26/10/2024
ਪੰਜਾਬ ਦੀ ਕਿਸਾਨੀ ਦੀ ਤਰਸਯੋਗ ਹਾਲਤ
ਪੰਜਾਬ ਭਾਰਤ ਦਾ ਮੱਧ ਵਰਗ ਦਾ ਰਾਜ ਹੈ, ਜਿਸਦੀ ਅਰਥਵਿਵਸਥਾ ਮੁੱਖ ਤੌਰ ਤੇ ਖੇਤੀਬਾੜੀ ਤੇ ਨਿਰਭਰ ਹੈ। ਖੇਤੀਬਾੜੀ ਨੂੰ ਅਕਸਰ ਪੰਜਾਬ ਦੀ ਰੂਹ ਕਿਹਾ ਜਾਂਦਾ ਹੈ, ਪਰ ਹੁਣ ਇਸ ਖੇਤਰ ਦੇ ਕਿਸਾਨ ਤਰਸਯੋਗ ਹਾਲਾਤਾਂ ਵਿੱਚ ਜੀ ਰਹੇ ਹਨ। ਵਧਦੇ ਕਰਜ਼ੇ, ਘੱਟ ਪੈਦਾਵਾਰ ਦੇ ਮੁੱਲ, ਮੌਸਮ ਦੇ ਅਸਰ, ਅਤੇ ਸਰਕਾਰੀ ਨੀਤੀਆਂ ਦੀ ਅਣਗਹਿਲੀ ਕਾਰਨ ਅੱਜ ਪੰਜਾਬ ਦਾ ਕਿਸਾਨ ਤਰਸਯੋਗ ਹਾਲਾਤ ਵਿੱਚ ਹੈ।
ਕੁਝ ਮੁੱਖ ਕਾਰਣ ਤੇ ਚਿੰਤਾਵਾਂ:
1. ਕਰਜ਼ੇ ਅਤੇ ਆਤਮਹੱਤਿਆਵਾਂ ਦੀ ਸਮੱਸਿਆ
ਪੰਜਾਬ ਦੇ ਬਹੁਤ ਸਾਰੇ ਕਿਸਾਨ ਭਾਰੀ ਕਰਜ਼ੇ ਦੇ ਬੋਝ ਹੇਠਾਂ ਦੱਬੇ ਹਨ। ਬੈਂਕਾਂ ਅਤੇ ਆਰਥਿਕ ਸਥਾਨਿਕ ਸੰਸਥਾਵਾਂ ਤੋਂ ਲਿਆ ਕਰਜ਼ਾ ਕਈ ਵਾਰ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਤੇ ਮੌਤ ਦਾ ਕਾਰਣ ਬਣ ਜਾਂਦਾ ਹੈ। ਵੱਧਦੀ ਮਹਿੰਗਾਈ ਅਤੇ ਫਸਲਾਂ ਦੇ ਘੱਟ ਮੁੱਲ਼ ਕਰਕੇ ਉਹਨਾਂ ਨੂੰ ਆਮਦਨੀ ਬਹੁਤ ਹੀ ਘੱਟ ਰਹਿੰਦੀ ਹੈ, ਜਿਸ ਕਾਰਨ ਬਹੁਤ ਸਾਰੇ ਕਿਸਾਨ ਮੁਸੀਬਤ ਵੱਸ ਅਕਸਰ ਆਤਮਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ।
ਪਰ ਕੁਝ ਹੱਦ ਤੱਕ ਫਿਰ ਵੀ ਬਚਾ ਸਕਦੀਆਂ ਨੇ ਸਰਕਾਰਾਂ ਕਿਸਾਨੀ ਤੇ ਕਿਸਾਨ ਨੂੰਃ
ੳ) ਕਰਜ਼ ਮਾਫ਼ੀ ਸਕੀਮ: ਸਰਕਾਰ ਨੂੰ ਕਰਜ਼ ਮਾਫ਼ੀ ਲਈ ਸਥਾਈ ਅਤੇ ਸਮਰੱਥ ਪ੍ਰਬੰਧ ਕਰਨੇ ਚਾਹੀਦੇ ਹਨ, ਜਿਸ ਨਾਲ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਤੋਂ ਮੁਕਤੀ ਮਿਲ ਸਕੇ। ਪਰ ਸਿਰਫ਼ ਉਹ ਕਰਜ਼ਾ ਜੋ ਕਿਸੇ ਚੰਗੇ ਕਾਰਣ ਕਰਕੇ ਲਿਆ ਹੋਵੇ (ਵੱਡੀਆਂ ਗੱਡੀਆਂ ਤੇ ਵੱਡੀਆਂ ਕੋਠੀਆਂ ਕਰਕੇ ਨਹੀਂ)
ਅ) ਫ਼ਸਲ਼ ਦਾ ਬੀਮਾ : ਕਿਸਾਨਾਂ ਨੂੰ ਮੌਸਮ ਜਾਂ ਕੁਦਰਤੀ ਆਫ਼ਤ ਤੋਂ ਬਚਾਉਣ ਲਈ ਫ਼ਸਲ਼ ਬੀਮਾ ਜਾਂ ਕੋਈ ਅਜਿਹੀ ਨੀਤੀ ਲਾਗੂ ਕੀਤੀ ਜਾਵੇ, ਜੋ ਮੌਸਮ ਦੀਆਂ ਤਬਾਹੀਆਂ ਤੋਂ ਕਿਸਾਨ ਤੇ ਫ਼ਸਲ਼ ਨੂੰ ਕਿਸੇ ਹੱਦ ਤੱਕ ਬਚਾ ਸਕੇ।
ੲ) ਕਣਕ ਝੋਨੇ ਤੋਂ ਬਿਨਾਂ ਫ਼ਸਲ਼ਾਂ ਵੱਲ਼ ਧਿਆਨ : ਵੱਖ ਵੱਖ ਫਸਲਾਂ ਦੀ ਪੈਦਾਵਾਰ ਉਤਪਾਦਨ ਲਈ ਕਿਸਾਨਾਂ ਨੂੰ ਸਹਾਇਕ ਫੰਡ ਪ੍ਰਦਾਨ ਕਰਕੇ ਉੱਚ ਮੁੱਲ ਵਾਲੀਆਂ ਫਸਲਾਂ ਤੇ ਜੋਰ ਦਿੱਤਾ ਜਾਵੇ। ਜਿਸ ਨਾਲ ਕਿਸਾਨ , ਧਰਤੀ ਤੇ ਪਾਣੀ ਨੂੰ ਇੱਕੋ ਸਮੇਂ ਬਚਾਇਆ ਜਾ ਸਕੇ।
2. ਫਸਲ਼ਾਂ ਦੇ ਘੱਟ ਮੁੱਲ ਅਤੇ ਐਮ.ਐਸ.ਪੀ. ਦੀ ਕਮੀ
ਕਿਸਾਨਾਂ ਨੂੰ ਫਸਲਾਂ ਲਈ ਸਹੀ ਮੁੱਲ਼ ਤੇ ਮੇਹਨਤ ਨਹੀਂ ਮਿਲਦੀ, ਅਤੇ ਇਹੀ ਵੱਡਾ ਕਾਰਨ ਹੈ ਕਿ ਉਹਨਾਂ ਦੀ ਆਮਦਨੀ ਘਟਦੀ ਜਾ ਰਹੀ ਹੈ। ਐਮ.ਐਸ.ਪੀ. ਅਤੇ ਮਾਰਕੀਟਿੰਗ ਵਿੱਚ ਹੋ ਰਹੀ ਧਾਂਦਲੀ ਕਾਰਨ ਉਹਨਾਂ ਨੂੰ ਫਸਲਾਂ ਦੇ ਮੁੱਲ ਬਹੁਤ ਘੱਟ ਮਿਲਦੇ ਹਨ।
ਹੱਲ਼ ਕਰਨ ਲਈ ਕੀ ਕੁਝ ਕੀਤਾ ਜਾ ਸਕਦਾਃ
ੳ) ਐਮ.ਐਸ.ਪੀ. ਦਾ ਵਿਕਾਸ ਅਤੇ ਗਾਰੰਟੀ: ਸਰਕਾਰ ਨੂੰ ਸਾਰੇ ਕਿਸਮਾਂ ਦੀਆਂ ਫਸਲਾਂ ਲਈ ਐਮ.ਐਸ.ਪੀ. ਦੀ ਗਾਰੰਟੀ ਦੇਣੀ ਚਾਹੀਦੀ ਹੈ, ਜਿਸ ਨਾਲ ਕਿਸਾਨਾਂ ਨੂੰ ਪੱਕੇ ਮੁੱਲ ਮਿਲ ਸਕਣ ਤੇ ਖੇਤੀ ਵਿੱਚ ਵੰਨ੍ਹ ਸੁਵੰਨਤਾ ਲਿਆਂਦੀ ਜਾ ਸਕੇ।
ਅ) ਵਿਕਰੀ ਪ੍ਰਣਾਲੀ: ਕਿਸਾਨਾਂ ਨੂੰ ਉਹਨਾਂ ਦੀ ਫਸਲ ਨੂੰ ਮੰਡੀਆਂ ਤੋਂ ਬਿਨਾਂ ਕਿਸੇ ਵੀ ਟਰੇਡ ਵਿੱਚ ਬਿਨਾਂ ਦਲ਼ਾਲੀ ਤੇ ਬਿਨਾਂ ਕਿਸੇ ਕੱਟ ਤੋਂ ਵੇਚਣ ਦੀ ਸੁਵਿਧਾ ਦਿੱਤੀ ਜਾਵੇ।
ੲ) ਐਮ.ਐਸ.ਪੀ. ਦੇ ਇਲਾਵਾ ਵਧੀਆ ਮਾਰਕੀਟਿੰਗ : ਕਿਸਾਨਾਂ ਨੂੰ ਮਾਰਕੀਟਿੰਗ ਵਿੱਚ ਮੇਲ਼ਿਆਂ ਜਾਂ ਪ੍ਰੋਗਰਾਮਾਂ ਰਾਹੀਂ ਬਾਜ਼ਾਰ ਵਿੱਚ ਵਧਦੀ ਮੰਗ ਤੇ ਸਪਲਾਈ ਤੋਂ ਜਾਣੂ ਕਰਵਾਇਆ ਜਾਵੇ, ਤਾਂ ਜੋ ਉਹ ਆਪਣੀਆਂ ਫ਼ਸਲਾਂ ਨੂੰ ਵਧੀਆ ਸਮੇਂ ਤੇ ਰੁੱਤ ਅਨੁਸਾਰ ਬੀਜ ਸਕਣ ਤੇ ਚੰਗੇ ਮੁੱਲ਼ ’ਤੇ ਵੇਚ ਸਕਣ।
3. ਮੌਸਮੀ ਤਬਦੀਲੀਆਂ ਅਤੇ ਸਿੰਚਾਈ ਦੀ ਕਮੀ
ਮੌਸਮੀ ਤਬਦੀਲੀਆਂ ਕਾਰਨ ਪੰਜਾਬ ਦੇ ਕਿਸਾਨਾਂ ਲਈ ਖੇਤੀਬਾੜੀ ਅਜੇ ਵੀ ਚੁਣੌਤੀ ਭਰੀ ਹੈ। ਕਈ ਵਾਰ ਵੱਧ ਮੀਂਹ ਪੈਂਦਾ ਹੈ ਜਾਂ ਕਈ ਵਾਰ ਸੋਕਾ ਪੈ ਜਾਂਦਾ ਹੈ, ਜਿਸ ਨਾਲ ਫਸਲ਼ਾਂ ਦੀ ਉਪਜ ਜਾਂ ਸਾਂਭ ਸੰਭਾਲ਼ ਠੀਕ ਤਰਾਂ ਨਹੀਂ ਹੁੰਦੀ। ਇਸ ਤੋਂ ਇਲਾਵਾ, ਜ਼ਮੀਨ ਦੇ ਹੇਠਾਂ ਦੇ ਪਾਣੀ ਦੀ ਕਮੀ ਵੀ ਖੇਤੀਬਾੜੀ ਲਈ ਵੱਡੀ ਸਮੱਸਿਆ ਹੈ।
ਸੰਭਾਵੀ ਹੱਲ਼ ਜੋ ਕਿਸੇ ਹੱਦ ਤੱਕ ਮਦਦਗਾਰ ਸਾਬਿਤ ਹੋ ਸਕਦੇ ਆਃ
ੳ) ਖੇਤੀਬਾੜੀ ਤਕਨੀਕਾਂ: ਡ੍ਰਿਪ ਸਿੰਚਾਈ ਅਤੇ ਲੋਡਰ ਸਿੰਚਾਈ ਵਰਗੀਆਂ ਤਕਨੀਕਾਂ ਨੂੰ ਪ੍ਰਮੋਟ ਕੀਤਾ ਜਾਵੇ, ਜੋ ਪਾਣੀ ਦੀ ਵਰਤੋਂ ਨੂੰ ਘਟਾ ਕੇ ਫਸਲਾਂ ਨੂੰ ਪਾਣੀ ਦੇ ਸਕੇ। ਇਸ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ ਤੇ ਧਰਤੀ ਦੀ ਉਪਜ ਵੀ ਦੁੱਗਣੀ ਹੋਊ।
ਅ) ਮੌਸਮ ਅਨੁਸਾਰ ਫ਼ਸਲਾਂ : ਕਿਸਾਨਾਂ ਨੂੰ ਮੌਸਮ ਦੇ ਅਨੁਕੂਲ ਫ਼ਸਲਾਂ ਦੇ ਬਿਜਾਈ ਲਈ ਪ੍ਰੇਰਿਤ ਕੀਤਾ ਜਾਵੇ, ਤਾਂ ਜੋ ਨੁਕਸਾਨ ਦੀ ਦਰ ਨੂੰ ਘਟਾਇਆ ਜਾ ਸਕੇ।
4. ਪਰਾਲੀ ਅਤੇ ਪ੍ਰਦੂਸ਼ਣ ਦੀ ਸਮੱਸਿਆ
ਹਰੇਕ ਸਾਲ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰਾਂ ਤੇ ਕਈ ਲ਼ੀਡਰਾਂ ਵੱਲੋਂ ਸਿੱਧੇ ਤੌਰ ਤੇ ਕਿਸਾਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿ ਕਿਸਾਨਾਂ ਦੇ ਇਸ ਤਰਾਂ ਕਰਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਤੇ ਕਈਆਂ ਵੱਲੋਂ ਤੇ ਪੰਜਾਬ ਦਾ ਧੂੰਆਂ ਦਿੱਲ਼ੀ ਹਰਿਆਣੇ ਤੱਕ ਪਹੁੰਚਾ ਦਿੱਤਾ ਜਾਂਦਾ ਹੈ।ਕਿਸਾਨਾਂ ਲਈ ਪਰਾਲੀ ਨੂੰ ਢੋਣਾ ਜਾਂ ਇਸ ਨੂੰ ਖ਼ਤਮ ਕਰਨਾ ਸੌਖਾ ਨਹੀਂ ਹੁੰਦਾ।
ਕੁਝ ਹੱਲ ਜੋ ਕਿ ਵਰਤੇ ਜਾ ਸਕਦੇ ਆ ਤੇ ਸ਼ਾਇਦ ਮਦਦਗਾਰ ਵੀ ਹੋਣਃ
ੳ) ਬਾਇਓਗੈਸ ਅਤੇ ਬਾਇਓਫਿਊਲ ਯੂਨਿਟ: ਸਰਕਾਰ ਨੂੰ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਪਰਾਲੀ ਨੂੰ ਸਾੜਨ ਦੀ ਥਾਂ ਬਾਇਓਗੈਸ ਅਤੇ ਬਾਇਓਫਿਊਲ ਵਿੱਚ ਬਦਲਣ ਦੀ ਕੋਸ਼ਿਸ਼ ਕਰਨ। ਤੇ ਸਬਸਿਡੀ ਦੇ ਤੌਰ ਤੇ ਇਹ ਪਲਾਂਟ ਲਾਉਣ ਤੇ ਢੋਆ ਢੁਆਈ ਵਿੱਚ ਮਦਦ ਰੂਪ ਵਿੱਚ ਪ੍ਰਤੀ ਏਕੜ ਕੁਝ ਰਕਮ ਨਿਰਧਾਰਿਤ ਕਰਨੀ ਚਾਹੀਦੀ ਹੈ।
ਅ) ਪਰਾਲੀ ਨੂੰ ਸੰਭਾਲਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ: ਪਰਾਲੀ ਦੀ ਮੌਕੇ ਤੇ ਨਿਪਟਾਰਾ ਕਰਨ ਲਈ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੀ ਸਿਖਲਾਈ ਦਿੱਤੀ ਜਾਵੇ, ਜਿਵੇਂ ਕਿ ਹੈਪੀ ਸੀਡਰ ਅਤੇ ਮਲਚਿੰਗ ਤਕਨੀਕ। ਜੇ ਕਿਸਾਨਾਂ ਨੂੰ ਮਦਦ ਦੇ ਕੇ ਸਮਝਾਇਆ ਜਾਵੇ ਤੇ ਜ਼ਰੂਰ ਬਦਲ਼ਿਆ ਜਾ ਸਕਦਾ ਹੈ।
5. ਬਿਜਲੀ ਅਤੇ ਰੁਜ਼ਗਾਰ ਦੀ ਘਾਟ
ਪੰਜਾਬ ਦੇ ਬਹੁਤ ਸਾਰੇ ਕਿਸਾਨ ਬਿਜਲੀ ਦੀ ਘਾਟ ਕਾਰਨ ਖੇਤੀਬਾੜੀ ਵਿੱਚ ਮੁਸ਼ਕਿਲ਼ਾਂ ਦਾ ਸਾਹਮਣਾ ਕਰਦੇ ਹਨ। ਬਿਜਲੀ ਦੀ ਘਾਟ ਨਾਲ ਸਿੰਚਾਈ ਠੱਪ ਰਹਿੰਦੀ ਹੈ, ਤੇ ਸਮੇਂ ਤੇ ਪਾਣੀ ਨਾ ਮਿਲਣ ਕਾਰਣ ਪੈਦਾਵਾਰ ਘੱਟ ਰਹਿੰਦੀ ਹੈ। ਇਸ ਤੋਂ ਇਲਾਵਾ, ਬੇਰੁਜ਼ਗਾਰੀ ਵੀ ਇੱਕ ਮੁੱਖ ਚਿੰਤਾ ਹੈ, ਜਿਸ ਕਾਰਨ ਕਿਸਾਨਾਂ ਦੀ ਆਮਦਨੀ ਬਹੁਤ ਘੱਟ ਰਹਿੰਦੀ ਹੈ।
ਸੰਭਾਵੀ ਹੱਲ:
ਬਿਜਲੀ ਸਪਲਾਈ ਵਿੱਚ ਸੁਧਾਰ ਕਰ ਕੇ ਖੇਤੀਬਾੜੀ ਲਈ ਪ੍ਰਚਲਿਤ ਬਿਜਲੀ ਸਪਲਾਈ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇ, ਜਿਸ ਨਾਲ ਕਿਸਾਨਾਂ ਨੂੰ ਅਸਲ਼ ਵਿੱਚ ਪੂਰਾ ਸਮਾਂ ਬਿਜਲ਼ੀ ਦਿੱਤੀ ਜਾਵੇ … ਨਾ ਕਿ ਸਿਰਫ਼ ਇਸ਼ਤਿਹਾਰਾਂ ਜਾਂ ਮਸ਼ਹੂਰੀਆਂ ਚ’ ਦਿਖਾਉਣ ਲਈ।
ਨੋਟਃ ਸਹਿਮਤੀ ਅਸਹਿਮਤੀ ਸੁਭਾਵਿਕ ਹੈ… ਕੋਈ ਗੁੱਸਾ ਗਿਲ਼ਾ ਨਹੀਂ ਭਾਊ ਜੀ।
ਅਵੀ ਸਿੱਧੂ ✍️