
08/09/2025
ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਹੜ੍ਹ ਪੀੜਤਾਂ ਲਈ ਲਗਾਤਾਰ ਮਦਦ ਜਾਰੀ
ਪਟਿਆਲਾ, 8 ਸਤੰਬਰ –
ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਹੜ੍ਹ ਪੀੜਤਾਂ ਲਈ ਸਹਾਇਤਾ ਦਾ ਸਿਲਸਿਲਾ ਬਿਨਾ ਰੁਕੇ ਜਾਰੀ ਹੈ। ਅੱਜ ਪਟਿਆਲਾ ਵਿਖੇ ਟਰਸਟ ਦੇ ਮੁੱਖ ਦਫ਼ਤਰ ਤੋਂ ਵੱਖ–ਵੱਖ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਅਤੇ ਫੋਗਿੰਗ ਮਸ਼ੀਨਾਂ ਰਵਾਨਾ ਕੀਤੀਆਂ ਗਈਆਂ।
ਟਰਸਟ ਦੇ ਮੈਨੇਜਿੰਗ ਟਰਸਟੀ ਡਾ. ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਹੜ੍ਹ ਦੀ ਸ਼ੁਰੂਆਤ ਤੋਂ ਹੀ ਟਰਸਟ ਵੱਲੋਂ ਰਾਹਤ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਸ਼ੁਰੂ ਵਿੱਚ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ, ਇਸ ਦੇ ਨਾਲ ਟਰਸਟ ਨੇ ਪਾਣੀ ਦੀਆਂ ਬੋਤਲਾਂ, ਮੱਛਰਦਾਨੀਆਂ ਪਸ਼ੂਆਂ ਲਈ ਹਰਾ ਚਾਰਾ, ਸੈਨਟਰੀ ਪੈਡ ਅਤੇ ਤਰਪਾਲਾਂ ਦਾ ਪ੍ਰਬੰਧ ਸ਼ੁਰੂ ਕੀਤਾ।
ਡਾ. ਉਬਰਾਏ ਨੇ ਕਿਹਾ ਕਿ ਪਸ਼ੂਆਂ ਦਾ ਚਾਰਾ ਸਭ ਤੋਂ ਜ਼ਰੂਰੀ ਹੈ, ਇਸ ਲਈ ਲਗਾਤਾਰ ਹਰੇ ਚਾਰੇ ਅਤੇ ਤਰਪਾਲਾਂ ਦੀ ਸਪਲਾਈ ਕੀਤੀ ਜਾ ਰਹੀ ਹੈ।
ਦੂਜੇ ਪੜਾਅ ਵਿੱਚ, ਲੋਕਾਂ ਦੀ ਸਿਹਤ ਸੁਰੱਖਿਆ ਲਈ ਦਵਾਈਆਂ ਦੀਆਂ ਕਿੱਟਾਂ ਅਤੇ ਮੱਛਰਾਂ ਤੋਂ ਬਚਾਅ ਲਈ ਲਗਭਗ ਦੋ ਦਰਜਨ ਫੋਗਿੰਗ ਮਸ਼ੀਨਾਂ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ। ਇਹ ਮਸ਼ੀਨਾਂ ਜਲਦੀ ਹੀ ਪ੍ਰਭਾਵਿਤ ਖੇਤਰਾਂ ਵਿੱਚ ਭੇਜ ਦਿੱਤੀਆਂ ਜਾਣਗੀਆਂ।
ਟਰਸਟ ਦੇ ਵੋਲੰਟੀਅਰ ਨਾ ਸਿਰਫ਼ ਹੜ੍ਹ ਪ੍ਰਭਾਵਿਤ ਜ਼ਿਲਿਆਂ ਵਿੱਚ ਸੇਵਾ ਕਰ ਰਹੇ ਹਨ, ਸਗੋਂ ਜਿਨ੍ਹਾਂ ਜ਼ਿਲਿਆਂ ਵਿੱਚ ਹੜ੍ਹ ਨਹੀਂ ਆਇਆ ਉੱਥੋਂ ਵੀ ਸੇਵਾਦਾਰ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਸਹਾਇਤਾ ਕਰ ਰਹੇ ਹਨ। ਡਾ. ਉਬਰਾਏ ਖ਼ੁਦ ਵੀ ਵੱਖ–ਵੱਖ ਪੀੜਤ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਪੁਨਰ-ਨਿਰਮਾਣ ਲਈ ਵੱਡੇ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ।
ਉਨ੍ਹਾਂ ਨੇ ਕਿਹਾ, “ਸਰਕਾਰਾਂ ਆਪਣੇ ਪੱਧਰ ਤੇ ਕੰਮ ਕਰ ਰਹੀਆਂ ਹਨ, ਪਰ ਸਮਾਜ ਸੇਵੀ ਸੰਸਥਾਵਾਂ ਦੀ ਭੂਮਿਕਾ ਵੀ ਮਹੱਤਵਪੂਰਨ ਹੈ। ਟਰਸਟ ਵੱਲੋਂ ਉਹਨਾਂ ਘਰਾਂ ਦੀ ਮਦਦ ਕੀਤੀ ਜਾਵੇਗੀ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ—ਚਾਹੇ ਉਹਨਾਂ ਨੂੰ ਮੁਰੰਮਤ ਦੀ ਲੋੜ ਹੋਵੇ ਜਾਂ ਨਵੇਂ ਨਿਰਮਾਣ ਦੀ।”
ਡਾ. ਉਬਰਾਏ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਰੂਰਤਮੰਦ ਪਰਿਵਾਰਾਂ ਨੂੰ ਕਾਰੋਬਾਰ ਸਾਮਾਨ ਜਾਂ ਹੋਰ ਲੋੜੀਂਦੀਆਂ ਵਸਤੂਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
ਰਾਹਤ ਸਮੱਗਰੀ ਰਵਾਨਾ ਕਰਨ ਦੇ ਸਮੇਂ ਟਰਸਟ ਦੇ ਪ੍ਰਧਾਨ ਜੱਸਾ ਸਿੰਘ ਸੰਧੂ, ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਡੀ.ਐਸ. ਗਿੱਲ, ਸੁਰਿੰਦਰ ਸਿੰਘ ਸਮੇਤ ਹੋਰ ਮੈਂਬਰ ਮੌਜੂਦ ਸਨ।
ਫੋਟੋ ਕੈਪਸ਼ਨ :ਸਰਬੱਤ ਦਾ ਭਲਾ ਚੈਰੀ ਟੇਬਲ ਟਰਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ ਪੀ ਸਿੰਘ ਉਬਰਾਏ ਫੋਗਿੰਗ ਮਸ਼ੀਨ ਹੜ ਪੀੜਤਾਂ ਦੇ ਲਈ ਭੇਜਣ ਤੋਂ ਪਹਿਲਾਂ ਉਸ ਦੀ ਜਾਂਚ ਕਰਦੇ ਹੋਏ
2 ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਦਾ ਟੈਂਪੋ ਰਵਾਨਾ ਕਰਦੇ ਹੋਏ ਡਾਕਟਰ ਐਸ ਪੀ ਸਿੰਘ ਉਬਰਾਏ ਅਤੇ ਹੋਰ
🌾💊🛖