10/08/2025
ਡੌਨਲਡ ਟਰੰਪ ਨੂੰ ਅਦਾਲਤੀ ਝਟਕੇ ਲੱਗਣ ਦਾ ਸਿਲਸਿਲਾ ਐਤਵਾਰ ਨੂੰ ਵੀ ਜਾਰੀ ਰਿਹਾ ਅਤੇ ਇਕ ਫੈਡਰਲ ਜੱਜ ਵੱਲੋਂ ਔਰੇਗਨ ਸੂਬੇ ਵਿਚ ਨੈਸ਼ਨਲ ਗਾਰਡਜ਼ ਦੀ ਤੈਨਾਤੀ ਉਤੇ ਆਰਜ਼ੀ ਰੋਕ ਲਾ ਦਿਤੀ। ਇਸ ਤੋਂ ਪਹਿਲਾਂ ਅਪੀਲ ਅਦਾਲਤ ਨੇ ਟਰੰਪ ਦੇ ਕਾਰਜਕਾਰੀ ਹੁਕਮਾਂ ਨੂੰ ਗੈਰਸੰਵਿਧਾਨਕ ਕਰਾਰ ਦਿੰਦਿਆਂ ਅਮਰੀਕਾ ਵਿਚ ਜੰਮਣ ਵਾਲਿਆਂ ਲਈ ਨਾਗਰਿਕਤਾ ਦਾ ਹੱਕ ਬਰਕਰਾਰ ਰੱਖਿਆ। ਟੈਲੀਫੋਨ ’ਤੇ ਕੀਤੀ ਸੁਣਵਾਈ ਦੌਰਾਨ ਜ਼ਿਲ੍ਹਾ ਜੱਜ ਕੈਰਿਨ ਐਮਰਗਟ ਨੇ ਨੈਸ਼ਨਲ ਗਾਰਡਜ਼ ਦੀ ਤੈਨਾਤੀ ਬਾਰੇ ਟਰੰਪ ਸਰਕਾਰ ਦੇ ਹੁਕਮਾਂ ਨੂੰ ਲਾਂਭੇ ਕਰਦਿਆਂ ਕੈਲੇਫੋਰਨੀਆ ਅਤੇ ਔਰੇਗਨ ਦੇ ਪੱਖ ਵਿਚ ਫੈਸਲਾ ਸੁਣਾ ਦਿਤਾ।
ਅਮਰੀਕਾ ਵਿਚ ਜੰਮਣ ਵਾਲਿਆਂ ਨੂੰ ਮਿਲਦੀ ਰਹੇਗੀ ਸਿਟੀਜ਼ਨਸ਼ਿਪ ਇਸੇ ਜੱਜ ਵੱਲੋਂ ਔਰੇਗਨ ਦੇ ਨੈਸ਼ਨਲ ਗਾਰਡਜ਼ ਦੀ ਸੂਬੇ ਵਿਚ ਤੈਨਾਤੀ ਰੋਕੀ ਗਈ ਜਿਸ ਮਗਰੋਂ ਟਰੰਪ ਸਰਕਾਰ ਨੇ ਕੈਲੇਫੋਰਨੀਆ ਤੋਂ ਨੈਸ਼ਨਲ ਗਾਰਡਜ਼ ਮੰਗਵਾਉਣ ਦਾ ਐਲਾਨ ਕਰ ਦਿਤਾ ਪਰ ਇਹ ਰਾਹ ਵੀ ਆਰਜ਼ੀ ਤੌਰ ’ਤੇ ਬੰਦ ਕਰ ਦਿਤਾ ਗਿਆ ਹੈ। ਫਿਲਹਾਲ ਵਾਈਟ ਹਾਊਸ ਵੱਲੋਂ ਜੱਜ ਦੇ ਫੈਸਲੇ ਉਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਜਨਵਰੀ ਵਿਚ ਟਰੰਪ ਦੇ ਸਹੁੰ ਚੁੱਕਣ ਵੇਲੇ ਤੋਂ ਹੀ ਪੋਰਟਲੈਂਡ ਦੇ ਇੰਮੀਗ੍ਰੇਸ਼ਨ ਸੈਂਟਰ ਦੇ ਬਾਹਰ ਮੁਜ਼ਾਹਰੇ ਹੋ ਰਹੇ ਹਨ। ਕਦੇ ਮਾਮਲਾ ਭਖ ਜਾਂਦਾ ਹੈ ਅਤੇ ਕਦੇ ਆਰਜ਼ੀ ਤੌਰ ’ਤੇ ਠੰਢਾ ਹੋ ਜਾਂਦਾ ਹੈ। ਔਰੇਗਨ ਦੀ ਗਵਰਨਰ ਟੀਨਾ ਕੌਟੈਕ ਦੀ ਇੱਛਾ ਦੇ ਵਿਰੁੱਧ ਟਰੰਪ ਸਰਕਾਰ ਵੱਲੋਂ 28 ਸਤੰਬਰ ਨੂੰ ਨੈਸ਼ਨਲ ਗਾਰਡਜ਼ ਦੀ ਤੈਨਾਤੀ ਬਾਰੇ ਪਹਿਲਾ ਐਲਾਨ ਕੀਤਾ ਗਿਆ। ਉਧਰ ਐਤਵਾਰ ਸ਼ਾਮ ਜੱਜ ਦੇ ਤਾਜ਼ਾ ਫੈਸਲੇ ਦੀ ਖੁਸ਼ੀ ਮਨਾਉਣ ਕੁਝ ਲੋਕ ਮੁੜ ਇੰਮੀਗ੍ਰੇਸ਼ਨ ਸੈਂਟਰ ਦੇ ਬਾਹਰ ਇਕੱਤਰ ਹੋ ਗਏ।