26/08/2025
ਸੁੱਚੇ ਮੋਤੀ - ਜੀਵਨ ਦਾ ਉਦੇਸ਼ - ਜਗਤਾਰ ਸਿੰਘ ਹਿੱਸੋਵਾਲ
———————————————————-
ਰਾਜ ਗ੍ਰਹਿ ਦੇ ਵੈਲੂਵਣ ਵਿਹਾਰ ਵਿਚ ਪ੍ਰਵਾਸ ਸਮੇਂ ਇਕ ਦਿਨ ਤਥਾਗਤ ਬੁੱਧ ਨਗਰ ਵਿਚ ਭਿੱਖਿਆ ਲੈਣ ਲਈ ਗਏ। ਸਵੇਰ ਦਾ ਵਕਤ ਸੀ। ਸਿਗਾਲ ਨਾਂ ਦਾ ਇਕ ਨੌਜਵਾਨ ਉਪਰ ਹੇਠਾਂ ਅਤੇ ਚਾਰੇ ਦਿਸ਼ਾਵਾਂ ਵਲ ਝੁਕ-ਝੁਕ ਕੇ ਮੱਥਾ ਟੇਕ ਕਰ ਰਿਹਾ ਸੀ।ਬੁੱਧ ਉਸ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਰੁਕ ਗਏ। ਏਨੇ ਨੂੰ ਉਹ ਨੌਜਵਾਨ ਵੀ ਆਪਣੀ ਇਹ ਕਿਰਿਆ ਕਰਕੇ ਵਿਹਲਾ ਹੋ ਚੁੱਕਾ ਸੀ। ਉਸ ਨੇ ਬੁੱਧ ਨੂੰ ਖੜ੍ਹੇ ਦੇਖ ਕੇ ਹੈਰਾਨੀ ਨਾਲ ਪੁੱਛਿਆ, “ਹੇ ਮਹਾਂਮੁਨੀ, ਇਸ ਤਰ੍ਹਾਂ ਕਿਉਂ ਦੇਖ ਰਹੇ ਹੋ ?”
“ਹੇ ਨੌਜਵਾਨ, ਕੀ ਮੈਂ ਜਾਣ ਸਕਦਾ ਹਾਂ ਕਿ ਤੂੰ ਕੀ ਕਰ ਰਿਹਾ ਏ ।” ਬੁੱਧ ਨੇ ਪ੍ਰਸ਼ਨ ਕੀਤਾ।
“ਮਹਾਂਮੁਨੀ, ਮੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਤੂੰ ਸਵੇਰ ਸਾਰ ਛੇ ਦਿਸ਼ਾਵਾਂ ਵੱਲ ਨਮਸਕਾਰ ਕਰਿਆ ਕਰ।” ਉਸ ਨੇ ਨਿਮਰਤਾ ਨਾਲ ਜਵਾਬ ਦਿੱਤਾ।
“ਪਰ ਇਸ ਦਾ ਮਤਲਬ ਕੀ ਹੈ ਨੌਜਵਾਨ।” ਬੁੱਧ ਨੇ ਫਿਰ ਕਿਹਾ। “ਇਸ ਦਾ ਮਤਲਬ ਤਾਂ ਮੈਨੂੰ ਪਤਾ ਨਹੀਂ। ਜੇਕਰ ਤੁਹਾਨੂੰ ਇਸ ਬਾਰੇ ਗਿਆਨ ਹੈ ਤਾਂ ਜ਼ਰੂਰ ਦੱਸੋ। ਮੈਨੂੰ ਜਾਣ ਕੇ ਖੁਸ਼ੀ ਹੋਵੇਗੀ।”
ਬੁੱਧ ਨੇ ਉਸ ਨੌਜਵਾਨ ਨੂੰ ਉਪਦੇਸ਼ ਦਿੰਦਿਆਂ ਕਿਹਾ, “ਹੇ ਨੌਜਵਾਨ, ਧੱਮ ਵਿਚ ਪੂਰਬ ਦਾ ਮਤਲਬ ਹੈ ਮਾਤਾ-ਪਿਤਾ, ਦੱਖਣ ਦਾ ਮਤਲਬ ਹੈ ਗੁਰੂ, ਪੱਛਮ ਦਾ ਮਤਲਬ ਹੈ ਪਤਨੀ ਅਤੇ ਬੱਚੇ, ਉੱਤਰ ਦਾ ਮਤਲਬ ਹੈ ਰਿਸ਼ਤੇਦਾਰ ਅਤੇ ਮਿੱਤਰ, ਧਰਤੀ ਦਾ ਮਤਲਬ ਹੈ ਕਰਮਚਾਰੀ ਅਤੇ ਨੌਕਰ, ਆਕਾਸ਼ ਦਾ ਮਤਲਬ ਹੈ ਸਾਧੂ, ਸੰਤ, ਮਹਾਂਪੁਰਸ਼ ਅਤੇ ਆਦਰਸ਼ ਵਿਅਕਤੀ।”
ਇਸ ਤੋਂ ਅੱਗੇ ਇਨ੍ਹਾਂ ਛੇ ਦਿਸ਼ਾਵਾਂ ਦੀ ਮਹੱਤਤਾ ਦੱਸਦਿਆਂ ਕਿਹਾ, “ਮਾਤਾ-ਪਿਤਾ ਨੂੰ ਪੂਰਨ ਸਤਿਕਾਰ ਦੇਣਾ ਚਾਹੀਦਾ ਹੈ। ਬੁਢਾਪੇ ਵਿਚ ਸੇਵਾ-ਸੰਭਾਲ ਕਰਨੀ ਚਾਹੀਦੀ ਹੈ। ਜੇਕਰ ਮਾਤਾ-ਪਿਤਾ ਨੂੰ ਸੌ ਸਾਲ ਮੋਢਿਆਂ ਉਤੇ ਚੁੱਕਣਾ ਪਵੇ ਤਾਂ ਵੀ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।ਮਾਤਾ-ਪਿਤਾ ਦੀ ਪੂਜਾ ਹੀ ਬ੍ਰਹਮਾ ਦੀ ਪੂਜਾ ਹੈ। ਮਾਤਾ-ਪਿਤਾ ਹੀ ਬ੍ਰਹਮ ਹੈ ਕਿਉਂਕਿ ਮਾਤਾ-ਪਿਤਾ ਸਾਨੂੰ ਇਹ ਸੰਸਾਰ ਦਿਖਾਉਂਦੇ ਹਨ।”
“ ਚੇਲੇ ਨੂੰ ਗੁਰੂ ਦਾ ਮਾਣ-ਸਤਿਕਾਰ ਕਰਨਾ ਚਾਹੀਦਾ ਹੈ। ਗੁਰੂ ਚੇਲੇ ਦਾ ਮਾਰਗ ਦਰਸ਼ਨ ਕਰਦਾ ਹੈ। ਗੁਰੂ ਦੀ ਆਗਿਆ ਦਾ ਪਾਲਣ ਹੋਵੇ। ਚੇਲਾ ਗੁਰੂ ਦੀਆਂ ਲੋੜਾਂ ਦਾ
ਧਿਆਨ ਰੱਖੇ।”
“ਪਤਨੀ ਨਾਲ ਰਿਸ਼ਤਾ ਇਕ ਵਿਸ਼ਵਾਸ ਦਾ ਰਿਸ਼ਤਾ ਹੈ। ਇਸ ਲਈ ਜ਼ਰੂਰੀ ਹੈ ਕਿ ਪਤੀ-ਪਤਨੀ ਇਕ-ਦੂਜੇ ਦਾ ਸਨਮਾਨ ਕਰਨ ਅਤੇ ਇਕ-ਦੂਜੇ ਪ੍ਰਤੀ ਸਮਰਪਿਤ ਰਹਿਣ | ਪਤੀ ਦਾ ਫਰਜ਼ ਬਣਦਾ ਹੈ ਕਿ ਉਹ ਪਤਨੀ ਮਾਣ ਸਤਿਕਾਰ ਦਾ ਧਿਆਨ ਰੱਖੇ। ਅਨੈਤਿਕ ਸੰਬੰਧਾਂ ਤੋਂ ਦੂਰ ਰਹੇ। ਇਸ ਤਰ੍ਹਾਂ ਪਤਨੀ ਵੀ ਪਤੀ ਦਾ ਸਤਿਕਾਰ ਕਰੇ। ਪਤੀ ਦੀ ਆਮਦਨ ਵਧਾਉਣ ਵਿੱਚ ਮਦਦ ਕਰੇ।”
ਰਿਸ਼ਤੇਦਾਰਾਂ ਅਤੇ ਮਿੱਤਰਾਂ ਪ੍ਰਤੀ ਸਾਨੂੰ ਪੂਰੇ ਸੁਹਿਰਦ ਰਹਿਣਾ ਚਾਹੀਦਾ ਹੈ। ਉਨ੍ਹਾਂ ਦੀ ਭਲਾਈ ਦੀ ਕਾਮਨਾ ਕਰਨੀ ਅਤੇ ਉਨ੍ਹਾਂ ਦੀ ਖੁਸ਼ੀ ਲਈ ਉਸਾਰੂ ਕਾਰਜ ਕਰਨੇ ਚਾਹੀਦੇ ਹਨ।ਬਿਪਤਾ ਪੈਣ ਤੇ ਮਦਦ ਕਰਨੀ ਤੇ ਹੌਸਲਾ ਦੇਣਾ ਚਾਹੀਦਾ ਹੈ।”
ਮਾਲਕ ਆਪਣੇ ਕਰਮਚਾਰੀਆਂ ਅਤੇ ਨੌਕਰਾਂ ਨਾਲ ਸਨੇਹਪੂਰਨ ਵਿਵਹਾਰ ਕਰਨ। ਉਨ੍ਹਾਂ ਦੀ ਖੁਸ਼ੀ ਅਤੇ ਗ਼ਮੀ ਦੇ ਪਲਾਂ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਣ | ਨੌਕਰ ਵੀ ਆਪਣੇ ਮਾਲਕਾਂ ਦੀ ਭਲਾਈ ਲਈ ਆਲਸ ਛੱਡ ਕੇ ਮਿਹਨਤ ਤੇ ਲਗਨ ਨਾਲ ਕੰਮ ਕਰੇ।”
“ਆਦਰਸ਼ ਵਿਅਕਤੀਆਂ ਦੀ ਸੰਗਤ ਨੂੰ ਆਪਣੇ ਜੀਵਨ ਦਾ ਅਸੂਲ ਬਣਾਓ। ਚਰਿੱਤਰਹੀਣ ਲੋਕਾਂ ਦੀ ਸੰਗਤ ਤੋਂ ਬਚੋ। ਸਵੈ ਸਾਧਨਾ ਅਤੇ ਸੱਚ ਬੋਲਣ ਵਾਲੇ ਵਾਤਾਵਰਨ ਨੂੰ ਤਰਜੀਹ ਦਿਓ | ਮਾੜੀ ਸੰਗਤ ਤੋਂ ਹਮੇਸ਼ਾ ਪ੍ਰਹੇਜ਼ ਕਰੋ। ਇਸਦਾ ਇਹੀ ਮਤਲਬ ਹੈ।” ਛੇ ਦਿਸ਼ਾਵਾਂ ਦੀ ਪੂਜਾ ਤਾਂ ਹੀ ਸਾਰਥਿਕ ਹੈ ਜੇਕਰ ਅਸੀਂ ਇਨ੍ਹਾਂ ਗੱਲਾਂ ਵਿਚ ਹੀ ਸੱਚੀ ਖੁਸ਼ੀ ਅਤੇ ਆਨੰਦ ਪ੍ਰਾਪਤ ਕਰਦੇ ਹਾਂ। ਇਸ ਨਾਲ ਸਮੁੱਚਾ ਸਮਾਜ ਖੁਸ਼ ਰਹਿ ਸਕਦਾ ਹੈ।”
ਨੌਜਵਾਨ ਨੇ ਝੁਕ ਕੇ ਨਮਸਕਾਰ ਕੀਤੀ ਅਤੇ ਬੁੱਧ ਭਿੱਖਿਆ ਲੈਣ ਲਈ ਅੱਗੇ ਤੁਰ ਪਏ। ਹੁਣ ਉਸ ਨੌਜਵਾਨ ਦੇ ਮਨ ਅੰਦਰ ਛੇ ਦਿਸ਼ਾਵਾਂ ਵੱਲ ਨਮਸਕਾਰ ਦੇ ਵਿਸ਼ਾਲ ਅਰਥ ਪ੍ਰਭਾਸ਼ਿਤ ਹੋ ਰਹੇ ਸਨ।
Jagtar Singh Hissowal 9878330324
Book’Bodh Gaya Ton Gian Di Dhara ‘