14/08/2025
ਵਾਸਕੋ ਡਾ ਗਾਮਾ ਸਮੁੰਦਰ ਦੇ ਰਸਤੇ ਇੰਡੀਆ ਆਇਆ। 170 ਵਿਚੋਂ 116 ਬੰਦੇ ਬੀਮਾਰੀ ਨਾਲ ਰਾਹ ਵਿਚ ਹੀ ਮਰ ਗਏ। Ferdinand Magellan ਧਰਤੀ ਦਾ ਚੱਕਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। 230 ਵਿਚੋਂ 208 ਰਾਹ ਵਿਚ ਏਸੇ ਬੀਮਾਰੀ ਨਾਲ ਮਰ ਗਏ। ਸੌਲਵੀਂ ਤੋਂ ਅਠਾਰਵੀਂ ਸਦੀ ਵਿਚ ਲੱਖਾਂ ਹੀ ਲੋਕ ਸਮੁੰਦਰੀ ਸਫਰ ਦੌਰਾਨ ਇਸ ਬੀਮਾਰੀ ਨਾਲ ਮਰੇ।
ਉਸ ਸਮੇਂ ਜਦੋਂ ਕੋਈ ਜਹਾਜ ਲੰਬੇ ਸਫਰ ਤੇ ਨਿਕਲਦਾ ਸੀ ਤੇ ਲੋਕ ਜਾਣਦੇ ਹੁੰਦੇ ਸਨ ਕਿ ਅੱਧਿਓਂ ਜਿਆਦਾ ਲੋਕ ਇਸ ਬੀਮਾਰੀ ਕਰਕੇ ਰਸਤੇ ਵਿਚ ਹੀ ਮਰ ਜਾਣਗੇ। ਇਸ ਬੀਮਾਰੀ ਦਾ ਨਾਮ ਸੀਃ scurvy. ਇਸ ਨਾਲ ਸ਼ਰੀਰ ਸੁਸਤ ਹੋ ਜਾਂਦਾ ਸੀ, ਥਾਂ ਥਾਂ ਤੋਂ ਖੂਨ ਨਿਕਲਦਾ ਸੀ, ਦੰਦ ਡਿੱਗ ਪੈਂਦੇ ਤੇ ਸ਼ਰੀਰ ਪੀਲਾ ਪੈ ਜਾਂਦਾ।
ਕਿਸੇ ਨੂੰ ਬੀਮਾਰੀ ਸਮਝ ਨਾ ਆਈ। ਮੌਤਾਂ ਜਾਰੀ ਰਹੀਆਂ।
**********
ਸੰਨ 1747, ਇੰਗਲੈਂਡ ਵਿਚ ਇੱਕ ਡਾਕਟਰ ਹੋਇਆਃ James. ਉਸ ਨੇ ਇਸ ਬੀਮਾਰੀ ਦੇ ਮਰੀਜਾਂ ਦੇ ਵੱਖਰੇ ਵੱਖਰੇ ਗਰੁੱਪ ਬਣਾ ਦਿੱਤੇ। ਵੱਖਰੇ ਵੱਖਰੇ ਗਰੁੱਪਾਂ ਦਾ ਇਲਾਜ ਵੀ ਅੱਡ ਅੱਡ ਰੱਖਿਆ। ਜਿਹੜੇ ਗਰੁੱਪ ਦੇ ਮਰੀਜਾਂ ਨੂੰ Citrus fruit (ਵਿਟਾਮਿਨ C ਵਾਲੇ) ਦਿੱਤੇ, ਉਹ ਠੀਕ ਹੋਣ ਲੱਗੇ।
ਅਸਲ ਵਿਚ ਉਸ ਸਮੇਂ ਜਹਾਜਾਂ ਦੇ ਲੰਬੇ ਸਫਰ ਦੌਰਾਨ ਜੋ ਖੁਰਾਕ ਲਿਜਾਈ ਜਾਂਦੀ ਸੀ, ਉਸ ਵਿਚ ਜਰੂਰੀ ਤੱਤ ਨਹੀਂ ਹੁੰਦੇ ਸਨ। ਫੱਲ ਤੇ ਸਬਜੀਆਂ ਨਾਲ ਨਹੀਂ ਲੈ ਕੇ ਜਾਂਦੇ ਸਨ। ਏਸੇ ਕਰਕੇ ਲੋਕਾਂ ਦੇ ਸ਼ਰੀਰ ਵਿਚ ਵਿਟਾਮਿਨ C ਦੀ ਘਾਟ ਨਾਲ scurvy ਦੀ ਬੀਮਾਰੀ ਹੋ ਜਾਂਦੀ ਸੀ।
ਇੰਗਲੈਂਡ ਦੀ ਨੇਵੀ ਨੇ ਜੇਮਸ ਦੀ ਖੋਜ ਤੇ ਜਿਆਦਾ ਯਕੀਨ ਨਾ ਕੀਤਾ। ਪਰ ਕੈਪਟਨ ਜੇਮਜ਼ ਕੁੱਕ ਨੇ ਡਾਕਟਰ ਦੇ ਇਤਬਾਰ ਕਰ ਲਿਆ। ਉਸ ਨੇ ਲੰਬੇ ਸਫਰ ਤੇ ਜਾਣ ਲੱਗੇ ਸਮੁੰਦਰੀ ਜਹਾਜ ਉੱਤੇ ਬਹੁਤ ਸਾਰਾ sauerkraut (ਖਾਸ ਖੁਰਾਕ) ਰਖਵਾ ਲਿਆ ਤੇ ਸਾਰਿਆਂ ਨੂੰ ਹਿਦਾਇਤ ਦਿੱਤੀ ਕਿ ਜਹਾਜ ਜਦੋਂ ਵੀ ਕਿਸੇ ਕਿਨਾਰੇ ਤੇ ਪਹੁੰਚਿਆ ਕਰੇ, ਓਥੇ ਜਿਆਦਾ ਤੋਂ ਜਿਆਦਾ ਤਾਜੀਆਂ ਸਬਜੀਆਂ ਤੇ ਫਲ ਖਾਇਆ ਕਰੋ।
ਕੁੱਕ ਦੇ ਉਸ ਸਫਰ ਵਿਚ ਕਿਸੇ ਨੂੰ scurvy ਨਹੀਂ ਹੋਈ। ਹੌਲੀ ਹੌਲੀ ਬਾਕੀ ਸਮੁੰਦਰੀ ਜਹਾਜਾਂ ਨੇ ਵੀ ਕੁੱਕ ਦੀ ਦੱਸੀ ਖੁਰਾਕ ਵਰਤਣ ਸ਼ੁਰੂ ਕਰ ਦਿੱਤੀ ਤੇ ਇਹ ਬੀਮਾਰੀ ਖਤਮ ਹੋਣ ਲੱਗੀ।
ਇਹ ਜੇਮਜ਼ ਕੁੱਕ ਓਹੀ ਸੀ ਜਿਸਨੇ ਆਸਟ੍ਰੇਲੀਆ ਦੀ ਖੋਜ ਕੀਤੀ ਸੀ।