16/06/2025
ਸਮਕਾਲੀ ਪੰਜਾਬੀ ਕਵਿਤਾ ਦਾ ਉੱਤਰ-ਪ੍ਰਗਤੀਵਾਦੀ ਪਰਿਪੇਖ
ਡਾ. ਲਖਵਿੰਦਰ ਸਿੰਘ ਜੌਹਲ
ਪੰਜਾਬੀ ਕਵਿਤਾ ਦਾ ਵਰਤਮਾਨ ਬੇਹੱਦ ਚੁਣੌਤੀਆਂ ਭਰਿਆ ਹੈ। ਇਹ ਸਮਾਂ ਲਗਾਤਾਰ ਘਟ ਰਹੀ ਪਾਠਕ-ਗਿਣਤੀ ਕਰਕੇ ਵੀ ਗੰਭੀਰ ਹੈ ਅਤੇ ਪੰਜਾਬੀ ਕਵੀਆਂ ਦੇ ਕਵਿਤਾ ਦੀ ਰੂਹ ਨਾਲੋਂ ਟੁੱਟਣ ਅਤੇ ਉਨ੍ਹਾਂ ਦੀ ਕਾਵਿ-ਸਰੋਕਾਰਾਂ ਪ੍ਰਤੀ ਵਧ ਰਹੀ ਬੇਮੁੱਖਤਾ ਕਰਕੇ ਵੀ ਹੈ। ਜਿਥੇ ਕਵਿਤਾ ਦੀ ਪੜ੍ਹਨ-ਯੋਗਤਾ ਨੂੰ ਬਰਕਰਾਰ ਰੱਖਣਾ ਬੇਹੱਦ ਜ਼ਰੂਰੀ ਹੈ, ਉਥੇ ਇਸ ਦੀ ਸਾਹਿਤਕ ਸਾਰਥਿਕਤਾ ਨੂੰ ਆਪਣੀ ਗੁਣਵੱਤਾ ਸਮੇਤ ਬਣਾਈ ਰੱਖਣਾ, ਉਸ ਤੋਂ ਵੀ ਵਧੇਰੇ ਜ਼ਰੂਰੀ ਹੈ। ਨਵੀਆਂ ਵਿਧੀਆਂ ਅਤੇ ਨਵੇਂ ਵਿਸ਼ਿਆਂ ਦੀ ਤਲਾਸ਼ ਵਿਚ ਭਟਕ ਰਹੀ ਪੰਜਾਬੀ ਕਵਿਤਾ ਆਪਣੀ ਜੀਵੰਤਤਾ ਨੂੰ ਕਿਵੇਂ ਬਚਾਈ ਰੱਖੇ ? ਇਹ ਸਵਾਲ ਬਹੁਤ ਗਹਿਰਾ ਹੈ।
ਪ੍ਰਗਤੀਵਾਦ ਦੇ ਵਿਭਿੰਨ ਰੰਗਾਂ ਅਤੇ ਵਿਸਤਾਰਾਂ ਤੋਂ ਬਾਅਦ, ਅਜਿਹਾ ਕੋਈ ਵਿਸ਼ਾ,ਦੌਰ, ਜਾਂ ਸਥਿਤੀ ਨਹੀਂ ਹੈ, ਜਿਸ ਨੇ ਪੰਜਾਬੀ ਕਵਿਤਾ ਨੂੰ ਭਰਪੂਰ ਸਮੱਗਰਤਾ ਨਾਲ ਪ੍ਰਭਾਵਿਤ ਕੀਤਾ ਹੋਵੇ। ਪੰਜਾਬੀ ਪ੍ਰਗਤੀਵਾਦੀ ਕਵਿਤਾ ਦੀ ਸਿਖਰ ਭਾਵੇਂ ਨਕਸਲੀ ਲਹਿਰ ਦੀ ਕਵਿਤਾ ਸੀ, ਪਰ ਇਸ ਨੂੰ ਬਹੁਤ ਜਲਦੀ ਹੀ ਪੰਜਾਬ ਸੰਕਟ ਨੇ ਦਬੋਚ ਲਿਆ। ਪੰਜਾਬ ਸੰਕਟ ਸਮੇਂ ਪੰਜਾਬੀ ਵਿਚ ਕੋਈ ਸ਼ਾਹਕਾਰ ਰਚਨਾ ਪੈਦਾ ਹੋਣਾ ਤਾਂ ਦੂਰ ਰਿਹਾ, ਇਸ ਦੌਰ ਨੇ ਲੇਖਕਾਂ ਅਤੇ ਪਾਠਕਾਂ ਨੂੰ ਉਲਟਾ ਸਮਾਜਿਕ ਸਰੋਕਾਰਾਂ ਤੋਂ ਵਿਛੁੰਨਣ ਦਾ ਕਾਰਜ ਵੀ ਨਿਭਾਇਆ। ਇਸ ਸੰਕਟ ਨੇ ਪੰਜਾਬੀ ਕਵਿਤਾ ਨੂੰ ਇਕ ਵਿਸ਼ਾ ਤਾਂ ਦਿੱਤਾ ਪਰ ਉਸ ਦੀ ਗਹਿਰਾਈ ਨੂੰ ਸਮਝਣ ਤੋਂ ਪੰਜਾਬੀ ਕਵੀਆਂ ਤੋਂ ਵਿਰਵੇ ਰੱਖਿਆ। ਇਹ ਦੌਰ ਅਜਿਹੀਆਂ ਕਾਵਿ-ਵਿਧੀਆਂ ਤੋਂ ਵੀ ਵਿਯੋਗਿਆ ਰਿਹਾ, ਜਿਹਨਾਂ ਨੇ ਕਵਿਤਾ ਰਾਹੀਂ ਸਦੀਵੀ ਬੋਧ ਦੀ ਸਿਰਜਣਾ ਲਈ ਵਾਹਕ ਬਣਨਾ ਸੀ।
ਫੇਰ ਵਿਸ਼ਵੀਕਰਨ ਦੇ ਤਲਿਸਮ ਨੇ ਨਵੇਂ ਝਾਉਲੇ ਸਿਰਜਣੇ ਆਰੰਭ ਕਰ ਦਿੱਤੇ। ਉੱਤਰ-ਆਧੁਨਿਕਤਾ ਦੀ ਫੈਸ਼ਨੀ ਚਕਾਚੌਂਧ ਨਾਲ ਪੰਜਾਬੀਆਂ ਕੋਲ ਪਹੁੰਚਿਆ ਇਹ ਝਾਉਲਾ, ਵਿਸ਼ੇ ਦੀ ਨਿਰਲੇਪਤਾ' ਦਾ ਏਜੰਡਾ ਲੈ ਕੇ ਆਇਆ।
ਸੋਵੀਅਤ ਯੂਨੀਅਨ ਦਾ ਟੁੱਟਣਾ, ਉਦਾਰਵਾਦੀ ਨੀਤੀਆਂ ਦਾ ਪ੍ਰਚਲਣ ਅਤੇ ਧਰਮਾਂ ਦੀ ਕੱਟੜਤਾ ਦਾ ਨਵ-ਉਥਾਨ, ਇਕ ਅਜਿਹਾ ਅਦਭੁੱਤ ਮੌਕਾ ਮੇਲ ਸੀ, ਜਿਸ ਨੇ ਪੰਜਾਬੀ ਸਾਹਿਤ ਨੂੰ ਨਿਵੇਕਲੀ ਤਰ੍ਹਾਂ ਪ੍ਰਭਾਵਿਤ ਕੀਤਾ।
ਇਹ ਨਿਵੇਕਲਾਪਨ ਕੀ ਹੈ? ਇਹ ਵੀ ਗਹਿਰੇ ਸੰਵਾਦ ਦਾ ਵਿਸ਼ਾ ਹੈ।
ਅੱਧੀ ਕੁ ਸਦੀ ਦੇ ਸਮੇਂ ਵਿਚ ਹੀ ਭਾਰਤੀ ਸਮਾਜ ਨੇ ਅਣਗਿਣਤ ਤਬਦੀਲੀਆਂ ਦੇਖੀਆਂ ਹਨ। ਇਨ੍ਹਾਂ ਸਾਲਾਂ ਵਿਚ ਧਰਮ ਅਤੇ ਜਾਤ ਦੀ ਰਾਜਨੀਤੀ ਨੇ ਵੱਖ-ਵੱਖ ਰੰਗਾਂ ਵਾਲੇ ਵੱਖ-ਵੱਖ ਰੂਪ ਵਟਾਏ ਹਨ। ਜੇਕਰ ਪੰਜਾਬ ਸੰਕਟ ਅਤੇ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਤੋਂ ਸ਼ੁਰੂ ਕਰਕੇ ਗੁਜਰਾਤ ਦੇ ਦੰਗਿਆਂ ਅਤੇ ਗੋਦਰਾ ਕਾਂਡ ਨੂੰ ਇਕ-ਦੂਸਰੇ ਦੀ ਸਮਾਨਤਾ ਅਤੇ ਵਖਰੇਵਿਆਂ ਵਿਚ ਵਿਸਤਾਰ ਲਿਆ ਜਾਵੇ ਜਾਂ ਘਟਾ ਲਿਆ ਜਾਵੇ ਤਾਂ ਸਥਿਤੀ ਵਿਚ ਬਹੁਤਾ ਫ਼ਰਕ ਮਹਿਸੂਸ ਨਹੀਂ ਹੁੰਦਾ। ਅਜਿਹੀ ਸਥਿਤੀ ਵਿਚ ਸਾਹਿਤ ਦੀ ਨਿਰਲੇਪਤਾ ਅਤੇ ਸੰਦੇਸ਼-ਮੁਕਤ ਸਾਹਿਤ ਦਾ ਸੰਕਲਪ ਸੁਭਾਵਿਕ ਹੀ ਕਾਟੇ ਹੇਠ ਆ ਜਾਂਦਾ ਹੈ।
ਭਗਤੀ ਲਹਿਰ ਤੋਂ ਗੁਰਬਾਣੀ ਰਾਹੀਂ ਹੁੰਦੇ ਹੋਏ, ਕਿੱਸਾ ਸਾਹਿਤ ਅਤੇ ਵਾਰ-ਕਾਵਿ ਵਿਚੀਂ ਗੁਜ਼ਰ ਕੇ ਆਧੁਨਿਕ ਸਾਹਿਤ ਤੋਂ ਪ੍ਰਗਤੀਵਾਦ ਤੱਕ ਪਹੁੰਚਦਿਆਂ ਬਹੁਤ ਸਪੱਸ਼ਟ ਸਮਝਿਆ ਜਾ ਸਕਦਾ ਹੈ ਕਿ ਸਾਹਿਤ ਦੇ ਸਮਾਜਿਕ ਸਰੋਕਾਰਾਂ ਦਾ ਮਹੱਤਵ ਅਤੇ ਮੰਤਵ ਕੀ ਹੁੰਦਾ ਹੈ ? ਜੇਕਰ ਸਮਕਾਲੀ ਸਾਹਿਤ ਦੇ ਸਰੋਕਾਰਾਂ ਨੂੰ ਨਿਹਾਰਨ ਲੱਗੀਏ ਤਾਂ ਇਹ ਨਿਰਲਪੇਤਾ ਅਤੇ ਸਾਪੇਖਤਾ ਵਿਚਕਾਰ ਲਟਕ ਰਿਹਾ ਇਕ ਤ੍ਰਿਸ਼ੰਕੂ ਪ੍ਰਤੀਤ ਹੁੰਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਹਿਤ ਨਾ ਤਾਂ ਸਮਾਜਿਕ ਤਬਦੀਲੀ ਦਾ ਕੋਈ ਤੇਜ਼ ਹਥਿਆਰ ਹੁੰਦਾ ਹੈ ਅਤੇ ਨਾ ਹੀ ਨਿਰੋਲ ਸੁਹਜ ਸੁਆਦ ਦੀ ਤ੍ਰਿਪਤੀ ਵਾਲਾ ਕੋਈ ਲੁਭਾਉਣਾ ਖਿਡੌਣਾ। ਫੇਰ ਵੀ ਸਾਹਿਤ ਨੂੰ ਮਾਨਵੀ-ਬੋਧ ਦੇ ਉਸ ਬਿੰਦੂ ਤੋਂ ਹੀ ਵੇਖਣਾ ਚਾਹੀਦਾ ਹੈ, ਜਿਥੇ ਇਕ ਚੰਗੇ ਸਮਾਜ ਦੀ ਸਿਰਜਣਾ ਦੀ ਕਲਪਨਾ ਜਾਂ ਸੰਕਲਪ ਪੇਸ਼ ਪੇਸ਼ ਹੈ। ਇਸ ਬਿੰਦੂ ਉੱਤੇ ਸਮਾਜ ਅਤੇ ਸਾਹਿਤ ਦੇ ਅੰਤਰ ਸੰਬੰਧਾਂ ਵਿਚ ਇਕ ਅਜਿਹੀ ਸਾਪੇਖਤਾ ਨਜ਼ਰ ਆਉਂਦੀ ਹੈ, ਜਿਥੋਂ ਇਸ ਦੇ ਸੰਦੇਸ਼-ਯੁਕਤ ਹੋਣ ਦਾ ਮੁੱਢ ਬੱਝਦਾ ਹੈ। ਸਾਹਿਤਕਾਰ ਜਦੋਂ ਸਿਰਜਕ ਦੀ ਭੂਮਿਕਾ ਨਿਭਾ ਰਿਹਾ ਹੁੰਦਾ ਹੈ, ਉਦੋਂ ਉਹ ਖ਼ੁਦ ਨੂੰ ਵੀ ਨਵੇਂ ਸਿਰੇ ਤੋਂ ਸਮਝਣ ਦੀ ਅਕਾਂਖਿਆ ਨਾਲ ਇਕਸੁਰ ਹੋਣ ਦੇ ਯਤਨ ਵਿਚ ਵੀ ਹੁੰਦਾ ਹੈ। ਸਾਹਿਤਕਾਰ ਦਾ ਵਿਚਾਰ-ਬੋਧ ਉਸ ਦੀ ਸਿਰਜਣਾ ਵਿਚ, ਇਸ ਕਦਰ ਸਮਾ ਜਾਂਦਾ ਹੈ ਕਿ ਮਾਨਵੀ ਸਰੋਕਾਰ ਸਹਿਜ ਰੂਪ ਵਿਚ ਹੀ ਸਾਹਿਤ-ਰਚਨਾ ਵਿਚ ਘੁਲਮਿਲ ਜਾਂਦੇ ਹਨ। ਮਾਨਵੀ ਰਿਸ਼ਤਿਆਂ ਦੀ ਭਾਵੁਕ ਸਵੇਦਨਾ, ਇਕ ਸਹਿਜ ਸੁਹਜ ਵਿਚ ਪਰਿਵਰਤਿਤ ਹੋ ਕੇ, ਸਾਹਿਤ ਰਚਨਾ ਰਾਹੀਂ ਰੂਪਮਾਨ ਹੁੰਦੀ ਹੈ। ਪਰ ਕੀ ਅਜੋਕੀ ਕਵਿਤਾ ਅਜਿਹੀ ਸਥਿਤੀ ਨੂੰ ਪਹੁੰਚ ਰਹੀ ਹੈ? ਅਜਿਹੇ ਸਵਾਲਾਂ ਦੇ ਰੂ-ਬਰੂ ਹੁੰਦਿਆਂ, ਇਹ ਵਿਚਾਰ ਬਹੁਤ ਪ੍ਰਬਲਤਾ ਨਾਲ ਸਾਹਮਣੇ ਆ ਰਿਹਾ ਹੈ ਕਿ ਕਵਿਤਾ ਨੂੰ ਸੁਣਨਯੋਗਤਾ, ਪੜ੍ਹਨਯੋਗਤਾ,ਅਤੇ ਲਿਖਣਯੋਗਤਾ ਦੇ ਨੁਕਤਿਆਂ ਤੋਂ ਵਿਚਾਰਿਆ ਜਾਣਾ ਚਾਹੀਦਾ ਹੈ?ਕਵਿਤਾ ਦੀ ਸੁਣਨਯੋਗਤਾ ਜਾਂ ਪੜ੍ਹਨਯੋਗਤਾ ਕੀ ਹੈ? ਕੀ ਇਹ ਲੋਕ-ਪ੍ਰਿਆ ਸਾਹਿਤ ਸਿਰਜਣਾ ਦਾ ਨੁਕਤਾ ਹੈ ਜਾਂ ਪਾਠਕ ਦੇ ਸਮਾਜਿਕ ਸਰੋਕਾਰਾਂ ਦਾ ਨੁਕਤਾ ਹੈ ? ਸਮੁੱਚੇ ਸਾਹਿਤ ਦੀ,ਅਤੇ ਖ਼ਾਸ ਕਰਕੇ ਕਵਿਤਾ ਦੀ ਜੀਵੰਤਤਾ ਪਾਠਕ ਦੀ ਪੜ੍ਹਤ ਨਾਲ ਜੁੜੀ ਹੋਈ ਹੈ।ਸਾਹਿਤਕਾਰੀ ਦਾ ਮੂਲ ਮੰਤਵ ਪੜ੍ਹਨਕਾਰੀ ਹੈ। ਇਸ ਪੜ੍ਹਨਕਾਰੀ ਦਾ ਅੰਤਰੀਵ ਸਿਰਜਕ ਦੀ ਲਿਖਣਯੋਗਤਾ ਨਾਲ ਜੁੜਿਆ ਹੋਇਆ ਹੈ।ਕਿਉਂਕਿ 'ਸਾਹਿਤ ਮੁਢਲੇ ਮੰਤਵ ਵਜੋਂ ਪੜ੍ਹਨ ਲਈ ਹੀ ਲਿਖਿਆ ਜਾਂਦਾ ਹੈ। ਪਰ ਪਾਠਕ ਇਸ ਨੂੰ ਕਿਉਂ ਪੜ੍ਹਦਾ ਹੈ? ਜਾਂ ਸਾਹਿਤਕਾਰ ਆਪਣੀ ਰਚਨਾ ਪਾਠਕ ਨੂੰ ਕਿਉਂ ਪੜ੍ਹਾਉਣਾ ਚਾਹੁੰਦਾ ਹੈ? ਇਸ ਦੇ ਕਈ ਵਿਸਤਾਰ ਹੋ ਸਕਦੇ ਹਨ ਪਰ ਸਰਬ ਪ੍ਰਵਾਨਤ ਨੁਕਤਾ ਇਹੀ ਹੈ ਕਿ ਲੇਖਕ ਪਾਠਕ ਨੂੰ ਕੁਝ ਕਹਿਣਾ ਚਾਹੁੰਦਾ ਹੈ,ਕੋਈ ਸੰਦੇਸ਼ ਦੇਣਾ ਚਾਹੁੰਦਾ ਹੈ।ਪਰ ਇਹ ਸੰਦੇਸ਼ ਨਿਸ਼ਕ੍ਰਿਆਵੀ ਨਹੀਂ ਹੋ ਸਕਦਾ।ਇਹ ਹਮੇਸ਼ਾ ਗਤੀਸ਼ੀਲ ਹੁੰਦਾ ਹੈ, ਜਿਵੇਂ-ਜਿਵੇਂ ਇਸ ਨੂੰ ਪੜ੍ਹਨ ਵਾਲੇ ਬਦਲਦੇ ਹਨ, ਜਿਵੇਂ-ਜਿਵੇਂ ਇਸ ਨੂੰ ਪੜ੍ਹੇ ਜਾਣ ਦਾ ਸਮਾਂ ਬਦਲਦਾ ਹੈ, ਉਵੇਂ-ਉਵੇਂ ਇਸ ਦੇ ਅਰਥ ਬਦਲਦੇ ਜਾਂਦੇ ਹਨ। ਇਕੋ ਪਾਠਕ ਵੱਲੋਂ, ਇਕ ਰਚਨਾ ਨੂੰ ਵਾਰ-ਵਾਰ ਪੜ੍ਹੇ ਜਾਣ ਨਾਲ ਉਸ ਦਾ ਸੰਦੇਸ਼ ਬਦਲ ਸਕਦਾ ਹੈ ਕਿਉਂਕਿ ਪੜ੍ਹੇ ਜਾਣ ਦੀ ਸਥਿਤੀ ਅਤੇ ਸਮਾਂ ਬਦਲਦੇ ਜਾਂਦੇ ਹਨ। ਇਸ ਕਰਕੇ ਸਾਹਿਤ ਦੇ ਅਰਥ, ਸਾਹਿਤ ਦੀ ਸਾਰਥਿਕਤਾ ਅਤੇ ਸਾਹਿਤ ਦੀ ਪ੍ਰਸੰਗਿਕਤਾ ਦਾ ਮਸਲਾ ਅਦਭੁਤ ਵਿਸਤਾਰਾਂ ਤੱਕ ਫੈਲ ਜਾਂਦਾ ਹੈ।
ਸਾਹਿਤਕਾਰੀ/ ਕਾਵਿਕਾਰੀ ਨੂੰ ਗਿਆਨ-ਇਤਿਹਾਸ ਦੀ ਦ੍ਰਿਸ਼ਟੀ ਤੋਂ ਸਮਝਣ ਦਾ ਯਤਨ ਕਰੀਏ ਤਾਂ ਵੇਦਾਂ ਤੋਂ ਵਿਸ਼ਵੀਕਰਨ ਤੱਕ ਦੀ ਸਿੱਧੀ ਲਕੀਰ ਵੀ ਇਸ ਨੂੰ ਸੰਦੇਸ਼-ਸਿਰਜਣ ਵਜੋਂ ਹੀ ਵਿਸਤਾਰਦੀ ਦਿਸਦੀ ਹੈ। ਦਰਸ਼ਨ-ਸ਼ਾਸਤਰ ਦੇ ਸੰਸਾਰ-ਇਤਿਹਾਸ ਵਿਚ ਧਰਮ, ਸੱਭਿਆਚਾਰ, ਸਮਾਜ ਅਤੇ ਰਾਜਨੀਤੀ ਦੀਆਂ ਸਭ ਤੰਦਾਂ ਪੂੰਜੀ ਅਧਾਰਤ ਅਰਥ-ਵਿਵਸਥਾ ਦੀਆਂ, ਉਨ੍ਹਾਂ ਪਰਤਾਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨੇ ਗਿਆਨਕਰਨ ਜਾਂ Enlightenment ਦੇ ਦਰਸ਼ਨ ਰਾਹੀਂ ਮਾਨਵੀ ਵਿਵੇਕ ਨੂੰ ਮਨੁੱਖ ਦੀ ਮੁਕਤੀ ਦਾ ਆਧਾਰ ਬਣਾਇਆ। ਇਸ ਵਿਚਾਰ ਨੇ ਆਪਣੇ ਵਿਆਪਕ ਪਰਿਪੇਖ ਵਿਚ ਸਤਾਰਵੀਂ ਅਠਾਰਵੀਂ ਸਦੀ ਵਿਚ ਯੋਰਪ ਵਿਚ ਨਾਸਤਿਕਤਾ ਦੇ ਬੀਜ ਬੀਜੇ। ਉਂਝ ਇਨ੍ਹਾਂ ਬੀਜਾਂ ਦਾ ਇਤਿਹਾਸ ਵੀ ਮਹਾਤਮਾ ਬੁੱਧ ਤੋਂ ਚਾਰਵਾਕੀਆਂ ਰਾਹੀਂ ਹੁੰਦਾ ਹੋਇਆ ਅੰਗਰੇਜ਼ੀ, ਫਰਾਂਸੀਸੀ ਅਤੇ ਜਰਮਨ ਦਾਰਸ਼ਨਿਕਾਂ ਅਤੇ ਸਾਹਿਤਕਾਰਾਂ ਤੱਕ ਪਹੁੰਚਿਆ ਸੀ। ਇਸ ਵਿਚਾਰ ਨੇ ਦਸਤਕਾਰੀ ਅਤੇ ਪੂੰਜੀ ਨੂੰ ਧਰਮ ਅਤੇ ਰੱਬ ਕੇਂਦਰਿਤ ਵਿਚਾਰ ਦੇ ਮੁਕਾਬਲੇ ਉੱਤੇ ਅਗਰ ਭੂਮੀ ਵਿਚ ਲੈ ਆਂਦਾ। ਇਤਿਹਾਸ ਦੇ ਇਸ ਬਿੰਦੂ ਉੱਤੇ ਜਿਨ੍ਹਾਂ ਦਾਨਿਸ਼ਵਰਾਂ ਉੱਤੇ ਦੂਰ ਤੱਕ ਨਜ਼ਰ ਟਿਕਦੀ ਹੈ ਉਨ੍ਹਾਂ ਵਿਚ ਕਾਂਤ ਅਤੇ ਨਿਤਸ਼ੇ ਵਧੇਰੇ ਚਮਕ ਰਹੇ ਹਨ। 1882 ਵਿਚ ਨਿਤਸ਼ੇ ਦੀ ਪੁਸਤਕ ਵਿਚ, ਜਿਸ ਦਾ ਅੰਗਰੇਜ਼ੀ ਅਨੁਵਾਦ 'ਦ ਗੇਯ ਸਾਇੰਸ' ਸਿਰਲੇਖ ਅਧੀਨ ਹੋਇਆ ਸੀ, 'ਰੱਬ ਮਰ ਗਿਆ' ਦਾ ਐਲਾਨ ਕੀਤਾ ਗਿਆ। ਇਸ ਦੌਰ ਤੱਕ ਐਡਮ ਸਮਿੱਥ ਅਤੇ ਕਾਰਲ ਮਾਰਕਸ ਆਪਣੀਆਂ ਆਧੁਨਿਕ ਧਾਰਨਾਵਾਂ ਅਨੁਸਾਰ ਸਮਾਜ ਨੂੰ ਸਮਝਣ ਦੇ ਨਵੇਂ ਨੁਕਤੇ ਉਜਾਗਰ ਕਰ ਚੁੱਕੇ ਸਨ।
ਵਿਭਿੰਨ ਦ੍ਰਿਸ਼ਟੀਕੋਣਾਂ ਵਾਲੀਆਂ ਇਨ੍ਹਾਂ ਧਾਰਨਾਵਾਂ ਵਿਚ ਸਮਾਨਤਾ ਇਹ ਸੀ ਕਿ "ਰੱਬ" ਦੀ ਥਾਂ "ਪੂੰਜੀ" ਜਾਂ ਆਰਥਿਕਤਾ ਲੈ ਚੁੱਕੀ ਸੀ। ਪਰ ਵੱਖਰੀ ਗੱਲ ਇਹ ਸੀ ਕਿ ਇਸ ਪੂੰਜੀ ਨੂੰ ਸਮਾਜਵਾਦੀ ਪ੍ਰਬੰਧ ਰਾਹੀਂ ਨਿਯੰਤ੍ਰਿਤ ਕੀਤਾ ਜਾਵੇ ਜਾਂ ਪੂੰਜੀਵਾਦੀ ਪ੍ਰਬੰਧ ਰਾਹੀਂ? ਪਰ ਵੱਖ-ਵੱਖ ਦਿਸ਼ਾਵਾਂ ਵਲ ਤੁਰਦੇ ਦਿਸ ਰਹੇ ਸਮਾਜ ਪ੍ਰਬੰਧਾਂ ਵਿਚ ਪੂੰਜੀ ਦੇ ਕੇਂਦਰਿਤ ਹੋਣ ਦੇ ਬਾਵਜੂਦ ਚਲੰਤ ਧਰਮਾਂ ਦੀ ਹੋਂਦ ਦਾ ਸੰਕਲਪ ਰੱਬ ਦੀ ਗੁੰਝਲ ਨਾਲ ਕਿਤੇ ਨਾ ਕਿਤੇ ਜੁੜਿਆ ਰਿਹਾ। ਜਿਸ ਕਰਕੇ :ਪੂੰਜੀ" ਅਤੇ "ਰੱਬ" ਇਕ ਦੂਸਰੇ ਵਿਚ ਖਲਤ ਮਲਤ ਹੋ ਗਏ। ਪਰ ਇਨ੍ਹਾਂ ਸਾਰੇ ਉਤਰਾਵਾਂ ਚੜ੍ਹਾਵਾਂ ਵਿਚ ਪੂੰਜੀ ਦਾ ਪਲੜਾ ਭਾਰੂ ਰਿਹਾ ਅਤੇ ਪਿਛਲੀ ਸਦੀ ਦੇ ਅੰਤਲੇ ਦਹਾਕੇ ਤਕ ਪਹੁੰਚਦਿਆਂ ਪੂੰਜੀ ਕੇਂਦਰਿਤ ਪ੍ਰਬੰਧਾਂ ਨੇ ਸਮੁੱਚੀ ਵਿਸ਼ਵ ਆਰਥਿਕਤਾ ਨੂੰ ਇਕ ਅਜਿਹੀ ਅਦਿਖ ਜੰਜ਼ੀਰ ਵਿਚ ਜਕੜ ਲਿਆ ਕਿ ਬਿਨਾਂ ਪ੍ਰਭੂਸੱਤਾ ਖੋਹਿਆਂ ਹੀ ਵਿਭਿੰਨ ਦੇਸ਼ਾਂ-ਰਾਸ਼ਟਰਾਂ ਨੂੰ ਪੂੰਜੀ ਅਧਾਰਤ ਮਹਾਂ-ਆਰਥਕ ਪ੍ਰਬੰਧਾਂ ਵਿਚ ਬੰਨ੍ਹ ਲਿਆ ਗਿਆ।
ਇਸ ਦਾ ਦੂਰਰਸ ਪ੍ਰਭਾਵ ਇਹ ਪਿਆ ਕਿ ਵੱਖ-ਵੱਖ ਕੌਮਾਂ ਅਤੇ ਸੱਭਿਆਚਾਰਾਂ ਦੀ ਹਸਤੀ ਨੂੰ ਸ਼ੁੱਧ ਨਾ ਰਹਿਣ ਦਿੱਤਾ ਗਿਆ। ਉੱਤਰ-ਬਸਤੀਵਾਦੀ ਯੁੱਗ ਦਾ ਇਹ ਰੁਝਾਨ ਸਮਿਲਤ ਸੱਭਿਆਚਾਰਾਂ ਦੇ ਰੁਝਾਨ ਵਿਚ ਪਰਿਵਰਤਿਤ ਹੋਣ ਲੱਗਾ। ਸਮਿਲਤ ਸੱਭਿਆਚਾਰਾਂ ਦਾ ਇਹ ਨਵਾਂ ਯਥਾਰਥ ਸਾਹਿਤ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ? ਇਹ ਦੌਰ ਯਥਾਰਥ ਅਤੇ ਵਿਚਾਰ ਦੇ ਨੁਕਤੇ ਤੋਂ ਸਾਹਿਤ ਨੂੰ, ਅਤੇ ਇਸ ਦੀਆਂ ਸਾਰੀਆਂ ਵਿਧਾਵਾਂ ਨੂੰ ਨਵੇਂ ਸਿਰੇ ਤੋਂ ਸਮਝਣ ਦਾ ਦੌਰ ਹੈ। ਪ੍ਰਚਲਤ ਸੰਕਲਪਾਂ ਉੱਤੇ ਪੁਨਰ ਵਿਚਾਰ ਕਰਨਾ ਅਤੇ ਇਨ੍ਹਾਂ ਨੂੰ ਪੁਨਰ ਪਰਿਭਾਸ਼ਿਤ ਕਰਨਾ ਅੱਜ ਦੀ ਲੋੜ ਹੈ।
ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੀ ਪਛਾਣ ਬਣਾਈ ਰੱਖਣ ਦੇ ਨਾਲ-ਨਾਲ ਸੰਤੁਲਿਤ ਆਰਥਿਕ ਵਿਕਾਸ ਦਾ ਮਸਲਾ ਵਧੇਰੇ ਪ੍ਰਬਲ ਰੂਪ ਵਿਚ ਸਾਹਮਣੇ ਖੜਾ ਹੈ। ਦੇਸ਼ ਦੀ ਸੱਤਰ ਪ੍ਰਤੀਸ਼ਤ ਆਬਾਦੀ 20 ਰੁਪਏ ਪ੍ਰਤੀ ਦਿਨ ਤੋਂ ਵੀ ਘੱਟ ਉਜਰਤ ਵਿਚ ਗੁਜ਼ਾਰਾ ਕਰਨ ਲਈ ਮਜਬੂਰ ਹੈ। ਸਮਾਜਿਕ ਅਸਾਵੇਂਪਨ ਨੇ ਦਲਿਤਾਂ ਅਤੇ ਧਾਰਮਿਕ ਘੱਟ-ਗਿਣਤੀਆਂ ਨੂੰ ਹਾਸ਼ੀਏ ਵਲ ਧਕੇਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪਰ ਇਹ ਸਭ ਕੁਝ ਸਮਕਾਲੀ ਸਾਹਿਤ ਦੇ ਸਰੋਕਾਰਾਂ ਵਿਚੋਂ ਗ਼ੈਰ-ਹਾਜ਼ਿਰ ਹੈ।
ਕੀ ਲਹਿਰਾਂ ਦੇ ਉਥਾਨ ਨਾਲ ਹੀ ਸਾਹਿਤ ਦਾ ਉਥਾਨ ਵੀ ਜੁੜਿਆ ਹੋਇਆ ਹੈ? ਕੀ ਪਾਸ਼, ਲਾਲ ਸਿੰਘ ਦਿਲ ਅਤੇ ਸੰਤ ਰਾਮ ਉਦਾਸੀ ਵਰਗੇ ਕਵੀ ਪੈਦਾ ਕਰਨ ਲਈ ਨਕਸਲੀ ਲਹਿਰ ਵਰਗੇ ਤਸੀਹੇ ਝੱਲਣੇ ਪੈਣਗੇ ? ਇਹ ਬਹੁਤ ਗੰਭੀਰ ਸਵਾਲ ਹਨ, ਜਿਹੜੇ ਵਿਚਾਰ ਦੀ ਮੰਗ ਕਰਦੇ ਹਨ। ਸਾਹਿਤਕਾਰਾਂ ਨੂੰ ਸਮਾਜ ਇਤਿਹਾਸ ਦੇ ਗਹਿਨ ਨਾਲ ਜੁੜਨਾ ਪਵੇਗਾ। ਸਮਾਜ ਸ਼ਾਸਤਰ ਦੀਆਂ ਗੁੰਝਲਾਂ ਸਮਝਣ ਤੋਂ ਬਿਨਾਂ ਭਰਪੂਰ ਪ੍ਰਮਾਣਿਕ ਸਾਹਿਤ ਰਚਨਾ ਸੰਭਵ ਨਹੀਂ ਹੋ ਸਕਦੀ।
ਚੰਗੇ ਸਾਹਿਤ ਦੀ ਸਿਰਜਣਾ ਲਈ ਸਾਨੂੰ ਇਤਿਹਾਸ, ਸੱਭਿਆਚਾਰ ਅਤੇ ਸਮਾਜ ਦੇ ਦਵੰਧਾਂ ਨੂੰ ਸਮਝਣਾ ਪਵੇਗਾ। ਗਿਆਨ, ਸਾਹਿਤ, ਰਾਜਨੀਤੀ ਅਤੇ ਸੱਤਾ ਦੇ ਸੰਕਲਪਾਂ ਦੀ ਨਾਤੇਦਾਰੀ ਨੂੰ ਨਿਹਾਰਨਾ ਅਤੇ ਇਨ੍ਹਾਂ ਸੰਕਲਪਾਂ ਦੀਆਂ ਬਾਰੀਕੀਆਂ ਨੂੰ ਸਿਰਜਣਾਤਮਿਕਤਾ ਵਿਚ ਸਮਾਉਣਾ ਪਵੇਗਾ। ਪਰ ਇਹ ਮਕਾਨਕੀ ਕਾਰਜ ਨਹੀਂ ਹੈ। ਇਹ ਮਨੁੱਖੀ ਸਮਝ ਅਤੇ ਸਾਧਨਾ ਨਾਲ ਜੁੜਿਆ ਹੋਇਆ ਅਮਲ ਹੈ। ਜੇਕਰ ਆਪਣਾ ਸਾਰਾ ਧਿਆਨ ਸਾਹਿਤ ਅਤੇ ਸੱਤਾ ਦੇ ਸੰਕਲਪਾਂ ਉੱਤੇ ਕੇਂਦਰਿਤ ਕਰੀਏ ਤਾਂ ਸਪੱਸ਼ਟ ਹੈ ਕਿ ਸਮਕਾਲੀ ਸਾਹਿਤਕਾਰ 'ਨਿਰਲੇਪਤਾ' ਦੇ ਭਰਮ ਵਿਚ ਫਸਿਆ ਹੋਇਆ ਹੈ। ਪੰਜਾਬੀਅਤ ਅਤੇ ਭਾਰਤੀਅਤਾ ਦੇ ਸੰਕਲਪਾਂ ਨੂੰ ਵਿਆਪਕ ਦ੍ਰਿਸ਼ਟੀ ਤੋਂ ਸਮਝਣਾ ਬੇਹੱਦ ਜ਼ਰੂਰੀ ਹੈ। ਜੇਕਰ ਅਸੀਂ ਪੰਜਾਬ ਸੰਕਟ ਦੀਆਂ ਗਹਿਰਾਈਆਂ ਦਾ ਵਿਸ਼ਲੇਸ਼ਣ ਕਰਨ ਵਿਚ ਅਸਮਰਥ ਹਾਂ, ਜੇਕਰ ਅਸੀਂ ਸਮਾਜਿਕ ਅਸਾਵੇਪਨ ਵਿਚ ਜਾਤ-ਪਾਤ ਦੀਆਂ ਗੁੰਝਲਾਂ ਨੂੰ ਦਲਿਤਾਂ ਦੀ ਦਹਿਨੀ ਸਥਿਤੀ ਦੇ ਨਜ਼ਰੀਏ ਤੋਂ ਵਾਚਣ ਤੋਂ ਕਤਰਾਉਂਦੇ ਹਾਂ, ਜੇਕਰ ਅਸੀਂ ਰਾਸ਼ਟਰਵਾਦ ਨੂੰ ਧਰਮ ਵਿਸ਼ੇਸ਼ ਅਤੇ ਜਾਤੀ ਵਿਸ਼ੇਸ਼ ਤੱਕ ਘਟਾ ਕੇ ਵੇਖਣ ਪ੍ਰਤੀ ਮੂਕ ਦਰਸ਼ਕ ਬਣੇ ਹੋਏ ਹਾਂ ਤਾਂ ਫੇਰ ਅਸੀਂ ਆਪਣੇ ਆਪ ਤੋਂ ਕਿਹੜੇ ਸਦੀਵੀ ਸਾਹਿਤ ਦੀ ਸਿਰਜਣਾ ਦੀ ਆਸ ਰੱਖਦੇ ਹਾਂ।
ਕਵੀ ਦਰਬਾਰਾਂ, ਗੋਸ਼ਟੀਆਂ, ਸੈਮੀਨਾਰਾਂ ਅਤੇ ਸਾਹਿਤ-ਮੇਲਿਆਂ ਦੇ ਡੰਗ-ਟਪਾਊ ਤੰਤਰਾਂ ਤੋਂ ਗੁਰੇਜ਼ ਕਰਕੇ ਲੋਕ-ਤੰਤਰ ਦੀ ਵਿਆਪਕਤਾ ਨੂੰ ਆਪਣੀ ਸਮਝ ਵਿਚ ਸਮਾਉਣਾ ਪਵੇਗਾ। ਜਿਸ ਸਮਾਜ ਦੇ ਦਾਨਿਸ਼ਵਰਾਂ ਵਿਚ ਸਥਿਤੀ ਤੋਂ escape ਕਰਨ ਦੀ ਜੁਗਤ ਭਾਰੂ ਹੋ ਜਾਵੇ ਉਨ੍ਹਾਂ ਲਈ ਇਤਿਹਾਸ ਵਿਚ space ਬਣਾਉਣੀ ਮੁਸ਼ਕਿਲ ਹੋ ਜਾਂਦੀ ਹੈ।ਪੰਜਾਬੀ ਦਾਨਿਸ਼ਵਰਾਂ ਨੂੰ ਪੰਜਾਬੀਅਤ ਅਤੇ ਭਾਰਤੀਅਤਾ ਦੇ ਸੰਕਲਪਾਂ ਦੇ ਅੰਤਰ-ਦਵੰਧਾਂ ਨੂੰ ਅਤੇ ਸਮਾਜਕ ਅਸਾਵੇਂਪਨ ਵਿਚ ਜਾਤ-ਪਾਤ ਦੇ ਸੰਕਲਪਾਂ ਉੱਤੇ ਪੁਨਰ ਵਿਚਾਰ ਲਈ ਯਤਨ ਕਰਨੇ ਪੈਣਗੇ। ਇਸ ਦੇ ਨਾਲ ਹੀ 'ਧਰਮ ਅਤੇ ਸੱਤਾ' ਬਨਾਮ 'ਧਰਮ ਦੀ ਸੱਤਾ' ਦੇ ਸੰਕਲਪਾਂ ਨੂੰ ਵੀ ਵਧੇਰੇ ਸਪੱਸ਼ਟਤਾ ਨਾਲ ਖੋਲ੍ਹਣ ਦੀ ਜ਼ਰੂਰਤ ਹੈ। ਇਸ ਲਈ ਵਿਚਾਰਾਂ ਦਾ ਟਕਰਾਉ ਜ਼ਰੂਰੀ ਹੈ। ਅਸਹਿਮਤੀ ਦਾ ਹੱਕ ਅਤੇ ਵਿਰੋਧੀ ਵਿਚਾਰਾਂ ਦਾ ਪ੍ਰਗਟਾਵਾ ਵਿਕਾਸ ਦੀ ਮੁੱਢਲੀ ਜ਼ਰੂਰਤ ਹੈ। ਬਹੁਗਿਣਤੀਵਾਦ ਦੇ ਹੱਠ ਤੋਂ ਲਾਂਭੇ ਹੋ ਕੇ ਗਿਆਨ ਦੀ ਉਤਪਾਦਿਕਤਾ ਤੇ ਕੇਂਦਰਿਤ ਹੋਣ ਤੋਂ ਬਿਨਾਂ ਸਮਾਜ-ਵਿਗਿਆਨਾਂ ਅਤੇ ਸਾਹਿਤ ਦੀ ਤਰੱਕੀ ਬਾਰੇ ਸੋਚਣਾ ਨਿਰਮੂਲ ਹੈ। ਇਸ ਲਈ ਸਿੱਖਿਆ, ਸੰਵਾਦ ਅਤੇ ਸਹਿਨਸ਼ੀਲਤਾ ਲੋੜੀਂਦੀ ਹੈ। ਅਜਿਹੀ ਸਿੱਖਿਆ ਅਤੇ ਸੰਵਾਦ ਦੀ ਪ੍ਰਕਿਰਤੀ ਹੀ ਸਾਡੇ ਗੌਰਵ ਦਾ ਇਤਿਹਾਸ ਹੈ।
ਜੇਕਰ ਆਰੀਆ ਭੱਟ ਨੇ ਆਪਣੇ ਸਮਕਾਲੀ ਸੱਤਾਧਾਰੀਆਂ ਨਾਲ ਸੰਵਾਦ ਨਾ ਰਚਾਇਆ ਹੁੰਦਾ ਤਾਂ ਉਸ ਨੇ ਗੈਲੀਲੀਓ ਤੋਂ ਵੀ ਇਕ ਹਜ਼ਾਰ ਸਾਲ ਪਹਿਲਾਂ ਧਰਤੀ ਦੇ ਸੂਰਜ ਦੁਆਲੇ ਘੁੰਮਣ ਦੀ ਗੱਲ ਕਹਿਣ ਤੋਂ ਕਤਰਾਉਂਦੇ ਰਹਿਣਾ ਸੀ।ਮਹਾਤਮਾ ਬੁੱਧ ਨੇ ਸੱਤਾ ਦੇ ਸੁੱਖ ਹੀ ਭੋਗਦੇ ਰਹਿਣਾ ਸੀ।ਡਾ. ਭੀਮ ਰਾਓ ਅੰਬੇਡਕਰ ਨੇ ਹੁਣ ਤੱਕ ਬਣੇ ਹਜ਼ਾਰਾਂ ਲੋਕ ਸਭਾ ਮੈਂਬਰਾਂ ਵਿਚੋਂ ਹੀ ਇਕ ਹੋਣਾ ਸੀ।ਸੱਤਾ ਦੇ ਲੁਪਤ ਏਜੰਡਿਆਂ ਨੂੰ ਸਮਝਣਾ ਅਤੇ ਵਿਅਕਤੀਗਤ ਜ਼ਿੰਦਗੀ ਨੂੰ ਵਿਚਾਰ ਦੀ ਸੁੱਚਤਾ ਅਨੁਸਾਰ ਢਾਲਣਾ ਬੇਹੱਦ ਜ਼ਰੂਰੀ ਹੈ।ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਨਵੇਂ ਯੁੱਗ ਵਿੱਚ ਅਜਿਹੇ ਵਿਕਾਸ ਦੀ ਪਰਿਭਾਸ਼ਾ ਅਤੇ ਭੂਮਿਕਾ ਕੀ ਹੈ? ਕੀ 'ਤਕਨੀਕੀ ਕ੍ਰਾਂਤੀ', 'ਸੂਚਨਾ ਕ੍ਰਾਂਤੀ', 'ਪੂੰਜੀ ਪ੍ਰਚਲਨ ਵਰਗੀਆਂ ਹਕੀਕਤਾਂ ਨਾਲ ਸੰਵਾਦ ਰਚਾਉਣਾ, ਚਿੰਤਨ ਕਰਨਾ ਸਮੇਂ ਦੀ ਜ਼ਰੂਰਤ ਹੈ? ਕੀ ਵਰਤਮਾਨ ਪੰਜਾਬੀ ਕਵਿਤਾ ਅਜਿਹੇ ਸਵਾਦ ਅਤੇ ਚਿੰਤਨਸ਼ੀਲਤਾ ਨੂੰ ਪ੍ਰਣਾਈ ਹੋਈ ਹੈ? ਕਵਿਤਾ ਦਾ ਮੂਲ ਸੁਭਾਅ Deviation ਹੈ-ਪਰਾਹਣ ਹੈ। ਜੇਕਰ ਸਧਾਰਨ ਭਾਸ਼ਾ-ਉਚਾਰਾਂ ਨਾਲੋਂ ਕਵਿਤਾ ਨੂੰ ਨਿਖੇੜਨਾ ਹੋਵੇ ਤਾਂ ਇਸ ਦਾ ਸੁਭਾਅ ਸੰਚਾਰ ਤੋਂ ਸਿਰਜਣਾ ਵਾਲਾ ਹੈ, ਸੁਹਜ ਉਦੈ ਕਰਨ ਵਾਲਾ ਹੈ। ਸੰਚਾਰ ਦਾ ਸੰਬੰਧ ਅਰਥ ਨਾਲ ਹੈ। ਜਦੋਂ ਕਿ ਸਿਰਜਣਾ ਦਾ ਸੰਬੰਧ ਸਾਹਿਤਕਤਾ ਨਾਲ ਹੈ। ਕਵਿਤਾ ਵਸਤਾਂ ਅਤੇ ਵਿਚਾਰਾਂ ਨੂੰ ਨਿਵੇਕਲੇ ਪ੍ਰਤੀਕ ਸੰਚਾਰ ਵਿਚ ਸਿਰਜਤ ਕਰਦੀ ਹੋਈ, ਇਕ ਨਵੀਂ ਜੀਵਨ ਜਾਚ ਦਾ ਬੋਧ ਕਰਵਾਉਂਦੀ ਹੈ। ਵਸਤਾਂ ਅਤੇ ਵਿਚਾਰਾਂ ਦੀ ਇਹ ਪੁਨਰ ਸਿਰਜਣਾ ਪਰੰਪਰਕ ਵਿਆਕਰਨ ਨੂੰ ਤੋੜਦੀ ਰਹਿੰਦੀ ਹੈ। ਵਿਆਕਰਨ ਦਾ ਟੁੱਟਣਾ, ਵਿਚਾਰਾਂ ਦੀ ਨਵੀਨਤਾ ਨਾਲ ਵੀ ਜੁੜਿਆ ਹੋਇਆ ਹੈ।
ਬਾਬਾ ਫ਼ਰੀਦ ਤੋਂ ਸ਼ੁਰੂ ਕਰਕੇ ਨਵਪ੍ਰਗਤੀਵਾਦੀ ਕਵਿਤਾ ਰਾਹੀਂ ਹੁੰਦੇ ਹੋਏ ਸਮਕਾਲੀ ਪੰਜਾਬੀ ਕਵਿਤਾ ਦੇ ਇਲਾਕੇ ਵਿਚ ਪ੍ਰਵੇਸ਼ ਕਰੀਏ ਤਾਂ ਇਸ ਸਾਰੇ ਵਰਤਾਰੇ ਨੂੰ ਸਮਝਿਆ ਜਾ ਸਕਦਾ ਹੈ। ਪੰਜਾਬੀ ਜਨ-ਜੀਵਨ ਅਤੇ ਸੱਭਿਆਚਾਰਕ ਸੰਰਚਨਾਵਾਂ ਵਿਚ ਕਵਿਤਾ ਦੀ ਸਪੇਸ ਨੂੰ ਸਮਝਣਾ ਅਤੇ ਅੰਕਿਤ ਕਰਨਾ ਸਦਾ ਹੀ ਇਕ ਵੰਗਾਰ ਵਾਂਗ ਰਿਹਾ ਹੈ। ਜਦੋਂ ਵੀ ਕਵੀ ਨੇ ਆਪਣੇ ਸਮੇਂ ਦੀ ਅੰਤਰ-ਚੇਤਨਾ ਨੂੰ ਕਵਿਤਾ ਵਿਚ ਸਮੇਟਣ ਦਾ ਯਤਨ ਕੀਤਾ ਉਦੋਂ ਹੀ ਉਸ ਨੇ ਇਤਿਹਾਸ ਵਿਚ ਆਪਣੀ ਸਪੇਸ ਨੂੰ ਅੰਕਿਤ ਕਰ ਲਿਆ।
ਨਵੇਂ ਯੁੱਗ ਉੱਤੇ ਕੇਂਦਰਿਤ ਹੋਈਏ ਤਾਂ ਪੂਰਨ ਸਿੰਘ ਤੋਂ ਪਾਸ਼ ਤੱਕ ਦੀਆਂ ਸਾਰੀਆਂ ਕਾਵਿ ਪ੍ਰਵਿਰਤੀਆਂ ਨੇ ਆਪਣੀ ਯਥਾਯੋਗ ਸਪੇਸ ਪਾਈ ਹੈ। ਪਰ ਪ੍ਰਗਤੀਵਾਦੀ ਅਤੇ ਨਵ-ਪ੍ਰਗਤੀਵਾਦੀ ਕਵਿਤਾ ਦਾ ਇਲਾਕਾ ਵਧੇਰੇ ਫੈਲਾਓ ਵਾਲਾ ਇਲਾਕਾ ਹੋਣ ਦੇ ਬਾਵਜੂਦ ਆਪਣੀ ਸਪੇਸ ਨੂੰ ਉਹ ਪੁੱਠ ਪ੍ਰਦਾਨ ਨਹੀਂ ਕਰ ਸਕਿਆ, ਜਿਸ ਦੀ ਜ਼ਰੂਰਤ ਸੀ। ਇਸ ਦੇ ਕਾਰਨਾਂ ਨੂੰ ਨਿਹਾਰਨ ਦਾ ਯਤਨ ਕਰੀਏ ਤਾਂ ਸ਼ਾਇਦ ਇਨ੍ਹਾਂ ਕਵੀਆਂ ਨੇ, ਜਿਨ੍ਹਾਂ ਵਿਚ-ਮੋਹਣ ਸਿੰਘ, ਅੰਮ੍ਰਿਤਾ, ਈਸ਼ਵਰ ਚਿੱਤਰਕਾਰ, ਬਾਵਾ ਬਲਵੰਤ, ਸੰਤੋਖ ਸਿੰਘ ਧੀਰ, ਹਰਭਜਨ ਹੁੰਦਲ, ਜਗਤਾਰ, ਸੁਰਜੀਤ ਪਾਤਰ, ਦਰਸ਼ਨ ਖਟਕੜ ਆਦਿ ਸ਼ਾਮਿਲ ਹਨ। ਵਸਤਾਂ, ਵਿਚਾਰਾਂ ਅਤੇ ਪ੍ਰਸਥਿਤੀਆਂ ਨੂੰ ਨਵੇਂ ਨਜ਼ਰੀਏ ਤੋਂ ਵੇਖਣ ਦਾ ਯਤਨ ਕਰਕੇ ਪੰਜਾਬੀ ਕਵਿਤਾ ਨੂੰ ਭਾਈ ਵੀਰ ਸਿੰਘ ਅਤੇ ਪੂਰਨ ਸਿੰਘ ਦੀ ਧਾਰਮਿਕ ਅਤੇ ਸੱਭਿਆਚਾਰਕ ਰੋਮਾਂਟਿਕਤਾ ਨਾਲੋਂ ਤੋੜਿਆ। -ਮੋਹਣ ਸਿੰਘ, ਬਾਵਾ ਬਲਵੰਤ, ਜਗਤਾਰ ਅਤੇ ਸੁਰਜੀਤ ਪਾਤਰ ਦੀ ਭੂਮਿਕਾ ਇਸ ਦੌਰ ਦੀ ਜ਼ਿਕਰਯੋਗ ਭੂਮਿਕਾ ਹੈ। ਪ੍ਰਯੋਗਵਾਦੀ ਕਵਿਤਾ ਨੂੰ ਇਕ ਪਾਸੇ ਛੱਡ ਦੇਈਏ ਤਾਂ ਸੁਰਜੀਤ ਪਾਤਰ ਪ੍ਰਗਤੀਵਾਦੀ ਅਤੇ ਨਵ-ਪ੍ਰਗਤੀਵਾਦੀ ਕਵਿਤਾ ਵਿਚਕਾਰ ਇਕ ਅਜਿਹੀ ਕੜੀ ਹੈ, ਜਿਸ ਨੇ ਕਵਿਤਾ ਨੂੰ ਨਵੇਂ ਵਿਸਤਾਰ ਦਿੱਤੇ ਹਨ। ਪਰੰਤੂ ਪ੍ਰਗਤੀਵਾਦੀ ਅਤੇ ਨਵ-ਪ੍ਰਗਤੀਵਾਦੀ ਕਵਿਤਾ ਦਾ ਸਮੁੱਚਾ ਪ੍ਰਭਾਵ ਇਕਹਿਰੀ ਦਿਖ ਵਾਲਾ ਹੈ। ਕਵਿਤਾ ਦੀਆਂ ਨਵੀਆਂ ਵਿਧੀਆਂ ਰਾਹੀਂ ਪ੍ਰਸਥਿਤੀਆਂ ਦੇ ਬੋਧ ਨੂੰ ਪ੍ਰਗਟਾਉਣ ਦੀ ਸ਼ਿੱਦਤ ਇਨ੍ਹਾਂ ਕਵੀਆਂ ਦੀ ਕਵਿਤਾ ਦਾ ਸਹਿਜ ਨਾ ਬਣ ਸਕੀ। ਇਸ ਦਾ ਕਾਰਨ ਸ਼ਾਇਦ ਇਹ ਸੀ ਕਿ ਜਦੋਂ ਵਿਚਾਰ ਨੂੰ ਹੀ ਕਵਿਤਾ ਸਮਝ ਲਿਆ ਗਿਆ ਤਾਂ ਇਸ ਦੌਰ ਦੇ ਨਵੇਂ ਵਿਚਾਰ ਵੀ, ਨਵੀਆਂ ਪ੍ਰਗਟਾਉ ਵਿਧੀਆਂ ਤੋਂ ਵਿਹੂਣੇ ਰਹਿ ਗਏ। ਜਿਸ ਦਾ ਦੂਰਰਸ ਪ੍ਰਭਾਵ ਇਹ ਪਿਆ ਕਿ ਵੱਖ-ਵੱਖ ਕਵੀਆਂ ਵੱਲੋਂ ਲਿਖੀਆਂ ਕਵਿਤਾਵਾਂ ਵੀ ਇਕੋ ਜਿਹੀਆਂ ਦਿਸਣ ਲੱਗੀਆਂ ਅਤੇ ਆਪਣੀ ਸਦੀਵਤਾ ਗੁਆਉਣ ਲੱਗੀਆ। ਇਹ ਕਵਿਤਾ ਕਵੀਆਂ ਦੀ ਕਵਿਤਾ ਨਾ ਹੋ ਕੇ, ਲਹਿਰਾਂ ਦੀ ਕਵਿਤਾ ਵਜੋਂ ਸਥਾਪਤ ਹੋਣ ਲੱਗੀ।
ਇਸ ਦੌਰ ਦਾ ਨਵਾਂ ਵਿਚਾਰ ਧਰਮ ਅਤੇ ਪੂੰਜੀ ਨੂੰ ਕਾਟੇ ਹੇਠ ਤਾਂ ਰੱਖਦਾ ਸੀ। ਪਰ ਆਪਣੇ ਕਾਵਿ ਨਾਇਕ ਦੀ ਪ੍ਰਮਾਣਿਕ ਸਿਰਜਣਾ ਪ੍ਰਤੀ ਸੁਚੇਤ ਨਹੀਂ ਸੀ।ਇਸ ਦੌਰ ਦੇ ਕਵੀ ਖਾਸ ਕਰਕੇ ਨਵ-ਪ੍ਰਗਤੀਵਾਦੀ, ਨਕਸਲੀ ਕਵੀ ਧਰਮ-ਨਾਇਕਾਂ ਅਤੇ ਮਿੱਥਕ ਪਾਤਰਾਂ ਨੂੰ ਪ੍ਰਤੀਕ ਬਣਾ ਕੇ ਆਪਣੀ ਸਿਰਜਣਾ ਨੂੰ ਸਿਰੇ ਚਾੜ੍ਹਨ ਦੇ ਆਹਰ ਵਿਚ ਸਨ।
ਕਵਿਤਾ ਦਾ ਅਜਿਹਾ ਨਾਇਕ ਮੁਖੀ ਮੁਹਾਵਰਾ ਵਿਚਾਰਾਂ ਦੇ ਤਨਾਉ ਅਤੇ ਟਕਰਾਉ ਨੂੰ ਨਿਵੇਕਲੀ ਕਾਵਿ-ਪਛਾਣ ਪ੍ਰਦਾਨ ਕਰ ਸਕਣ ਤੋਂ ਅਸਮਰੱਥ ਰਹਿੰਦਾ ਹੈ ।ਪਰ ਇਸ ਸਾਰੇ ਵਰਤਾਰੇ ਦੇ ਕਾਵਿ ਮੁਹਾਵਰੇ (Poetic idiom) ਵਿੱਚ ਪਾਸ਼-ਕਾਵਿ ਦੀ ਸਥਿਤੀ ਨਿਵੇਕਲੀ ਨਜ਼ਰ ਆਉਂਦੀ ਹੈ। ਵਧੇਰੇ ਕਰ ਕੇ ਕਿਸਾਨੀ ਸਮਸਿਆਵਾਂ ਉੱਤੇ ਕੇਂਦਰਿਤ ਰਹਿਣ ਦੇ ਬਾਵਜੂਦ ਪਾਸ਼ ਦੀ ਕਵਿਤਾ ਨੇ ਪਾਠਕਾਂ ਦੇ ਮਨਾਂ ਵਿਚ ਉਹ ਖਲਬਲੀ ਮਚਾਈ, ਜੋ ਅਸਲ ਵਿਚ ਕਵਿਤਾ ਦਾ ਪ੍ਰਕਾਰਜ ਹੋਣਾ ਚਾਹੀਦਾ ਹੈ। ਰਵਾਇਤੀ, ਦਰਬਾਰੀ ਜਾਂ ਸਰੋਤਾ-ਮੁੱਖ ਕਵਿਤਾ ਨੂੰ ਕਿਨਾਰੇ ਕਰਕੇ ਆਪਣੀ ਕਵਿਤਾ ਨੂੰ ਉਸ ਨੇ ਇਸ ਕਦਰ ਸਿਰਜਿਆ ਕਿ ਇਹ ਧਾਰਨਾ ਇਕ ਵਾਰ ਫੇਰ ਸਥਾਪਤ ਕਰ ਦਿੱਤੀ ਕਿ ਕਵੀ ਹੋਣਾ ਅਸਲ ਵਿਚ ਵੱਖਰੇ ਹੋਣਾ ਹੈ। ਉਸ ਦਾ ਸਿੱਧੇ ਸੰਬੋਧਨ ਦੀ ਵੱਖਰੀ ਵਿਧੀ ਲੈ ਕੇ ਆਉਣਾ, ਇਕ ਆਦਰਸ਼ ਸਥਿਤੀ ਵਾਂਗ ਹੈ, ਜਿਸ ਨੇ ਉਸ ਨੂੰ ਵੱਖਰੀ ਪਛਾਣ ਦਿੱਤੀ ਤੇ ਫੇਰ ਕਈ ਸਾਲਾਂ ਤੱਕ ਉਸ ਵਰਗੀ ਕਵਿਤਾ ਲਿਖਣ ਦਾ ਰੁਝਾਨ ਕੁਝ ਵੱਖਰੇ ਵਿਸਤਾਰਾਂ ਨਾਲ ਕਾਇਮ ਰਿਹਾ।
ਪਾਸ਼ ਦੀ "ਸਾਡੇ ਸਮਿਆਂ ਵਿੱਚ" ਦੀ ਕਵਿਤਾ ਵਿਚੀਂ ਗ਼ੁਜ਼ਰੀਏ ਤਾਂ ਪਾਸ਼ ਉੱਤਰ-ਪ੍ਰਗਤੀਵਾਦੀ ਕਵਿਤਾ ਦਾ ਪਹਿਲਾ ਕਵੀ ਹੈ ਜਿਸ ਨੇ ਰਵਾਇਤੀ ਪ੍ਰਗਤੀਵਾਦੀ ਕਾਵਿ ਜੁਗਤਾਂ ਅਤੇ ਵਿਚਾਰ ਪ੍ਰਵਾਹ ਨੂੰ ਨਵੀਆਂ ਦਿਸ਼ਾਵਾਂ ਅਤੇ ਬੁਲੰਦੀਆਂ ਪ੍ਰਦਾਨ ਕੀਤੀਆਂ।
ਪਾਸ਼ ਤੋਂ ਬਾਅਦ ਦੀ ਪੰਜਾਬੀ ਕਵਿਤਾ ਨਵੀਆਂ ਵਿਧੀਆਂ ਦੀ ਤਲਾਸ਼ ਵਿਚ ਲਗਾਤਾਰ ਭਟਕ ਰਹੀ ਹੈ। ਕਵਿਤਾ ਦਾ ਜੋ ਮੁਹਾਵਰਾ (idiom) ਕਵੀ ਦੇ ਅੰਦਰੋਂ ਉਜਾਗਰ ਹੋਣਾ ਹੁੰਦਾ ਹੈ। ਉਹ ਆਪਣੀ ਉਹ ਬੁਲੰਦੀ ਹਾਸਿਲ ਨਹੀਂ ਕਰ ਰਿਹਾ,ਜਿਸ ਦੀ ਪੰਜਾਬੀ ਕਵਿਤਾ ਨੂੰ ਲੋੜ ਹੈ।ਟਿਕੀਆਂ ਹੋਈਆਂ ਸਮਾਜਿਕ ਪ੍ਰਸਥਿਤੀਆਂ ਵਿਚ ਲਿਖੇ ਜਾਣ ਵਾਲੀ ਕਵਿਤਾ ਦੀ ਭਰਮਾਰ ਨੂੰ ਤੋੜਨਾ,ਵੇਲੇ ਦੀ ਜ਼ਰੂਰਤ ਹੈ। ਨਵੇਂ ਕਵੀਆਂ ਨੂੰ ਪਰੰਪਰਕ ਕਾਵਿਕ ਵਿਆਕਰਨ ਦਾ ਭੰਜਨ ਕਰਨਾ ਪਵੇਗਾ। ਸੰਤੋਖ ਵਾਲੀ ਗੱਲ ਇਹ ਹੈ ਕਿ ਇਸ ਦੌਰ ਵਿੱਚ ਵੀ ਬਹੁਤ ਸਾਰੇ ਕਵੀ ਹਨ,ਜਿਨ੍ਹਾਂ ਕੋਲ ਕਵਿਤਾ ਦੀ ਵਿਧਾ ਨੂੰ,ਨਵੀਆਂ ਵਿਧੀਆਂ ਰਾਹੀਂ ਵੰਗਾਰਨ ਦੀ ਜੁਗਤ ਵੀ ਹੈ ਅਤੇ ਜ਼ੁਰਅਤ ਹੈ-ਇਨ੍ਹਾਂ ਵਿਚ ਗੁਰਪ੍ਰੀਤ ਮਾਨਸਾ, ਅਮਰਜੀਤ ਕੌਂਕੇ,ਭੁਪਿੰਦਰ ਕੌਰ ਪ੍ਰੀਤ, ਜਸਵੰਤ ਸਿੰਘ ਜ਼ਫ਼ਰ,ਦਰਸ਼ਨ ਬੁੱਟਰ,ਪਾਲ ਕੌਰ,ਅਰਤਿੰਦਰ ਸੰਧੂ, ਮਦਨ ਵੀਰਾ, ਬਲਵਿੰਦਰ ਸੰਧੂ,ਸੰਦੀਪ ਜਸਵਾਲ, ਮਨਦੀਪ ਔਲਖ,ਰਣਧੀਰ ਆਦਿ ਨਾਮ ਗਿਣੇ ਜਾ ਸਕਦੇ ਹਨ। ਇਨ੍ਹਾਂ ਕਵੀਆਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਅਜਿਹੀਆਂ ਹਨ, ਜੋ ਕਵਿਤਾ ਦੀ ਸਥਾਪਤ ਵਿਧਾ ਅਤੇ ਰਵਾਇਤੀ ਮੁਹਾਵਰੇ ਨੂੰ ਵੰਗਾਰ ਰਹੀਆਂ ਹਨ। ਇਨ੍ਹਾਂ ਕਵੀਆਂ ਦੀ ਕਵਿਤਾ ਦਾ ਗਹਿਨ ਵਿਸ਼ਲੇਸ਼ਣ ਸਪੱਸ਼ਟ ਕਰਦਾ ਹੈ ਕਿ ਪ੍ਰਮਾਣਿਕ ਕਵਿਤਾ ਉਹ ਕਵਿਤਾ ਹੈ, ਜੋ ਸਮਕਾਲੀ ਸਰੋਕਾਰਾਂ ਨੂੰ ਮਾਨਵੀ ਦ੍ਰਿਸ਼ਟੀ ਤੋਂ ਵੇਖਦੀ ਹੋਈ,ਲਹਿਰਾਂ ਅਤੇ ਵਿਚਾਰਾਂ ਦਾ ਅੰਗ ਹੁੰਦੀ ਹੋਈ ਵੀ, ਕਵਿਤਾ ਹੋਵੇ। ਕਿਸੇ ਵੀ ਸਥਿਤੀ ਦਾ ਬੋਧ ਜਗਾਉਣ ਵਾਲੀ ਕਾਵਿਕ ਸਮਰੱਥਾ ਉਸ ਵਿੱਚ ਵਿਦਮਾਨ ਹੋਵੇ।ਸਮਕਾਲੀ ਨਵੀਂ ਪੰਜਾਬੀ ਕਵਿਤਾ ਅਜਿਹੇ ਝਲਕਾਰੇ ਪਾ ਰਹੀ ਹੈ। ਨਵੀਂ ਕਵਿਤਾ ਵਿੱਚ ਵਿਦਮਾਨ ਨਵੇਂ ਨਕੋਰ ਰੰਗ, ਮਾਨਵ ਹਤੈਸ਼ੀ ਹੋਣ ਦੇ ਨਾਲ-ਨਾਲ ਰਾਜਨੀਤਕ ਨਿਘਾਰਾਂ ਨੂੰ ਵੀ ਕਾਟੇ ਹੇਠ ਰੱਖਦੇ ਹਨ। ਇਹ ਰੰਗ ਸਿਰਫ਼ ਵਿਚਾਰਾਂ ਅਤੇ ਨਾਅਰਿਆਂ ਨਾਲ ਹੀ ਪੇਸ਼ ਨਹੀਂ ਹੁੰਦੇ, ਕਵਿਤਾ ਦੀ ਰੂਹ ਤੱਕ ਵੀ ਇਹਨਾਂ ਦੀ ਰਸਾਈ ਹੈ। ਇਨ੍ਹਾਂ ਨਵੇਂ ਕਵੀਆਂ ਲਈ ਅਜਿਹੀ ਕੋਈ ਮਜਬੂਰੀ ਨਹੀਂ ਹੈ, ਕਿ ਉਹਨਾਂ ਨੇ ਵਾਦਾਂ-ਵਿਵਾਦਾਂ ਅਤੇ ਵਿਚਾਰਾਂ-ਸੰਦੇਸ਼ਾਂ ਦੀਆਂ ਸਰਲ ਸਿੱਧੀਆਂ ਮਜਬੂਰੀਆਂ ਨੂੰ, ਆਪਣੀ ਕਾਵਿਕ ਸੌਖ ਦਾ ਸਾਧਨ ਬਣਾਉਣਾ ਹੋਵੇ। ਜਿਵੇਂ ਸਾਡੇ ਰਵਾਇਤੀ ਪ੍ਰਗਤੀਵਾਦੀ ਕਵੀਆਂ ਨੂੰ ਬਣਾਉਣਾ ਪੈਂਦਾ ਰਿਹਾ ਹੈ। ਇਸ ਕਵਿਤਾ ਨੂੰ ਰੁਦਨ ਤੋਂ ਬਾਅਦ ਦੇ ਜਸ਼ਨਾਂ ਤੋਂ ਰਤਾ ਕੁ ਵਿੱਥ ਉੱਤੇ ਖੜ੍ਹ ਕੇ, ਰੁਦਨ ਅਤੇ ਜਸ਼ਨ ਵਿਚਲੇ ਸੂਖਮ ਬਿੰਦੂ ਦੀ ਸਿਰਜਣਾ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਇਹ ਨਵੇਂ ਕਵੀ ਨਾ ਤਾਂ ਸਮਾਜ ਦੀ ਦਾਇਨੀ ਸਥਿਤੀ ਉੱਤੇ ਸਿਰਫ਼ ਹੰਝੂ ਵਹਾਉਂਦੇ ਹਨ ਅਤੇ ਨਾ ਹੀ ਮੌਜ ਮੇਲਿਆਂ ਦੀ ਜ਼ਿੰਦਗੀ ਮਾਨਣ ਵਾਲੇ ਜਸ਼ਨਾਂ ਦੀ ਕਵਿਤਾ ਲਿਖਣ ਦੀਆਂ ਲੁੱਡੀਆਂ ਪਾਉਂਦੇ ਹਨ। ਇਹਨਾਂ ਕੋਲ ਯਥਾਰਥ ਨੂੰ, ਉਸ ਦੇ ਸਾਰੇ ਪਸਾਰਾਂ ਸਹਿਤ ਕਾਵਿਕ ਬੋਲਾਂ ਵਿੱਚ ਪਰਿਵਰਤਿਤ ਕਰਨ ਦੀ ਕਲਾ ਹੈ। ਇਨ੍ਹਾਂ ਦੇ ਵਿਚਾਰ ਕਵਿਤਾ ਨਹੀਂ ਹਨ,ਇਨ੍ਹਾਂ ਦੀ ਕਵਿਤਾ ਹੀ ਇਨ੍ਹਾਂ ਦੇ ਵਿਚਾਰ ਹਨ। ਇਹ ਕਲਾ ਹੀ, ਇਨ੍ਹਾਂ ਦੀ ਕਵਿਤਾ ਨੂੰ ਪ੍ਰਮਾਣਿਕ ਕਵਿਤਾ ਵਲ ਲਿਜਾ ਰਹੀ ਪ੍ਰਤੀਤ ਹੁੰਦੀ ਹੈ।
ਇਹ ਕਵਿਤਾ ਪੂਰਵਲੀ ਪੰਜਾਬੀ ਕਵਿਤਾ ਨਾਲੋਂ ਵਧੇਰੇ ਬੌਧਿਕ ਅਤੇ ਜਟਲ ਹੈ।ਬੌਧਿਕਤਾ, ਚਿੰਨਾਤਮਿਕਤਾ, ਜਟਲਤਾ ਅਤੇ ਸਹਿਜਤਾ ਵਰਗੇ ਸੰਕਲਪ ਕਵਿਤਾ ਦੇ ਗਹਿਣੇ ਹੀ ਹਨ, ਜਿਹਨਾਂ ਨੂੰ ਸਮੇਂ ਸਮੇਂ ਉੱਤੇ ਪਹਿਨ ਕੇ ਕਵਿਤਾ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ।
ਪੰਜਾਬੀ ਕਵਿਤਾ ਵਿੱਚ ਪਨਪ ਰਹੇ ਨਵੇਂ ਪ੍ਰਯੋਗਵਾਦੀ ਅਤੇ ਉੱਤਰ-ਪ੍ਰਗਤੀਵਾਦੀ ਰੁਝਾਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ,ਕਿਉਂਕਿ ਕਾਵਿਕਾਰੀ ਦੇ ਨਵੇਂ ਪੈਟਰਨ ਹੀ ਸਾਹਿਤਕਾਰੀ ਦੇ ਸਹਿਜ ਵਰਤਾਰੇ ਹੁੰਦੇ ਹਨ। ਜਿਨ੍ਹਾਂ ਨੂੰ ਸਮਕਾਲੀ ਸਮੀਖਿਆ ਨੇ ਸਮਝਣਾ ਅਤੇ ਵਿਸ਼ਲੇਸ਼ਿਤ ਕਰਨਾ ਹੁੰਦਾ ਹੈ। ਵਿਸ਼ਵੀਕਰਨ, ਉੱਤਰ ਆਧੁਨਿਕਤਾ, ਨਵ-ਪ੍ਰਯੋਗਸ਼ੀਲਤਾ ਅਤੇ ਉੱਤਰ-ਪ੍ਰਗਤੀਵਾਦ ਦੇ ਸੰਕਲਪਾਂ ਨੂੰ ਸਮਝਣ, ਵਿਸਤਾਰਨ ਅਤੇ ਸਿਰਜਣਾਤਮਿਕਤਾ ਦੇ ਸੰਦਰਭ ਵਿਚ ਸੂਤਰਬੱਧ ਕਰਨ ਦੀ ਲੋੜ ਹੈ। ਇਹ ਸਥਿਤੀ ਸਰਲ ਅਤੇ ਇਕਹਿਰੀ ਨਹੀਂ ਹੈ। ਇਸ ਦੇ ਬਹੁਤ ਸਾਰੇ ਧਰਾਤਲ ਹਨ-।ਜਿਨ੍ਹਾਂ ਵਿਚ-ਮਾਨਵੀ ਰਿਸ਼ਤੇ ਹਨ, ਧਰਮ ਹੈ, ਵਿਚਾਰ ਹਨ, ਸਮਾਜਤੰਤਰ ਹੈ, ਅਰਥਚਾਰਾ ਹੈ, ਰਾਜਨੀਤੀ ਹੈ-ਅੱਗੋਂ ਇਹ ਸਭ ਕੁਝ ਮਨੁੱਖੀ ਚੇਤਨਾ ਅਤੇ ਸਮਕਾਲੀ ਸੰਵੇਦਨਾ ਨਾਲ ਜੁੜਿਆ ਹੋਇਆ ਹੈ।
ਸਮਕਾਲੀ ਵਰਤਾਰਿਆਂ ਨੇ ਹੀ ਮਾਨਵੀ ਸਰੋਕਾਰਾਂ ਦੀ ਵਿਸ਼ਾਲਤਾ ਰਾਹੀਂ ਸਿਰਜਣੀ-ਚਿੰਤਨ ਤੱਕ ਪਹੁੰਚਣਾ ਹੁੰਦਾ ਹੈ। ਇਸ ਕਰਕੇ ਇਨ੍ਹਾਂ ਸਭ ਵਰਤਾਰਿਆਂ ਦੀ ਸਾਪੇਖਤਾ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।
20 ਪ੍ਰੋਫੈਸਰ ਕਾਲੋਨੀ ਵਡਾਲਾ ਚੌਕ ਜਲੰਧਰ -144001.
ਮੋਬਾਈਲ-94171-94812