17/10/2025
ਅਜ ਭੋਗ 'ਤੇ ਵਿਸ਼ੇਸ਼
ਸਚਮੁੱਚ ਆਦਰਸ਼ ਅਧਿਆਪਕ ਸਨ ਸ੍ਰੀ ਕ੍ਰਿਸ਼ਨ ਭਗਵਾਨ ਨਾਗਪਾਲ
ਕਿਸੇ ਵੀ ਮਨੁੱਖ ਦੇ ਜੀਵਨ ਵਿਚ ਉਸ ਦੇ ਅਧਿਆਪਕਾਂ ਦਾ ਮਹੱਤਵਪੂਰਨ ਪ੍ਰਭਾਵ ਹੁੰਦਾ ਹੈ। ਕਹਿੰਦੇ ਹਨ ਕਿ ਅਧਿਆਪਕ ਉਹ ਮੋਮਬੱਤੀ ਹੁੰਦਾ ਹੈ ਜੋ ਆਪ ਬਲ ਕੇ ਦੂਜਿਆਂ ਨੂੰ ਰੌਸ਼ਨ ਕਰਦਾ ਹੈ। ਸ੍ਰੀ ਕ੍ਰਿਸ਼ਨ ਭਗਵਾਨ ਨਾਗਪਾਲ ਅਜਿਹੇ ਹੀ ਆਦਰਸ਼ ਅਧਿਆਪਕ ਸਨ ਜਿੰਨ੍ਹਾਂ ਨੇ ਪਹਿਲਾਂ ਮੈਥ ਮਾਸਟਰ ਤੇ ਫਿਰ ਪੰਜਾਬੀ ਲੈਕਚਰਾਰ ਵਜੋੰ ਹਜਾਰਾਂ ਵਿਦਿਆਰਥੀਆਂ ਦੇ ਦਿਮਾਗਾਂ ਨੂੰ ਰੁਸ਼ਨਾਇਆ।
ਸ੍ਰੀ ਨਾਗਪਾਲ ਦਾ ਜਨਮ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਚਹਿਲ ਵਿਖੇ 10 ਜੂਨ 1940 ਨੂੰ ਮਰਹੂਮ ਚਾਨਣ ਰਾਮ ਅਤੇ ਦੁਰਗਾ ਦੇਵੀ ਦੇ ਘਰ ਹੋਇਆ ਪਰ ਉਨ੍ਹਾਂ ਦੇ ਜੀਵਨ ਦਾ ਬਹੁਤ ਹਿੱਸਾ ਜੈਤੋ ਵਿਖੇ ਬੀਤਿਆ।
ਉਨ੍ਹਾਂ ਆਪਣੀ ਮੁੱਢਲੀ ਤਾਲੀਮ ਪਿੰਡ ਚਹਿਲ ਦੇ ਸਕੂਲ ਤੋਂ ਹਾਸਿਲ ਕੀਤੀ।ਉਚੇਰੀ ਸਿਖਿਆ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਲਈ।ਬੀਏ ਬੀ. ਐੱਡ ਕਰਕੇ18 ਜੂਨ 1964 ਨੂੰ ਉਨ੍ਹਾਂ ਨੇ ਆਪਣੇ ਅਧਿਆਪਨ ਦਾ ਸਫ਼ਰ ਬਤੌਰ ਮੈਥ ਮਾਸਟਰ ਸਰਕਾਰੀ ਹਾਈ ਸਕੂਲ ਬਰਗਾੜੀ ਤੋਂ ਸ਼ੁਰੂ ਕੀਤਾ।ਉਨ੍ਹਾਂ ਨੇ ਐਚ ਐਸ ਐਨ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਵੀ ਸੇਵਾਵਾਂ ਨਿਭਾਈਆਂ ।ਫਿਰ 30 ਜਨਵਰੀ 1990 ਨੂੰ ਪਦ ਉੱਨਤ ਹੋ ਕੇ ਇਥੇ ਹੀ ਪੰਜਾਬੀ ਲੈਕਚਰਾਰ ਵਜੋਂ ਸੇਵਾਵਾਂ ਦਿੱਤੀਆ। 30 ਜੂਨ 1998 ਨੂੰ ਇਸੇ ਸਕੂਲ ਤੋਂ ਸੇਵਾ ਮੁਕਤ ਹੋ ਗਏ।
ਸੇਵਾ ਮੁਕਤੀ ਨਾਲ ਉਨ੍ਹਾਂ ਦਾ ਅਧਿਆਪਨ ਸਫ਼ਰ ਰੁਕਿਆ ਨਹੀਂ ਸਗੋਂ ਨਵਾਂ ਮਰਹੱਲਾ ਆਰੰਭ ਹੋਇਆ ਜਦੋਂ ਉਨ੍ਹਾਂ ਜੈਤੋ ਆਪਣਾ ਨਿੱਜੀ ਸਕੂਲ ਚਲਾਉਣਾ ਸ਼ੁਰੂ ਕੀਤਾ। ਇਥੇ ਵੀ ਉਨ੍ਹਾਂ ਨੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਅਹਿਦ ਲੈ ਕੇ ਕੰਮ ਕੀਤਾ।
ਸ੍ਰੀ ਨਾਗਪਾਲ ਨਿਹਾਇਤ ਹੀ ਨਿਮਰ ਸੁਭਾਅ ਦੇ ਮਾਲਿਕ ਸਨ। ਕਿਤਾਬੀ ਪਾਠਕ੍ਰਮ ਦੇ ਨਾਲ ਨਾਲ ਉਹ ਆਪਣੇ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ ਨਾਲ ਜੋੜਨ ਦਾ ਯਤਨ ਕਰਦੇ ਤੇ ਭਵਿੱਖ ਲਈ ਮਾਰਗ ਦਰਸ਼ਨ ਵੀ ਕਰਦੇ। ਮੈਨੂੰ ਚੇਤੇ ਆਉਂਦਾ ਹੈ ਕਿ ਗਿਆਰਵੀਂ-ਬਾਰਹਵੀਂ ਜਮਾਤ ਵਿਚ ਉਹ ਸਾਨੂੰ ਚੋਣਵੀੰ ਪੰਜਾਬੀ ਪੜ੍ਹਾਇਆ ਕਰਦੇ ਸਨ। ਉਹ ਸ਼ਬਦਾਵਲੀ ਦਾ ਭੰਡਾਰ ਵਧਾਉਣ 'ਤੇ ਬੜਾ ਜ਼ੋਰ ਦਿੰਦੇ ਸਨ। ਅੱਗੇ ਚੱਲ ਕੇ ਮੀਡੀਆ ਖੇਤਰ ਵਿਚ ਇਹ 'ਗੁਰ' ਬਹੁਤ ਕੰਮ ਆਇਆ। ਉਨ੍ਹਾਂ ਆਪਣੇ ਚਾਰੇ ਬੱਚਿਆਂ (ਦੋ ਧੀਆਂ ਤੇ ਦੋ ਪੁੱਤਰਾਂ)ਨੂੰ ਉਚ ਤਾਲੀਮ ਦੁਆਈ।
ਪਿਛਲੇ ਕੁੱਝ ਵਰ੍ਹਿਆਂ ਤੋਂ ਉਹ ਬੀਮਾਰ ਚੱਲ ਰਹੇ ਸਨ ਅਤੇ13 ਅਕਤੂਬਰ ਨੂੰ 85 ਸਾਲ ਦੀ ਉਮਰ 'ਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਰੋਹ 17 ਅਕਤੂਬਰ 2025 ਨੂੰ ਦੁਪਹਿਰ 12 ਤੋਂ 1 ਵਜੇ ਤੱਕ ਕਾਲੂ ਰਾਮ ਦੀ ਬਗੀਚੀ ਜੈਤੋ ਵਿਚ ਹੋਵੇਗਾ।
-ਹਰਮੇਲ ਪਰੀਤ
ਜੈਤੋ ਮੰਡੀ (ਫ਼ਰੀਦਕੋਟ)