29/07/2025
—ਉਸ ਮਹਾਨ ਪੱਤਰਕਾਰ ਨੂੰ,ਇੱਕ ਸ਼ਰਧਾਂਜਲੀ ਇਹ ਵੀ— ਪੂਰੇ 40 ਸਾਲ ਪਹਿਲਾਂ, ਅੱਜ ਦੇ ਹੀ ਦਿਨ (29 ਜੁਲਾਈ 1984 ਨੂੰ), ਅਜੀਤ ਭਵਨ ਜਲੰਧਰ ਵਿੱਚ ਉੱਘੇ ਪੱਤਰਕਾਰ ਤੇ ਮਹਾਨ ਵਿਅਕਤੀ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਈ ਸੀ ਅਤੇ ਜਿਸ ਮਗਰੋਂ ਸ਼ਹਿਰ ਦੇ ਕੁੱਝ ਪ੍ਰਭਾਵਸ਼ਾਲੀ ਅਤੇ ਦਬੰਗ ਕਿਸਮ ਦੇ ਵਿਅਕਤੀਆਂ ਦੀ ਨਿਗਰਾਨੀ ਹੇਠ, ਕਿਸੇ ਸੋਚੀ ਸਮਝੀ ਤੈਅ-ਸ਼ੁਦਾ ਵਿਉਂਤ ਅਨੁਸਾਰ ਕਾਹਲ਼ੀ-ਕਾਹਲ਼ੀ ਵਿੱਚ ਸੰਸਕਾਰ ਕਰ ਕੀਤਾ ਗਿਆ ਸੀ। ਜਦੋਂ ਕਿ ਮ੍ਰਿਤਕ ਦੇ ਇਕਲੌਤੇ ਪੋਤਰੇ ਵੱਲੋਂ ਮੌਕੇ’ਤੇ ਹੀ ਆਪਣੇ ਸਤਿਕਾਰਤ ਦਾਦੇ ਦੇ ਮ੍ਰਿਤਕ ਸ਼ਰੀਰ ਦੀ ਸਥਿਤੀ ਨੂੰ ਭਾਸਦੇ ਹੋਏ ਮੌਤ ਸ਼ੱਕੀ ਹਾਲਾਤ ਵਿਚ ਹੋਣ ਵੱਲ੍ਹ ਇਸ਼ਾਰਾ ਕੀਤਾ ਗਿਆ। ਜਿਸ ‘ਤੇ ਪੋਤਰੇ ਨੂੰ ਕੁੱਝ ਵਿਅਕਤੀਆਂ, ਜਿਨ੍ਹਾਂ ਵਿੱਚ ਅਜੀਤ ਅਖ਼ਬਾਰ ਦੇ ਸਟਾਫ਼ ਮੈਂਬਰ ਤੇ ਕੁੱਝ ਬਾਹਰੀ ਵਿਅਕਤੀ ਸ਼ਾਮਲ ਸਨ, ਵੱਲੋਂ ਜ਼ਬਰਦਸਤੀ ਅਜੀਤ ਭਵਨ 'ਚੋਂ ਬਾਹਰ ਕੱਢ ਦਿੱਤਾ ਗਿਆ। ਉਹ 21-22 ਸਾਲਾ ਨੌਜਵਾਨ ਬੇਇੱਜ਼ਤੀ ਤੇ ਬੇਬਸੀ ਦੇ ਆਲਮ ਵਿੱਚ ਆਪਣੀਆਂ ਅੱਖਾਂ ‘ਚ ਹੰਝੂ ਭਰੀ, ਆਪਣੇ ਦਾਦੇ ਦੀ ਦੇਹ ਦੇ ਅੰਤਮ ਸਸਕਾਰ 'ਚ ਸ਼ਾਮਲ ਹੋਣ ਲਈ ‘ਅਜੀਤ ਭਵਨ’ ਦੇ ਬਾਹਰ ਸੜਕ 'ਤੇ ਇਕੱਲਾ ਖੜ੍ਹਾ ਅਰਥੀ ਦੇ ਬਾਹਰ ਲਿਆਏ ਜਾਣ ਦਾ ਇੰਤਜ਼ਾਰ ਕਰਨ ਲੱਗਾ। ਅਜੀਤ ਭਵਨ ਦੇ ਅੰਦਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮਹਾਨ ਸਪੂਤ ਡਾ: ਸਾਧੂ ਸਿੰਘ ਹਮਦਰਦ ਦੇ ਇਸ ਕਥਿਤ ਕਤਲ ਦੀ ਸਾਜ਼ਿਸ਼ ਅਤੇ ਮੌਤ ਦੀ ਅਸਲ ਕਹਾਣੀ ਨੂੰ 40 ਸਾਲ ਪਹਿਲਾਂ ਮੌਤ ਵਾਲ਼ੇ ਦਿਨ ਹੀ ਦਫ਼ਨ ਕਰ ਦਿੱਤਾ ਗਿਆ ਸੀ। ਉਸ ਪਿੱਛੋਂ ਇਸ ਕਥਿਤ ਹਾਈ-ਪ੍ਰੋਫਾਈਲ ਕਤਲ ਬਾਰੇ ਕਿਸੇ ਨੇ ਵੀ ਖੁੱਲ ਕੇ ਕੋਈ ਸ਼ਬਦ ਨਹੀਂ ਬੋਲਿਆ, ਜਿਵੇਂ ਸਭ ਦੀਆਂ ਜ਼ੁਬਾਨਾਂ ‘ਤੇ ਜਿੰਦਰੇ ਲਾ ਦਿੱਤੇ ਗਏ ਹੋਣ। ਜਦੋਂ ਕਿ ਅਜੀਤ ਭਵਨ ਦੇ ਅੰਦਰ ਉਹ ਸਟਾਫ ਕੰਮ ਕਰਦਾ ਸੀ ਜਿਸ ਨੂੰ ਹਮਦਰਦ ਸਾਹਿਬ ਨੇ ਹਮੇਸ਼ਾ ਆਪਣੇ ਬੱਚਿਆਂ ਨਾਲੋਂ ਵੱਧ ਪਿਆਰ ਕੀਤਾ ਸੀ। ਉਨ੍ਹਾਂ ਦੇ ਕਥਿਤ ਕਤਲ ਦੇ ਸੱਚ ਅਤੇ ਇਸ ਪਿੱਛੇ ਲੁਕੀ ਸਾਜ਼ਿਸ਼ ਦਾ ਰਾਜ਼, ਅਜੀਤ ਭਵਨ ਵਿੱਚ ਉਨ੍ਹਾਂ ਮਗਰੋਂ ਸਰਗਰਮ ਹੋਈ ਪ੍ਰਬੰਧਕੀ ਟੀਮ ਨੇ ਅੱਖਾਂ ‘ਤੇ ਪੱਟੀ ਬੰਨ ਕੇ ਸ਼ਾਇਦ ਕਿਸੇ ਸਵਾਰਥੀ ਗੁਪਤ ਸਮਝੌਤੇ ਦੀ ਭੇਂਟ ਚਾੜ੍ਹ ਦਿੱਤਾ। ਇਸ ਕਹਾਣੀ ਦਾ ਅਸਲ ਸੱਚ ਕੇਵਲ-ਤੇ-ਕੇਵਲ ਮਗਰਲੇ ਪ੍ਰਬੰਧਕ ਹੀ ਬਿਹਤਰ ਜਾਣਦੇ ਨੇ, ਪਰ ਉਹ ਕਦੇ ਨਹੀਂ ਬੋਲਣਗੇ।