05/11/2025
#ਪੰਜਾਬੀ_ਯੂਨੀਵਰਸਿਟੀ_ਪਟਿਆਲ਼ਾ
#ਪਟਿਆਲ਼ਾ
ਅੱਜ ਪੰਜਾਬੀ ਯੂਨਿਵਰਸਿਟੀ ਪਟਿਆਲ਼ਾ ‘ਚ ਪੰਜਾਬ ਯੂਨੀਵਰਸਿਟੀ ਦੀ 91 ਮੈਂਬਰੀ ਸੈਨੇਟ ਬਹਾਲ ਕਰਵਾਉਣ ਲਈ ਰੋਸ ਮੁਜਾਹਰਾ ਕੀਤਾ ਗਿਆ।
ਜਿਕਰਯੋਗ ਹੈ ਕਿ ਬੀਤੀ 1 ਨਵੰਬਰ ਨੂੰ ਭਾਰਤ ਦੀ ਯੂਨੀਅਨ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਭ ਤੋਂ ਵੱਡੀ ਕਾਰਜਕਾਰੀ ਸੰਸਥਾ ਨੂੰ ਭੰਗ ਕਰ ਦਿੱਤਾ ਹੈ, ਜਿਸ ਵਿੱਚ ਯੂਨੀਵਰਸਿਟੀ ਤੇ ਯੂਨੀਵਰਸਿਟੀ ਨਾਲ ਜੁੜੇ ਗ੍ਰੈਜੂਏਟ ਕਾਲਜਾਂ ਦੇ ਵਿਦਿਆਰਥੀ ਚੋਣਾਂ ਜਰੀਏ ਹਿੱਸਾ ਲੈ ਸਕਦੇ ਸੀ। 59 ਸਾਲਾਂ ਤੋਂ ਕੰਮ ਕਰ ਰਹੀ ਸੈਨੇਟ ਨੂੰ 31 ਮੈਂਬਰੀ ਬਣਾ ਦਿੱਤਾ ਗਿਆ ਅਤੇ ਪੰਜਾਬ ਦੀ ਦਾਅਵੇਦਾਰੀ ਨੂੰ ਬਿਲਕੁੱਲ ਰੱਦ ਕਰ ਦਿੱਤਾ। 31 ਮੈਂਬਰ ਵੀ ਨਾਮਜਦ ਕੀਤੇ ਜਾਣਗੇ।
ਬੁਲਾਰਿਆਂ ਨੇ ਪੰਜਾਬ ਯੂਨਿਵਰਸਿਟੀ ਦੇ ਇਤਿਹਾਸ ਤੇ ਗੱਲ ਕੀਤੀ ਕਿ ਇਹ ਕਿਸ ਤਰ੍ਹਾਂ ਲੋਕਾਂ ਨੇ ਪੈਸੇ ਇੱਕਠੇ ਕਰਕੇ ਬਣਾਈ ਹੈ ਤੇ ਹੁਣ ਪੰਜਾਬ ਦੇ 201 ਕਾਲਜ ਇਸ ਨਾਲ ਜੁੜੇ ਹੋਏ ਹਨ। ਇਸ ਯੂਨੀਵਰਸਿਟੀ ਤੇ ਸਿੱਧਾ ਸਿੱਧਾ ਪੰਜਾਬ ਦਾ ਹੱਕ ਹੈ।
ਜਿਕਰਯੋਗ ਹੈ ਕਿ ਸਰਕਾਰ ਦੁਆਰਾ ਮੀਡੀਆ ਦਾ ਇਸਤੇਮਾਲ ਕਰਕੇ ਸੰਘਰਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ 'ਤੇ ਬੁਲਾਰਿਆਂ ਨੇ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਸੇਨੈਂਟ ਭੰਗ ਕਰਨ ਵਾਲ਼ਾ ਨੋਟਸ ਰੱਦ ਨਹੀਂ ਹੋਇਆ। ਇੱਕ ਨੋਟਸ ਨਾਲ਼ ਇਹ ਗੁੰਮਰਾਹ ਕੀਤਾ ਜਾ ਰਿਹਾ ਹੈ। ਦੋ ਨੋਟੀਫਿਕੇਸ਼ਨ ਕੱਢੇ ਹਨ.. ਨੋਟੀਫਿਕੇਸ਼ਨ ਨੰਬਰ 4867 ਰੱਦ ਕਰ ਰਿਹਾ ਹੈ ਤੇ 4868 ਫਿਰ ਲਾਗੂ ਕਰ ਰਿਹਾ। ਪੰਜਾਬ ਯੂਨੀਵਰਸਿਟੀ ਵਿੱਚ ਲੱਗਿਆ ਧਰਨਾ ਜਾਰੀ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਆਪਣੇ ਅਧੀਨ ਕਰਨ ਲਈ ਯੂਨੀਅਨ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਹੈ ਤਾਂ ਕਿ ਇਹਨਾਂ ਵਿੱਦਿਅਕ ਅਦਾਰਿਆਂ ਨੂੰ ਆਪਣੇ ਅਧੀਨ ਕਰਕੇ ਸੂਬਿਆਂ ਦੇ ਹੱਕਾਂ ਨੂੰ ਖਤਮ ਕੀਤਾ ਜਾ ਸਕੇ। ਨਵੀਂ ਸਿੱਖਿਆ ਨੀਤੀ 2020 ਇਸੇ ਦਿਸ਼ਾ ਵਿੱਚ ਕਦਮ ਹੈ। ਜਿਸ ਨਾਲ਼ ਅਜਾਰੇਦਾਰ ਸਰਮਾਏਦਾਰਾਂ ਦੀ ਸੇਵਾ ਕਰਨ ਅਤੇ ਰਾਸ਼ਟਰੀ ਸਵੈ ਸੇਵਕ ਸੰਘ ਦੀ ਸੌੜੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾ ਸਕੇ ਤੇ ਹਿੰਦੀ, ਹਿੰਦੂ, ਹਿੰਦੁਸਤਾਨ ਤੇ ਨਾਅਰੇ ਨੂੰ ਲਾਗੂ ਕੀਤਾ ਜਾ ਸਕੇ। ਯੂਨੀਅਨ ਸਰਕਾਰ ਭਾਰਤ ਚ ਵਸਦੀਆਂ ਕੌਮਾਂ ਦੇ ਹੱਕਾ ‘ਤੇ ਡਾਕੇ ਮਾਰ ਰਹੀ ਹੈ।
ਪਰ ਇਹ ਹਕੂਮਤਾਂ ਸ਼ਾਇਦ ਭੁਲੇਖੇ 'ਚ ਨੇ, ਇਹ ਨਹੀਂ ਜਾਣਦੇ ਕਿ ਲੋਕ ਆਪਣੀ ਹੋਂਦ ਨੂੰ ਬਚਾਉਣ ਖ਼ਾਤਰ ਸਿਰ ਧੜ ਦੀਆਂ ਬਾਜੀਆਂ ਲਾਉਂਦੇ ਰਹੇ ਹਨ ਅਤੇ ਉਦੋਂ ਤੱਕ ਲਾਉਂਦੇ ਰਹਿਣਗੇ ਜਦੋਂ ਤੱਕ ਇਹ ਲੋਕ ਵਿਰੋਧੀ ਹਕੂਮਤਾਂ ਆਪਣੇ ਸਿਰ ਚੁੱਕਣੇ ਬੰਦ ਨਹੀਂ ਕਰ ਦਿੰਦੀਆਂ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੇ ਲੋਕਾਂ ਦੀ ਹੈ। ਪੰਜਾਬ ਦੇ ਜਮਹੂਰੀਅਤ ਪਸੰਦ ਲੋਕ ਕਦੇ ਵੀ ਇਹਨਾਂ ਗਿਰਜਾਂ ਦੇ ਮਨਸੂਬਿਆਂ ਨੂੰ ਸਿਰੇ ਨਹੀਂ ਚੜ੍ਹਨ ਦੇਣਗੇ। ਇਸ ਦੌਰਾਨ ਪੰਜਾਬ ਯੂਨੀਵਰਸਿਟੀ ਵਿੱਚ ਹੋ ਰਹੇ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ।
ਇਸ ਮੁਜਾਹਰੇ ਦੌਰਾਨ ਸੰਜੂ ਕੁਮਾਰ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਤੇ ਹਰਪ੍ਰੀਤ ਸਿੰਘ ਨੇ ਪੂਰੇ ਮਸਲੇ ਬਾਰੇ ਵਿਚਾਰ ਸਾਂਝੇ ਕੀਤੇ। 1158 ਲਾਇਬ੍ਰੇਰੀਅਨ ਤੇ ਅਸਿਸਟੈਂਟ ਪ੍ਰੋਫੈਸਰ ਫਰੰਟ ਅਤੇ ਮਹਿੰਦਰਾ ਕਾਲਜ ਦੇ ਪ੍ਰੋਫੈਸਰ ਯੋਧਾ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।