26/06/2023
ਮੈਂ, ਅੰਮ੍ਰਿਤਾ ਤੇ ਸ਼ਰਾਬ/ ਪਾਲ ਕੌਰ
-ਹੁਣ-37 'ਚੋਂ
ਅੰਮ੍ਰਿਤਾ ਜੀ ਨੂੰ ਕਿਸੇ ਨੇ ਇਕ ਵਾਰ ਕਿਹਾ ਕਿ ਤੁਸੀਂ ਸਿਗਰਟ, ਸ਼ਰਾਬ ਪੀਂਦੇ ਓ…ਉਹ ਕਹਿੰਦੇ, ‘ਤੁਸੀਂ ਮੂੰਗੀ ਦੀ ਦਾਲ ਖਾਂਦੇ ਹੋ, ਮੈਂ ਤੁਹਾਨੂੰ ਕਦੇ ਪੁਛਿਐ?` ਹਾ..ਹਾ..ਹਾ..
ਮਜ਼ੇਦਾਰ ਗੱਲ ਐ ਕਿ ਪਹਿਲੀ ਵਾਰ ਮੈਂ ਸ਼ਰਾਬ ਅੰਮ੍ਰਿਤਾ ਜੀ ਨਾਲ ਹੀ ਪੀਤੀ। ਮੈਂ ਪਹਿਲਾਂ ਕਦੇ ਨਹੀਂ ਸੀ ਪੀਤੀ…ਉਥੇ ਇਕ ਸਮਾਗਮ ਸੀ, ਜਿਸ ਵਿਚ ਮੈਂ ਅੰਮ੍ਰਿਤਾ ਜੀ ਬਾਰੇ ਪਰਚਾ ਪੜ੍ਹਿਆ…ਅੰਮ੍ਰਿਤਾ-ਇਮਰੋਜ਼ ਵੀ ਉਥੇ ਹੀ ਸੀ…ਪ੍ਰੋਗਰਾਮ ਤੋਂ ਬਾਅਦ ਅੰਮ੍ਰਿਤਾ ਜੀ ਕਹਿੰਦੇ, ‘ਅੱਜ ਤੂੰ ਘਰ ਚਲਣੈ ਸਾਡੇ ਨਾਲ।` ਮੈਨੂੰ ਲੈ ਗਏ ਦੋਵੇਂ ਆਪਣੇ ਘਰ…ਜਾ ਕੇ ਕਹਿੰਦੇ, ‘ਇਮਰੋਜ਼ ਅੱਜ ਪ੍ਰੋਗਰਾਮ ਬਹੁਤ ਵਧੀਆ ਹੋ ਗਿਆ ਤੇ ਲਿਆਓ ਆਪਾਂ ਡਰਿੰਕ ਲੈਂਦੇ ਹਾਂ ਥੋੜ੍ਹੀ ਥੋੜ੍ਹੀ…ਮੈਨੂੰ ਕਹਿੰਦੇ, ‘ਪਾਲ ਤੂੰ ਲਏਂਗੀ?` ਤੇ ਮੈਨੂੰ ਲੱਗਿਆ, ਅੰਮ੍ਰਿਤਾ ਜੀ ਮੈਨੂੰ ਆਫ਼ਰ ਕਰ ਰਹੇ ਨੇ…ਮੈਂ ਕਿਹਾ-ਹਾਂ ਮੈਂ ਲੈ ਲਵਾਂਗੀ..ਹਾ..ਹਾ..। ਮੇਰਾ ਜ਼ਿੰਦਗੀ ਦਾ ਪਹਿਲਾ ਤਜਰਬਾ ਅੰਮ੍ਰਿਤਾ ਜੀ ਦੀ ਸੰਗਤ ਨਾਲ ਹੋਇਆ।
ਮੈਂ ਕਦੇ ਜਨਤਕ ਤੌਰ `ਤੇ ਨਹੀਂ ਸੀ ਲੈਂਦੀ…ਇਹਦੇ ਪਿਛੇ ਵੀ ਬੜੀ ਦਿਲਚਸਪ ਘਟਨਾ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਇਕ ਸ਼ਾਇਰ ਨੇ ਆਪਣੀ ਕਿਤਾਬ `ਤੇ ਚਰਚਾ ਕਰਵਾਈ…ਕੋਈ 8-10 ਬੰਦੇ ਸੀ…ਮੈਂ ਉਨ੍ਹਾਂ `ਚ `ਕੱਲੀ ਔਰਤ ਸੀ…ਅਸੀਂ ਉਹਦੀ ਕਿਤਾਬ `ਤੇ ਚਰਚਾ ਕੀਤੀ…ਜਦੋਂ ਚਰਚਾ ਖ਼ਤਮ ਹੋ ਗਈ ਤਾਂ ਕਹਿੰਦਾ, ਚੱਲੋ ਕੁਝ ਖਾਨੇ-ਪੀਨੇ ਆਂ…ਵੇਟਰ ਨੂੰ ਸੱਦ ਕੇ ਉਨ੍ਹਾਂ ਨੇ ਜਿੰਨੇ ਬੰਦੇ ਬੈਠੇ ਸੀ, ਗਿਣ ਕੇ ਬੀਅਰ ਲਿਆਉਣ ਲਈ ਕਿਹਾ ਤੇ ਮੇਰੇ ਵੱਲ ਦੇਖ ਕੇ ਕਹਿੰਦੇ, ਇਨ੍ਹਾਂ ਲਈ ਜੂਸ ਲੈ ਆ…ਮੈਨੂੰ ਗੁੱਸਾ ਆ ਗਿਆ…ਕਿ ਤੁਸੀਂ ਕੌਣ ਹੁੰਦੇ ਹੋ ਫੈਸਲਾ ਲੈਣ ਵਾਲੇ ਕਿ ਮੈਂ ਕੀ ਲੈਣਾ ਹੈ ਕੀ ਨਹੀਂ…ਮੈਂ ਬੀਅਰ ਲਵਾਂ, ਚਾਹ ਲਵਾਂ, ਜੂਸ ਲਵਾਂ…ਇਹ ਤਾਂ ਮੈਂ ਫੈਸਲਾ ਲੈਣਾ ਹੈ…ਮੈਨੂੰ ਪੁਛੋ `ਤੇ ਸਹੀ ਕਿ ਕੀ ਲਓਗੇ? ਸਾਡੇ ਫ਼ੈਸਲੇ ਤੁਸੀਂ ਹੀ ਲੈਣੇ ਨੇ ਹਮੇਸ਼ਾ? ਇਕ ਪਾਸੇ ਤੁਸੀਂ ਸ਼ਾਇਰ ਹੋ…ਏਡੀਆਂ ਵਿਚਾਰਾਂ ਕਰ ਰਹੇ ਹੋ…ਨਵੀਂਆਂ ਗੱਲਾਂ ਕਰ ਰਹੇ ਹੋ…ਸੋ, ਫੇਰ ਮੈਨੂੰ ਗੁੱਸਾ ਚੜ੍ਹਿਆ…ਮੈਂ ਵੇਟਰ ਨੂੰ `ਵਾਜ ਮਾਰ ਕੇ ਕਿਹਾ, ‘ਮੇਰੇ ਲਈ ਵੀ ਬੀਅਰ ਲੈ ਕੇ ਆ।` ਸੋ, ਜਨਤਕ ਤੌਰ `ਤੇ ਜਦੋਂ ਸ਼ਾਇਰ ਬੈਠਦੇ ਨੇ ਤਾਂ ਮੈਂ ਲੈ ਲੈਂਦੀ ਹਾਂ ਕੋਈ ਪਰਹੇਜ਼ ਨਹੀਂ।