11/01/2026
ਪੰਜਾਬ ਵਿੱਚ ਰਹਿੰਦਿਆਂ ਅਕਸਰ ਡਾਕਟਰਾਂ ਦੀ ਲੁੱਟ-ਖਸੁੱਟ ਅਤੇ ਨਿੱਜੀ ਹਸਪਤਾਲਾਂ ਵੱਲੋਂ ਮਰੀਜ਼ਾਂ ਦੀ 'ਖੱਲ ਲਾਹੁਣ' ਦੀਆਂ ਦੁਖਦਾਈ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਅੱਜ ਦੇ ਦੌਰ ਵਿੱਚ ਡਾਕਟਰਾਂ ਦੀਆਂ ਮੋਟੀਆਂ ਫੀਸਾਂ ਅਤੇ ਮਹਿੰਗੇ ਟੈਸਟਾਂ ਦਾ ਨਾਂ ਸੁਣ ਕੇ ਹੀ ਗ਼ਰੀਬ ਮਰੀਜ਼ ਨੂੰ ਬਿਮਾਰੀ ਨਾਲੋਂ ਵੱਧ ਖ਼ਰਚੇ ਦਾ ਕਾਂਬਾ ਛਿੜ ਜਾਂਦਾ ਹੈ।
ਪਰ ਇਸੇ ਲੋਟੂ ਮਾਹੌਲ ਦੇ ਵਿਚਕਾਰ, ਸਾਡੇ ਨਵਾਂਸ਼ਹਿਰ ਵਿੱਚ ਇੱਕ ਅਜਿਹੀ ਸ਼ਖਸੀਅਤ ਵੀ ਹੈ ਜੋ ਪੇਸ਼ੇ ਤੋਂ ਡਾਕਟਰ ਨਹੀਂ, ਸਗੋਂ ਮਸੀਹਾ ਜਾਪਦੀ ਹੈ। ਮੈਂ ਗੱਲ ਕਰ ਰਿਹਾ ਹਾਂ ਡਾਕਟਰ ਕੇ.ਐੱਸ. ਪੁਰੇਵਾਲ ਸਾਹਿਬ (MS Ortho, MBBS, Ex. PCMS ਰਿਟਾਇਰਡ ਸਿਵਲ ਸਰਜਨ) ਦੀ। ਉਨ੍ਹਾਂ ਦੇ ਕਲੀਨਿਕ ਵਿੱਚ ਵੜਦਿਆਂ ਹੀ ਇੱਕ ਅਜਿਹੀ ਇਬਾਰਤ ਲਿਖੀ ਮਿਲਦੀ ਹੈ ਜੋ ਅੱਜ ਦੇ ਵਪਾਰਕ ਯੁੱਗ ਵਿੱਚ ਚਮਤਕਾਰ ਤੋਂ ਘੱਟ ਨਹੀਂ। ਉੱਥੇ ਲਿਖਿਆ ਹੈ🙏
"ਫੀਸ ਭਾਵੇਂ 50 ਰੁਪਏ ਹੈ, ਪਰ ਇਹ ਜ਼ਰੂਰੀ ਨਹੀਂ! ਜੇਕਰ ਕੋਈ ਮੇਜ਼ 'ਤੇ ਰੱਖੇ ਡੱਬੇ ਵਿੱਚ ਇਸ ਤੋਂ ਘੱਟ ਪਾਵੇ ਜਾਂ ਬਿਲਕੁਲ ਵੀ ਨਾ ਪਾਵੇ, ਤਾਂ ਵੀ ਕੋਈ ਗੱਲ ਨਹੀਂ।"
ਸੱਚ ਜਾਣਿਓ, ਜਦੋਂ ਮੈਨੂੰ ਕਿਸੇ ਨੇ ਇਹ ਦੱਸਿਆ ਤਾਂ ਮੈਨੂੰ ਯਕੀਨ ਨਾ ਆਇਆ। ਮੈਂ ਸੋਚਿਆ ਕਿ ਅੱਖੀਂ ਵੇਖ ਕੇ ਹੀ ਵਿਸ਼ਵਾਸ ਕਰਾਂਗਾ। ਕੁਦਰਤੀ ਮੇਰੇ ਗੋਡੇ ਵਿੱਚ ਦਰਦ ਹੋਇਆ ਤਾਂ ਮੈਂ ਪੁਰੇਵਾਲ ਸਾਹਬ ਦੇ ਕਲੀਨਿਕ ਪਹੁੰਚ ਗਿਆ। ਜਦੋਂ ਮੈਂ ਚੈੱਕਅਪ ਤੋਂ ਬਾਅਦ ਦਵਾਈ ਲਈ ਅਤੇ ਫੀਸ ਵਜੋਂ ਡੱਬੇ ਵਿੱਚ ਪਾਉਣ ਲਈ 100 ਰੁਪਏ ਕੱਢੇ, ਤਾਂ ਡਾਕਟਰ ਸਾਹਿਬ ਨੇ ਮੇਰਾ ਹੱਥ ਫੜ ਕੇ ਮਨ੍ਹਾਂ ਕਰ ਦਿੱਤਾ। ਬੜੀ ਨਿਮਰਤਾ ਨਾਲ ਬੋਲੇ, "ਤੁਸੀਂ ਗੁਰਮੁਖ ਪਿਆਰੇ ਹੋ, ਤੁਹਾਡੀ ਸੇਵਾ ਕਰਨ ਦਾ ਤਾਂ ਮਸਾਂ ਮੌਕਾ ਮਿਲਿਆ ਹੈ!"
ਅੱਜ ਦੇ ਜ਼ਮਾਨੇ ਵਿੱਚ ਜਿੱਥੇ ਰਿਸ਼ਤੇ ਪੈਸੇ ਦੀ ਤੱਕੜੀ ਵਿੱਚ ਤੋਲੇ ਜਾਂਦੇ ਨੇ, ਉੱਥੇ ਡਾਕਟਰ ਪੁਰੇਵਾਲ ਵਰਗੀਆਂ 'ਰੱਜੀਆਂ ਰੂਹਾਂ' ਇਹ ਉਮੀਦ ਜਗਾਉਂਦੀਆਂ ਨੇ ਕਿ ਇਨਸਾਨੀਅਤ ਅਜੇ ਜ਼ਿੰਦਾ ਹੈ। ਧੰਨ ਨੇ ਅਜਿਹੇ ਇਨਸਾਨ ਅਤੇ ਧੰਨ ਹੈ ਉਨ੍ਹਾਂ ਦੀ ਸੇਵਾ ਭਾਵਨਾ!