02/08/2026
ਬੀਬੀ ਦੀ ਡਾਂਟ ਦਾ ਮਤਲਬ ਹੁਣ ਜਾ ਕੇ ਸਮਝ ਆਇਆ…
ਸਾਡੇ ਗੁਆਂਢ ਸ਼੍ਰੀ ਰਾਮ ਕਿਸ਼ਨ ਆੜ੍ਹਤੀ ਦਾ ਘਰ ਸੀ। ਉਨ੍ਹਾਂ ਦੀ ਧਰਮਪਤਨੀ ਨੂੰ ਸਾਰਾ ਇਮਲੀ ਵਾਲਾ ਮੁਹੱਲਾ ਪਿਆਰ ਨਾਲ “ਬੀਬੀ” ਕਹਿੰਦਾ ਸੀ। ਬੜੇ ਨਿੱਘੇ ਸੁਭਾਅ ਦੀ ਸੀ। ਘਰ ਵਿੱਚ ਦੁੱਧ, ਦਹੀਂ ਤੇ ਲੱਸੀ ਦੀ ਕਦੇ ਕਮੀ ਨਹੀਂ ਰਹਿੰਦੀ ਸੀ। ਮੁਹੱਲੇ ਦਾ ਕੋਈ ਵੀ ਬੱਚਾ ਜਾਂ ਵੱਡਾ ਆ ਜਾਵੇ, ਬਿਨਾਂ ਕਿਸੇ ਭੇਦਭਾਵ ਦੇ ਤਾਜ਼ੀ ਲੱਸੀ ਦਾ ਗਲਾਸ ਹੱਥ ਵਿੱਚ ਫੜਾ ਦਿੰਦੀ ਸੀ।
ਸਾਡੇ ਘਰੋਂ ਵੀ ਅਕਸਰ ਆਵਾਜ਼ ਆਉਂਦੀ ਸੀ, “ਓਏ, ਜਾ ਬੀਬੀ ਕੋਲੋਂ ਲੱਸੀ ਫੜ ਲੈ ਆ।” ਅਸੀਂ ਖੇਡਦੇ-ਖੇਡਦੇ ਸਿੱਧੇ ਹੀ ਚੌਂਕੇ ਵਿੱਚ ਵੜ ਜਾਂਦੇ। ਕਦੇ ਹੱਥ ਧੋਣੇ ਭੁੱਲ ਜਾਂਦੇ, ਕਦੇ ਬਾਹਰ ਵਾਲੀ ਚੱਪਲ-ਜੁੱਤੀ ਹੀ ਨਾਲ ਲੈ ਜਾਂਦੇ। ਬਸ ਫਿਰ ਕੀ ਸੀ… ਬੀਬੀ ਦੀ ਡਾਂਟ ਪੱਕੀ!
ਉਸ ਵੇਲੇ ਮਨ ਵਿੱਚ ਇਹੀ ਆਉਂਦਾ ਸੀ ਕਿ “ਬੀਬੀ ਮੇਰੇ ਨਾਲ ਹੀ ਗੁੱਸੇ ਕਿਉਂ ਹੁੰਦੀ ਹੈ?” ਪਰ ਅੱਜ, ਸਾਲਾਂ ਬਾਅਦ, ਜਦੋਂ ਆਪ ਚੁੱਲ੍ਹਾ-ਚੌਂਕਾ ਸੰਭਾਲਦੇ ਹਾਂ, ਲੰਗਰ ਬਣਾਉਂਦੇ ਹਾਂ ਜਾਂ ਘਰ ਦਾ ਖਾਣਾ ਤਿਆਰ ਕਰਦੇ ਹਾਂ ਅਤੇ ਕੋਈ ਬਾਹਰ ਦੀ ਗੰਦਗੀ ਲੈ ਕੇ ਅੰਦਰ ਆ ਜਾਵੇ, ਤਾਂ ਆਪ ਵੀ ਕਹਿ ਉੱਠਦੇ ਹਾਂ “ਚੌਂਕਾ ਸਾਫ਼ ਰੱਖੋ, ਬਾਹਰ ਦੀ ਗੰਦਗੀ ਅੰਦਰ ਨਾ ਲਿਆਓ।”
ਉਸ ਵੇਲੇ ਸਮਝ ਨਹੀਂ ਸੀ ਆਉਂਦੀ, ਪਰ ਅੱਜ ਸਮਝ ਆਉਂਦੀ ਹੈ ਕਿ ਬੀਬੀ ਦਾ ਗੁੱਸਾ ਸਾਡੇ ਉੱਤੇ ਨਹੀਂ ਸੀ। ਉਹ ਤਾਂ ਘਰ ਦੀ ਸਫ਼ਾਈ, ਪਰਿਵਾਰ ਦੀ ਸਿਹਤ ਅਤੇ ਚੰਗੀਆਂ ਆਦਤਾਂ ਦੀ ਰਾਖੀ ਕਰਦੀ ਸੀ।
ਉਸ ਜ਼ਮਾਨੇ ਦੀਆਂ ਮਾਵਾਂ ਤੇ ਬੀਬੀਆਂ ਨੂੰ ਭਾਵੇਂ ਵੱਡੀਆਂ-ਵੱਡੀਆਂ ਵਿਗਿਆਨਕ ਗੱਲਾਂ ਨਹੀਂ ਪਤਾ ਸਨ, ਪਰ ਇੱਕ ਗੱਲ ਉਹ ਚੰਗੀ ਤਰ੍ਹਾਂ ਜਾਣਦੀਆਂ ਸਨ ਜੇ ਚੌਂਕਾ ਸਾਫ਼ ਹੋਵੇਗਾ ਤਾਂ ਘਰ ਦੇ ਜੀਅ ਵੀ ਤੰਦਰੁਸਤ ਰਹਿਣਗੇ।
ਅੱਜ ਲੱਗਦਾ ਹੈ ਕਿ ਵੱਡਿਆਂ ਦੀ ਹਰ ਡਾਂਟ ਦੇ ਪਿੱਛੇ ਗੁੱਸਾ ਨਹੀਂ, ਸਗੋਂ ਫ਼ਿਕਰ ਤੇ ਪਿਆਰ ਲੁਕਿਆ ਹੁੰਦਾ ਸੀ। ਬਸ, ਇਹ ਗੱਲ ਸਮਝਣ ਵਿੱਚ ਸਾਨੂੰ ਥੋੜ੍ਹੀ ਦੇਰ ਲੱਗ ਗਈ।
ਸਰਬਜੀਤ ਸਿੰਘ ਬਨੂੜ
2 ਅਗਸਤ 2026