12/26/2025
ਲਿਵਿੰਗ ਰਿਲੇਸ਼ਨ ਵਿੱਚ ਰਹਿਣ ਦੀ ਜ਼ਿੱਦ ਅਤੇ ਬਾਅਦ ਵਿੱਚ ਜ਼ਿੰਦਗੀ ਭਰ ਦਾ ਰੋਣਾ -- ਕੁੜੀ ਦੇ ਪਿਉ ਦੇ ਹੰਝੂ ਦੇਖੇ ਨਹੀਂ ਗਏ।
( ਇੱਕ ਹੋਰ ਸੱਚੀ ਕਹਾਣੀ)
ਅੱਜ ਕੱਲ੍ਹ ਫਿਲਮਾਂ ਅਤੇ ਸੀਰੀਅਲਾਂ ਨੂੰ ਦੇਖ ਦੇਖ ਕੇ ਸਾਡੀ ਜਵਾਨੀ ਵੀ ਉਨ੍ਹਾਂ ਦੀ ਰੀਸ ਕਰ ਰਹੀ ਹੈ ਜਦਕਿ ਸਭ ਨੂੰ ਪਤਾ ਹੈ ਉਹ ਸਭ ਕਾਲਪਨਿਕ ਕਹਾਣੀਆਂ ਹਨ । ਏਹਨਾਂ ਕਹਾਣੀਆਂ ਵਿੱਚ ਰੋਲ ਅਦਾ ਕਰਨ ਵਾਲੇ ਐਕਟਰ ਜਾਂ ਐਕਟਰੈੱਸ ਵੀ ਅਸਲ ਜ਼ਿੰਦਗੀ ਵਿੱਚ ਹੋਰ ਹੁੰਦੇ ਐ। ਸਾਡੇ ਬੱਚਿਆਂ ਨੂੰ ਰੀਲ ਅਤੇ ਰੀਅਲ ਜ਼ਿੰਦਗੀ ਵਿੱਚ ਫਰਕ ਪਤਾ ਹੋਣ ਦੇ ਬਾਵਜੂਦ ਫੇਰ ਵੀ ਉਨ੍ਹਾਂ ਅੰਦਰ ਕੀੜਾ ਪੈਦਾ ਹੋ ਜਾਂਦਾ ਹੈ ਸਮਾਜ ਦੇ ਉਲਟ ਜਾ ਕੇ ਆਪਣੇ ਆਪ ਨੂੰ ਮਾਡਰਨ ਦਿਖਾਉਣ ਦਾ। ਉਸਦੇ ਨਤੀਜੇ ਕੀ ਨਿੱਕਲਦੇ ਐ ਏਹ ਬਹੁਤੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ। ਏਸੇ ਤਰ੍ਹਾਂ ਲਿਵਿੰਗ ਵਿੱਚ ਰਹਿਣ ਦੀ ਜ਼ਿੱਦ ਦਾ ਅਖੀਰ ਕਿੰਨਾ ਮਾੜਾ ਹੋਇਆ ਉਹ ਸੱਚੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ।
ਮੈਂ ਇੱਕ ਦਿਨ ਆਪਣੇ ਕਿਸੇ ਕੰਮ ਸੰਗਰੂਰ ਦੀ ਕਚਿਹਰੀ ਵਿੱਚ ਗਿਆ। ਮੈਂ ਉੱਥੇ ਆਪਣੇ ਮਿੱਤਰ ਵਕੀਲ ਦੇ ਚੈਂਬਰ ਵਿੱਚ ਬੈਠਾ ਸੀ ਤਾਂ ਉੱਥੇ ਲੰਚ ਸਮੇਂ ਮੌਕੇ ਇੱਕ ਬਜ਼ੁਰਗ ਆਇਆ ਅਤੇ ਉਸ ਦੇ ਨਾਲ ਇੱਕ ਲੜਕੀ ਸੀ। ਉਨ੍ਹਾਂ ਨੇ ਵਕੀਲ ਸਾਹਿਬ ਨਾਲ ਕੁੱਝ ਗੱਲ ਬਾਤ ਕੀਤੀ ਤਾਂ ਵਕੀਲ ਸਾਹਿਬ ਨੇ ਆਖਿਆ ਕਿ ਰੁਕ ਜਾਉ ਹਾਲੇ ਲੰਚ ਟਾਈਮ ਹੋਇਆ ਹੈ ਆਪਾਂ ਅੱਧਾ ਘੰਟਾ ਰੁਕ ਕੇ ਚੱਲਦੇ ਹਾਂ ਕੋਰਟ ਵਿੱਚ, ਤੁਸੀਂ ਬੈਠ ਜਾਉ ਤਾਂ ਲੜਕੀ ਉਸਦੇ ਕੈਬਿਨ ਤੋਂ ਥੋੜ੍ਹੇ ਫਰਕ ਨਾਲ ਪੌੜੀਆਂ ਕੋਲ ਜਾ ਕੇ ਬੈਠ ਗਈ ਅਤੇ ਬਜ਼ੁਰਗ ਉੱਥੇ ਕੈਬਿਨ ਵਿੱਚ ਸਾਡੇ ਕੋਲ ਹੀ ਬੈਠ ਗਿਆ। ਕੁੱਝ ਸਮਾਂ ਐਧਰ ਓਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਵਕੀਲ ਸਾਹਿਬ ਨੇ ਬਜ਼ੁਰਗ ਵੱਲ ਹੱਥ ਕਰਕੇ ਮੈਨੂੰ ਸੰਬੋਧਨ ਹੁੰਦਿਆਂ ਆਖਿਆ "ਅਕੋਈ ਸਾਹਿਬ ਬੱਚੇ ਤਾਂ ਮਾਂ ਬਾਪ ਤੋਂ ਬੇਮੁੱਖ ਹੋ ਜਾਂਦੇ ਐ ਪਰ ਮਾਂ ਬਾਪ ਨੂੰ ਤਾਂ ਹਰ ਹਾਲਾਤ ਵਿੱਚ ਬੱਚਿਆਂ ਨਾਲ ਖੜਨਾ ਪੈਂਦਾ ਹੈ"। ਮੈਂ ਹਾਂ ਵਿੱਚ ਸਿਰ ਹਿਲਾਇਆ।
ਅੱਗੇ ਵਕੀਲ ਸਾਹਿਬ ਨੇ ਬਜ਼ੁਰਗ ਵੱਲ ਹੱਥ ਕਰਕੇ ਗੱਲ ਸ਼ੁਰੂ ਕੀਤੀ ਕਿ ਆਹ ਬਜ਼ੁਰਗ ਦੀ ਬੇਟੀ ਹੈ ਉਹ ਕੁੜੀ ਜਿਹੜੀ ਏਹਦੇ ਨਾਲ ਅੰਦਰ ਆਈ ਸੀ ਹੁਣ ਉਹ ਸਾਹਮਣੇ ਨੀਵੀਂ ਪਾਈ ਬੈਠੀ ਹੈ। ਕਹਿੰਦੇ ਕਿ ਛੇ ਮਹੀਨੇ ਪਹਿਲਾਂ ਏਹ ਕੁੜੀ ਨੇ ਆਪਣੇ ਮਾਂ ਬਾਪ ਨੂੰ ਆਖਿਆ ਕਿ ਮੈਂ ਮੋਹਾਲੀ ਜਾ ਰਹੀ ਹਾਂ ਲਿਵਿੰਗ ਰਿਲੇਸ਼ਨ ਵਿੱਚ ਰਹਿਣ ਲਈ। ਕਹਿੰਦੇ ਮਾਪਿਆਂ ਨੂੰ ਸਮਝ ਨਾ ਲੱਗੇ ਕਿ ਏਹ ਕਹਿ ਕੀ ਰਹੀ ਹੈ ਫੇਰ ਉਨ੍ਹਾਂ ਗੁਆਂਢੀਆਂ ਦੀ ਨੂੰਹ ਜੋ ਪੜੀ ਲਿਖੀ ਸੀ ਉਹਨੂੰ ਬੁਲਾਇਆ ਕਿਉਂਕਿ ਕੁੜੀ ਨੇ ਸੂਟ ਕੇਸ ਵਿੱਚ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਸਨ। ਉਨ੍ਹਾਂ ਨੇ ਉਸ ਗੁਆਂਢਣ ਨੂੰਹ ਨੂੰ ਆਖਿਆ ਕਿ ਪੁੱਤ ਏਹ ਸਾਡੀ ਕੁੜੀ ਕੀ ਆਖੀ ਜਾਂਦੀ ਹੈ ਤਾਂ ਨੂੰਹ ਨੇ ਜਦੋਂ ਕੁੜੀ ਨਾਲ ਗੱਲ ਕੀਤੀ ਤਾਂ ਉਹ ਸਮਝ ਗਈ ਅਤੇ ਬਜ਼ੁਰਗ ਮਾਪਿਆਂ ਨੂੰ ਸਮਝਾਉਣ ਲੱਗੀ, ਕਹਿੰਦੀ ਏਹਨੇ ਜਿਹੜੇ ਮੁੰਡੇ ਨਾਲ ਵਿਆਹ ਕਰਵਾਉਣਾ ਹੈ ਉਹਦੇ ਨਾਲ ਰਹਿਣ ਜਾ ਰਹੀ ਹੈ। ਮਾਪਿਆਂ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ, ਉਹ ਕਹਿੰਦੇ ਕਿ "ਵਿਆਹ ਤੋਂ ਪਹਿਲਾਂ ਕੌਣ ਰਹਿੰਦਾ ਹੈ ਇਸ ਤਰ੍ਹਾਂ? ਨਾ ਪੁੱਤ ਏਹ ਤਾਂ ਬਹੁਤ ਵੱਡੀ ਬਦਨਾਮੀ ਵਾਲੀ ਗੱਲ ਹੈ" ਪਰ ਕੁੜੀ ਕਹਿੰਦੀ ਕਿ ਤੁਸੀਂ ਤਾਂ ਅਨਪੜ੍ਹ ਲੋਕ ਹੋ ਥੋਨੂੰ ਕੁੱਝ ਨਹੀਂ ਪਤਾ, ਅੱਜ ਕੱਲ੍ਹ ਤਾਂ ਏਹ ਰਿਵਾਜ ਹੈ, ਮੈਂ ਦੇਖਾਂਗੀ ਕਿ ਉਸ ਮੁੰਡੇ ਨਾਲ ਮੇਰੀ ਨਿਭਦੀ ਵੀ ਹੈ ਕਿ ਨਹੀਂ, ਫੇਰ ਵਿਆਹ ਕਰਵਾਵਾਂਗੀ।
ਜਦੋਂ ਵਕੀਲ ਸਾਹਿਬ ਏਹ ਗੱਲ ਸੁਣਾ ਰਹੇ ਸਨ ਤਾਂ ਬਜ਼ੁਰਗ ਬਾਪ ਦੀ ਅੱਖਾਂ ਵਿੱਚੋਂ ਤਰਲ ਤਰਲ ਹੰਝੂ ਬਹਿ ਰਹੇ ਸਨ। ਅੱਗੇ ਬੋਲਦਿਆਂ ਵਕੀਲ ਸਾਹਿਬ ਕਹਿੰਦੇ ਕਿ ਮਾਪਿਆਂ ਨੇ ਬਹੁਤ ਮਿੰਨਤ ਤਰਲਾ ਕੀਤਾ ਪਰ ਕੁੜੀ ਨਹੀਂ ਮੰਨੀ। ਲੈਕੇ ਆਪਣੇ ਕੱਪੜੇ ਚਲੀ ਗਈ ਮੋਹਾਲੀ ਨੂੰ। ਫੇਰ ਵਕੀਲ ਸਾਹਿਬ ਕਹਿੰਦੇ ਕਿ ਕੁੜੀ ਦੇ ਦੱਸਣ ਮੁਤਾਬਿਕ ਮੁੰਡੇ ਅਤੇ ਕੁੜੀ ਨੇ ਕਮਰਾ ਕਿਰਾਏ ਤੇ ਲਿਆ। ਪੈਸੇ ਕੁੱਝ ਕੁੜੀ ਲੈਕੇ ਗਈ ਸੀ ਅਤੇ ਕੁੱਝ ਪੈਸੇ ਮੁੰਡਾ ਲੈਕੇ ਆਇਆ ਸੀ। ਉੱਥੇ ਕਿਰਾਏ ਦੇ ਘਰ ਵਿੱਚ ਰਹਿਣ ਲੱਗੇ। ਥੋੜ੍ਹਾ ਬਹੁਤ ਏਧਰ ਓਧਰ ਜਾ ਆਉਂਦੇ ਅਤੇ ਜ਼ਿਆਦਾਤਰ ਘਰ ਹੀ ਰਹਿੰਦੇ ਸਨ। ਸਾਢੇ ਚਾਰ ਕੁ ਮਹੀਨੇ ਏਹਨਾਂ ਦੇ ਲੰਘੇ ਅਤੇ ਏਹਨਾਂ ਕੋਲ ਜੋ ਪੈਸੇ ਸਨ ਉਹ ਖਤਮ ਹੋ ਗਏ। ਇੱਕ ਦਿਨ ਮੁੰਡਾ ਕਹਿੰਦਾ ਕਿ ਮੈਂ ਪੈਸਿਆਂ ਦਾ ਕੋਈ ਹੱਲ ਕਰਕੇ ਲਿਆਉਂਦਾ ਹਾਂ ਮੇਰਾ ਯਾਰ ਦੋਸਤ ਹਰਿਆਣੇ ਵਿੱਚ ਰਹਿੰਦਾ ਹੈ, ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਉਹਦਾ ਐਡਰੈੱਸ, ਉਹਨੂੰ ਲੱਭਣਾ ਪੈਂਣਾ ਹੈ ਇਸ ਲਈ ਤੂੰ ਫ਼ਿਕਰ ਨਾ ਕਰੀਂ ਜੇ ਮੈਨੂੰ ਪੰਜ ਚਾਰ ਦਿਨ ਲੱਗ ਵੀ ਗਏ ਤਾਂ, ਕਿਉਂ ਕਿ ਉਹਦੇ ਕਿਹੜਾ ਘਰੇ ਧਰੇ ਹੋਣਗੇ ਪੈਸੇ ਉਹ ਵੀ ਕੋਈ ਹੀਲਾ ਕਰਕੇ ਹੀ ਦੇਊਗਾ।
ਏਹ ਕਹਿਕੇ ਮੁੰਡਾ ਚਲਿਆ ਗਿਆ। ਕੁੜੀ ਕਹਿੰਦੀ ਕਿ ਮੈਂ ਦਿਨੇ ਗੁਰਦੁਆਰਾ ਸ਼ਹੀਦਾਂ ਸਾਹਿਬ ਸੋਹਾਣਾ ਚਲੀ ਜਾਇਆ ਕਰਾਂ, ਉੱਥੇ ਲੰਗਰ ਵਿੱਚ ਸੇਵਾ ਕਰਿਆ ਕਰਾਂ ਉੱਥੇ ਹੀ ਪ੍ਰਸ਼ਾਦਾ ਪਾਣੀ ਛਕ ਲਿਆ ਕਰਾਂ। ਐਧਰ ਮੁੰਡੇ ਨੂੰ ਗਏ ਨੂੰ ਪੂਰਾ ਇੱਕ ਹਫ਼ਤਾ ਹੋ ਗਿਆ। ਚਾਰ ਪੰਜ ਦਿਨ ਤਾਂ ਉਹ ਫੋਨ ਵੀ ਚੁੱਕਦਾ ਰਿਹਾ ਪਰ ਹੁਣ ਤਾਂ ਉਸ ਨੇ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ। ਕੁੜੀ ਨੇ ਸੋਚਾਂ ਸੋਚਦਿਆਂ ਤਿੰਨ ਚਾਰ ਦਿਨ ਹੋਰ ਲੰਘਾ ਦਿੱਤੇ। ਹੁਣ ਮੁੰਡੇ ਨੂੰ ਘਰੋਂ ਗਿਆਂ ਗਿਆਰਾਂ ਦਿਨ ਹੋ ਚੁੱਕੇ ਸਨ ਪਰ ਉਸ ਦਾ ਨਾ ਤਾਂ ਫ਼ੋਨ ਲੱਗਦਾ ਸੀ ਅਤੇ ਨਾ ਹੀ ਕਿਤੋਂ ਕੁੱਝ ਪਤਾ ਲੱਗਦਾ ਸੀ ਤਾਂ ਕੁੜੀ ਨੇ ਥੱਕ ਹਾਰ ਕੇ ਗੁਰੂਦਵਾਰਾ ਸਾਹਿਬ ਕਿਸੇ ਬੀਬੀ ਨਾਲ ਗੱਲ ਕੀਤੀ ਕਿ ਆਹ ਗੱਲ ਹੋਈ ਹੈ ਹੁਣ ਮੈਂ ਕੀ ਕਰਾਂ। ਗੱਲ ਸੁਣਨ ਵਾਲੀ ਬੀਬੀ ਸਮਝਦਾਰ ਸੀ ਉਹਨੇ ਸਿਰ ਤੋਂ ਲੈਕੇ ਪੈਰਾਂ ਤੱਕ ਕੁੜੀ ਨੂੰ ਦੇਖਿਆ ਅਤੇ ਉਹ ਸਮਝ ਗਈ ਕਿ ਕੁੜੀ ਤਾਂ ਪ੍ਰੈਗਨੈਂਟ ਹੈ ਅਤੇ ਮੁੰਡਾ ਏਹਦੇ ਨਾਲ ਧੋਖਾ ਕਰ ਗਿਆ ਹੈ। ਉਸ ਭਲੀ ਔਰਤ ਨੇ ਕੁੜੀ ਨੂੰ ਭਰੋਸੇ ਵਿੱਚ ਲਿਆ ਅਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਮੇਤ ਦੋ ਹੋਰ ਬੀਬੀਆਂ ਨਾਲ ਗੱਲ ਸਾਂਝੀ ਕੀਤੀ। ਉਨ੍ਹਾਂ ਨੇ ਕੁੜੀ ਨੂੰ ਭਰੋਸੇ ਵਿੱਚ ਲੈਕੇ ਉਸ ਦੇ ਮਾਂ ਪਿਓ ਦੇ ਨਾਂ ਪੁੱਛੇ, ਪਿੰਡ ਪੁੱਛਿਆ ਅਤੇ ਉਨ੍ਹਾਂ ਦਾ ਮੋਬਾਈਲ ਨੰਬਰ ਵੀ ਲੈ ਲਿਆ। ਮੈਨੇਜਰ ਨੇ ਉਸ ਬੀਬੀ ਨੂੰ ਆਖਿਆ ਕਿ ਤੁਸੀਂ ਬੈਠੋ ਮੈਂ ਹੁਣੇ ਆਇਆ ਅਤੇ ਉਸਨੇ ਸਾਈਡ ਤੇ ਜਾ ਕੇ ਕੁੜੀ ਦੇ ਮਾਪਿਆਂ ਨੂੰ ਫੋਨ ਕੀਤਾ ਕਿ ਤੁਸੀਂ ਜਲਦੀ ਆਉ ਅਤੇ ਕੁੜੀ ਨੂੰ ਲੈਕੇ ਜਾਉ ਕਿਉਂਕਿ ਜਿਹੜੇ ਹਾਲਾਤਾਂ ਵਿੱਚ ਕੁੜੀ ਹੈ ਅਗਰ ਅਸੀਂ ਏਹਨੂੰ ਏਥੋਂ ਭੇਜ ਦਿੱਤਾ ਤਾਂ ਕਿਤੇ ਏਹ ਕੋਈ ਗ਼ਲਤ ਕਦਮ ਨਾ ਚੁੱਕ ਲਵੇ।
ਏਹ ਜਿਹੜੇ ਮੁੰਡੇ ਜਾਂ ਕੁੜੀਆਂ ਅੱਲੜ੍ਹ ਉਮਰ ਵਿੱਚ ਮਿਲ ਕੇ ਕਹਿੰਦੇ ਐ ਕਿ ਅਸੀਂ ਫਲਾਣੇ ਨੂੰ ਪਿਆਰ ਕਰਦੇ ਹਾਂ ਏਹ ਪਿਆਰ ਸਵਾਰਥੀ ਹੁੰਦਾ ਹੈ ਅਸਲ ਪਿਆਰ ਤਾਂ ਸਾਨੂੰ ਸਾਡੇ ਮਾਪੇ ਕਰਦੇ ਐ ਜਿਹੜੇ ਕਿਸੇ ਵੀ ਹਾਲ ਵਿੱਚ ਸਾਡੇ ਨਾਲ ਖੜਦੇ ਐ। ਸੋ ਕੁੜੀ ਦਾ ਪਿਉ ਆਪਣੇ ਨਾਲ ਇੱਕ ਦੋ ਮੋਹਤਬਰਾਂ ਨੂੰ ਨਾਲ ਲੈਕੇ ਉੱਥੇ ਦੋ ਢਾਈ ਘੰਟਿਆਂ ਵਿੱਚ ਪਹੁੰਚਿਆ, ਉਨਾ ਚਿਰ ਮੈਨੇਜਰ ਸਮੇਤ ਤਿੰਨੇ ਬੀਬੀਆਂ ਨੇ ਕੁੜੀ ਨੂੰ ਮੈਨੇਜਰ ਦੇ ਦਫ਼ਤਰ ਹੀ ਬਿਠਾਈ ਰੱਖਿਆ ਸੀ। ਜਦੋਂ ਕੁੜੀ ਦਾ ਪਿਉ ਉੱਥੇ ਪਹੁੰਚ ਗਿਆ ਤਾਂ ਮੈਨੇਜਰ ਨੇ ਉਹਨੂੰ ਸਮਝਾਇਆ ਕਿ ਤੁਸੀਂ ਹੁਣ ਕੁੜੀ ਨੂੰ ਕੁੱਝ ਨਹੀਂ ਕਹਿਣਾ ਬੱਸ ਇੱਕ ਵਾਰ ਆਪਣੇ ਘਰ ਲੈ ਜਾਉ ਹੌਲੀ ਹੌਲੀ ਸਭ ਠੀਕ ਹੋ ਜਾਵੇਗਾ। ਫੇਰ ਉੱਥੋਂ ਕੁੜੀ ਨੂੰ ਲਿਆਏ। ਹੁਣ ਉਹੀ ਬਾਪ ਜੀਹਨੂੰ ਕੁੜੀ ਕਹਿੰਦੀ ਸੀ ਕਿ ਤੂੰ ਤਾਂ ਅਨਪੜ੍ਹ ਐਂ ਤੈਨੂੰ ਪਤਾ ਨਹੀਂ ਕੁੱਝ, ਉਹ ਪੰਜ ਮਹੀਨਿਆਂ ਦੀ ਪ੍ਰੈਗਨੈਂਟ ਧੀ ਨਾਲ ਲੈਕੇ ਕਚਿਹਰੀ ਵਿੱਚ ਤੁਰਿਆ ਫਿਰਦਾ ਹੈ ਉਹਨੂੰ ਇਨਸਾਫ਼ ਦਿਵਾਉਣ ਲਈ ਕਿਉਂਕਿ ਮੁੰਡਾ ਮੁੜ ਕੇ ਲੱਭਿਆ ਨਹੀਂ, ਉਹਦੇ ਘਰ ਦੇ ਕੁੱਝ ਰਾਹ ਨਹੀਂ ਦੇ ਰਹੇ। ਫੇਰ ਕੁੜੀ ਦਾ ਪਿਉ ਕਹਿੰਦਾ ਕਿ ਭਾਈ ਸਾਰੀ ਦੁਨੀਆਂ ਧੱਕ ਸਕਦੀ ਐ ਪਰ ਮੈਂ ਕਿਵੇਂ ਧੱਕ ਦਿਆਂ ਆਪਣੀ ਧੀ ਨੂੰ, ਬੇਸ਼ੱਕ ਉਹਨੇ ਮੈਨੂੰ ਪਿੰਡ ਵਿੱਚ ਨੀਵੀਂ ਪਾ ਕੇ ਤੁਰਨ ਲਾ ਦਿੱਤਾ। ਏਹ ਕਹਿੰਦਿਆਂ ਬਜ਼ੁਰਗ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਝਰਨੇ ਚੱਲ ਰਹੇ ਸਨ।
( ਏਸ ਸੀਨ ਨੂੰ ਯਾਦ ਕਰਕੇ ਲਿਖਦਿਆਂ ਮੇਰੀਆਂ ਅੱਖਾਂ ਵੀ ਸਿੱਲੀਆਂ ਹੋ ਗਈਆਂ)
#ਧੀਆਂ 🌸
ਉਮੀਦ ਕਰਦਾ ਹਾਂ ਕਿ ਇਸ ਕਹਾਣੀ ਨੂੰ ਪੜਕੇ ਅਗਰ ਕਿਸੇ ਇੱਕ ਧੀ ਨੂੰ ਵੀ ਮੱਤ ਆ ਜਾਵੇ ਕਿ ਏਹ ਸ਼ੋਸ਼ੇਬਾਜ਼ੀਆਂ ਵਿੱਚ ਕੁੱਝ ਨਹੀਂ ਪਿਆ, ਮਾਪਿਆਂ ਤੋਂ ਸੱਚਾ ਥੋਡਾ ਕੋਈ ਹਮਦਰਦ ਨਹੀਂ, ਮੈਂ ਸਮਝਾਂਗਾ ਕਿ ਮੇਰੀ ਮਿਹਨਤ ਸਫਲ ਹੋ ਗਈ।