12/12/2025
ਆਸਟ੍ਰੇਲੀਆ ਦੀ ਵਿਕਟੋਰੀਆ ਪਾਰਲੀਮੈਂਟ ਵਿੱਚ ‘ਸਫ਼ਰ-ਏ-ਸ਼ਹਾਦਤ’ ਸਮਾਗਮ ਦਾ ਆਯੋਜਨ ।
ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਕੀਤਾ ਗਿਆ ਸਿਜਦਾ 🙏
ਕਰਮਇਸ਼ਰਸਰ ਸੇਵਾ ਐਂਡ ਸਿਮਰਨ ਸੋਸਾਇਟੀ( ਸੰਪ੍ਰਰਦਾਇ ਰਾੜਾ ਸਾਹਿਬ)ਅਤੇ ਪੰਜਾਬ ਕੋਂਸਲ ਆਫ ਆਸਟ੍ਰੇਲੀਆ ਵੱਲੋਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ “ਸਫ਼ਰ -ਏ- ਸ਼ਹਾਦਤ” ਸਮਾਗਮ ਮੈਲਬੌਰਨ ਵਿੱਚ ਸਥਿਤ ਵਿਕਟੋਰੀਆ ਸੂਬੇ ਦੀ ਪਾਰਲੀਮੈਂਟ ਵਿੱਚ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਖ਼ਾਸੀਅਤ ਇਹ ਸੀ ਕਿ ਬੱਚਿਆਂ ਵਲੋ ਕਵਿਤਾਵਾਂ, ਵਾਰਾਂ ਤੇ ਵਿਚਾਰਾਂ ਦੇ ਨਾਲ ਸਾਂਝ ਪਾਈ ਤੇ ਖਾਸਕਰ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।
ਪਾਰਲੀਮੈਂਟ ਦੇ ਹਾਲ ਵਿੱਚ ਹੋਏ ਇਸ ਸਮਾਗਮ ਵਿੱਚ ਸਮਾਜਿਕ ਅਤੇ ਧਾਰਮਿਕ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੇ ਨਾਲ ਨਾਲ ਮੈਂਬਰ ਮੈਂਬਰ ਪਾਰਲੀਮੈਂਟ ਈਵੈਨ ਵਾਲਟਰ, ਲੂਬਾ ਗਰੀਗਰੋਵਿਚ ਤੇ ਸਟੀਵ ਮੈਗਈ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਉੱਥੇ ਹੀ ਐਰਾਰਟ ਤੋ ਪਹਿਲੀ ਪੰਜਾਬਣ ਡਿਪਟੀ ਮੇਅਰ ਤਲਵਿੰਦਰ ਕੋਰ ਟੈਲੀ, ਬੈਂਡਿਗੋ ਤੋ ਪਹਿਲੀ ਪੰਜਾਬਣ ਕੋਂਸਲਰ ਸ਼ਿਵਾਲੀ ਚੈਟਲੇ ਅਤੇ ਟਰਬਨ 4 ਆਸਟ੍ਰੇਲੀਆ ਤੋ ਅਮਰ ਸਿੰਘ ਵੀ ਹਾਜਰ ਰਹੇ ਤੇ ਸਾਰੇ ਮਹਿਮਾਨਾਂ ਨੇ ਆਪਣੇ ਸੰਬੋਧਨ ਰਾਂਹੀ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ ਤੇ ਕਿਹਾ ਕਿ ਸਿੱਖ ਇਤਹਾਸ ਬਹੁਤ ਹੀ ਕੁਰਬਾਨੀਆਂ ਭਰਿਆ ਹੈ ਤੇ ਉਹ ਜਦੋ ਵੀ ਸਿੱਖ ਇਤਿਹਾਸ ਵਿੱਚੋ ਕੁਝ ਨਵਾਂ ਜਾਣਦੇ ਹਨ ਤਾਂ ਜਜਬਾਤੀ ਵੀ ਹੁੰਦੇ ਹਨ ਤੇ ਮਾਣ ਵੀ ਮਹਿਸੂਸ ਕਰਦੇ ਹਨ ਕਿ ਸਿੱਖ ਭਾਈਚਾਰਾ ਉਨਾਂ ਦਾ ਮਹੱਤਵਪੂਰਨ ਹਿੱਸਾ ਹੈ ਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਮਨੁੱਖਤਾ ਲਈ ਇਕ ਸਦੀਵੀ ਪ੍ਰੇਰਣਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖ ਇਤਿਹਾਸ ਸਿਰਫ਼ ਅਧਿਆਤਮਕ ਹੀ ਨਹੀ ਬਲਕਿ ਬਹਾਦਰੀ, ਸੱਚ ਦਾ ਸਿਧਾਂਤ ਅਤੇ ਮਨੁੱਖਤਾ ਦੀ ਰੱਖਿਆ ਦਾ ਇਤਿਹਾਸ ਹੈ।
ਇਸ ਮੌਕੇ ਪੰਜਾਬੀ ਫੋਕ ਥਿਏਟਰ ਐਂਡ ਫੋਕ ਅਕੈਡਮੀ ਵਲੋ ਅਭੈ ਸਿੰਘ,ਜਸਰਾਜ ਸਿੰਘ,ਸਹਿਰਾਜ ਸਿੰਘ, ਅਵਨੀਤ ਕੌਰ ਅਤੇ ਖਾਲਸਾ ਕਾਲਜ ਜੀਲੋਂਗ ਦੇ ਵਿਦਿਆਰਥੀਆਂ ਹਰਸਿਮਰਤ ਸਿੰਘ,ਜਸਨੂਰ ਕੌਰ,ਸਹਿਜਦੀਪ ਸਿੰਘ ਅਤੇ ਵਿਦਿਆਰਥੀ ਨਮਨਵੀਰ ਸਿੰਘ ਵਲੋਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਕੀਤੀਆਂ ਗਈਆਂ ਜਿਨਾਂ ਨੇ ਕਵਿਤਾਵਾਂ, ਵਾਰਾਂ ਅਤੇ ਵਿਚਾਰਾਂ ਰਾਹੀਂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਭਾਵੁਕਤਾ ਨਾਲ ਪ੍ਰਗਟ ਕੀਤਾ।ਇਨਾਂ ਬੱਚਿਆਂ ਦੀਆਂ ਪੇਸ਼ਕਾਰੀਆਂ ਨੇ ਨਾ ਸਿਰਫ਼ ਦਰਸ਼ਕਾਂ ਤੇ ਇੱਕ ਵੱਖਰੀ ਛਾਪ ਛੱਡੀ ਸਗੋ ਇਹ ਵੀ ਦਰਸਾਇਆ ਕਿ ਨਵੀਂ ਪੀੜ੍ਹੀ ਵਿਦੇਸ਼ ਦੀ ਧਰਤੀ ਤੇ ਜਨਮੀ ਹੋਣ ਦੇ ਬਾਵਜੂਦ ਆਪਣੀ ਵਿਰਾਸਤ ਨੂੰ ਕਿੰਨਾ ਗਹਿਰਾਈ ਨਾਲ ਸਮਝਦੀ ਅਤੇ ਮਹਿਸੂਸ ਕਰਦੀ ਹੈ। ਇਸ ਮੌਕੇ ਪ੍ਰਸਿੱਧ ਚਿੱਤਰਕਾਰ ਸਿਮਰਨਜੀਤ ਸਿੰਘ ਵਲੌ ਸਿੱਖ ਇਤਹਾਸ ਨਾਲ ਸਬੰਧਤ ਪ੍ਰਦਰਸ਼ਨੀ ਵੀ ਲਗਾਈ ਗਈ ।
ਇਸ ਸਮਾਗਮ ਵਿੱਚ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਸੁਖਨੂਰ ਕੌਰ ਰੰਗੀ ਤੇ ਖੁਸ਼ਨੂਰ ਕੌਰ ਰੰਗੀ (ਪੋਲ ਵਾਲਟ ਤੇ ਲੋਂਗ ਜੰਪ) ਰਵਨੀਤ ਕੌਰ, ਪਰਨੀਤ ਕੋਰ, ਅਸ਼ਮੀਤ ਕੌਰ ਨੈਹਲ,ਅਗਮਵੀਰ ਸਿੰਘ , ਰਬਾਨੀ ਕੌਰ,ਜੈਵੀਰ ਸਿੰਘ,ਜੋਬਨਜੋਤ ਸਿੰਘ,ਰਵਤੇਜ ਸਿੰਘ ਦਾ ਵੀ ਖੇਡਾ ਦੇ ਖੇਤਰ ਵਿੱਚ ਸੁਬੇ, ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਤੀਨਿਧਤਾ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰਤ ਵਲੋ ਪਹਿਲੀ ਹਾਕੀ ੳਲੰਪਿਅਨ ਹਰਪ੍ਰੀਤ ਸ਼ੇਰਗਿੱਲ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਗਮ ਦਾ ਸੰਚਾਲਨ ਮਨਿੰਦਰ ਬਰਾੜ ਵੱਲੋਂ ਬਾਖ਼ੂਬੀ ਕੀਤਾ ਗਿਆ ਤੇ ਦਰਸ਼ਕਾਂ ਨੂੰ ਅੰਤ ਤੱਕ ਜੋੜ ਕੇ ਰੱਖਿਆ। ਅੰਤ ਵਿੱਚ ਬਰਕਤ ਟੀਵੀ ਦੀ ਸੰਚਾਲਕ ਡਾ. ਰਸਨਾ ਕੌਰ ਨੇ ਸਿੱਖ ਇਤਿਹਾਸ ’ਤੇ ਡੂੰਘੀ ਜਾਣਕਾਰੀ ਦੀ ਸਾਂਝ ਪਾਈ। ਉਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਝਾਉਂਦਿਆਂ ਕਈ ਇਤਿਹਾਸਕ ਤੱਥਾਂ, ਸਿਧਾਂਤਾਂ ਅਤੇ ਸੰਦੇਸ਼ਾਂ ’ਤੇ ਚਰਚਾ ਕੀਤੀ ਜਿਸ ਨਾਲ ਹਾਲ ਵਿੱਚ ਬੈਠੇ ਦਰਸ਼ਕ ਗੰਭੀਰਤਾ ਨਾਲ ਜੁੜੇ ਰਹੇ।
ਇਹ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਾਸਤ ਨਾਲ ਜੋੜਨ ਦੀ ਇੱਕ ਮਹੱਤਵਪੂਰਨ ਕੋਸ਼ਿਸ਼ ਸੀ ਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਹਮੇਸ਼ਾਂ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਰਹੇਗੀ। ਸਮਾਗਮ ਦੇ ਅੰਤ ਵਿੱਚ ਸਿਮਰਜੀਤ ਸਿੰਘ ਅਤੇ ਹਰਮਨਦੀਪ ਸਿੰਘ ਬੋਪਰਾਏ ਵੱਲੋਂ ਧੰਨਵਾਦ ਕੀਤਾ ਗਿਆ ।
Sony Dhillon - BOL ਪੰਜਾਬੀ ਨੂੰ - Punjabi Scoop