24/04/2025
ਆਹ ਜਿਹੜੇ ਮੰਗਣ ਆਲੇ ਸਾਧੂ ਟਾਈਪ ਬਾਬੇ ਆਉਂਦੇ ਐ ਮੈਨੂੰ ਇਨ੍ਹਾਂ ਤੋਂ ਭੋਰਾ Problem ਨੀ। ਨਾ ਈ ਅਸੀਂ ਕਦੇ ਕਿਸੇ ਨੂੰ ਖਾਲੀ ਮੋੜਿਐ। ਆਟਾ, ਕਣਕ, ਪੈਸੇ ਜੋ ਵੀ ਮੰਗਦੇ ਐ, ਜਿੰਨੇ ਜੋਗੇ ਹੈਗੇ ਆਂ, ਦਿੰਨੇ ਆਂ। ਨਾ ਮੈਂ ਅੱਜ ਤੱਕ ਕਦੇ ਕਿਸੇ ਸਾਧੂ ਨਾਲ ਬਿਨ੍ਹਾਂ ਗੱਲੋਂ ਬਹਿਸ ਕੀਤੀ ਐ ਵੀ ਭਾਈ ਤੈਨੂੰ ਕਿੰਨਾ ਕੁ ਗਿਆਨ ਐਂ। ਨਾ ਮੈਂ ਅੱਜ ਤੱਕ ਕਦੇ ਕਿਸੇ ਸਾਧੂ ਨੂੰ ਨੀਵਾਂ ਦਿਖਾਉਣ ਵਾਸਤੇ ਉਹਨੂੰ ਸਵਾਲ-ਜਵਾਬ ਕੀਤੇ ਐ ਤੇ ਆਵਦਾ ਗਿਆਨ ਝਾੜਿਐ। ਪਰ ਮੈਨੂੰ Problem ਓਦੋਂ ਹੁੰਦੀ ਐ ਜਦੋਂ ਇਹ ਲੋਕਾਂ ਨੂੰ ਭਵਿੱਖ ਦੱਸਣ ਦੇ ਨਾਂ ਤੇ ਜਾਂ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਨਾਂ ਤੇ ਉਨ੍ਹਾਂ ਤੋਂ ਪੈਸੇ ਮੰਗਦੇ ਐ, ਉਨ੍ਹਾਂ ਨੂੰ ਲੁਟਦੇ ਐ, ਉਨ੍ਹਾਂ ਨੂੰ ਵਹਿਮਾਂ 'ਚ ਪਾਉਂਦੇ ਐ।
ਕੱਲ੍ਹ ਦੀ ਗੱਲ ਐ। ਇੱਕ ਬਾਬੇ ਨੇ ਗਾ ਕੇ ਸਾਡੇ ਪਿੰਡ ਪ੍ਰਭਾਤ ਫੇਰੀ ਕੱਢੀ। ਫੇਰ ਪਿੰਡ 'ਚੋਂ ਪੈਸੇ ਮੰਗਣ ਲਾਗਿਆ। ਸਾਡੇ ਵੀ ਆ ਗਿਆ। ਮੈਂ ਪੈਸੇ ਦੇਤੇ। ਪੈਸੇ ਫੜ੍ਹ ਕੇ ਮੈਨੂੰ ਕਹਿੰਦਾ ਤੇਰਾ ਨਾਂ ਕੀ ਐ? ਮਖਿਆਂ ਗੁਰਵਿੰਦਰ ਸਿੰਘ। ਕਹਿੰਦਾ ਕਿੰਨੇ ਭਰਾ ਓਂ? ਮਖਿਆਂ ਇਹ ਤਾਂ ਤੁਸੀਂ ਬੁੱਝੋ। ਕਹਿੰਦਾ ਅਸੀਂ ਵਹਿਮਾ 'ਚ ਪਾਉਣ ਆਲੇ ਸਾਧੂ ਨੀ, ਅਸੀਂ "ਪੂਰੇ ਸਾਧੂ" ਆਂ ਤੇ ਪੂਰੇ ਸਾਧੂਆਂ ਦੇ ਵਚਨ ਪੂਰੇ ਹੁੰਦੇ ਐ। ਕਹਿੰਦਾ ਤੂੰ ਕਦੇ ਹਜੂਰ ਸਾਹਿਬ ਗਿਐਂ? ਮਖਿਆਂ ਨਾ। ਕਹਿੰਦਾ ਅਸੀਂ ਕੁਛ ਕੁ ਸਾਧੂ ਹਜੂਰ ਸਾਹਿਬ ਜਾ ਰਹੇ ਆਂ। ਤੈਨੂੰ ਦੋ ਦੇ ਨੀ ਕਹਿੰਦਾ, ਚਾਰ ਦੇ ਨੀ ਕਹਿੰਦਾ, ਬੱਸ ਇੱਕ ਸਾਧੂ ਦੇ ਪੈਰੀਂ ਜੁੱਤੀਆਂ ਪਾਉਣ ਲਈ ਪੈਸਿਆਂ ਦੀ ਸੇਵਾ ਕਰਦੇ, ਤੇਰੀ ਮਨੋਕਾਮਨਾ ਪੂਰੀ ਹੋਜੂ। ਮੈਨੂੰ ਮਨੋਕਾਮਨਾ ਆਲੀ ਗੱਲ ਤੇ ਖਿਝ ਜੀ ਚੜ੍ਹਗੀ। ਮਖਿਆਂ ਜੇ ਜੁੱਤੀਆਂ ਨਾਲ ਈ ਮਨੋਕਾਮਨਾ ਪੂਰੀ ਹੁੰਦੀ ਹੋਵੇ ਫੇਰ ਤਾਂ ਮੇਰੇ ਅਰਗਾ ਕਿਸੇ ਨਾ ਕਿਸੇ ਸਾਧੂ ਨੂੰ ਫੜ੍ਹਕੇ, ਪਵਾ ਕੇ ਜਿੰਮੀ ਚੂ, ਸਿੱਧਾ ਪ੍ਰਧਾਨ ਮੰਤਰੀ ਬਣਜੇ।
ਮਖਿਆਂ ਬਾਬਾ ਐਂ ਦੱਸ ਸਾਧੂਆਂ ਦੇ ਕਿਹੜੇ ਤਬਕੇ ਨਾਲ ਸੰਬੰਧਿਤ ਐਂ? ਕਹਿੰਦਾ ਮੇਰਾ ਨਾਂ ਗਿਰੀ ਨਾਥ ਐ। ਮਖਿਆਂ ਨਾਂ ਨੀ ਤਬਕਾ ਦੱਸ। ਬਾਬਾ ਚੁੱਪ। ਮਖਿਆਂ ਨਾਥਾਂ 'ਚੋਂ ਐਂ? ਕਹਿੰਦਾ ਹਾਂ। ਮਖਿਆਂ ਨਾਥ ਪ੍ਰੰਪਰਾ ਚਲਾਈ ਕੀਹਨੇ ਸੀ? ਬਾਬਾ ਚੁੱਪ। ਮਖਿਆਂ ਚੱਲ ਐਂ ਦੱਸ ਵੀ ਗੋਰਖ ਨਾਥ ਨੇ ਕੰਨ ਪਾੜ ਕੇ ਕੀ ਪ੍ਰਯੋਗ ਕੀਤਾ ਸੀ? (ਅਸਲ 'ਚ ਗੋਰਖ ਨਾਥ ਦਾ ਮੰਨਣਾ ਸੀ ਕਿ ਆਪਣੇ ਕੰਨਾਂ ਦੇ ਲਟਕਦੇ ਹਿੱਸੇ 'ਚ ਐਨਰਜੀ ਦਾ ਭੰਡਾਰ ਹੁੰਦੈ ਤੇ ਗੋਰਖ ਨਾਥ ਨੇ ਕੰਨਾਂ ਦਾ ਉਹ ਹਿੱਸਾ ਪਾੜ ਕੇ ਮੁੰਦਰਾਂ ਪਾਈਆਂ ਸੀ ਤੇ ਓਹੀ ਐਨਰਜੀ ਨੂੰ ਖਿੰਡਾ ਕੇ ਦਿਮਾਗ਼ ਨੂੰ ਚੜ੍ਹਾਉਣ ਦਾ ਪ੍ਰਯੋਗ ਕੀਤਾ ਸੀ) ਕਹਿੰਦਾ ਬੱਚਾ ਮੈਂ ਅਨਪੜ੍ਹ ਆਂ, ਮੈਂ ਗ੍ਰੰਥ ਨੀ ਪੜ੍ਰੇ। ਕਹਿੰਦਾ ਗੁਰਬਾਣੀ ਪੜ੍ਹੋ ਉਹਦੇ 'ਚ ਸਭ ਕੁਛ ਐ। ਮਖਿਆਂ ਬਾਬਾ ਗੁਰਬਾਣੀ 'ਚ ਤਾਂ ਸਭ ਕੁਛ ਹੈਗਾ ਈ ਐ, ਤੁਸੀਂ ਵੀ ਦੱਸੋ ਕੁਛ, ਤੁਸੀਂ "ਪੂਰੇ ਸਾਧੂ" ਓਂ। ਮਖਿਆਂ ਚਲ ਗੁਰਬਾਣੀ 'ਚੋਂ ਈ ਦੱਸਦਿਓ। ਗੁਰਬਾਣੀ 'ਚ ਇੱਕ ਪੰਕਤੀ ਐ ਕਿ:
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥
ਮਖਿਆਂ ਆਈ ਪੰਥੀ ਦਾ ਕੀ ਮਤਲਬ ਐ, ਨਾਲੇ ਇਹ ਗੱਲ ਹੈਗੀ ਥੋਡੇ ਨਾਥਾਂ ਨਾਲ ਸੰਬੰਧਿਤ ਐ। ਕਹਿੰਦਾ ਬੱਚਾ ਮੈਂ ਦੱਸ ਤਾਂ ਦਿੱਤਾ ਵੀ ਮੈਂ ਗ੍ਰੰਥ ਨੀ ਪੜ੍ਹੇ।
(ਗੋਰਖ ਨਾਥ ਨੇ ਆਵਦੇ ਅਨੁਆਈਆਂ ਦੀ ਬਿਰਤੀ ਅਨੁਸਾਰ ਉਨ੍ਹਾਂ ਨੂੰ 12 ਪੰਥਾਂ 'ਚ ਵੰਡਿਆ ਸੀ ਤੇ ਉਨ੍ਹਾਂ 'ਚੋਂ "ਆਈ ਪੰਥੀ" ਸਭ ਤੋਂ ਮਸ਼ਹੂਰ ਹੋਇਐ)
ਮਖਿਆਂ ਬਾਬਾ ਫੇਰ ਲੋਕਾਂ ਨੂੰ ਭਰਮਾਂ 'ਚ ਕਿਉਂ ਪਾਉਣੇ ਓਂ, ਸਿੱਧਾ ਕਿਉਂ ਨੀ ਮੰਗਦੇ? ਕਿਉਂ ਇਹ ਦਾਅਵਾ ਕਰਦੇ ਓਂ ਕਿ ਸਾਡੇ ਪੈਰੀਂ ਜੁੱਤੀ ਪਵਾ ਕੇ ਥੋਡੀ ਮਨੋਕਾਮਨਾ ਪੂਰੀ ਹੋਜੂ? ਕਿਉਂ ਕਹਿਣੇ ਓਂ ਕਿ ਅਸੀਂ ਪੂਰੇ ਸਾਧੂ ਆਂ ਤੇ ਪੂਰੇ ਸਾਧੂਆਂ ਦੇ ਵਚਨ ਪੂਰੇ ਹੁੰਦੇ ਐ?
ਐਨੀ ਗੱਲ ਸੁਣ ਕੇ ਬਾਬੇ ਦਾ ਰੰਗ ਉੱਡਗਿਆ ਤੇ ਕੋਈ ਗੱਲ ਨਾ ਔੜੇ। ਕਹਿੰਦਾ ਬੱਚਾ ਮੈਂ ਦੱਸ ਤਾਂ ਦਿੱਤਾ ਵੀ ਮੈਂ ਕੁਛ ਨੀ ਪੜ੍ਹਿਆ। ਮੈਂ ਤਾਂ ਜੱਟ ਸਾਧੂ ਆਂ।
ਮਖਿਆਂ ਬਾਬਾ "ਜੱਟ ਸਾਧੂ" ਤੇ "ਜੱਟ ਸੌਦਾ" ਇੱਕੋ ਗੱਲ ਐ। ਜਿਵੇਂ ਆਪਾਂ ਕਹਿ ਦਿੰਨੇ ਆਂ ਕਿ ਜੱਟ ਸੌਦਾ, ਮਤਲਬ ਸਿੱਧਾ-ਸਿੱਧਾ ਸ੍ਹਾਬ੍ਹ, ਕੋਈ ਡੂੰਘਾਈ ਆਲੀ ਗੱਲ ਨੀ, ਬੱਸ ਉੱਤੋਂ-ਉੱਤੋਂ। ਓਹੀਂ ਗੱਲ ਥੋਡੀ ਐ। ਕੋਈ ਗਹਿਰਾਈ ਨੀ, ਸਿੱਧਾ-ਸਿੱਧਾ ਸ੍ਹਾਬ੍ਹ, ਉੱਤੋਂ-ਉੱਤੋਂ ਸਾਧੂ, ਬੱਸ ਕੱਪੜੇ ਪਾ ਲੇ ਕੱਲੇ, ਪਰ ਦਾਅਵਾ ਪੂਰੇ ਸਾਧੂ ਹੋਣ ਦਾ।
ਮਖਿਆਂ ਬਾਬਾ ਜੇ ਗ੍ਰੰਥ ਪੜ੍ਹੇ ਹੁੰਦੇ ਫੇਰ ਪਹਿਲੀ ਗੱਲ ਤਾਂ ਲੋਕਾਂ ਨੂੰ ਗੁਮਰਾਹ ਕਰਕੇ ਪੈਸੇ ਲੈਣ ਆਲੀ ਦੌੜ ਈ ਮੁੱਕੀ ਹੁੰਦੀ। ਚਲੋ ਜੇ ਪੈਸੇ ਦਾ ਲਾਲਚ ਹੁੰਦਾ ਵੀ ਤਾਂ ਤੈਨੂੰ ਦਸ-ਦਸ ਰੁਪੀਆਂ ਵਾਸਤੇ ਲੋਕਾਂ ਦੇ ਕੌਲਿਆਂ 'ਚ ਨਾ ਵੱਜਣਾ ਪੈਂਦਾ, ਤੈਨੂੰ ਇੱਕ ਥਾਂ ਬੈਠੇ ਨੂੰ ਪੈਸੇ ਤਾਂ ਲੋਕ ਆਪ ਆ ਕੇ ਦੇਕੇ ਜਾਂਦੇ। ਹੁਣ ਨੂੰ ਤਾਂ ਤੇਰੇ ਫੋਨ ਤੇ ਕਰਨ ਔਜਲੇ ਦੀ ਟੋਨ ਲੱਗੀ ਹੋਣੀ ਸੀ ਕਿ :-
ਟੌਮ ਫੋਡ ਪਾਵਾਂ ਚਾਹੇ ਕੁੜਤਾ ਸਵਾਵਾਂ ਕੁੜੇ
ਪੈਰਿਸ ਤੋਂ ਕੱਪੜਾ ਮੰਗਾਉਂਦਾ ਦਰਜੀ
ਆਹ ਦੇ LV print ਕੁੜੇ 10K ਦਾ ਆਵੇ
ਆਹ ਦੇ ਬੈਗ ਫੁੱਲ ਕੈਸ਼ ਚਾਲੀ ਮਿੰਟ 'ਚ ਕਮਾਵੇ
ਆਹ ਦੇ ਲੈਂਬੋ ਥੱਲੇ ਜੱਟ ਦੇ ਨੀ ਢਾਈ ਸੌ ਤੇ ਜਾਵੇ ...
Malkana Talks (ਗੁਰਵਿੰਦਰ ਮਲਕਾਣਾ)