
14/02/2025
ਚੰਗੀ ਗੱਲ ਹੈ ਕਿ ਗਿਆਨੀ ਰਘਬੀਰ ਸਿੰਘ ਜੀ ਨੇ ਗਿਆਨੀ ਗੁਰਬਚਨ ਸਿੰਘ ਵਾਲੇ ਰਾਹ ਜਾਂਦਿਆਂ-ਜਾਂਦਿਆਂ ਮੋੜ ਕੱਟ ਲਿਆ ਹੈ। ਉਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਹਰ ਪਰੰਪਰਾ, ਕਾਨੂੰਨ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਧੱਕੇ ਨਾਲ ਕੀਤੀ ਬਰਤਰਫੀ ਖਿਲਾਫ ਬੋਲਣ ਨੂੰ ਤਿੰਨ ਦਿਨ ਲੱਗ ਗਏ।
ਇਸ ਤੋਂ ਸਮਝ ਆ ਰਿਹਾ ਹੈ ਕਿ ਉਹ ਦੁਬਿਧਾ ਦਾ ਸ਼ਿਕਾਰ ਵੀ ਸਨ ਅਤੇ ਕਿਤੇ ਅੰਦਰ ਆਤਮਾ ਅਤੇ ਦੁਨਿਆਵੀ ਖਿੱਚੋਤਾਣ ਦਾ ਸੰਘਰਸ਼ ਵੀ ਚੱਲ ਰਿਹਾ ਸੀ।
ਉਨ੍ਹਾਂ ਦੀ ਇਸ ਸੰਖੇਪ ਲਿਖਤ ਵਿੱਚੋਂ ਜ਼ਾਹਰ ਹੋ ਰਿਹਾ ਹੈ ਕਿ ਉਨ੍ਹਾਂ ਨੇ ਆਤਮਾ ਦੀ ਆਵਾਜ਼ ਸੁਣੀ ਹੈ।
ਜੇ ਉਹ ਪਹਿਲਾਂ ਹੀ ਸਪਸ਼ਟ ਸਟੈਂਡ ਲੈ ਲੈਂਦੇ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਬਰਤਰਫੀ ਨਹੀਂ ਸੀ ਹੋਣੀ।
ਸਾਡੀ ਸਮਝ ਮੁਤਾਬਕ ਇਹ ਬਿਆਨ ਜਾਰੀ ਕਰਕੇ ਬਾਦਲ ਟੋਲੇ ਦੀ ਨਜ਼ਰ ਵਿੱਚ ਉਨ੍ਹਾਂ ਨੇ ਸ਼ਾਇਦ ਆਖਰੀ ਗੁਨਾਹ ਹੀ ਕਰ ਦਿੱਤਾ ਹੈ। ਹੁਣ ਇਹ ਟੋਲਾ ਗਿਆਨੀ ਰਘਬੀਰ ਸਿੰਘ ਨੂੰ ਬਖਸ਼ਣ ਨਹੀਂ ਲੱਗਿਆ।
ਹੁਣ "ਮੈਂਸੇਜਰ ਆਫ ਬਾਦਲਜ਼" ਰਘੂਜੀਤ ਵਿਰਕ ਦੀ ਅਗਵਾਈ ਵਿੱਚ ਉਨ੍ਹਾਂ ਦਾ ਸ਼ਿਕਾਰ ਕਰਨ ਲਈ ਸ਼ਿਕਾਰੀ ਛੱਡੇ ਜਾਣਗੇ।
ਇਸ ਲਈ ਉਨ੍ਹਾਂ ਨੂੰ ਬੇਨਤੀ ਹੈ ਕਿ ਜਦੋਂ ਹੁਣ ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਬਰਤਰਫੀ ਅਤੇ ਇਸ ਦੇ ਢੰਗ ਤਰੀਕੇ ‘ਤੇ ਸਪਸ਼ਟ ਗੱਲ ਕਰ ਹੀ ਦਿੱਤੀ ਹੈ ਤਾਂ ਹੁਣ ਉਹ ਮਾਨਸਿਕ ਦੁਬਿਧਾ ਵਿੱਚੋਂ ਨਿਕਲਣ ਤੇ ਇੱਕ ਪਾਸੇ ਖੜਨ।
ਹੁਣ ਵਕਤ ਹੈ ਕਿ ਸੱਤ ਮੈਂਬਰੀ ਕਮੇਟੀ ਦੇ ਮਸਲੇ ‘ਤੇ ਵੀ ਉਹ ਸਪਸ਼ਟ ਬਿਆਨੀ ਕਰਨ।
ਅਕਾਲੀ ਦਲ ਦੀ ਸਿਆਸਤ ਨੂੰ ਖਤਮ ਹੋਣ ਤੋਂ ਬਚਾਉਣ ਅਤੇ ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਦੀ ਇੱਜ਼ਤ ਮਿੱਟੀ ਵਿੱਚ ਰੋਲੇ ਜਾਣ ਤੋਂ ਬਚਾਉਣ ਦਾ ਜਿੰਮਾ ਹੁਣ ਉਨ੍ਹਾਂ ‘ਤੇ ਪਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਵਿੱਚ ਬਿਲਕੁਲ ਫੇਲ੍ਹ ਹੋਏ ਨੇ।
ਜੇ ਬਾਦਲ ਟੋਲਾ ਉਹਨਾਂ ਨੂੰ ਜਥੇਦਾਰੀ ਤੋਂ ਅਤੇ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਤ ਤੋਂ ਕੱਢ ਵੀ ਦੇਵੇਗਾ ਤਾਂ ਵੀ ਘੱਟੋ ਘੱਟ ਕੌਮ ਦੀਆਂ ਨਜ਼ਰਾਂ ਵਿੱਚ ਉਨ੍ਹਾਂ ਦੀ ਇੱਜ਼ਤ ਬਹਾਲ ਰਹੇਗੀ।
ਉਨ੍ਹਾਂ ਦੇ ਅੱਜ ਵਾਲੇ ਗੁਨਾਹ ਤੋਂ ਬਾਅਦ ਇਸ ਟੋਲੇ ਨੇ ਉਹਨਾਂ ਨੂੰ ਵੈਸੇ ਵੀ ਟਿਕਣ ਨਹੀਂ ਦੇਣਾ।
ਹੁਣ ਭੁੱਲ ਕੇ ਵੀ ਉਹ ਦੁਬਾਰਾ ਗਿਆਨੀ ਗੁਰਬਚਨ ਸਿੰਘ ਵਾਲਾ ਰਾਹ ਨਾ ਫੜਨ।