08/18/2025
ਸਿੱਖ ਦਾ ਮਤਲਬ
ਗੁਰਬਾਣੀ ਦੀ ਸਿਖਿਆ `ਤੇ ਚਲਣ ਵਾਲਾ ਮਨੁੱਖ
ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦੁਨੀਆਂ ਦੇ ਇਤਿਹਾਸ `ਚ ਲਫ਼ਜ਼ ‘ਸਿੱਖ’ ਕਿੱਧਰੇ ਨਹੀਂ ਮਿਲਦਾ। ਅੱਜ ਸਾਡੇ ਕਈ ਬੁਲਾਰੇ ਬੜੇ ਫ਼ਖਰ ਨਾਲ ਕਹੀ ਫ਼ਿਰਦੇ ਹਨ ‘ਅਜੀ! ਸਿੱਖ ਦਾ ਮਤਲਬ ਹੈ: ‘ਸ਼ਿਸ਼ਯ, ਵਿਦਿਆਰਥੀ, ਸਟੂਡੈਂਟ, ਤਾਲਿਬ ਇਲਮ, ਡੈਸੀਪਲ, ਸ਼ਗ਼ਿਰਦ’ ਤੇ ਪਤਾ ਨਹੀਂ ਕੀ ਕੀ? ਅਜਿਹੇ ਸੱਜਨਾਂ ਨੂੰ ਆਪਣੀ ਬੋਲੀ ਵੱਲ ਧਿਆਨ ਦੇਣ ਦੀ ਵੱਡੀ ਲੋੜ ਹੈ। ਜੇ ਇਨੀਂ ਹੀ ਗੱਲ ਹੁੰਦੀ ਤਾਂ ਗੁਰੂ ਪਾਤਸ਼ਾਹ ਸਾਡੇ ਤੋਂ ਕਈ ਗੁਣਾ ਵੱਧ ਭਾਸ਼ਾਵਾਂ ਜਾਣਦੇ ਸਨ। ਉਨ੍ਹਾਂ ਨੂੰ ਨਵਾਂ ਲਫ਼ਜ਼ ‘ਸਿੱਖ’ ਘੱੜ ਕੇ ਸਾਡੇ ਲਈ ਵਰਤਣ ਦੀ ਲੋੜ ਨਹੀਂ ਸੀ। ਇਸੇ ਕਾਰਨ ਇਹ ਵਿਸ਼ਾ ਵੀ ਖ਼ਾਸ ਧਿਆਨ ਮੰਗਦਾ ਹੈ।
‘ਸਿੱਖ’ ਦਾ ਮਤਲਬ ਇਕੋ ਹੀ ਹੈ-ਬਾਣੀ ਦੀ ‘ਸਿਖਿਆ ਦਾ ਸਿੱਖ’। ਸੁਆਲ ਪੈਦਾ ਹੁੰਦਾ ਹੈ ਆਖਿਰ ਬਾਣੀ ਦੀ ਸਿਖਿਆ ਦਾ ਹੀ ਕਿਉਂ? ਕਿਸੇ ਹੋਰ ਦੀ ਸਿਖਿਆ ਦਾ ਕਿਉਂ ਨਹੀਂ? ਸਨਿਮ੍ਰ ਉੱਤਰ ਹੈ ਕਿ ਇਹ ਲਫ਼ਜ਼ ਬਖਸ਼ਿਆ ਵੀ ਬਾਣੀ ਰਾਹੀਂ ਹੈ ਅਤੇ ਕੇਵਲ ਬਾਣੀ ਦੀ ਸਿਖਿਆ `ਤੇ ਚਲਣ ਵਾਲੇ ਮਨੁੱਖ ਲਈ, ਕਿਸੇ ਹੋਰ ਲਈ ਨਹੀਂ। ਫ਼ੁਰਮਾਨ ਹੈ “ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ” (ਪੰਨਾ 601) ਅਤੇ “ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ” (ਪੰਨਾ 667) ਪਾਤਸ਼ਾਹ ਹੋਰ ਫੁਰਮਾਉਂਦੇ ਹਨ “ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ” (ਪੰ: 465) ਭਾਵ ‘ਸਿੱਖ ਦਾ ਮਤਲਬ ਇਕੋ ਹੀ ਹੈ, ‘ਜਿਹੜਾ ਮਨੁੱਖ ਬਾਣੀ ਦੀ ਵੀਚਾਰ ਕਰਕੇ, ਗੁਰੂ ਦੀ ਸਿਖਿਆ ਅਨੁਸਾਰ ਜੀਵਨ ਬਤੀਤ ਕਰੇ’ ਉਸ ਤੋਂ ਬਿਨਾ ਨਹੀਂ। ਤਾਂ ਤੇ ਇਸ ਲਫ਼ਜ਼ ਦੇ ਵਾਧੂ ਦੇ ਅਰਥ ਕਰਣੇ ਸਾਡੀ ਅਪਣੀ ਨਾਸਮਝੀ ਦਾ ਹੀ ਪ੍ਰਗਟਾਵਾ ਹੈ।
ਬਾਣੀ ਰਾਹੀਂ ‘ਸਿੱਖ’ ਦੇ ਅਰਥ ਸਮਝੀਏ ਤਾਂ ‘ਸਿੱਖ’ ਲਈ ਦੋਨੋਂ ਹੀ ਸ਼ਰਤਾਂ ਲਾਗੂ ਹੁੰਦੀਆਂ ਹਨ: ਪਹਿਲਾ-ਸਰੂਪ ਵਾਲਾ ਪੱਖ ਤੇ ਦੂਜਾ-ਸੁਭਾਅ ਵਾਲਾ ਪੱਖ। ਕੇਸ ਮਨੁੱਖੀ ਸਰੂਪ ਦਾ ਕੁਦਰਤੀ ਤੇ ਅਨਿੱਖੜਵਾਂ ਅੰਗ ਹਨ ਅਤੇ ਸਾਡਾ ਸੁਭਾਅ ਘੜ੍ਹਣਾ ਹੈ, ਗੁਰਬਾਣੀ ਨੇ। ਮਨੁੱਖ ਜਦੋਂ ਬਾਹਰੌਂ, ਆਪਣੇ ਪ੍ਰਭੂ ਬਖ਼ਸ਼ੇ ਮਨੁੱਖੀ ਸਰੂਪ ਦੀ ਸੰਭਾਲ ਕਰਦਾ ਹੈ ਤੇ ਅੰਦਰੋਂ ਗੁਰਬਾਣੀ ਸਿਖਿਆ ਵੱਲ ਵੱਧਦਾ ਹੈ, ਤਾਂ ਉਸ ਨੂੰ ਸਿੱਖ’ ਕਿਹਾ ਹੈ। ਪੰਜ ਪਿਆਰਿਆਂ ਰਾਹੀਂ, ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੀ ਹਜ਼ੂਰੀ `ਚ ਪਾਹੁਲ ਲੈਣ ਦਾ ਮਤਲਬ ਵੀ ਗੁਰਬਾਣੀ ਦੀ ਸਿਖਿਆ ਉਪਰ ਜੀਵਨ ਭਰ ਚਲਣ ਦਾ ਹੀ ਪ੍ਰਣ ਹੈ।
‘ਸਿੱਖ ਧਰਮ’ ਸੁਆਸ ਸੁਆਸ ਦਾ ਧਰਮ ਹੈ .ਸੇਅਰ ਜਰੂਰ ਕਰਨਾ ਜੀ ..