09/02/2025
ਰਾਜਪੁਰਾ ਹਲਕੇ ਵਿੱਚ ਹੜ ਪੀੜਤ ਪਿੰਡਾਂ ਦਾ ਦੌਰਾ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਕਿਹਾ ਕਿ ਮੌਜੂਦਾ ਹਾਲਾਤ ਸਰਕਾਰ ਦੀ ਲਾਪਰਵਾਹੀ ਕਾਰਨ ਪੈਦਾ ਹੋਏ ਹਨ। ਅੱਜ ਜਗਦੀਸ਼ ਜੱਗਾ ਆਪਣੀ ਟੀਮ ਸਮੇਤ ਘੱਗਰ ਦਰਿਆ ਨਾਲ ਲੱਗਦੇ ਪਿੰਡਾਂ ਦੇ ਦੌਰੇ ‘ਤੇ ਨਿਕਲੇ, ਜਿੱਥੇ ਉਹਨਾਂ ਨੇ ਪਿੰਡ ਨਿਵਾਸੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ।
ਜਗਦੀਸ਼ ਜੱਗਾ ਨੇ ਦੱਸਿਆ ਕਿ ਉਹਨਾਂ ਨੇ ਹੜ ਪੀੜਤ ਪਿੰਡਾਂ ਦਾ ਜਾਇਜ਼ਾ ਲਿਆਂਦਾ ਹੈ ਅਤੇ ਹਰ ਥਾਂ ਖੇਤਾਂ ਅਤੇ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਹੜ ਦੀ ਸਮੱਸਿਆ ਲਈ ਪ੍ਰਸ਼ਾਸਨ ਨੂੰ ਵਾਰ-ਵਾਰ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਬੰਨ੍ਹ ਨੂੰ ਪੰਜ-ਪੰਜ ਫੁੱਟ ਉੱਚਾ ਕੀਤਾ ਜਾਵੇ ਅਤੇ ਮਿੱਟੀ ਪਾਈ ਜਾਵੇ, ਪਰ ਸਰਕਾਰ ਨੇ ਕਦੇ ਕੋਈ ਕਾਰਵਾਈ ਨਹੀਂ ਕੀਤੀ।
ਸਾਬਕਾ ਸਰਪੰਚਾਂ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਡੀਸੀ ਦਫ਼ਤਰ ਨੂੰ ਅਰਜ਼ੀਆਂ ਦੇ ਕੇ ਆਏ, ਪਰ ਅਜੇ ਤੱਕ ਨਾ ਤਾਂ ਬੰਨ੍ਹ ਉੱਚਾ ਕੀਤਾ ਗਿਆ ਅਤੇ ਨਾ ਹੀ ਮਿੱਟੀ ਪਾਈ ਗਈ। ਇਸ ਕਾਰਨ ਅੱਜ ਵੀ ਹਜ਼ਾਰਾਂ ਏਕੜ ਜ਼ਮੀਨ ਪਾਣੀ ਹੇਠਾਂ ਆ ਗਈ ਅਤੇ ਫਸਲ ਤਬਾਹ ਹੋ ਗਈ ਹੈ। ਪਿੰਡ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਬੰਨ੍ਹ ਦੀ ਚੌੜਾਈ ਵਧਾਈ ਜਾਵੇ ਅਤੇ ਉਸ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਤਬਾਹੀ ਤੋਂ ਬਚਿਆ ਜਾ ਸਕੇ।
ਜਗਦੀਸ਼ ਜੱਗਾ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਹ ਹਾਲਾਤ ਸਿਰਫ਼ ਸਰਕਾਰ ਦੀ ਅਣਗਹਿਲੀ ਕਾਰਨ ਪੈਦਾ ਹੋਏ ਹਨ। ਉਹਨਾਂ ਨੇ ਕਿਹਾ ਕਿ ਉਹ ਲੋਕਾਂ ਦੀਆਂ ਗੱਲਾਂ ਨੂੰ ਨਾ ਸਿਰਫ਼ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣਗੇ, ਸਗੋਂ ਸੈਂਟਰ ਸਰਕਾਰ ਨਾਲ ਵੀ ਗੱਲਬਾਤ ਕਰਨਗੇ। ਜੱਗਾ ਨੇ ਦੱਸਿਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਟੀਮ ਭੇਜਣ ਦੇ ਆਦੇਸ਼ ਦਿੱਤੇ ਗਏ ਹਨ ਜੋ ਜਲਦ ਹੀ ਇਲਾਕੇ ਦਾ ਦੌਰਾ ਕਰੇਗੀ।