30/11/2025
ਬਾਪੂ░ਦੀ░ਥਾਣੇਦਾਰ░ਨੂੰ░ਮਾਰ.....!!!
ਨੂੰਹ ਬੜੀ ਬੇਚੈਨੀ ਨਾਲ ਪੌੜੀਆਂ ਚੜ੍ਹਦੀ ਹੋਈ ਆਪਣੇ ਸਹੁਰੇ ਕੋਲ ਪਹੁੰਚੀ। ਚਿਹਰੇ ਤੇ ਹਲਕੀ ਜਿਹੀ ਚਿੜ ਤੇ ਆਵਾਜ਼ ਵਿੱਚ ਸ਼ਿਕਵੇ ਦੀ ਗੂੰਜ ਸੀ।
“ਪਾਪਾ ਜੀ,” ਉਹ ਬੋਲੀ, “ਮੈਂ ਤੁਹਾਡੇ ਪੁੱਤ ਨੂੰ ਸਵੇਰ ਦੇ 10 ਫੋਨ ਕਰ ਦਿੱਤੇ। ਨਾ ਫੋਨ ਚੁੱਕਦਾ ਐ, ਨਾ ਵਾਪਸ ਕਰਦਾ ਐ।”
ਸਹੁਰੇ ਸਾਬ ਨੇ ਅਖ਼ਬਾਰ ਮੋੜ ਕੇ ਕਿਹਾ, “ਕੋਈ ਜ਼ਰੂਰੀ ਕੰਮ ਸੀ ਉਸ ਨਾਲ?”
ਬੋਲੀ “ਮੇਰੀ ਕਮਰ-ਦਰਦ ਦੀਆਂ ਗੋਲੀਆਂ (ਦਵਾਈ) ਖ਼ਤਮ ਹੋ ਗਈਆਂ ਨੇ। ਉਹੀ ਮੰਗਵਾਉਣੀਆਂ ਸਨ ਮੈਂ,” ਨੂੰਹ ਨੇ ਸਹੁਰੇ ਸਾਬ ਨੂੰ ਔਖਾ ਸਾਹ ਲੈਂਦਿਆਂ ਕਿਹਾ।
ਸਹੁਰੇ ਸਾਬ ਦਾ ਚਿਹਰਾ ਤਣ ਗਿਆ। “ਆਉਣ ਦੇ ਘਰ ਉਸਨੂੰ। ਬਹੁਤ ਦਿਨ ਹੋ ਗਏ, ਮੈਂ ਅੱਜ ਇਸ ਦੀ ਖ਼ਬਰ ਲੈਂਦਾ ਹਾਂ।”
ਇੱਕਦਮ ਤਾਂ ਜਿਵੇਂ ਰੱਬ ਨੇ ਸੁਣ ਲਿਆ। ਦਰਵਾਜ਼ੇ ਤੇ ਖਟਕਾ ਹੋਇਆ। ਥਾਣੇਦਾਰ ਪੁੱਤ ਅੰਦਰ ਆਇਆ – ਕੱਦ-ਕਾਠ ਮਜ਼ਬੂਤ, ਚਿਹਰੇ ਤੇ ਹਲਕੀ ਜਿਹੀ ਮੁਸਕਾਨ ਤੇ ਨਾਲ ਉਸ ਦਾ ਯਾਰ ਵੀ ਸੀ। ਜਿਵੇਂ ਹੀ ਜੁੱਤੀ ਉਤਾਰੀ, ਬਾਪੂ ਨੇ ਆਵਾਜ਼ ਮਾਰੀ, “ਓਏ, ਇਧਰ ਆ!”
ਪੁੱਤ ਨੂੰ ਸਮਝ ਨਾ ਆਇਆ, ਪਰ ਚੰਗੇ ਬੱਚੇ ਵਾਂਗ ਬਾਪੂ ਦੇ ਕੋਲ ਚਲਾ ਗਿਆ। ਬਾਪੂ ਨੇ ਬਿਨਾਂ ਕੁਝ ਪੁੱਛੇ ਜੁੱਤੀ ਚੁੱਕੀ ਤੇ ਉਸ ਦੀ ਪਿੱਠ ਤੇ ਦੇ ਮਾਰੀ।
“ਸਵੇਰ ਤੋਂ ਨੂੰਹ ਫੋਨ ਕਰ ਰਹੀ ਐ! ਚੁੱਕਿਆ ਕਿਉਂ ਨਹੀਂ? ਬਾਹਰ ਥਾਣੇਦਾਰ ਐ, ਘਰ ਅੰਦਰ ਵੀ ਇਹ ਥੋੜੀ ਹੀ ਚੱਲੇਗਾ?!”
ਡਣ… ਡਣ… ਡਣ… ਜੁੱਤੀ ਦੀ ਆਵਾਜ਼ ਆਉਣ ਤੇ ਕਮਰੇ ਵਿੱਚ ਨੂੰਹ ਦੀ ਦਬੀ-ਦਬੀ ਹੱਸੀ ਨਿਕਲੇ।
ਥਾਣੇਦਾਰ ਪੁੱਤ ਹੱਸਦਾ ਹੋਇਆ ਬੋਲਿਆ, “ਬਾਪੂ, ਹੌਲੀ … ਵਰਦੀ ਦਾ ਤਾਂ ਲਿਹਾਜ਼ ਕਰ ਲਓ ਤੁਸੀ!”
“ਲਿਹਾਜ਼?” ਸਹੁਰੇ ਨੇ ਹੋਰ ਜ਼ੋਰ ਨਾਲ ਜੁੱਤੀ ਮਾਰੀ। “ਪਹਿਲਾਂ ਘਰ ਦੀ ਨੂੰਹ ਦਾ ਲਿਹਾਜ਼ ਸਿੱਖ!”
ਉਧਰ ਯਾਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਨਾ ਹੱਸ ਸਕਦਾ ਸੀ, ਨਾ ਰੋ ਸਕਦਾ ਸੀ।
ਅੱਠ ਦਸ ਜੁੱਤੀਆਂ ਖਾਣ ਤੋਂ ਬਾਅਦ ਪੁੱਤ ਬੋਲਿਆ, “ਬੱਸ ਬਾਪੂ… ਹੁਣ ਸੱਚੀ ਮੈਨੂੰ ਲੱਗ ਰਹੀ ਐ। ਅਗਾਂਹ ਧਿਆਨ ਰੱਖਾਂਗਾ। ਹੁਣ ਰਹਿਣ ਦਿਓ।”
ਬਾਪੂ ਨੇ ਹਫਦਿਆਂ ਜੁੱਤੀ ਹੇਠਾਂ ਰੱਖ ਦਿੱਤੀ ਤੇ ਨੂੰਹ ਵੱਲ ਮੁੜ ਕੇ ਬੋਲੇ, “ਬੇਟਾ, ਅੱਗਾਂਹ ਵੀ ਇਉਂ ਕਰੇ ਤਾਂ ਫਟਾਫਟ ਮੈਨੂੰ ਦੱਸ ਦੇਣਾ। ਮੈਂ ਇਸ ਦੀ ਸਾਰੀ ਹਉਮੈ ਕੱਢ ਦਿਆਂਗਾ। ਥਾਣੇਦਾਰ ਬਾਹਰ ਹੋਵੇਗਾ ਪਰ ਘਰੇ ਇਸਦੀ ਮਨਮਰਜ਼ੀ ਨਹੀਂ ਚੱਲੇਗੀ।”
ਨੂੰਹ ਮੁਸਕਰਾਈ ਤੇ ਬੁੱਲਾਂ ਚੌ ਜੀਭ ਹਲਕੀ ਜਿਹੀ ਘਰਵਾਲੇ ਨੂੰ ਕੱਢ ਕੇ ਅੰਦਰ ਚਲੀ ਗਈ।
ਥਾਣੇਦਾਰ ਪੁੱਤ ਜੁੱਤੀ ਦੀ ਧੂੜ ਝਾੜਦਾ ਹੋਇਆ ਆਪਣੇ ਯਾਰ ਨੂੰ ਲੈ ਕੇ ਘਰ ਤੋਂ ਬਾਹਰ ਵੱਲ ਨੂੰ ਨਿਕਲ ਗਿਆ। ਗਲੀ ਵਿੱਚ ਪਹੁੰਚਦਿਆਂ ਹੀ ਖਿੜਖਿੜ ਹੱਸ ਪਿਆ।
“ਯਾਰ, ਬਾਪੂ ਕੋਲੋਂ ਸ਼ਿੱਤਰ ਮੈਂ ਖਾ ਕੇ ਆਇਆ… ਤੂੰ ਉਦਾਸ ਕਿਉਂ ਐ?”
ਥਾਣੇਦਾਰ ਨੇ ਆਪਣੇ ਯਾਰ ਵੱਲ ਵੇਖਿਆ ਤਾਂ ਉਸਦੀਆਂ ਅੱਖੀਆਂ ਨਮ ਸਨ।
ਯਾਰ ਆਪਣੇ ਥਾਣੇਦਾਰ ਯਾਰ ਨੂੰ ਬੋਲਿਆ “ਸਾਲਿਆ, ਤੂੰ ਮਾਰ ਖਾ ਕੇ ਨਹੀਂ… ਸਵਰਗ ਦਾ ਆਨੰਦ ਲੈ ਕੇ ਆਇਆ ਐ। ਇਸ ਉਮਰ ਵਿੱਚ ਬਾਪੂ ਦੀ ਪਿੱਟਾਈ ਕਿੱਥੇ ਨਸੀਬ ਹੁੰਦੀ ਐ?”
ਥਾਣੇਦਾਰ ਅਚਾਨਕ ਹੀ ਰੁਕ ਗਿਆ। ਯਾਰ ਦੀ ਗੱਲ ਨੇ ਉਸ ਦੇ ਹੱਸਦੇ ਚਿਹਰੇ ਨੂੰ ਕੁਝ ਪਲਾਂ ਲਈ ਸ਼ਾਂਤ ਕਰ ਦਿੱਤਾ।
ਯਾਰ ਨੇ ਡੂੰਗਾ ਸਾਹ ਲਿਆ , “ਤੈਨੂੰ ਮਾਰ ਖਾਂਦੇ ਵੇਖ ਕੇ ਮੈਨੂੰ ਆਪਣੇ ਬਾਪੂ ਯਾਦ ਆ ਗਏ। ਜੌ ਹੁਣ ਇਸ ਦੁਨੀਆਂ ਤੇ ਨਹੀਂ ਰਹੇ। ਕਾਸ਼ ਹੁੰਦੇ… ਤਾਂ ਮੈਨੂੰ ਵੀ ਉਹਨਾਂ ਦੀ ਡਾਂਟ ਪੈ ਜਾਂਦੀ। ਮੈਂ ਵੀ ਤੇਰੀ ਤਰ੍ਹਾਂ ਹੱਸਦਾ ਹੋਇਆ ਉਹਨਾਂ ਦੀ ਮਾਰ ਖਾ ਲੈਂਦਾ।”
ਥਾਣੇਦਾਰ ਨੇ ਯਾਰ ਦੀ ਪਿੱਠ ਤੇ ਹੱਥ ਰੱਖਿਆ, “ਵੀਰ, ਬਾਪੂ ਦੀ ਮਾਰ ਉਹੀ ਸਮਝ ਸਕਦਾ ਐ ਜਿਸ ਦੇ ਸਿਰ ਤੇ ਹੁਣ ਉਹ ਹੱਥ ਨਹੀਂ ਰਿਹਾ।”
ਦੋਵੇਂ ਕੁਝ ਪਲ ਚੁੱਪ ਕਰਕੇ ਤੁਰ ਪਏ। ਹਵਾ ਵਿੱਚ ਹਲਕੀ ਠੰਢਕ ਸੀ। ਬਾਪੂ ਦੇ ਗੁੱਸੇ ਵਾਲਾ ਪਿਆਰ ਭਰੀ ਆਵਾਜ਼ ਅਜੇ ਵੀ ਥਾਣੇਦਾਰ ਦੇ ਕੰਨਾਂ ਵਿੱਚ ਗੂੰਜ ਰਹੀ ਸੀ ਤੇ ਯਾਰ ਦੀਆਂ ਅੱਖੀਆਂ ਵਿੱਚ ਯਾਦਾਂ ਦਾ ਸੈਲਾਬ ਉਮੜ ਰਿਹਾ ਸੀ।
ਥਾਣੇਦਾਰ ਨੇ ਹੌਲੀ ਜਿਹੇ ਕਿਹਾ, “ਤੈਨੂੰ ਪਤਾ ਐ, ਮਾਰ ਖਾਂਦਿਆਂ ਮੈਂ ਮੁਸਕਰਾਉਂਦਾ ਕਿਉਂ ਸੀ? ਕਿਉਂਕਿ ਜਦੋਂ ਬਾਪੂ ਮਾਰਦੇ ਨੇ, ਮੈਨੂੰ ਲੱਗਦਾ ਐ… ਮੈਂ ਅਜੇ ਵੀ ਛੋਟਾ ਬੱਚਾ ਹੀ ਹਾਂ। ਉਹਨਾਂ (ਬਾਪੂ) ਦੀਆਂ ਅੱਖੀਆਂ ਵਿੱਚ ਮੈਂ ਅਜੇ ਵੀ ਉਹੀ ਪੁਰਾਣਾ ਮੁੰਡਾ ਹਾਂ, ਜੋ ਉਹਨਾਂ ਬਿਨਾਂ ਕੁਝ ਨਹੀਂ।”
ਯਾਰ ਨੇ ਸਿਰ ਝੁਕਾ ਲਿਆ। “ਮੇਰੇ ਕੋਲ ਉਹ ਮੌਕਾ ਹੁਣ ਕਦੇ ਨਹੀਂ ਆਉਣਾ… ਇਸ ਲਈ ਤੈਨੂੰ ਵੇਖ ਕੇ ਦਿਲ ਰੋ ਪਿਆ।”
ਥਾਣੇਦਾਰ ਨੇ ਯਾਰ ਦਾ ਹੱਥ ਫੜ ਲਿਆ, “ਚੱਲ, ਅੱਜ ਤੇਰੇ ਬਾਪੂ ਦੀ ਯਾਦ ਵਿੱਚ ਚਾਹ ਪੀਂਦੇ ਆਂ। ਤੇ ਹਾਂ, ਅਗਲੀ ਵਾਰ ਜੇ ਬਾਪੂ ਜੁੱਤੀ ਲੈ ਕੇ ਦੌੜਨ ਤਾਂ ਤੂੰ ਪਾਸੇ ਹੀ ਖੜ੍ਹਾ ਰਹਿਜੇ… ਤਾਂ ਜੋ ਮਾਰ ਤਾਂ ਮੈਨੂੰ ਪਵੇ, ਪਰ ਤੂੰ ਵੀ ਹੱਸ ਸਕੇਂ।”
ਯਾਰ ਇਸ ਵਾਰ ਹੱਸ ਪਿਆ।
“ਤੇਨੂੰ ਮਾਰ ਪਏ , ਮੈਂ ਰੋਵਾਂਗਾ… ਤੇ ਫੇਰ ਦੋਵੇਂ ਹੱਸਾਂਗੇ… ਠੀਕ ਐ?”
ਥਾਣੇਦਾਰ ਬੋਲਿਆ, “ਬਿਲਕੁਲ ਠੀਕ – ਬਾਪੂ ਦੀ ਮਾਰ ਵਿੱਚ ਜਿਹੜਾ ਪਿਆਰ ਐ, ਉਸ ਨੂੰ ਸਮਝਣ ਵਿੱਚ ਸਾਰੀ ਉਮਰ ਲੱਗ ਜਾਂਦੀ ਐ।”
ਦੋਵੇਂ ਚਾਹ ਦੀ ਦੁਕਾਨ ਵੱਲ ਵਧ ਗਏ।
ਇੱਕ ਦੇ ਮੋਢੇ ਤੇ ਅੱਜ ਵੀ ਬਾਪੂ ਦਾ ਹੱਥ ਸੀ, ਜੁੱਤੀ ਦੇ ਨਿਸ਼ਾਨਾਂ ਸਮੇਤ – ਤੇ ਦੂਜੇ ਦੇ ਦਿਲ ਵਿੱਚ ਆਪਣੇ ਬਾਪੂ ਦੀਆਂ ਯਾਦਾਂ, ਜੋ ਹਰ ਧੜਕਨ ਵਿੱਚ ਥਪੜੀ ਬਣ ਕੇ ਗੂੰਜ ਰਹੀਆਂ ਸਨ।
ਉਸ ਦਿਨ ਦੋਹਾਂ ਯਾਰਾਂ ਨੂੰ ਇੱਕ ਗੱਲ ਸਮਝ ਆ ਗਈ –
ਬਾਪੂ ਚਾਹੇ ਡਾਂਟੇ ਜਾਂ ਮਾਰੇ, ਉਸ ਦਾ ਪਿਆਰ ਕਦੇ ਘੱਟ ਨਹੀਂ ਹੁੰਦਾ।
ਤੇ ਕਿਸਮਤ ਵਾਲਿਆਂ ਨੂੰ ਹੀ ਨਸੀਬ ਹੁੰਦੀ ਐ ਬਾਪੂ ਦੀ ਡਾਂਟ। "ਮਿੱਤਰੋ ਸਾਂਭ ਲਓ ਮਾਪੇ, ਰੱਬ ਮਿਲੇਗਾ ਆਪੇ"
ਸਰੋਤ ਦੋਸਤ ਦੀ ਕੰਧ ਤੋਂ
ਮਿਸ ਯੂ ਡੈਡੀ ਜੀ🥹