29/08/2022
ਵਿਧਾਇਕ ਅਮ੍ਰਿਤਪਾਲ ਵੱਲੋਂ ਸਿਹਤ ਮੰਤਰੀ ਨਾਲ ਬਾਘਾਪੁਰਾਣਾ ਦੇ ਲੋਕਾਂ ਨੂੰ ਵਧੀਆ ਸਹਿਤ ਸਹੂਲਤਾਂ ਮੁਹਈਆ ਕਰਵਾਉਣ ਲਈ ਚਰਚਾ ਕੀਤੀ
ਮੋਗਾ, 29 ਅਗਸਤ-(ਨਛੱਤਰ ਸੰਧੂ)-ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ਼ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਮੋਗਾ ਪਹੁੰਚੇ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਉੱਚ-ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਤਪਰ ਹੈ। ਮੋਗਾ ਜ਼ਿਲ੍ਹਾ ਪੁਲਿਸ ਦੀ ਟੁਕੜੀ ਵੱਲੋਂ ਸ. ਜੌੜਾਮਾਜਰਾ ਨੂੰ ਸਲਾਮੀ ਦਿੱਤੀ ਗਈ। ਇਸ ਉਪਰੰਤ ਮੋਗਾ ਜਿਲ੍ਹੇ ਦੇ ਚਾਰੋ ਵਿਧਾਇਕਾ ਨੇ ਮੰਤਰੀ ਜੀ ਦਾ ਨਿੱਘਾ ਸਵਾਗਤ ਕੀਤਾ।ਇਸ ਦੌਰਾਨ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰ ਤੱਕ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੁਹੱਲਾ ਕਲੀਨਿਕ ਵੀ ਇਸੇ ਕੜੀ ਦਾ ਇੱਕ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਰਾਜ 'ਚ ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ, ਜਿਸ ਨਾਲ ਸਾਡੇ ਸੂਬੇ ਦੇ ਨੌਜਵਾਨਾਂ ਨੂੰ ਮੈਡੀਕਲ ਦੀ ਪੜ੍ਹਾਈ ਵਿਦੇਸ਼ਾਂ 'ਚ ਜਾ ਕੇ ਕਰਨ ਦੀ ਲੋੜ ਨਹੀਂ ਰਹੇਗੀ।ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਸਿਹਤ ਢਾਂਚੇ ਨੂੰ ਸੁਚਾਰੂ ਬਣਾਉਣ ਲਈ ਪਹਿਲਾਂ ਹੀ ਯਤਨਸ਼ੀਲ ਹੈ ਅਤੇ ਸਿਹਤ ਸਟਾਫ਼ ਦੇ ਸਹਿਯੋਗ ਅਤੇ ਤਾਲਮੇਲ ਤੋਂ ਬਿਨਾਂ ਮਰੀਜ਼ਾਂ ਦੀ ਸੇਵਾ ਅਤੇ ਮਨੁੱਖਤਾ ਦੀ ਭਲਾਈ ਸੰਭਵ ਨਹੀਂ ਹੈ। ਉਹਨਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਸਿਹਤ ਸੰਭਾਲ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਨਾਗਰਿਕਾਂ ਨੂੰ ਉਹਨਾਂ ਦੇ ਘਰ ਹੀ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਹਨਾਂ ਨੇ ਦੱਸਿਆ ਕਿ ਸੂਬਾ ਸਰਕਾਰ ਲੋਕਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਵਿਭਾਗ, ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਨਲਾਈਨ ਪ੍ਰਣਾਲੀ ਸ਼ੁਰੂ ਕਰਨ ਜਾ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਆਨਲਾਈਨ ਪ੍ਰਣਾਲੀ ਵਿਭਾਗ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਅਤੇ ਕੰਮਕਾਜ ਵਿੱਚ ਕੁਸ਼ਲਤਾ ਵਧਾਉਣ 'ਚ ਮਦਦ ਕਰੇਗੀ
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਜੀ ਦੀ ਮੋਗਾ ਫੇਰੀ ਦੌਰਾਨ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਸਿਹਤ ਦੇ ਮੁੱਦਿਆਂ ਬਾਰੇ ਗੰਭੀਰ ਚਰਚਾ ਕੀਤੀ।ਸਹਿਤ ਮੰਤਰੀ ਨੂੰ ਬਾਘਾਪੁਰਾਣਾ ਦੇ ਲੋਕਾਂ ਨੂੰ ਸਹਿਤ ਸਹੂਲਤਾਂ ਦੇ ਸੰਬੰਧ ਚ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਅਤੇ ਖਾਲੀ ਪਈਆਂ ਪੋਸਟਾਂ ਭਰਨ ਲਈ ਕਿਹਾ। ਮੰਤਰੀ ਜੀ ਨੇ ਪੂਰਾ ਵਿਸ਼ਵਾਸ ਦਿੱਤਾ ਕਿ ਜਲਦ ਹੀ ਬਾਘਾ ਪੁਰਾਣਾ ਦੇ ਸਾਰੇ ਹਸਪਤਾਲ ਅਤੇ ਸਿਹਤ ਕੇਦਰਾਂ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਖਾਲੀ ਪੋਸਟਾਂ ਭਰੀਆਂ ਜਾਣਗੀਆਂ।