11/11/2024
ਅਕਾਲੀ-ਭਾਜਪਾ ਦਾ ਨਹੁੰ -ਮਾਸ ਦਾ ਰਿਸ਼ਤਾ ਮੁੜ ਫੁੱਟਣ ਲੱਗਿਆ?
ਪੰਜਾਬ ਸਪੇਸ, 11 ਨਵੰਬਰ 2024
ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਸਮੇਂ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ ਤਾਂ ਦੂਜੇ ਪਾਸੇ ਭਾਜਪਾ ਆਪਣੇ ਦਮ ਤੇ ਪੰਜਾਬ ਵਿਚ ਆਪਣਾ ਆਧਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ l ਕਿਸੇ ਸਮੇਂ ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਤਿੰਨ ਸਰਕਾਰਾਂ ਦੀ ਸੱਤਾ ਦਾ ਸੁੱਖ ਇਕੱਠੇ ਹੰਢਾਉਣ ਵਾਲੀਆਂ ਧਿਰਾਂ ਅਕਾਲੀ-ਭਾਜਪਾ ਨੂੰ ਹੁਣ ਪੰਜਾਬ ਦੀ ਸੱਤਾ ਦੇ ਚੁਬਾਰੇ ਦੂਰ ਦਿਖਾਈ ਦੇ ਰਹੇ ਹਨ l ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਫਿਰ ਸਭ ਦੇ ਵੱਡੇ ਬਾਦਲ ਸਾਬ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 1996 ਦੇ ਵਿੱਚ ਜੋ ਗਠਜੋੜ ਕੀਤਾ ਸੀ, ਉਸ ਗਠਜੋੜ ਨੇ ਪੰਜਾਬ ਦੀ ਸਿਆਸੀ ਤਸਵੀਰ ਨੂੰ ਪੂਰੀ ਤਰ੍ਹਾਂ ਨਾਲ ਬਦਲ ਕੇ ਰੱਖ ਦਿੱਤਾ ਸੀ l ਪੰਥਕ ਪਾਰਟੀ ਅਕਾਲੀ ਦਲ ਅਤੇ ਹਿੰਦੂ ਸੰਗਠਨ ਆਰ.ਐੱਸ.ਐੱਸ. ਦੀ ਵਿਚਾਰਧਾਰਾ ਵਾਲੀ ਭਾਜਪਾ ਨੇ ਪੰਜਾਬ ਦੇ ਵਿੱਚ ਸਿਆਸੀ ਅਤੇ ਧਾਰਮਿਕ ਰਾਜਨੀਤੀ ਨੂੰ ਇੱਕ ਨਵਾਂ ਰਾਹ ਦਿੱਤਾ ਸੀ l ਦੋਵਾਂ ਪਾਰਟੀਆਂ ਨੇ ਮਿਲ ਕੇ 1997 ਤੇ ਫਿਰ 2007 ਤੇ 2012 ਵਿੱਚ 15 ਸਾਲ ਤੱਕ ਪੰਜਾਬ ਦੀ ਸੱਤਾ ਤੇ ਰਾਜ ਕੀਤਾ ਹੈ l
ਹਾਲਾਤਾਂ ਦੀ ਮਾਰ ਤੇ ਗ਼ਲਤ ਫੈਸਲਿਆਂ ਦੇ ਛਾਏ ਬੱਦਲਾਂ ਨੇ ਬਾਦਲਾਂ ਨੂੰ ਪੰਜਾਬ ਦੀ ਸੱਤਾ ਤੋਂ ਬਾਹਰ ਕੀਤਾ ਤਾਂ ਕਿਸਾਨ ਅੰਦਲੋਨ ਨੇ ਇਸ ਕਮਜ਼ੋਰ ਹੋਏ ਗਠਜੋੜ ਦੇ ਤਾਬੂਤ ਵਿੱਚ ਆਖਰੀ ਕਿੱਲ ਠੋਕਿਆ ਤੇ ਦੋਵਾਂ ਪਾਰਟੀਆਂ ਦਾ ਨਹੁੰ ਮਾਸ ਦਾ ਰਿਸ਼ਤਾ ਤਾਰ ਤਾਰ ਹੋ ਗਿਆ l ਪਰ ਜਿਵੇਂ ਕਿ ਟੁੱਟੇ ਤੇ ਉੱਖੜੇ ਨਹੁੰ ਕੁਝ ਸਮੇਂ ਦੀ ਦਰਦ ਅਤੇ ਇਨਫੈਕਸ਼ਨ ਦੇ ਬਾਅਦ ਸਹੀ ਇਲਾਜ ਹੋਣ ਤੇ ਮੁੜ ਤੋਂ ਉਸੇ ਮਾਸ ਉੱਤੇ ਫੁੱਟ ਪੈਂਦੇ ਨੇ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਮਾਸ ਉੱਤੇ ਭਾਜਪਾ ਦਾ ਨਹੁੰ ਮੁੜ ਤੋਂ ਫੁੱਟਣਾ ਸ਼ੁਰੂ ਹੋ ਗਿਆ ਹੈ l ਅਕਾਲੀ ਦਲ ਨੇ ਇਹਨਾਂ ਜਿਮਨੀ ਚੋਣਾਂ ਤੋਂ ਪਾਸਾ ਵੱਟਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੁਰਮਾਨ ਦਾ ਬਹਾਨਾ ਬਣਾਇਆ ਹੈ ਤਾਂ ਭਾਜਪਾ ਨੇ ਵੀ ਪੰਜਾਬ ਵਿੱਚ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਲੋੜ ਤੇ ਸਹਿਮਤੀ ਭਰੀ ਹੈ l
ਭਾਵੇਂਕਿ ਅਧਿਕਾਰਿਕ ਤੌਰ ਤੇ ਦੋਵਾਂ ਪਾਰਟੀਆਂ ਨੇ ਹਾਲੇ ਤੱਕ ਗਠਜੋੜ ਦੀ ਕੋਈ ਗੱਲ ਨਹੀਂ ਕਰੀ ਹੈ ਪਰ ਦੋਵਾਂ ਪਾਰਟੀਆਂ ਨੂੰ ਅੰਦਰਖਾਤੇ ਹੁਣ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਜੇਕਰ ਮੁੜ ਵਾਪਸੀ ਕਰਨੀ ਹੈ ਤਾਂ ਇੱਕ ਦੂਜੇ ਨਾਲ ਇਕੱਠੇ ਜਰੂਰ ਹੋਣਾ ਪੈਣਾ ਹੈ l ਭਾਜਪਾ ਨੇ ਜਿਮਨੀ ਚੋਣਾਂ ਵਿੱਚ ਆਪਣੇ ਸਾਰੇ ਉਮੀਦਵਾਰ ਉਹ ਬਣਾਏ ਹਨ ਜੋ ਕਿ ਪੁਰਾਣੇ ਅਕਾਲੀ ਹਨ ਤਾਂ ਦੂਜੇ ਪਾਸੇ ਚੁੱਪ-ਚੁਪੀਤੇ ਅਕਾਲੀ ਦਲ ਦੀ ਪੱਕੀ ਵੋਟ ਵੀ ਇਹਨਾਂ ਉਮੀਦਵਾਰਾਂ ਦੇ ਖਾਤੇ ਵਿੱਚ ਜਾ ਸਕਦੀ ਹੈ l ਜੇਕਰ ਇਹਨਾਂ ਚੋਣਾਂ ਦੇ ਵਿੱਚ ਭਾਜਪਾ ਦੇ ਉਮੀਦਵਾਰ ਵੱਡੀ ਵੋਟ ਲੈ ਜਾਂਦੇ ਹਨ ਤਾਂ ਇਹ ਸਾਫ ਹੋ ਜਾਵੇਗਾ ਕਿ ਇਸਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਦਾ ਵੀ ਯੋਗਦਾਨ ਹੈ l
ਆਉਣ ਵਾਲੇ ਸਮੇਂ ਵਿੱਚ ਜੇਕਰ ਦੋਵਾਂ ਪਾਰਟੀਆਂ ਦਾ ਗਠਜੋੜ ਹੁੰਦਾ ਹੈ ਤਾਂ ਇਹ ਪੱਕਾ ਹੈ ਕਿ ਭਾਜਪਾ ਹੁਣ ਕਰੀਬ 50 ਸੀਟਾਂ ਤੇ ਆਪਣਾ ਹੱਕ ਜਤਾਵੇਗੀ l ਇਹ ਵੀ ਹੋ ਸਕਦਾ ਹੈ ਕਿ ਸ਼ਹਿਰੀ ਸੀਟਾਂ ਭਾਜਪਾ ਅਤੇ ਪੇਂਡੂ ਸੀਟਾਂ ਅਕਾਲੀ ਦਲ ਵਿੱਚ ਵੰਡ ਕੀਤੀਆਂ ਜਾਣ l ਪਰ ਜੇਕਰ ਇਹ ਗਠਜੋੜ ਮੁੜ ਹੁੰਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਦੇ ਡੁੱਬਦੇ ਜਾਪੁ ਰਹੇ ਸਿਆਸੀ ਸਫ਼ਰ ਨੂੰ ਇਹ ਨਵੀਂ ਰਾਹ ਮਿਲੇਗੀ ਅਤੇ ਭਾਜਪਾ ਲਈ ਵੀ ਪੰਜਾਬ ਵਿੱਚ ਪੱਕੇ ਪੈਰ ਹੋਣ ਦਾ ਸੁਨਹਿਰਾ ਮੌਕਾ ਹੋਵੇਗਾ l ਵਿਧਾਨ ਸਭਾ ਚੋਣਾਂ ਭਾਵੇਂ 2027 ਵਿੱਚ ਨੇ ਪਰ ਇਸ ਮੁੜ - ਗਠਜੋੜ ਦੀਆਂ ਸੰਭਾਵਨਾਵਾਂ ਨੇ ਪੰਜਾਬ ਦੀ ਸਿਆਸਤ ਨੂੰ ਮੁੜ ਤੋਂ ਰੌਚਕ ਕਰਨਾ ਸ਼ੁਰੂ ਕਰ ਦਿੱਤਾ ਹੈ l ਬਾਕੀ ਆਉਣ ਵਾਲਾ ਸਮਾਂ ਕਿਸੇ ਪਾਸੇ ਕਰਵਟ ਲੈਂਦਾ ਹੈ ਇਹ ਦੇਖਣ ਲਈ ਪੰਜਾਬ ਦੇ ਲੋਕਾਂ ਵਿੱਚ ਇੱਕ ਬੇਚੈਨੀ ਜਰੂਰ ਬਣੀ ਰਹੇਗੀ l