03/11/2025
----ਡਿਪਟੀ ਕਮਿਸ਼ਨਰ ਡਾ. ਪੱਲਵੀ ਵੱਲੋਂ 4 ਨਵੰਬਰ ਨੂੰ ਹੋਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ
-----ਲਮੀਣੀ ਸਟੇਡੀਅਮ ਪਠਾਨਕੋਟ ਵਿਖੇ ਹੋਵੇਗਾ ਵਿਸ਼ਾਲ ਸਮਾਗਮ, ਦਾਖਲਾ ਹੋਵੇਗਾ ਮੁਫਤ
-----ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਪ੍ਰਬੰਧਾਂ ਬਾਰੇ ਅਧਿਕਾਰੀਆਂ ਨੂੰ ਦਿਸਾ ਨਿਰਦੇਸ਼ ਜਾਰੀ
ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਮਨਾਏ ਜਾ ਰਹੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਆਮ ਲੋਕਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਜੀਵਨ ਫਲਸਫੇ ਬਾਰੇ ਜਾਣਕਾਰੀ ਦੇਣ ਲਈ 4 ਨਵੰਬਰ ਨੂੰ ਮਲਟੀਪਰਪਜ ਸਪੋਰਟਸ ਸਟੇਡੀਅਮ ਪਠਾਨਕੋਟ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਠਾਨਕੋਟ ਡਾ. ਪੱਲਵੀ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਰਸਦੀਪ ਸਿੰਘ ਆਰ.ਟੀ.ਓ. –ਕਮ-ਵਧੀਕ ਡਿਪਟੀ ਕਮਿਸਨਰ (ਜ), ਵਿਕਰਮ ਸਹਾਇਕ ਕਮਿਸਨਰ ਜਰਨਲ, ਐਲ.ਆਰ. ਸੋਢੀ, ਸੁਨੀਲ ਮਹਾਜਨ, ਦਪਿੰਦਰ ਅਰੋੜਾ, ਹਰਜਿੰਦਰ ਸਿੰਘ ਖਾਲਸਾ, ਰਾਜ ਕੁਮਾਰ, ਪਵਨ ਸਰਮਾ, ਮਨਜੀਤ ਸਿੰਘ, ਜੇ.ਸੀ. ਕਟੋਚ, ਮੰਨਤ ਅਰੋੜਾ, ਤਰੁਣ ਮਹਾਜਨ, ਸੁਖਬੀਰ ਸਿੰਘ ਅਤੇ ਹੋਰ ਵਪਾਰੀ ਵਰਗ ਦੇ ਆਹੁਦੇਦਾਰ ਸਾਮਲ ਸਨ।
ਡਿਪਟੀ ਕਮਿਸ਼ਨਰ ਪਠਾਨਕੋਟ ਡਾ. ਪੱਲਵੀ ਨੇ ਦੱਸਿਆ ਕਿ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਪ੍ਰਬੰਧਨ ਹੇਠ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਲੋਕਾਂ ਨੂੰ ਸ਼ਾਮ 5 ਵਜੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਜ਼ਿਲ੍ਹੇ ਭਰ ਤੋਂ ਹਜ਼ਾਰਾਂ ਲੋਕ ਸ਼ਾਮਿਲ ਹੋਣਗੇ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮਾਗਮ ਦੇ ਪ੍ਰਬੰਧਾਂ ਨੂੰ ਸਮੇਂ ਸਿਰ ਅਤੇ ਸਫਲਤਾ ਪੂਰਵਕ ਨੇਪਰੇ ਚਾੜਿਆ ਜਾਵੇਗਾ। ਇਸ ਸਮਾਗਮ ਵਿੱਚ ਜ਼ਿਲ੍ਹਾ ਨਿਵਾਸੀਆਂ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਦੇਸ਼, ਜੀਵਨ ਤੇ ਫਲਸਫਾ ਕੁੱਲ ਲੋਕਾਈ ਤੱਕ ਪਹੁੰਚਾਉਣ ਲਈ ਕੀਤੇ ਅਹਿਮ ਉਪਰਾਲਿਆਂ ਦੀ ਕੜੀ ਵਜੋਂ ਜੀਵਨ ਨੂੰ ਅਧਿਆਤਮਕਤਾ ਨਾਲ ਜੋੜਨ ਵਾਲੇ ਇਸ ਸਮਾਗਮ ਵਿੱਚ ਦਾਖਲਾ ਮੁਫ਼ਤ ਹੋਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੁਖਾਵੇ ਆਵਾਜਾਈ ਪ੍ਰਬੰਧਾਂ, ਸੁਰੱਖਿਆ ਵਿਵਸਥਾ, ਵਾਹਨਾਂ ਦੀ ਪਾਰਕਿੰਗ, ਸਾਫ ਸਫਾਈ, ਮੈਡੀਕਲ ਸੁਵਿਧਾ ਸਮੇਤ ਹੋਰ ਸਹੂਲਤਾਂ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਤੇ ਉਨ੍ਹਾਂ ਸਹਿਰ ਦੇ ਵਪਾਰੀ ਵਰਗ ਨਾਲ ਵੀ ਮੀਟਿੰਗ ਕੀਤੀ ਅਤੇ ਕਿਹਾ ਕਿ ਪਠਾਨਕੋਟ ਦੇ ਲਮੀਣੀ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਸੋ ਵਿੱਚ ਜਿਆਦਾ ਤੋਂ ਜਿਆਦਾ ਲੋਕਾਂ ਦੀ ਹਾਜਰੀ ਯਕੀਨੀ ਬਣਾਈ ਜਾਵੈ।