23/04/2025
ਦਰਦਨਾਕ ਪਹਿਲਗਾਮ ਅੱਤਵਾਦੀ ਹਮਲੇ ਦੀ ਦੁਨੀਆ ਭਰ ਵਿੱਚ ਕਰੜੀ ਨਿੰਦਾ,
ਬਹੁਤ ਹੀ ਦੁਖਦ ਘਟਨਾਕ੍ਰਮ'ਚ ਜੰਮੂ-ਕਸ਼ਮੀਰ ਦੇ ਪਹਿਲਗਾਮ ਦੀ ਬੈਸਾਰਨ ਘਾਟੀ'ਚ ਕੱਲ੍ਹ ਮੰਗਲਵਾਰ ਨੂੰ ਟੂਰਿਸਟਾਂ'ਤੇ ਹੋਏ ਦਿਲ ਦਲਿਹਾਉਣ ਵਾਲੇ ਅੱਤਵਾਦੀ ਹਮਲੇ'ਚ ਘੱਟੋ-ਘੱਟ 28 ਜਣਿਆਂ ਦੀ ਮੌਤ ਹੋ ਗਈ ਹੈ।
ਮਰਨ ਵਾਲਿਆਂ ਵਿੱਚ ਭਾਰਤ ਦੇ 26 ਅਤੇ 2 ਵਿਦੇਸ਼ੀ ਨਾਗਰਿਕ( 1 ਨੇਪਾਲ ਤੋਂ ਅਤੇ 1 UAE ਤੋਂ) ਸ਼ਾਮਲ ਸਨ। ਇਸ ਤੋਂ ਇਲਾਵਾ ਦਰਜ਼ਨ ਦੇ ਕਰੀਬ ਜਣੇ ਫੱਟੜ ਹੋਏ ਹਨ।ਜਾਨਾਂ ਗੁਆਉਣ ਵਾਲਿਆਂ ਤੇ ਫੱਟੜਾਂ ਵਿੱਚ ਕੇਰਲ,ਮਹਾਂਰਾਸ਼ਟਰ, ਕਰਨਾਟਕ,ਹਰਿਆਣਾ ਉੱਤਰ ਪ੍ਰਦੇਸ਼,ਗੁਜਰਾਤ ਅਤੇ ਤਾਮਿਲਨਾਡੂ ਵਰਗੇ ਰਾਜਾਂ ਦੇ ਘੁਮੱਕੜ ਸ਼ਾਮਲ ਹਨ।
ਮਰਨ ਵਾਲਿਆਂ ਵਿੱਚ 26 ਵਰ੍ਹਿਆਂ ਦੇ ਨੇਵੀ ਅਫਸਰ ਲੈਫਟੀਨਟ ਵਿਨਯ ਨਰਵਾਲ ਵੀ ਸ਼ਾਮਲ ਹਨ।ਵਿਨਯ ਦਾ ਅਜੇ ਛੇ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਹਰਿਆਣੇ ਦਾ ਇਹ ਨੌਜਵਾਨ ਵਰਤਮਾਨ ਸਮੇਂ ਕੋਚੀ'ਚ ਸੇਵਾ ਤੇ ਸੀ ਅਤੇ ਛੁੱਟੀ ਕੱਟਣ ਆਇਆ ਹੋਇਆ ਸੀ।
ਇਸ ਕਾਇਰਾਨਾ ਹਮਲੇ ਦੀ ਜਿੰਮੇਵਾਰੀ ਪਾਕਿਸਤਾਨੀ ਅੱਤਵਾਦੀ ਸੰਗਠਨ 'ਲਸ਼ਕਰ-ਏ-ਤਈਬਾ' ਦੀ ਭਾਰਤ'ਚ ਕਿਰਿਆਸ਼ੀਲ
ਪਰੌਕਸੀ The Resistance Front (TRF)ਨੇ ਲਈ ਹੈ।
ਬੈਸਾਰਨ,ਜਿਸ ਨੂੰ ਆਪਣੀ ਬਾਕਮਾਲ ਸੁੰਦਰਤਾ ਲਈ ਅਕਸਰ ਭਾਰਤ ਦਾ ਸਵਿਟਜਰਲੈਂਡ ਕਹਿ ਲਿਆ ਜਾਂਦਾ ਹੈ,ਪਹਿਲਗਾਮ ਤੋਂ ਕੋਈ ਪੰਜ ਕੁ ਕਿਲੋਮੀਟਰ ਦੀ ਦੂਰੀ'ਤੇ ਹੀ ਸਥਿਤ ਹੈ।ਬੈਸਾਰਨ ਘਾਟੀ ਟਰੈਕਿਗ ਜਾਂ ਪੋਨੀ-ਰਾਇਡਿਗ ਦੁਆਰਾ ਪਹੁੰਚਿਆ ਜਾਣ ਵਾਲਾ ਮਸ਼ਹੂਰ ਪਿਕਨਿਕ ਸਪਾਟ ਹੈ।
ਮਿਲਟਰੀ ਦੀਆਂ ਵਰਦੀਆਂ ਵਿੱਚ ਆਏ ਅੱਤਵਾਦੀਆਂ ਨੇ ਕੱਲ੍ਹ ਬਾਅਦ ਦੁਪਹਿਰ ਢਾਈ ਕੁ ਵਜੇ ਪਹਾੜਾਂ ਤੋਂ ਉੱਤਰ ਕੇ ਪੋਨੀ ਰਾਇਡਿਗ ਅਤੇ ਖਾਣ-ਪੀਣ ਦੇ ਆਨੰਦ'ਚ ਰੁੱਝੇ ਹੋਏ 40 ਦੇ ਕਰੀਬ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਂਦਿਆ M4 Carbines ਤੇ AK-47s ਨਾਲ ਚਾਣਚੱਕ ਹਮਲਾ ਕਰ ਦਿੱਤਾ।
ਧਰਮ ਦੇ ਆਧਾਰ'ਤੇ ਪਛਾਣ ਕਰਦਿਆਂ ਕਤਲ ਕੀਤੇ ਗਏ ਬੇਕਸੂਰ ਲੋਕਾਂ ਵਾਲੇ ਇਸ ਅਣਮਨੁੱਖੀ ਤੇ ਜ਼ਾਲਮਾਨਾ ਜਾਨਲੇਵਾ ਅੱਤਵਾਦੀ ਹਮਲੇ ਦੀ ਦੁਨੀਆਂ ਭਰ'ਚ ਚੁਫੇਰਿਓ ਬਹੁਤ ਕਰੜੀ ਨਿੰਦਿਆ ਹੋਈ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ'ਤੇ ਗੱਲਬਾਤ ਕੀਤੀ ਅਤੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਿਆ ਕਰਦਿਆਂ ਭਾਰਤ ਨੂੰ ਆਪਣਾ ਪੂਰਾ ਸਮਰਥਨ ਜਤਾਇਆ।ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ, ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ,UN ਦੇ ਜਨਰਲ ਸਕੱਤਰ ਅਨਟੋਨੀਓ ਗੁਟੇਰੇਸ ਸਮੇਤ UK,UAE,ਸ੍ਰੀ ਲੰਕਾ,ਇਰਾਨ,ਨੇਪਾਲ, ਇਸਰਾਇਲ,ਫਰਾਂਸ,ਯੂਕਰੇਨ ਵਿਸ਼ਵ ਭਰ ਦੇ ਨੇਤਾਵਾਂ ਨੇ ਪਹਿਲਗਾਮ ਕਤਲੇਆਮ ਦੀ ਜ਼ੋਰਦਾਰ ਮੁਖ਼ਲਫ਼ਤ ਕੀਤੀ ਹੈ।
ਅੱਤਵਾਦੀ ਹਮਲੇ ਤੋਂ ਕੁਝ ਦੇਰ ਬਾਅਦ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀਨਗਰ ਏਅਰਪੋਰਟ ਤੋਂ ਸਿੱਧੇ ਰਾਜ ਭਵਨ ਪਹੁੰਚੇ,ਜਿੱਥੇ ਉਹਨਾਂ ਨੇ ਜੰਮੂ ਕਸ਼ਮੀਰ ਦੇ LG ਮਨੋਜ ਸਿਨਹਾ,ਮੁੱਖ ਮੰਤਰੀ ਉਮਰ ਅਬਦੁੱਲਾ,ਰਾਜ ਪੁਲਿਸ ਦੇ DGP, ਗ੍ਰਹਿ ਸਕੱਤਰ,IB ਦੇ ਉੱਚ ਅਧਿਕਾਰੀਆਂ ਦੇ ਨਾਲ ਫੌਰੀ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਸਾਉਦੀ ਅਰਬ ਦੇ ਦੌਰੇ ਤੇ ਗਏ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਨਮਾਨ ਵਿੱਚ ਦਿੱਤੇ ਜਾਣ ਵਾਲਾ ਸ਼ਾਹੀ-ਭੋਜ ਨੂਂ ਵਿਚਾਲੇ ਛੱਡਦਿਆਂ ਪਹਿਲਗਾਮ ਅੱਤਵਾਦੀ ਹਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਭਾਰਤ ਨੂੰ ਉਡਾਨ ਭਰ ਲਈ ਹੈ ਅਤੇ ਉਹ ਜਲਦ ਹੀ ਨਵੀਂ ਦਿੱਲੀ ਪੁੱਜ ਜਾਣਗੇ। ਇਸੇ ਤਰ੍ਹਾਂ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇਵੀ ਆਪਣੀ ਅਮਰੀਕਾ ਤੇ ਪੇਰੂ ਦੀ ਯਾਤਰਾ ਨੂੰ ਵਿਚਾਲੇ ਛੱਡਦਿਆਂ ਵਾਪਸ ਮੁੜਨ ਦਾ ਫੈਸਲਾ ਲਿਆ ਹੈ।