28/05/2025
ਕਿੰਨੇ ਟੋਭਾ ਟੇਕ ਸਿੰਘ ਹੋਰ, ਕਿੰਨੇ ਬਿਸ਼ਨ ਸਿੰਘ ਹੋਰ...
“ਸਾਡਾ ਹਮੇਸ਼ਾ ਇਹ ਸਵਾਲ ਰਹੇਗਾ - ਅਬਦੁਲ ਵਹੀਦ ਭੱਟ ਨੂੰ ਕਿਸ ਨੇ ਮਾਰਿਆ?"
***
26 ਅਪ੍ਰੈਲ ਨੂੰ ਸਵੇਰੇ 7 ਵਜੇ ਸ੍ਰੀਨਗਰ ਵਿੱਚ ਭੱਟ ਪਰਿਵਾਰ ਦੇ ਘਰ ਦੇ ਦਰਵਾਜ਼ੇ ’ਤੇ ਖੜਕਾਹਟ ਹੋਇਆ।
ਦਸਤਕ ਦੇਣ ਵਾਲ਼ਾ ਜੰਮੂ ਅਤੇ ਕਸ਼ਮੀਰ ਪੁਲਿਸ ਦਾ ਅਧਿਕਾਰੀ ਸੀ। ਉਹ ਪਰਿਵਾਰ ਦੇ ਇੱਕ ਮੈਂਬਰ, ਅਬਦੁਲ ਵਹੀਦ ਭੱਟ, ਜੋ 80 ਸਾਲ ਦਾ ਬਿਸਤਰੇ ’ਤੇ ਪਿਆ ਅਤੇ ਅਚੱਲ ਸੀ, ਲਈ “ਭਾਰਤ ਛੱਡਣ ਦਾ ਨੋਟਿਸ” ਲੈ ਕੇ ਆਇਆ ਸੀ।
ਚਾਰ ਦਿਨ ਪਹਿਲਾਂ, ਪਹਿਲਗਾਮ ਹਮਲੇ ਵਿੱਚ 26 ਨਾਗਰਿਕ ਮਾਰੇ ਗਏ ਸਨ ਜਿਸ ਮਗਰੋਂ ਭਾਰਤ-ਪਾਕਿਸਤਾਨ ਵਿੱਚ ਤਣਾਅ ਵਧ ਗਿਆ ਸੀ। ਭਾਰਤ ਸਰਕਾਰ ਨੇ ਸੂਬਿਆਂ ਨੂੰ ਪਾਕਿਸਤਾਨੀ ਨਾਗਰਿਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕੱਢਣ ਦੇ ਨਿਰਦੇਸ਼ ਦਿੱਤੇ ਸਨ। ਜੰਮੂ ਅਤੇ ਕਸ਼ਮੀਰ ਪੁਲਿਸ ਦੇ ਅਧਿਕਾਰੀ ਭੱਟ ਦੇ ਘਰ ਇਸੇ ਹੁਕਮ ਨੂੰ ਪੂਰਾ ਕਰਨ ਲਈ ਪਹੁੰਚੇ ਸਨ।
ਤਿੰਨ ਦਿਨਾਂ ਤੱਕ, ਭੱਟ ਦੇ ਪਰਿਵਾਰ ਨੇ ਅਧਿਕਾਰੀਆਂ ਅਤੇ ਪੁਲਿਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਪਾਕਿਸਤਾਨੀ ਨਾਗਰਿਕ ਨਹੀਂ ਸੀ।
“ਉਹ ਸ੍ਰੀਨਗਰ ਵਿੱਚ ਪੈਦਾ ਹੋਇਆ ਸੀ ਅਤੇ ਉਸ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਕਸ਼ਮੀਰ ਵਿੱਚ ਬਿਤਾਇਆ ਸੀ, ਸਿਰਫ 15 ਸਾਲਾਂ ਤੋਂ ਛੁੱਟ ਜੋ ਉਸ ਨੇ ਪਾਕਿਸਤਾਨ ਵਿੱਚ ਬਿਤਾਏ ਸਨ, ਉਹ 1980 ਤੋਂ ਕਸ਼ਮੀਰ ਵਿੱਚ ਰਹਿ ਰਿਹਾ ਸੀ।”
ਉਨ੍ਹਾਂ ਨੇ ਉਸ ਦੀਆਂ ਮੈਡੀਕਲ ਰਿਪੋਰਟਾਂ ਵੀ ਜਮ੍ਹਾਂ ਕਰਵਾਈਆਂ, ਜੋ ਦਰਸਾਉਂਦੀਆਂ ਸਨ ਕਿ ਉਹ ਨਾ ਤਾਂ ਬੋਲ ਸਕਦਾ ਸੀ, ਨਾ ਹੀ ਖੜ੍ਹਾ ਹੋ ਸਕਦਾ ਸੀ, ਅਤੇ ਨਾ ਹੀ ਕਿਸੇ ਸਹਾਇਕ ਤੋਂ ਬਿਨਾਂ ਇਕੱਲਾ ਛੱਡਿਆ ਜਾ ਸਕਦਾ ਸੀ।
ਉਨ੍ਹਾਂ ਦੀਆਂ ਅਰਜ਼ੀਆਂ ਦੇ ਬਾਵਜੂਦ, 29 ਅਪ੍ਰੈਲ ਦੀ ਸਵੇਰ ਨੂੰ, ਜੰਮੂ ਅਤੇ ਕਸ਼ਮੀਰ ਪੁਲਿਸ ਨੇ ਅਧਰੰਗ ਦੇ ਮਰੀਜ ਅਬਦੁਲ ਵਹੀਦ ਭੱਟ ਨੂੰ ਪੰਜਾਬ ਦੀ ਅਟਾਰੀ ਸਰਹੱਦ ਵੱਲ ਜਾਣ ਵਾਲੀ ਬੱਸ ਵਿੱਚ ਬਿਠਾ ਦਿੱਤਾ।
ਉਸ ਦੇ ਨਾਲ ਕੋਈ ਨਹੀਂ ਸੀ, ਸਿਵਾਏ 40-ਕੁ ਪਾਕਿਸਤਾਨੀ ਨਾਗਰਿਕਾਂ ਦੇ, ਜਿਨ੍ਹਾਂ ਨੂੰ ਜੰਮੂ ਅਤੇ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਪਾਕਿਸਤਾਨ ਭੇਜਣ ਲਈ ਲਿਆਂਦਾ ਗਿਆ ਸੀ।
ਅਗਲੇ ਦਿਨ, ਜਦੋਂ ਭਾਰਤੀ ਅਧਿਕਾਰੀ ਉਸ ਨੂੰ ਭੇਜਣ ਲਈ ਲੋੜੀਂਦੇ ਕਾਗਜ਼ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਭੱਟ ਅਟਾਰੀ ਵਿੱਚ ਚੈੱਕਪੋਸਟ ਦੇ ਬਾਹਰ ਬੱਸ ਵਿੱਚ ਹੀ ਮਰ ਗਿਆ – 'ਕੱਲਾ-ਕਹਿਰਾ, ਭਾਰਤ-ਪਾਕਿਸਤਾਨ ਦੀ ਸਰਹੱਦ ’ਤੇ। ਉਸ ਕੋਲ਼ ਸਿਰਫ ਕੁਝ ਦਵਾਈਆਂ, ਕੁਝ ਡਾਇਪਰ, ਕੰਬਲ ਅਤੇ ਪਾਣੀ ਦੀ ਬੋਤਲ ਸੀ।
****
ਭੱਟ ਸ੍ਰੀਨਗਰ ਦੇ ਖਨਯਾਰ ਮੁਹੱਲੇ ਵਿੱਚ ਪੈਦਾ ਹੋਇਆ ਸੀ, ਆਪਣੇ ਮਾਪਿਆਂ ਦੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਛੋਟਾ। ਭੱਟ ਦਾ ਪਿਤਾ ਐਕਸਾਈਜ ਮਹਿਕਮੇ ਵਿੱਚ ਸੀ।
1965 ਵਿੱਚ, ਜਦੋਂ ਭੱਟ ਤੀਜੀ ਜਾਂ ਚੌਥੀ ਜਮਾਤ ਵਿੱਚ ਹੋਵੇਗਾ, ਉਹ ਆਪਣੀ ਮਾਸੀ ਨਾਲ਼ ਪਾਕਿਸਤਾਨ ਗਿਆ, ਜਿਸ ਦੇ ਦੋ ਪੁੱਤਰ ਵੰਡ ਤੋਂ ਬਾਅਦ ਉੱਥੇ ਚਲੇ ਗਏ ਸਨ। “ਉਹ ਬਿਨਾਂ ਵੀਜ਼ਾ ਜਾਂ ਕਿਸੇ ਹੋਰ ਦਸਤਾਵੇਜ ਦੇ ਪਾਕਿਸਤਾਨੀ ਕਬਜੇ ਵਾਲ਼ੇ ਕਸ਼ਮੀਰ ਗਏ ਸਨ,” ਰਿਸ਼ਤੇਦਾਰ ਨੇ ਦੱਸਿਆ। “ਉਸ ਸਮੇਂ, ਦੂਜੇ ਪਾਸੇ ਜਾਣ ਲਈ ਸਿਰਫ ਕਾਨੂੰਨੀ ਪਰਮਿਟ ਦੀ ਲੋੜ ਸੀ, ਜੋ ਉਨ੍ਹਾਂ ਕੋਲ਼ ਸੀ।”
1948 ਵਿੱਚ ਸ਼ੁਰੂ ਕੀਤੇ ਗਏ ਪਰਮਿਟ ਸਿਸਟਮ 1960'ਵਿਆਂ ਵਿੱਚ ਕਸ਼ਮੀਰੀਆਂ ਲਈ ਸਰਹੱਦ ਪਾਰ ਯਾਤਰਾ ਕਰਨਾ ਆਮ ਗੱਲ ਸੀ।
ਪਰ ਜਿਵੇਂ ਹੀ ਭੱਟ ਪਾਕਿਸਤਨ ਵਾਲ਼ੇ ਕਸ਼ਮੀਰ ਵਿੱਚ ਪਹੁੰਚਿਆ, ਕਿਸਮਤ ਨੇ ਉਸ ਲਈ ਹੋਰ ਹੀ ਯੋਜਨਾਵਾਂ ਬਣਾਈਆਂ ਹੋਈਆਂ ਸਨ।
ਉਸਦੇ ਪਹੁੰਚਣ ਤੋਂ ਕੁਝ ਚਿਰ ਬਾਅਦ, ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਛਿੜ ਗਈ।
“ਭੱਟ ਅਤੇ ਉਸ ਦੀ ਮਾਸੀ ਵਾਪਸ ਨਹੀਂ ਮੁੜ ਸਕੇ ਅਤੇ ਉੱਥੇ ਫਸ ਗਏ,” ਰਿਸ਼ਤੇਦਾਰ ਨੇ ਕਿਹਾ। “ਜਦੋਂ ਕੁਝ ਸਮੇਂ ਬਾਅਦ ਸਰਹੱਦਾਂ ਮੁੜ ਖੁੱਲ੍ਹੀਆਂ, ਭੱਟ ਦੀ ਮਾਸੀ ਨੇ ਆਪਣੇ ਪੁੱਤਰਾਂ ਨਾਲ਼ ਪਾਕਿਸਤਾਨ ਵਿੱਚ ਰਹਿਣ ਦੀ ਚੋਣ ਕੀਤੀ। ਭੱਟ ਦੇ ਪਰਿਵਾਰ ਨੇ ਉਸ ਨੂੰ ਉਸ ਦੇ ਨਾਲ਼ ਰਹਿਣ ਲਈ ਕਿਹਾ।”
ਪੰਜ ਸਾਲ ਬਾਅਦ, ਭੱਟ ਲਈ ਘਰ ਤੋਂ ਸੁਨੇਹਾ ਆਇਆ। ਅਪ੍ਰੈਲ 1970 ਵਿੱਚ, ਭੱਟ ਦੀ ਮਾਂ ਦਾ ਦੇਹਾਂਤ ਹੋ ਗਿਆ ਜਿਸ ਮਗਰੋਂ ਭੱਟ ਨੇ ਕਸ਼ਮੀਰ ਵਾਪਸੀ ਦਾ ਮਨ ਬਣਾਇਆ।
ਪਰ ਕਸ਼ਮੀਰ ਵਾਪਸੀ ਪੰਜ ਸਾਲ ਪਹਿਲਾਂ ਦੀ ਤਰ੍ਹਾਂ ਸੌਖੀ ਨਹੀਂ ਸੀ। ਜੰਗ ਨੇ ਸਰਹੱਦਾਂ ਨੂੰ ਸਖਤ ਕਰ ਦਿੱਤਾ ਸੀ।
ਭੱਟ ਬਿਨਾਂ ਪਾਸਪੋਰਟ ਜਾਂ ਵੀਜ਼ਾ ਦੇ, ਕਿਸੇ ਵੀ ਨਾਗਰਿਕਤਾ ਦੇ ਦਸਤਾਵੇਜ਼ਾਂ ਤੋਂ ਬਿਨਾਂ, ਪਾਕਿਸਤਾਨ ਪਾਸੇ ਵਾਲ਼ੇ ਕਸ਼ਮੀਰ ਗਿਆ ਸੀ। ਜਦੋਂ ਉਸ ਨੇ ਸ੍ਰੀਨਗਰ ਵਿੱਚ ਆਪਣੇ ਘਰ ਵਾਪਸ ਜਾਣਾ ਚਾਹਿਆ ਤਾਂ ਉਸ ਦਾ ਦਾਖਲਾ ਰੋਕ ਦਿੱਤਾ ਗਿਆ। ਭੱਟ ਨੂੰ ਪਾਕਿਸਤਾਨੀ ਪਾਸਪੋਰਟ ਲਈ ਅਰਜ਼ੀ ਦੇਣ ਲਈ ਕਿਹਾ ਗਿਆ।
ਇਸੇ ਵਿੱਚ ਹੀ ਇੱਕ ਦਹਾਕਾ ਲੱਗ ਗਿਆ। ਲਗਭਗ 15 ਸਾਲ ਪਾਕਿਸਤਾਨ-ਕਬਜ਼ੇ ਵਾਲੇ ਕਸ਼ਮੀਰ ਵਿੱਚ ਰਹਿਣ ਤੋਂ ਬਾਅਦ, ਭੱਟ ਨੇ 1980 ਵਿੱਚ ਅਖੀਰਕਾਰ ਭਾਰਤ ਵਿੱਚ ਕਦਮ ਰੱਖਿਆ। “ਉਸ ਦੇ ਪਰਿਵਾਰ ਨੇ ਅਟਾਰੀ-ਵਾਗਾਹ ਸਰਹੱਦ ’ਤੇ ਉਸ ਦਾ ਵੱਡਾ ਸਵਾਗਤ ਕੀਤਾ,” ਰਿਸ਼ਤੇਦਾਰ ਨੇ ਕਿਹਾ। “ਹਾਂ, ਉਹੀ ਸਰਹੱਦ ਜਿੱਥੇ ਉਸ ਦੀ ਅੰਤ ਵਿੱਚ ਮੌਤ ਹੋਈ।”
ਕਸ਼ਮੀਰ ਵਾਪਸ ਆ ਕੇ, ਅਬਦੁਲ ਵਹੀਦ ਭੱਟ ਸ੍ਰੀਨਗਰ ਦੇ ਖਨਯਾਰ ਇਲਾਕੇ ਵਿੱਚ ਆਪਣੇ ਜੱਦੀ ਘਰ ਵਿੱਚ ਵਸ ਗਿਆ।
ਪਰ ਪਾਕਿਸਤਾਨ ਵਾਲ਼ੇ ਕਸ਼ਮੀਰ ਵਿੱਚ ਉਸ ਦੇ ਲੰਬੇ ਠਹਿਰਾਅ ਨੇ ਉਸਦਾ ਪਿੱਛਾ ਨਹੀਂ ਛੱਡਿਆ। ਵਾਪਸੀ ਦੇ ਕੁਝ ਸਾਲਾਂ ਬਾਅਦ, ਜੰਮੂ ਅਤੇ ਕਸ਼ਮੀਰ ਪੁਲਿਸ ਨੇ ਉਸ ਖਿਲਾਫ “ਭਾਰਤ ਵਿੱਚ ਜ਼ਿਆਦਾ ਸਮਾਂ ਰਹਿਣ” ਦੇ ਦੋਸ਼ ਵਿੱਚ ਐੱਫਆਈਆਰ ਦਰਜ ਕਰ ਦਿੱਤੀ। ਇਸ ਮਾਮਲੇ ਵਿੱਚ ਚਾਰਜਸ਼ੀਟ ਪੇਸ਼ ਕੀਤੀ ਗਈ ਭਾਵੇਂ ਬਾਅਦ ਵਿੱਚ ਅਦਾਲਤ ਨੇ ਉਸ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਫਿਰ ਵੀ, ਭੱਟ ਨੂੰ ਇਹ ਸੱਲ ਕਦੇ ਭੁੱਲਿਆ ਨਹੀਂ ਕਿ ਉਹ ਅਜਿਹਾ ਕਸ਼ਮੀਰੀ ਸੀ ਜੋ ਪਾਕਿਸਤਾਨੀ ਪਾਸਪੋਰਟ ’ਤੇ ਸੀ ਪਰ ਭਾਰਤ ਵਿੱਚ ਰਹਿੰਦਾ ਸੀ।
“ਇਸੇ ਲਈ ਉਸ ਨੇ ਵਿਆਹ ਨਹੀਂ ਕੀਤਾ ਕਿਉਂਕਿ ਉਸ ਨੂੰ ਹਮੇਸ਼ਾ ਲੱਗਦਾ ਸੀ ਕਿ ਉਸ ਨੂੰ ਨਾ ਤਾਂ ਪਾਕਿਸਤਾਨੀ ਵਜੋਂ ਮਾਨਤਾ ਮਿਲੀ ਹੈ ਅਤੇ ਨਾ ਹੀ ਭਾਰਤੀ ਵਜੋਂ, ਇਸੇ ਲਈ ਉਸ ਨੇ ਸੋਚਿਆ ਸੀ ਕਿ ਕਿਸੇ ਕੁੜੀ ਦੀ ਜ਼ਿੰਦਗੀ ਨੂੰ ਵਿਆਹ ਕਰਕੇ ਬਰਬਾਦ ਨਹੀਂ ਕਰੇਗਾ।”
ਸਮੇਂ ਨਾਲ਼ ਭੱਟ ਦੀ ਸਿਹਤ ਵਿਗੜਦੀ ਗਈ। 2016 ਵਿੱਚ ਦਿਲ ਦਾ ਦੌਰਾ, 2021 ਵਿੱਚ, ਦਿਮਾਗੀ ਸਟਰੋਕ ਤੇ 2025 ਵਿੱਚ, ਮੌਤ ਤੋਂ ਸਿਰਫ ਦੋ ਮਹੀਨੇ ਪਹਿਲਾਂ ਇੱਕ ਹੋਰ ਦੌਰੇ ਨੇ ਉਸ ਨੂੰ ਪੂਰੀ ਤਰ੍ਹਾਂ ਅਧਰੰਗ ਦਾ ਮਰੀਜ ਬਣਾ ਦਿੱਤਾ ਤੇ ਬਿਸਤਰੇ ਤੱਕ ਸੀਮਤ ਕਰ ਦਿੱਤਾ।
“ਉਹ ਆਪਣੇ ਆਪ ਖਾਣ ਵੀ ਨਹੀਂ ਸੀ ਖਾ ਸਕਦਾ ਅਤੇ ਪੂਰੀ ਤਰ੍ਹਾਂ ਦੂਜਿਆਂ ’ਤੇ ਨਿਰਭਰ ਸੀ,” ਰਿਸ਼ਤੇਦਾਰ ਨੇ ਅੱਗੇ ਦੱਸਿਆ।
“ਭਾਰਤ ਛੱਡਣ ਦਾ ਨੋਟਿਸ” ਪਰਿਵਾਰ ਨੂੰ ਸੌਂਪੇ ਜਾਣ ਤੋਂ ਦੋ ਦਿਨ ਬਾਅਦ, ਪੁਲਿਸ ਅਧਿਕਾਰੀਆਂ ਨੇ ਭੱਟ ਦੇ ਘਰ ਕਈ ਵਾਰ ਦੌਰੇ ਕੀਤੇ, ਉਸ ਦੀਆਂ ਤਸਵੀਰਾਂ ਲਈਆਂ ਅਤੇ ਉਸ ਨੂੰ ਦੱਸਿਆ ਕਿ ਉਸ ਨੂੰ ਭਾਰਤ ਛੱਡਣਾ ਪਵੇਗਾ। “ਪਰ ਭੱਟ ਕੁਝ ਵੀ ਸਮਝ ਨਹੀਂ ਸਕਿਆ,” ਰਿਸ਼ਤੇਦਾਰ ਨੇ ਦੱਸਿਆ।
ਬਾਅਦ ਵਿੱਚ ਰਾਤ 11 ਵਜੇ, ਸਥਾਨਕ ਪੁਲਿਸ ਸਟੇਸ਼ਨ ਨੇ ਭੱਟ ਦੇ ਇੱਕ ਰਿਸ਼ਤੇਦਾਰ ਨੂੰ ਫੋਨ ਕੀਤਾ ਅਤੇ ਉਸ ਨੂੰ ਪੁਲਿਸ ਸਟੇਸ਼ਨ ਲਿਆਉਣ ਲਈ ਕਿਹਾ। “ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਤਸਵੀਰਾਂ ਲੈਣੀਆਂ ਸਨ। ਜਦੋਂ ਭੱਟ ਕੁਝ ਪਰਿਵਾਰਕ ਮੈਂਬਰਾਂ ਨਾਲ ਪਹੁੰਚਿਆ, ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਸਟੇਸ਼ਨ ਦੇ ਕੁਝ ਪੁਲਿਸ ਕਰਮਚਾਰੀ ਉਸ ਨੂੰ ਪੁਲਿਸ ਕੰਟਰੋਲ ਰੂਮ ਵਿੱਚ ਲੈ ਜਾਣਗੇ।”
ਸ੍ਰੀਨਗਰ ਦੇ ਪੁਲਿਸ ਕੰਟਰੋਲ ਰੂਮ ’ਤੇ ਪਹੁੰਚਣ ’ਤੇ, ਭੱਟ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਸ ਨੂੰ ਕੱਢਿਆ ਜਾ ਰਿਹਾ ਸੀ।
“29 ਅਪ੍ਰੈਲ ਨੂੰ ਸਵੇਰੇ ਲਗਭਗ 3:30 ਵਜੇ, ਪੁਲਿਸ ਅਧਿਕਾਰੀਆਂ ਨੇ ਸਾਰੇ ਨਾਗਰਿਕਾਂ ਨੂੰ ਇਨ੍ਹਾਂ ਬੱਸਾਂ ਵਿੱਚ ਬਿਠਾਇਆ ਅਤੇ ਪੰਜਾਬ ਲਈ ਰਵਾਨਾ ਹੋ ਗਏ,” ਰਿਸ਼ਤੇਦਾਰ ਨੇ ਦੱਸਿਆ।
ਲਗਭਗ ਡੇਢ ਦਿਨ ਤੱਕ, ਭੱਟ ਦੇ ਪਰਿਵਾਰ ਨੂੰ ਉਸ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਸੀ। 30 ਅਪ੍ਰੈਲ ਨੂੰ ਸ਼ਾਮ 8 ਵਜੇ ਦੇ ਆਸਪਾਸ, ਸ੍ਰੀਨਗਰ ਵਿੱਚ ਭੱਟ ਦੇ ਪਰਿਵਾਰ ਨੂੰ ਪੰਜਾਬ ਦੇ ਇੱਕ ਪੁਲਿਸ ਸਟੇਸ਼ਨ ਤੋਂ ਫੋਨ ਆਇਆ, ਜਿਸ ਵਿੱਚ ਸੂਚਿਤ ਕੀਤਾ ਗਿਆ ਕਿ ਉਸ ਦੀ ਮੌਤ ਹੋ ਗਈ ਸੀ।
ਪਰਿਵਾਰ ਨੂੰ ਅਜੇ ਵੀ ਭੱਟ ਦੇ ਅੰਤਮ ਪਲਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਹੈ। “ਅਸੀਂ ਕਿਸੇ ਤੋਂ ਸੁਣਿਆ ਕਿ ਉਸ ਦੀ ਮੌਤ ਪਾਣੀ ਦੀ ਕਮੀ ਨਾਲ਼ ਹੋਈ ਸੀ। ਉਹ ਸ਼ਾਇਦ ਪੂਰਾ ਸਮਾਂ ਬੱਸ ਵਿੱਚ ਹੀ ਰਿਹਾ ਹੋਵੇਗਾ ਅਤੇ ਪੂਰੀ ਤਰ੍ਹਾਂ ਅਧਰੰਗ ਹੋਣ ਕਾਰਨ, ਉਹ ਸ਼ਾਇਦ ਕਿਸੇ ਤੋਂ ਪਾਣੀ ਜਾਂ ਮਦਦ ਮੰਗਣ ਵਿੱਚ ਅਸਮਰੱਥ ਰਿਹਾ ਹੋਵੇਗਾ।”
ਭੱਟ ਦੀ ਲਾਸ਼ ਸ੍ਰੀਨਗਰ ਪ੍ਰਸ਼ਾਸਨ ਨੇ 1 ਮਈ ਦੀ ਰਾਤ ਨੂੰ ਵਾਪਸ ਲਿਆਂਦੀ।
ਅਗਲੀ ਸਵੇਰ, ਸਵੇਰੇ 8:30 ਵਜੇ ਦੇ ਆਸਪਾਸ, ਭੱਟ ਨੂੰ ਸ੍ਰੀਨਗਰ ਦੇ ਮਲਖਾ ਇਲਾਕੇ ਵਿੱਚ ਦਫਨਾਇਆ ਗਿਆ।
ਪਰ ਅਜੇ ਵੀ ਉਸ ਦੇ ਪਰਿਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ ’ਤੇ ਭੱਟ ਦੀ ਮੌਤ ਬਾਰੇ ਕਈ ਸਵਾਲ ਸਤਾਉਂਦੇ ਹਨ। ਉਸ ਦੇ ਰਿਸ਼ਤੇਦਾਰ ਨੇ ਕਿਹਾ: “ਸਾਡਾ ਹਮੇਸ਼ਾ ਇਹ ਸਵਾਲ ਰਹੇਗਾ - ਅਬਦੁਲ ਵਹੀਦ ਭੱਟ ਨੂੰ ਕਿਸ ਨੇ ਮਾਰਿਆ?"
- ਵੈਬਸਾਇਟ ਸਕਰੌਲ ਦੀ ਰਿਪੋਰਟ ਦਾ ਸਾਰ
#ਲਲਕਾਰ #ਪੰਜਾਬ #ਵੰਡ #ਪਾਕਿਸਤਾਨ #ਭਾਰਤ