12/07/2026
ਮਾਤਾ ਅੰਜਨੀ ਦੇ ਪੁੱਤਰ ਪਿਤਾ ਕੇਸਰੀ ਜੀ ਦੇ ਪਿਆਰੇ ਸ਼੍ਰੀ ਹਨੂੰਮਾਨ ਜੀ ਦੇ ਬਚਪਨ ਦੀ ਇਹ ਘਟਨਾ ਜਿੰਨੀ ਰੋਮਾਂਚਕ ਹੈ ਅਤੇ ਡੂੰਘੀ ਸਿੱਖਿਆ ਵੀ ਦਿੰਦੀ ਹੈ।
ਜਦੋਂ ਦੇਵਤਿਆਂ ਨੇ ਸ਼੍ਰੀ ਹਨੂੰਮਾਨ ਜੀ ਨੂੰ ਅਜੇਤੂ ਹੋਣ ਦੇ ਵਰਦਾਨ ਦਿੱਤੇ, ਤਾਂ ਉਨ੍ਹਾਂ ਦੀ ਸ਼ਕਤੀ ਅਤੇ ਊਰਜਾ ਅਨੰਤ ਹੋ ਗਈ। ਹੁਣ ਉਹ ਕੇਵਲ ਇੱਕ ਆਮ ਬਾਲਕ ਨਹੀਂ ਰਹੇ ਸਨ, ਸਗੋਂ ਸਾਰੇ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਜੀਵਾਂ ਵਿੱਚੋਂ ਇੱਕ ਬਣ ਚੁੱਕੇ ਸਨ। ਉਹ ਇੱਕ ਬਾਲਕ ਹੀ ਸਨ ਅਤੇ ਸੁਭਾਅ ਤੋਂ ਬਹੁਤ ਹੀ ਚੰਚਲ ਸਨ।
ਸ਼੍ਰੀ ਹਨੂੰਮਾਨ ਜੀ ਅਕਸਰ ਰਿਸ਼ੀਆਂ ਮੁਨੀਆਂ ਦੇ ਆਸ਼ਰਮਾਂ ਵਿੱਚ ਚਲੇ ਜਾਂਦੇ, ਉੱਥੇ ਰਿਸ਼ੀ-ਮੁਨੀ ਸ਼ਾਂਤੀ ਨਾਲ ਯੱਗ ਅਤੇ ਤਪੱਸਿਆ ਵਿੱਚ ਲੀਨ ਰਹਿੰਦੇ ਸਨ। ਨਿੱਕੇ ਚੰਚਲ ਸ਼੍ਰੀ ਹਨੂੰਮਾਨ ਜੀ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਕਰਕੇ ਕਦੇ ਰਿਸ਼ੀਆਂ ਦੀ ਦਾੜ੍ਹੀ ਖਿੱਚ ਦਿੰਦੇ, ਕਦੇ ਉਨ੍ਹਾਂ ਦੇ ਕਮੰਡਲ ਦਾ ਜਲ ਡੋਲ ਦਿੰਦੇ, ਤੇ ਕਦੇ ਉਨ੍ਹਾਂ ਦੇ ਕੱਪੜੇ ਰੁੱਖਾਂ ਉੱਤੇ ਟੰਗ ਦਿੰਦੇ।
ਰਿਸ਼ੀ ਜਾਣਦੇ ਸਨ ਕਿ ਇਹ ਬਾਲਕ ਭਗਵਾਨ ਸ਼ਿਵ ਦਾ ਅੰਸ਼ ਅਤੇ ਪਵਨ ਦੇਵ ਦਾ ਪੁੱਤਰ ਹੈ, ਇਸ ਲਈ ਉਹ ਉਸ ਉੱਤੇ ਕ੍ਰੋਧ ਨਹੀਂ ਕਰਦੇ ਸਨ।
ਦੂਜੇ ਪਾਸੇ ਸ਼੍ਰੀ ਹਨੂੰਮਾਨ ਜੀ ਦੀਆਂ ਸ਼ਰਾਰਤਾਂ ਦਿਨੋਂ-ਦਿਨ ਵੱਧਦੀਆਂ ਗਈਆਂ। ਉਹ ਆਪਣੀ ਸ਼ਕਤੀ ਵਿੱਚ ਮਸਤ ਹੋ ਗਏ ਕਿ ਵੱਡੇ-ਵੱਡੇ ਪਹਾੜਾਂ ਨੂੰ ਵੀ ਖਿਡੌਣਿਆਂ ਵਾਂਗ ਚੁੱਕ ਕੇ ਸੁੱਟ ਦਿੰਦੇ ਸਨ।
ਇੱਕ ਵਾਰ ਸ਼੍ਰੀ ਹਨੂੰਮਾਨ ਜੀ ਨੇ ਇੱਕ ਮਹਾਨ ਤਪਸਵੀ ਰਿਸ਼ੀ ਦੇ ਆਸ਼ਰਮ ਵਿੱਚ ਬਹੁਤ ਤਰਥੱਲ ਮਚਾਇਆ। ਉਨ੍ਹਾਂ ਨੇ ਰਿਸ਼ੀ ਦੀ ਯੱਗ ਵੇਦੀ ਨੂੰ ਵਿਗਾੜ ਦਿੱਤਾ ਅਤੇ ਉਨ੍ਹਾਂ ਦਾ ਪਵਿੱਤਰ ਕੁਸ਼ ਆਸਨ ਆਕਾਸ਼ ਵਿੱਚ ਉਡਾ ਦਿੱਤਾ।
ਰਿਸ਼ੀ ਨੇ ਵੇਖਿਆ ਕਿ ਇਹ ਬਾਲਕ ਆਪਣੀ ਸ਼ਕਤੀ ਦਾ ਸਹੀ ਉਪਯੋਗ ਕਰਨਾ ਨਹੀਂ ਜਾਣਦਾ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜੇ ਸ਼੍ਰੀ ਹਨੂਮਾਨ ਜੀ ਆਪਣੀਆਂ ਸ਼ਕਤੀਆਂ ਨੂੰ ਇਸੇ ਤਰ੍ਹਾਂ ਬਿਨਾਂ ਸੰਕੋਚ ਦੇ ਵਰਤਦੇ ਰਹੇ, ਤਾਂ ਸੰਸਾਰ ਵਿੱਚ ਵਿਵਸਥਾ ਕਾਇਮ ਰੱਖਣਾ ਮੁਸ਼ਕਲ ਹੋ ਜਾਵੇਗਾ।
ਰਿਸ਼ੀ ਇਹ ਜਾਣਦੇ ਸਨ ਕਿ ਸ਼੍ਰੀ ਹਨੂੰਮਾਨ ਜੀ ਦਾ ਜਨਮ ਸਿਰਫ਼ ਤੇ ਸਿਰਫ਼ ਭਗਵਾਨ ਸ਼੍ਰੀ ਰਾਮ ਦੀ ਸੇਵਾ ਕਰਨ ਲਈ ਹੋਇਆ ਹੈ। ਜਿਸ ਲਈ ਉਨ੍ਹਾਂ ਵਿੱਚ ਨਿਮਰਤਾ ਅਤੇ ਧੀਰਜ ਦਾ ਹੋਣਾ ਬਹੁਤ ਜ਼ਰੂਰੀ ਸੀ।
ਭਗਵਾਨ ਸ਼੍ਰੀ ਰਾਮ ਜੀ ਦਾ ਨਾਮ ਸਿਮਰ ਕੇ ਉਸ ਰਿਸ਼ੀ ਨੇ ਸ਼੍ਰੀ ਹਨੂੰਮਾਨ ਜੀ ਦੇ ਹਿੱਤ ਵਿੱਚ ਸ਼ਰਾਪ ਦਿੱਤਾ ਕਿ
"ਹੇ ਅੰਜਨੀਪੁੱਤਰ! ਤੈਨੂੰ ਆਪਣੀਆਂ ਸ਼ਕਤੀਆਂ ਦਾ ਇੰਨਾ ਅਹੰਕਾਰ ਹੋ ਗਿਆ ਹੈ ਕਿ ਤੂੰ ਮਰਿਆਦਾ ਭੁੱਲ ਰਿਹਾ ਹੈਂ,ਮੈਂ ਤੈਨੂੰ ਸ਼ਰਾਪ ਦਿੰਦਾ ਹਾਂ ਕਿ ਤੂੰ ਆਪਣੀਆਂ ਸਾਰੀਆਂ ਸ਼ਕਤੀਆਂ ਅਤੇ ਬਲ ਨੂੰ ਭੁੱਲ ਜਾਵੇਂਗਾ। ਜਦ ਤੱਕ ਕੋਈ ਹੋਰ ਤੈਨੂੰ ਤੇਰੀਆਂ ਸ਼ਕਤੀਆਂ ਦੀ ਯਾਦ ਨਹੀਂ ਕਰਵਾਏਗਾ, ਤਦ ਤੱਕ ਤੈਨੂੰ ਆਪਣੀ ਸ਼ਕਤੀ ਦਾ ਅਹਿਸਾਸ ਨਹੀਂ ਹੋਵੇਗਾ।"
ਸ਼ਰਾਪ ਮਿਲਦੇ ਹੀ ਸ਼੍ਰੀ ਹਨੂੰਮਾਨ ਜੀ ਇੱਕ ਸਧਾਰਨ ਬਾਲਕ ਵਾਂਗ ਸ਼ਾਂਤ ਹੋ ਗਏ। ਉਨ੍ਹਾਂ ਦੇ ਅੰਦਰ ਦਾ ਸਾਰਾ ਜਵਾਲਾਮੁਖੀ ਠੰਢਾ ਪੈ ਗਿਆ। ਉਨ੍ਹਾਂ ਨੂੰ ਇਹ ਵੀ ਯਾਦ ਨਾ ਰਿਹਾ ਕਿ ਉਹ ਸੂਰਜ ਨੂੰ ਨਿਗਲ ਸਕਦੇ ਹਨ ਜਾਂ ਸਮੁੰਦਰ ਲੰਘ ਸਕਦੇ ਹਨ।
ਇਸੇ ਕਰਕੇ ਜਦੋਂ ਰਾਵਣ ਮਾਤਾ ਸੀਤਾ ਦਾ ਹਰਣ ਕਰਕੇ ਲੰਕਾ ਲੈ ਗਿਆ, ਤਦ ਵੀ ਸ਼੍ਰੀ ਹਨੂੰਮਾਨ ਜੀ ਸੁਗਰੀਵ ਦੇ ਨਾਲ ਰਿਸ਼ਯਮੂਕ ਪਹਾੜ ਉੱਤੇ ਚੁੱਪਚਾਪ ਬੈਠੇ ਰਹੇ। ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਇਕੱਲੇ ਹੀ ਪੂਰੀ ਲੰਕਾ ਨੂੰ ਭਸਮ ਕਰਨ ਦੀ ਸਮਰੱਥਾ ਰੱਖਦੇ ਹਨ।
ਕਈ ਸਾਲਾਂ ਬਾਅਦ, ਜਦੋਂ ਸ਼੍ਰੀ ਰਾਮ ਜੀ ਦੀ ਸੈਨਾ ਸਮੁੰਦਰ ਦੇ ਕੰਢੇ ਪਹੁੰਚੀ ਅਤੇ ਵਿਸ਼ਾਲ ਸਮੁੰਦਰ ਨੂੰ ਦੇਖ ਕੇ ਸਭ ਨਿਰਾਸ਼ ਹੋ ਗਏ, ਤਦ ਬਜ਼ੁਰਗ ਅਤੇ ਬੁੱਧੀਮਾਨ ਜਾਮਵੰਤ ਜੀ ਨੇ ਸ਼੍ਰੀ ਹਨੂੰਮਾਨ ਜੀ ਨੂੰ ਇੱਕਾਂਤ ਵਿੱਚ ਬੁਲਾਇਆ।
ਜਾਮਵੰਤ ਜੀ ਸ਼੍ਰੀ ਹਨੂੰਮਾਨ ਜੀ ਦੇ ਜਨਮ ਅਤੇ ਉਨ੍ਹਾਂ ਦੀ ਸ਼ਕਤੀ ਨੂੰ ਭਲੀਭਾਂਤੀ ਜਾਣਦੇ ਸਨ।
ਉਨ੍ਹਾਂ ਨੇ ਸ਼੍ਰੀ ਹਨੂੰਮਾਨ ਜੀ ਨੂੰ ਕਿਹਾ:
"ਕਵਨ ਸੋ ਕਾਜ ਕਠਿਨ ਜਗ ਮਾਹੀਂ, ਜੋ ਨਹਿ ਹੋਇ ਤਾਤ ਤੁਹ ਪਾਹੀਂ।"
(ਹੇ ਤਾਤ! ਇਸ ਸੰਸਾਰ ਵਿੱਚ ਅਜਿਹਾ ਕਿਹੜਾ ਔਖਾ ਕੰਮ ਹੈ ਜੋ ਤੁਸੀਂ ਨਹੀਂ ਕਰ ਸਕਦੇ?)
ਜਿਵੇਂ ਹੀ ਜਾਮਵੰਤ ਜੀ ਨੇ ਸ਼੍ਰੀ ਹਨੂੰਮਾਨ ਜੀ ਨੂੰ ਉਨ੍ਹਾਂ ਦੇ ਬਚਪਨ ਦੀਆਂ ਲੀਲਾਵਾਂ ਸੁਣਾਈਆਂ ਅਤੇ ਉਨ੍ਹਾਂ ਨੂੰ 'ਪਵਨਪੁੱਤਰ' ਹੋਣ ਦੀ ਯਾਦ ਦਿਵਾਈ, ਰਿਸ਼ੀ ਦਾ ਸ਼ਰਾਪ ਸਮਾਪਤ ਹੋ ਗਿਆ।
ਸ਼੍ਰੀ ਹਨੂੰਮਾਨ ਜੀ ਦਾ ਸਰੀਰ ਪਹਾੜ ਵਰਗਾ ਵਿਸ਼ਾਲ ਹੋ ਗਿਆ, ਉਨ੍ਹਾਂ ਦੀਆਂ ਅੱਖਾਂ ਵਿੱਚ ਤੇਜ਼ ਚਮਕ ਉੱਠਿਆ ਅਤੇ ਉਨ੍ਹਾਂ ਨੇ ਗਰਜਨਾ ਕਰਦੇ ਹੋਏ ਸਮੁੰਦਰ ਲੰਘਣ ਦੀ ਤਿਆਰੀ ਕਰ ਲਈ।
ਸ਼੍ਰੀ ਰਾਮ ਭਗਤ ਸ਼੍ਰੀ ਹਨੂੰਮਾਨ ਜੀ ਦੀ ਇਹ ਕਥਾ ਅਗਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀ
ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਬੇਅੰਤ ਤਾਕਤ ਅਤੇ ਚੰਚਲ ਸੁਭਾਅ ਕਈ ਵਾਰ ਮੁਸੀਬਤ ਦਾ ਕਾਰਨ ਵੀ ਬਣ ਸਕਦੇ ਹਨ।
ਜੈ ਸ਼੍ਰੀ ਰਾਮ ਜੀ
ਜੈ ਸ਼੍ਰੀ ਹਨੂੰਮਾਨ ਜੀ
-ਕੰਵਲ ਸ਼ਰਮਾ