਾ। ਮੇਰੇ ਮਨਾਂ ਕਰਨ ਤੇ ਚੋਰੀ ਆਪਣੀ ਮਾਂ ਕੋਲੋਂ ਲੈ ਜਾਣੇ। ਕਦੇ ਪੰਜ ਲੈ ਜਾ ਕਦੇ ਦੱਸ। ਕਦੇ ਜਨਮਦਿਨ ਮਨਾਉਣੇ ਕਦੇ ਫਿਲਮਾਂ ਦੇਖਣੀਆਂ। ਨਾ ਮਿਲਣ ਤੇ ਕਲੇਸ਼ ਪੈਣਾ ਸ਼ੁਰੂ ਹੋ ਗਿਆ। ਰੁੱਸ ਰੁੱਸ ਕੇ ਬਹਿਣਾ। ਘਰੇ ਨਾਂ ਵੜਨਾ। ਸਾਰੀ ਸਾਰੀ ਰਾਤ ਪ੍ਰੇਸ਼ਾਨੀ ਚ ਕੱਟਣੀ। ਸੋਚਿਆ ਯਾਰ ਇਹਨਾਂ ਲਈ ਸਾਰੀ ਜਵਾਨੀ ਭੱਠੀ ਚ ਪਾ ਛੱਡੀ। ਚਲੋ ਖਿੱਚ ਧੂਹ ਕੇ ਕਾਲਜ ਦੀ ਪੜ੍ਹਾਈ ਪੂਰੀ ਕਰਾਈ। ਫਿਰ ਓਹੋ ਹੋਇਆ ਜਿਸ ਦਾ ਡਰ ਸੀ। ਕਿਸੇ ਯਾਰ ਦੋਸਤ ਨਾਲ ਵਿਆਹ ਤੇ ਗਿਆ ਤੇ ਉੱਥੇ ਵਿਦੇਸ਼ੋਂ ਆਈ ਕਿਸੇ ਕੁੜੀ ਦੇ ਚੱਕਰ ਚ ਪੈ ਗਿਆ। ਬੱਸ ਫਿਰ ਕੀ ਸੀ ਲੱਗਾ ਵਿਆਹ ਲਈ ਪ੍ਰੇਸ਼ਾਨ ਕਰਨ। ਲੱਗਾ ਮਰਨ ਦੀਆਂ ਧਮਕੀਆਂ ਦੇਣ। ਬੱਸ ਸਿਆਣਿਆਂ ਕਿਹਾ ਬਹੁਤੀ ਜਾਂਦੀ ਦੇਖੀਏ ਤੇ ਅੱਧੀ ਲਈਏ ਵੰਡ। ਫਿਰ ਸੋਚਿਆ ਜੇ ਕੁਝ ਕਰ ਬੈਠਾ ਤਾਂ ਵੀ ਕੀ ਪੱਲੇ ਰਹਿ ਜਾਣਾ। ਬੱਸ ਫਿਰ ਨਾਂ ਅੱਗਾ ਦੇਖਿਆ ਨਾਂ ਪਿੱਛਾ ਕੁੜੀ ਦੇ ਪਰਿਵਾਰ ਨਾਲ ਗੱਲ ਤੋਰੀ। ਉਹਨਾਂ ਨੇ ਵੀ ਕੱਲਾ ਕੱਲ੍ਹਾ ਮੁੰਡਾ ਦੇਖ ਜਮੀਨ ਜਾਇਦਾਦ ਵੇਖ ਹਾਂ ਕਰ ਦਿੱਤੀ। ਵਿਆਹ ਹੋਇਆ ਤੇ ਤਿੰਨ ਕੁ ਮਹੀਨੇ ਬਾਦ ਕੁੜੀ ਨੇ ਕਿੱਚ ਕਿੱਚ ਸ਼ੁਰੂ ਕਰ ਦਿੱਤੀ। ਉਹਨੂੰ ਘਰ ਦਾ ਭੇਤ ਮਿਲ ਗਿਆ। ਮੁੰਡੇ ਨੇ ਸਭ ਦੱਸ ਦਿੱਤਾ ਕਿ ਕਿੱਥੇ ਕਿੱਥੇ ਕੀ ਕੀ ਹੈ। ਭਾਂਡੇ ਖੜਕਨੇ ਸ਼ੁਰੂ ਹੋ ਗਏ। ਬਥੇਰੀ ਗੱਲ ਘਰ ਅੰਦਰ ਦੱਬਣੀ ਦੀ ਕੋਸ਼ਿਸ਼ ਕੀਤੀ ਪਰ ਕਿੱਥੇ। ਕੁੜੀ ਤੇ ਜੋ ਹੈ ਸੋ ਹੈ ਮੁੰਡਾ ਵੀ ਸਾਡੇ ਖਿਲਾਫ ਹੋ ਗਿਆ। ਅਖੇ ਮੇਰੀ ਜਮੀਨ ਮੈਨੂੰ ਦਿਉ ਨਹੀਂ ਤੇ ਕੇਸ ਕਰੂੰ ਅਖੇ ਦਾਦੇ ਦੀ ਜਮੀਨ ਤੇ ਪੋਤੇ ਦਾ ਪੂਰਾ ਹੱਕ ਹੈ। ਲੱਗਾ ਸਾਨੂੰ ਕਨੂੰਨ ਪੜਾਉਣ। ਕੁੜੀ ਦੇ ਮਾਪੇ ਵੀ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਕੇ ਬਿਗਾਨੇ ਬੰਦੇ ਲੈ ਲੈ ਕੇ ਸਾਡਾ ਬੂਹਾ ਮੱਲਣ ਲੱਗੇ ਅਖੇ ਅੱਧੀ ਜਾਇਦਾਦ ਤੇ ਸਾਡੀ ਕੁੜੀ ਦਾ ਹੱਕ ਹੈ। ਉਹਦੇ ਨਾਂ ਲਵਾ। ਮੈਂ ਸੋਚਿਆ ਯਾਰ ਆਹ ਤਾਂ ਹੱਦ ਹੋ ਗਈ ਅਖੇ ਅੱਗ ਲੈਣ ਆਈ ਘਰ ਦੀ ਮਾਲਕਨ ਬਣ ਬੈਠੀ। ਮੇਰੀ ਸਾਰੀ ਉਮਰ ਗਲ ਗਈ ਜਾਇਦਾਦ ਬਣਾਉੰਦਿਆ। ਆਹ ਛੇ ਮਹੀਨੇ ਚ ਹੀ ਅੱਧ ਮੰਗਣ ਲੱਗੇ। ਪਹਿਲਾਂ ਸੋਚਿਆ ਪਈ ਬੇਦਖਲ ਕਰ ਦਵਾਂ ਇਹਨਾਂ ਨੂੰ । ਫਿਰ ਹੋੰਸਲਾ ਨਾ ਪਿਆ ਕਿ ਐਨੇ ਲਾਡਾਂ ਨਾਲ ਪਾਲਿਆ ਤੇ ਹੁਣ ਇਹ ਕੰਮ ਕਰਾਂ। ਫਿਰ ਕਲੇਸ਼ ਤੋਂ ਡਰਦਿਆਂ ਪੰਜੀ ਤੀਹ ਲੱਖ ਦਾ ਇੱਕ ਪਲਾਟ ਨੂੰਹ ਦੇ ਨਾਂ ਕਰਾ ਦਿੱਤਾ। ਇੱਕ ਦਿਨ ਮੁੰਡੇ ਨੇ ਸਮਾਨ ਚੱਕਿਆ ਤੇ ਵਹੁਟੀ ਨਾਲ ਸਹੁਰੀਂ ਜਾ ਬੈਠਾ। ਬੱਸ ਫਿਰ ਉੱਥੇ ਸਕੀਮਾਂ ਲੱਗਣੀਆਂ ਸ਼ੁਰੂ ਹੋਣ ਗਈਆਂ। ਦੋ ਮਹੀਨਿਆਂ ਬਾਅਦ ਹੀ ਪਲਾਟ ਵੇਚ ਦਿੱਤਾ ਕੁੱਝ ਪੈਸੇ ਖਾ ਲਏ ਤੇ ਕੁੱਝ ਸਾਲੇ ਨੂੰ ਬਾਹਰ ਭੇਜਣ ਲਈ ਕਿਸੇ ਏਜੰਟ ਨੂੰ ਫਸਾ ਦਿੱਤੇ। ਤਿੰਨ ਚਾਰ ਮਹੀਨੇ ਠੀਕ ਲੰਘੇ ਮੁੜ੍ ਕੇ ਓਹੀ ਕਲੇਸ਼ ਜਮੀਨ ਦਿਉ ਘਰ ਦਿਉ। ਕੇਸ ਕਰਾਂਗੇ। ਹੁਣ ਮੁੰਡਾ ਵੀ ਸਹੁਰਿਆਂ ਨਾਲ ਰਲ ਕੇ ਮੇਰੇ ਤੇ ਚੜ੍ਹਾਈ ਕਰਨ ਲੱਗਾ। ਕੁੜੀ ਦਾ ਪਿਉ ਕਿਸੇ ਨਿਹੰਗ ਮੁਖੀ ਦੇ ਡੇਰੇ ਨਾਲ ਥੋੜ੍ਹੀ ਬਹੁਤੀ ਨੇੜਤਾ ਰੱਖਦਾ ਸੀ। ਬੱਸ ਆ ਜਾਇਆ ਕਰਨ ਜੀਪ ਭਰ ਕੇ 4/5 ਨਿਹੰਗ ਅਸਲੇ ਨਾਲ ਲੈਸ ਨਾਲ ਲੈ ਕੇ। ਅਖੇ ਮਾਸਟਰਾ ਜੇ ਜਾਨ ਦੀ ਸਲਾਮਤੀ ਚਾਹੁਨਾਂ ਤੇ ਮੁੰਡੇ ਕੁੜੀ ਦੀ ਜਾਇਦਾਦ ਉਹਨਾਂ ਨੂੰ ਦੇ। ਬੜੀ ਪ੍ਰੇਸ਼ਾਨੀ ਮੰਨ ਨੂੰ ਖਾਣ ਲੱਗੀ ਕਿ ਯਾਰੋ ਆਪਣਾ ਹੀ ਖੂਨ ਸਫੇਦ ਹੋ ਗਿਆ ਕਿਸੇ ਨੂੰ ਕੀ ਦੋਸ਼। ਹਾਰ ਕਿ ਇੱਕ ਦਿਨ ਨੂੰਹ ਪੁੱਤ ਦੋਵਾਂ ਨੂੰ ਹੀ ਬੇਦਖਲ ਕਰ ਦਿੱਤਾ। ਬੱਸ ਫਿਰ ਕਿ ਸੀ ਬੇਦਖਲੀ ਦਾ ਪਤਾ ਲੱਗਦੇ ਹੀ ਮੁੰਡਾ ਆ ਗਿਆ ਮੇਮ ਸਾਬ ਨੂੰ ਨਾਲ ਲੈ ਕੇ। ਵਾਵਾ ਤੂੰ ਤੂੰ ਮੈਂ ਮੈਂ ਹੋਈ। ਪਹਿਲਾਂ ਮੇਰੇ ਹੱਥੀਂ ਪਿਆ ਫਿਰ ਮਾਂ ਛੁਡਾਉਣ ਲੱਗੀ ਉਹਦੇ ਹੱਥੀਂ ਪੈ ਗਿਆ।ਉਹਦੀ ਘਰਵਾਲੀ ਨੇ ਸਾਡੇ ਰੋਕਦੇ ਰੋਕਦੇ ਘਰ ਦੇ ਸ਼ੀਸ਼ੇ ਭੰਨ ਦਿੱਤੇ। ਕੋਰਟ ਕੇਸ ਦੀ ਧਮਕੀ ਦਿੰਦਾ ਹੋਇਆ ਜਾਂਦਾ ਜਾਂਦਾ ਬਾਹਰ ਖੜੀ ਆਹ ਕਾਰ ਦੀ ਭੰਨ ਤੋੜ ਕਰ ਗਿਆ। ਹੁਣ ਸਾਡੇ ਤੇ ਸਿਵਲ ਕੋਰਟ ਵਿੱਚ ਜਾਇਦਾਦ ਲੈਣ ਲਈ ਕੇਸ ਕੀਤਾ ਹੋਇਆ ਹੈ। ਪਰ ਅਖੀਰ ਮੇਰੇ ਪੁੱਛਣ ਤੇ ਉਹਨੇ ਕਾਰ ਠੀਕ ਨਾਂ ਕਰਵਾਉਣ ਦਾ ਕਾਰਨ ਦੱਸਦਿਆਂ ਭਾਵੁਕ ਮਨ ਨਾਲ ਕਿਹਾ ਕੇ ਪੁੱਤਰਾ ਜੇਕਰ ਮੈਂ ਆਪਣੀ ਜਵਾਨੀ ਗਾਲ ਕੇ ਇਸ ਪੁੱਤ ਦੀ ਖਾਤਰ ਜਿਹੜੀ ਜਾਇਦਾਦ ਬਣਾਈ ਹੈ ਨਾ ਅੱਜ ਓਹੋ ਮੇਰੇ ਗਲੇ ਦੀ ਹੱਡੀ ਬਣ ਗਈ ਹੈ। ਜਦਕਿ ਚਾਹੀਦਾ ਤੇ ਇਹ ਸੀ ਕਿ ਇਹਨੂੰ ਉਨਾਂ ਕੁ ਸੋਖਾ ਰੱਖਦਾਂ ਜਿਨ੍ਹਾਂ ਕੁ ਇਹ ਜਿੰਮੇਵਾਰ ਰਹਿੰਦਾ ਤੇ ਪੜ੍ ਲਿਖ ਕੇ ਨੌਕਰੀ ਲਈ ਸੰਘਰਸ਼ ਕਰਦਾ। ਅੱਜ ਮੈਂ ਪੁੱਤ ਵੀ ਗਵਾ ਲਿਆ ਤੇ ਚੈਨ ਵੀ। ਕਾਕਾ ਜਮੀਨ ਜਾਇਦਾਦ ਤੇ ਆਖਰ ਇਹਦੀ ਹੀ ਸੀ ਨਾਂ, ਮੈਂ ਕਿਹੜਾ ਨਾਲ ਲੈ ਜਾਣੀ। ਉਹ ਤਾਂ ਭਾਂਵੇ ਅੱਜ ਮੈਂ ਇਹਦੇ ਨਾਂ ਲਗਾ ਦੇਵਾਂ ਪਰ ਇਹਦਾ ਹਾਲ ਬੜਾ ਮਾੜਾ ਕਰਨਾ ਇਹਦੇ ਸਹੁਰਿਆਂ ਨੇ । ਇਹਨੂੰ ਨੰਗ ਕਰਕੇ ਸੜਕ ਤੇ ਛੱਡ ਦੇਣਗੇ ਉਹ ਲੋਕ। ਪਰ ਇਹਨੂੰ ਅਸੀਂ ਦੋਸ਼ੀ ਨਜਰ ਆਉੰਦੇ ਹਾਂ ਉਦਰੋਂ ਤਾਂ ਇਹਨੇ ਅੱਖਾਂ ਤੇ ਪੱਟੀ ਬੰਨੀ ਹੋਈ ਹੈ। ਬੱਸ ਆਹ ਟੁੱਟੀ ਕਾਰ ਰਾਹੀਂ ਲੋਕਾਂ ਨੂੰ ਇਹੋ ਸੁਨੇਹਾ ਦੇਣਾ ਚਾਹੁੰਦਾ ਕਿ ਭਰਾਵੋ ਅਪਣੇ ਕਮਾਈ ਨੂੰ ਆਪਣੇ ਹੱਥੀਂ ਖਰਚੋ। ਸੋਹਣਾ ਪਾਉ ਸੋਹਣਾ ਖਾਓ। ਥੋੜ੍ਹਾ ਅਪਣੇ ਲਈ ਵੀ ਜੀੋਓ। ਜਵਾਨੀ ਕੱਲਾ ਖੱਚਰ ਵਾਂਗੂ ਕੰਮ ਕਰਨ ਲਈ ਹੀ ਨਹੀਂ ਮਿਲੀ। ਆਪਣੇ ਵੀ ਸ਼ੋੰਕ ਪੂਰੇ ਕਰੋ। ਬੱਚੇ ਪਾਲੋ ਪੜਾਓ ਤੇ ਆਪਣੇ ਪੈਰਾਂ ਤੇ ਖੜੇ ਹੋਣ ਲਈ ਛੱਡ ਦਿਉ। ਹਰ ਚੀਜ ਪਲੇਟ ਚ ਪਰੋਸ ਕੇ ਨਾਂ ਦਿਉ ਵਰਨਾਂ ਮੇਰੇ ਵਾਂਗੂ ਸਭ ਕੁਝ ਗਵਾ ਕੇ ਅਖੀਰ ਸਿਰਫ ਝੂਰਨ ਜੋਗੇ ਰਹਿ ਜਾਉਗੇ।
ਧੰਨਵਾਦ: ਭਰਪੂਰ ਸਿੰਘ