13/03/2025
ਅਪਣੇ ਖੇਤਰ ਵਿਚ ਨਾਮਵਰ ਪਰ ਦੁਨੀਆਂ ਲਈ ਗੁੰਮਨਾਮ ਸਿੱਖ ਸ਼ਖ਼ਸੀਅਤਾਂ ਬਾਰੇ ਮੁੜ ਤੋਂ ਆਪਣੀ ਨੌਜਵਾਨੀ ਨੂੰ ਜਾਗਰੂਕ ਕਰਨ ਦੀ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਅੱਜ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਪ੍ਰਸਿੱਧ ਕਲਾਕਾਰ ਸਰਦਾਰ ਹਰਭਜਨ ਸਿੰਘ ਜੱਬਲ ਜੀ ਬਾਰੇ ।
ਪੰਜਾਬੀ ਸਿਨੇਮਾ ਜਗਤ ਵਿੱਚ ਜਦੋਂ ਵੀ ਸਾਫ਼ ਸੁਥਰੀ ਪਰਵਾਰਿਕ ਹਾਸਰੱਸ ਕਲਾਕਾਰੀ ਦੀ ਗਲ਼ ਤੁਰੇਗੀ ਤਾਂ ਸਰਦਾਰ ਹਰਭਜਨ ਜੱਬਲ ਅਤੇ ਬੀਬਾ ਜਤਿੰਦਰ ਕੌਰ ਦੀ ਜੋੜੀ ਦਾ ਨਾਮ ਹਮੇਸ਼ਾ ਮੋਹਰਲੀਆਂ ਵਿੱਚ ਆਏਗਾ । ਤਰਖਾਣ ਸਿੱਖ ਪਰਿਵਾਰ ਵਿੱਚ ਜਨਮੇ ਹਰਭਜਨ ਸਿੰਘ ਜੀ ਨੇ ਜਿੱਥੇ ਰੰਗਮੰਚ ਵਿੱਚ ਨਾਮ ਕਮਾਇਆ ਉੱਥੇ ਵੱਡੇ ਪਰਦੇ ਉੱਤੇ ਵੀ ਸਾਬਤ ਸੂਰਤ ਰਹਿ ਕੇ ਹੀ ਕਾਮਯਾਬੀ ਹਾਸਲ ਕੀਤੀ । ਫੂਹੜ ਕਿਸਮ ਦੀ ਕਮੇਡੀ ਤੋਂ ਕੋਹਾਂ ਦੂਰ ਇਸ ਕਲਾਕਾਰ ਦੀ ਸਫ਼ਲਤਾ ਇੱਕ ਮਿਸਾਲ ਹੈ ।
ਇੱਕ ਅਕਤੂਬਰ ਉੱਨੀ ਸੌ ਇਕਤਾਲੀ (01/10/1941) ਨੂੰ ਅਣਵੰਡੇ ਪੰਜਾਬ ਵਿੱਚ ਸਰਦਾਰ ਫੂਲਾ ਸਿੰਘ ਜੱਬਲ ਅਤੇ ਬੀਬੀ ਬੇਅੰਤ ਕੌਰ ਘਟੌੜਾ ਦੀ ਕੁੱਖੋਂ ਹਰਭਜਨ ਸਿੰਘ ਦਾ ਜਨਮ ਹੋਇਆ । ਆਪ ਦੇ ਪਿਤਾ ਹਾਥੀ ਦੰਦ ਦੇ ਕੰਮਾਂ ਦੇ ਮਾਹਰ ਸਨ । ਖ਼ੁਦ ਹਰਭਜਨ ਸਿੰਘ ਵੀ ਇੱਕ ਵਧੀਆ ਕਾਰੀਗਰ ਸਨ । ਆਪ ਦਾ ਬਣਾਇਆ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਬਣਾਇਆ ਚੰਦਨ ਦੀ ਲੱਕੜ ਦਾ ਮਾਡਲ ਓਸ ਸਮੇਂ ਵਿੱਚ ਸਟੇਟ ਐਵਾਰਡ ਜੇਤੂ ਸੀ । ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਦ ਇਹਨਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਫਾਈੰਨ ਆਰਟਸ ਦੀ ਪੜ੍ਹਾਈ ਕੀਤੀ ਅਤੇ ਸਰਦਾਰ ਠਾਕੁਰ ਸਿੰਘ ਸਕੂਲ ਆਫ਼ ਫਾਈਨ ਆਰਟਸ ਵਿੱਚ ਦਾਖਲਾ ਲਿਆ । 1963 ਵਿੱਚ ਉਹ ਡਾ. ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ ਦੇ ਨਾਂ ਨਾਲ ਮਸ਼ਹੂਰ) ਦੇ ਗਰੁੱਪ ਵਿੱਚ ਸ਼ਾਮਲ ਹੋ ਗਏ । ਇੱਥੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਅਤੇ ਪੂਰੀ ਲਗਨ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ । ਬਾਅਦ ਵਿੱਚ ਆਪ ਨੇ ਲੋਕ ਰੰਗ ਮੰਚ ਦੀ ਸਥਾਪਨਾ ਕੀਤੀ । ਇਸ ਬੈਨਰ ਹੇਠ ਹਰਭਜਨ ਸਿੰਘ ਨੇ ਮਨੁੱਖੀ ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਦਰਸਾਉਂਦੇ ਨਾਟਕਾਂ ਦਾ ਨਿਰਦੇਸ਼ਨ ਅਤੇ ਅਦਾਕਾਰੀ ਕੀਤੀ । ਜੱਬਲ ਸਾਬ੍ਹ ਨੇ ਅਨੇਕਾਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਅਤੇ ਵਿਆਪਕ ਪੱਧਰ ਤੇ ਕਮੇਡੀਅਨ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ । ਜੱਬਲ ਸਾਬ੍ਹ ਖੁਦ ਦੂਰਦਰਸ਼ਨ ਲਈ ਬਹੁਤ ਸਾਰੇ ਪ੍ਰਸਿੱਧ ਪ੍ਰੋਗਰਾਮਾਂ ਦੇ ਨਿਰਦੇਸ਼ਕ ਰਹੇ ਹਨ ।
ਇੱਥੇ ਇਹ ਗੱਲ ਦੱਸਣ ਯੋਗ ਹੈ ਕਿ ਬੀਬਾ ਜਤਿੰਦਰ ਕੌਰ ਜੀ ਨਾਲ ਜੱਬਲ ਸਾਬ੍ਹ ਦੀ ਜੋੜੀ ਬਹੁਤ ਮਸ਼ਹੂਰ ਸੀ ਪਰ ਅਸਲੀਅਤ ਵਿੱਚ ਦੋਵੇਂ ਪਤੀ ਪਤਨੀ ਨਹੀਂ ਸਨ । ਜੱਬਲ ਸਾਬ੍ਹ ਦੀ ਰੀਅਲ ਪਤਨੀ ਦਾ ਨਾਮ ਬੀਬਾ ਕੁਲਦੀਪ ਕੌਰ ਹੰਸਪਾਲ ਹੈ ਅਤੇ ਪਰਿਵਾਰ ਵਿੱਚ ਦੋ ਪੁੱਤਰ ਅਤੇ ਦੋ ਧੀਆਂ ਹਨ । ਇਹਨਾਂ ਦੇ ਪਤਨੀ ਵੀ ਬਹੁਤ ਚੰਗੇ ਕਲਾਕਾਰ ਹਨ ਅਤੇ ਅਮਰੀਕਨ ਅਤੇ ਰਸ਼ੀਅਨ ਨਾਟਕਾਂ ਵਿੱਚ ਕੰਮ ਕਰ ਚੁੱਕੇ ਹਨ ।
ਸਰਦਾਰ ਹਰਭਜਨ ਸਿੰਘ ਜੀ ਦੀ ਪ੍ਰਤਿਭਾ ਸਖ਼ਤ ਮਿਹਨਤ ਅਤੇ ਆਪਣੇ ਕਿੱਤੇ ਪ੍ਰਤੀ ਇਮਾਨਦਾਰੀ ਨਾਲ ਲਗਨ ਨੇ ਆਪ ਨੂੰ ਬਹੁਤ ਸਾਰੇ ਮਾਣ ਸਨਮਾਣ ਦਿਵਾਏ ਹਨ। ਜਿੰਨ੍ਹਾ ਵਿੱਚ:
-ਸ਼੍ਰੋਮਣੀ ਨਾਟ ਮੰਡਲੀ (ਪੰਜਾਬ ਸਰਕਾਰ)
-ਇਲਾਹਾਬਾਦ ਨਾਟਿਆ ਸੰਘ ਤੋਂ ਪ੍ਰਧਾਨ ਪੁਰਸਕਾਰ
-ਇਲਾਹਾਬਾਦ ਨਾਟਿਆ ਸੰਘ ਤੋਂ ਸਰਵੋਤਮ ਅਦਾਕਾਰਾ ਪ੍ਰਦਰਸ਼ਨ ਪੁਰਸਕਾਰ
-ਮੁਹੰਮਦ ਰਫੀ ਅਵਾਰਡ
-ਪ੍ਰੋ. ਮੋਹਨ ਸਿੰਘ ਮੈਮੋਰੀਅਲ (ਕਾਮੇਡੀ ਕਿੰਗ) ਐਵਾਰਡ, ਲੁਧਿਆਣਾ
- ਹੈਂਡੀਕਰਾਫਟ ਵਿੱਚ ਰਾਸ਼ਟਰੀ ਪੁਰਸਕਾਰ
-ਪੰਜਾਬ ਸਰਕਾਰ ਤੋਂ ਸਟੇਟ ਕਰਾਫਟ ਮਾਸਟਰ
ਆਪ ਨੇ 'ਲੋਕ ਰੰਗ ਮੰਚ (ਰਜਿ.)' ਦੇ ਪ੍ਰਧਾਨ, 'ਦੂਰਦਰਸ਼ਨ ਐਂਡ ਆਲ ਇੰਡੀਆ ਰੇਡੀਓ ਆਰਟਿਸਟ ਵੈਲਫੇਅਰ ਐਸੋਸੀਏਸ਼ਨ (ਰਜਿ.)' ਦੇ ਉਪ ਪ੍ਰਧਾਨ, 'ਅੰਮ੍ਰਿਤਸਰ ਆਈਵਰੀ ਹੈਂਡੀਕਰਾਫਟ-ਮੈਨ ਐਸੋਸੀਏਸ਼ਨ (ਰਜਿ.)' ਦੇ ਉਪ-ਪ੍ਰਧਾਨ ਹਨ। 'ਅੰਮ੍ਰਿਤਸਰ ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ (ਰਜਿ.)' ਦੇ ਉਪ ਪ੍ਰਧਾਨ ਵਜੋਂ ਵੀ ਜਿੰਮੇਵਾਰੀਆਂ ਨਿਭਾਈਆਂ ਸਨ ।
ਬੇਸ਼ਕ ਸਰੀਰਕ ਤੌਰ ਤੇ ਸਰਦਾਰ ਹਰਭਜਨ ਸਿੰਘ ਜੀ ਸਾਡੇ ਵਿਚਕਾਰ ਨਹੀਂ ਹਨ ਪਰ ਨਵੀਂ ਪੀੜ੍ਹੀ ਨੂੰ ਬਜ਼ੁਰਗਾਂ ਦੀਆਂ ਪ੍ਰਾਪਤੀਆਂ ਅਤੇ ਸਖ਼ਤ ਮਿਹਨਤਾਂ ਤੋਂ ਸੇਧ ਲੈਂਦੇ ਰਹਿਣਾ ਚਾਹੀਦਾ ਹੈ ।
ਇਹਨਾਂ ਦਾ ਅੰਮ੍ਰਿਤਸਰ ਦਾ ਵਸਨੀਕ ਪਰਿਵਾਰ ਵੀ ਸ਼ਤਰੰਜ ਬਣਾਉਣ ਦਾ ਮਾਹਰ ਹੈ ਅਤੇ ਪੂਰੀ ਦੁਨੀਆਂ ਵਿੱਚ ਨਾਮ ਹੈ ਇਹਨਾਂ ਦਾ ।