
09/12/2025
ਅਕਲੀ ਕੀਚੈ ਦਾਨ
*ਸ੍ਰੀ ਦਰਬਾਰ ਸਾਹਿਬ ਦੀ ਅਗਵਾਈ 'ਚ ਬਣੇ ਸਿੱਖਾਂ ਦਾ ਸੇਵਾ ਜਥਾ, NGO ਰੱਦ ਕੀਤੇ ਜਾਣ
*ਜਥੇ ਦਾ ਹੋਵੇ ਇੱਕ ਪੱਕਾ ਖਾਤਾ ਨੰਬਰ, ਸੇਵਾਦਾਰ 'ਸਿੱਖ' ਲਫ਼ਜ਼ ਤੋਂ ਬਿਨਾਂ ਹੋਰ ਕੋਈ ਝੱਗੀ ਨਾ ਪਾ ਸਕਣ
*ਸੇਵਾ ਦੇ ਨਾਮ ਹੇਠ ਸਰਕਾਰ ਦੀਆਂ ਨਲਾਇਕੀਆਂ ਦੇ ਪਰਦੇ ਨਾ ਢਕੇ ਜਾਣ
*ਹੋਰ ਵਿਸਥਾਰ ਲਈ ਜਰੂਰ ਪੜ੍ਹੋ
ਸਿੱਖਾਂ ਵੱਲੋਂ ਦਰਿਆਵਾਂ ਨਾਲ ਆਪਣੇ ਸਾਧਨਾਂ ਰਾਹੀਂ ਦਰਿਆਦਿਲੀ ਨਾਲ ਨਜਿੱਠਿਆ ਜਾ ਰਿਹਾ ਹੈ, ਪਰ ਇਸ ਸਾਰੇ ਵਰਤਾਰੇ ਨੇ ਸਾਡੇ ਲਈ ਕੁਛ ਨੁਕਤੇ ਵੀ ਖੜ੍ਹੇ ਕੀਤੇ ਹਨ, ਮੈਂ ਸਮਝਦਾਂ ਸਾਨੂੰ ਗੰਭੀਰ ਆਤਮ ਚਿੰਤਨ ਦੀ ਲੋੜ ਹੈ, ਗੁਰੂ ਸਾਹਿਬ ਦਾ ਫੁਰਮਾਨ ਹੈ ਅਕਲੀ ਕੀਚੈ ਦਾਨ, ਦਾਨ ਅਕਲ ਵਰਤ ਕੇ ਕੀਤਾ ਜਾਣਾ ਚਾਹੀਦਾ ਹੈ
ਓਥੇ ਸੇਵਾ ਕਰਨ ਵਾਲੇ ਕਈ ਕਿਸਮ ਦੇ ਜਥੇ ਹਨ
ਪਹਿਲੇ ਤੇ ਸਭ ਤੋਂ ਅਹਿਮ ਅਤੇ ਦਿਆਨਤਦਾਰ ਸਾਡੇ ਗੁਰਦੁਆਰੇ, ਸਾਡੀਆਂ ਸੇਵਾ ਸੰਪਰਦਾਵਾਂ ਹਨ, ਜੋ ਹਰ ਸਾਲ ਇਹਨਾਂ ਹਲਾਤਾਂ ਨਾਲ ਨਜਿੱਠਣ ਲਈ ਕਮਰਕਸੇ ਕਰਦੀਆਂ ਹਨ, ਤੇ ਹੁਣ ਵੀ ਫਰੰਟ ਲਾਈਨ ਤੇ ਉਹੀ ਹਨ, ਪਰ ਸਾਨੂੰ ਪਤਾ ਨਹੀਂ ਲਗਦਾ, ਕਿਉਂਕਿ ਓਹਨਾਂ ਨੂੰ ਰੀਲਾਂ ਬਣਾ-ਬਣਾ ਰੀ-ਟੇਕ ਨਹੀਂ ਲੈਣੇ ਆਉਂਦੇ, ਨਾ ਉਹਨਾਂ ਕੋਲ ਬਾਂਦਰਵੰਡ ਦੀ ਝਾਕ ਕਰਦੇ ਪੱਤਰਕਾਰ ਹਨ, ਪੀਆਰ ਟੀਮਾਂ ਵੀ ਨਹੀਂ ਹਨ ਪ੍ਰਮੋਸ਼ਨ ਕਰਨ ਵਾਸਤੇ, ਓਹਨਾਂ ਦੇ ਮੋਢਿਆਂ ਤੇ ਟੈਗ ਨਹੀਂ ਲੱਗੇ ਹੋਏ, ਇਹ ਸੰਪਰਦਾਵਾਂ ਬੇਨਾਮ ਰਹਿ ਕੇ ਵੱਡੇ ਕਾਰਜ ਕਰੀ ਜਾ ਰਹੀਆਂ ਹਨ, ਕਈ ਧੁੱਸੀ ਬੰਨ੍ਹ ਮੁੜ ਖੜ੍ਹੇ ਕੀਤੇ ਹਨ, ਪਰ ਕੋਈ ਸਿਹਰਾ ਲੈਣ ਦੀ ਦੌੜ ਨਹੀਂ ਹੈ,
ਦੂਜੇ ਮਾਝੇ ਦੇ ਉਹ ਦਲੇਰ ਲੋਕ ਹਨ, ਉਹ ਵੀ ਹਰ ਸਾਲ ਇਸ ਤਰਾਂ ਦੀ ਆਫਤ ਨਾਲ ਮੱਥਾ ਲਾਉਣ ਲਈ ਤਿਆਰੇ ਰੱਖਦੇ ਹਨ, ਆਪਣੇ ਪੱਧਰ ਤੇ ਕਮਜੋਰ ਬੰਨ੍ਹਾ ਦੀ ਨਿਸ਼ਾਨਦੇਹੀ ਕਰਦੇ ਹਨ ਤੇ ਪ੍ਰਸ਼ਾਸ਼ਨ ਨੂੰ ਦੱਸਦੇ ਹਨ, ਇਸ ਸਾਲ ਵੀ ਦੋ ਕੁ ਮਹੀਨੇ ਪਹਿਲਾਂ ਘੋਨੇਵਾਲਾ ਪਿੰਡ ਦੇ ਲੋਕਾਂ ਨੇ ਅੰਮ੍ਰਿਤਸਰ ਸਾਹਿਬ ਦੀ ਬਹੁਚਰਚਿਤ ਡਿਪਟੀ ਕਮਿਸ਼ਨਰ ਬੀਬੀ ਸ਼ਾਕਸੀ ਸਾਹਨੀਂ ਨੂੰ ਰਾਵੀ ਬੰਨ੍ਹ ਵਿੱਚ ਅਜਿਹੀਆਂ ਕਮਜ਼ੋਰ ਥਾਵਾਂ ਦੀ ਨਿਸ਼ਾਨਦੇਹੀ ਕਰਵਾ ਕੇ ਠੀਕ ਕਰਨ ਦੀ ਬੇਨਤੀ ਕੀਤੀ ਸੀ, ਜਿਸਤੇ ਪ੍ਰਸ਼ਾਸ਼ਨ ਵੱਲੋਂ ਅਮਲ ਨਾ ਕੀਤਾ ਗਿਆ
ਤੀਜੇ ਦੂਰ-ਦੁਰਾਡੇ ਇਲਾਕਿਆਂ ਦੇ ਸਾਡੇ ਸਿੱਖ ਗੱਭਰੂ ਹਨ ਜੋ ਬੜੀ ਚੰਗੀ ਭਾਵਨਾਂ ਨਾਲ, ਇਸ ਆਫਤ ਨਾਲ ਮੱਥਾ ਲਾਉਣ ਲਈ ਆਪਣੇ ਮਹਿੰਗੇ ਟਰੈਕਟਰ ਟਰਾਲੀਆਂ ‘ਚ ਰਸਦਾਂ ਲੈਕੇ ਹੜ ਮਾਰੇ ਪਿੰਡਾਂ ਲਈ ਵਹੀਰਾਂ ਘੱਤ ਤੁਰੇ, ਇਹਨਾਂ ‘ਚੋਂ ਬਹੁਤੇ ਨੌਜੁਆਨ ਸੇਵਾ ਦੀ ਨਿਰੋਲ ਸਿੱਖੀ ਰਵਾਇਤ ਨੂੰ ਪ੍ਰਣਾਏ ਹੋਏ ਹੀ ਹਨ, ਜਦਕਿ ਕੁਛ ਵੱਖ-ਵੱਖ ਸਮਾਜਿਕ ਜਾਂ ਰਾਜਨੀਤਿਕ ਜਥਿਆਂ ਨਾਲ ਜੁੜੇ ਹੋਏ ਹਨ, ਇਹ ਟਰੈਕਟਰ ਲੱਖਾਂ ਦੀ ਗਿਣਤੀ ‘ਚ ਹਨ, ਪਰ ਹੁਣ ਕੁਛ ਸਟੇਟ ਦੇ ਦੱਲਿਆਂ ਵੱਲੋਂ ਇਹਨਾਂ ਗੱਭਰੂਆਂ ਨੂੰ ‘ਰਸਦ ਦੀ ਕਾਣੀ ਵੰਡ’ ਦਾ ਬੇਤੁਕਾ ਇਲਜਾਮ ਲਾਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਅਸਲ ‘ਚ ਜੇ ਅਜਿਹਾ ਕਿਤੇ ਹੋਇਆ ਹੈ ਤਾਂ ਇਹ ਪ੍ਰਸ਼ਾਸ਼ਨ ਦੀ ਨਲਾਇਕੀ ਹੈ ਸਾਡੇ ਮੁੰਡਿਆਂ ਦਾ ਕਸੂਰ ਨਹੀਂ, ਇਹ ਕੰਮ ਸਰਕਾਰ ਦੇ ਹਨ ਸਾਡੇ ਨਹੀਂ
ਖੈਰ ਚੌਥੇ NGO ਵਾਲੇ ਹਨ, ਮੈਨੂੰ ਕਹਿਣ ‘ਚ ਕੋਈ ਝਿਜਕ ਨਹੀਂ ਕਿ ਇਹ ਵਰਗ ਇਕ ਅਜੀਬ ਮੁਕਾਬਲੇਬਾਜੀ ‘ਚ ਦੌੜ ਰਿਹਾ ਹੈ, NGO ਦਰਜਨਾਂ ਦੀ ਗਿਣਤੀ ਵਿੱਚ ਖੁੰਭਾਂ ਵਾਂਗ ਉਗੀਆਂ ਹਨ, ਸੈਂਕੜੇ ਅਕਾਊਂਟ ਨੰਬਰ ਤੁਰੇ ਫਿਰਦੇ ਹਨ, ਸੈਂਕੜੇ ਫੰਡ ਰੇਜਿੰਗ ਹੋਈ ਜਾਂਦੇ ਹਨ, ਕਈ ਤਾਂ ਬਿਲਕੁਲ ਫਰਜੀ ਹਨ ਜਿਨ੍ਹਾਂ ਦਾ ਪੰਥ-ਪੰਜਾਬ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਹੈ, ਇਹ ਬਹੁਤ ਗਲਤ ਪਿਰਤ ਹੈ ਤੇ ਇਹ ਬਹੁਤ ਮਾਰੂ ਸਾਬਤ ਹੋਵੇਗੀ ਪੰਥ ਪੰਜਾਬ ਵਾਸਤੇ, ਇਹ ਸਾਡੀ ਨਸਲ ਨੂੰ ਹੱਡ-ਹਰਾਮੀਂ ਬਣਾ ਦੇਵੇਗੀ, ਬੰਦੇ ਭਾਂਤ-ਭਾਂਤ ਦੇ ਟੈਗ ਲਾਈ ਫਿਰਦੇ ਹਨ, ਕਈ NGO ਵਾਲੇ ਸੇਵਾ ਦੀ ਸਿੱਖ ਸਪਿਰਟ ਤੋਂ ਹੀ ਭਗੌੜੇ ਹੋਏ ਬੈਠੇ ਹਨ, ਜੇ NGO ਰੂਪੀ ਇਸ ਬਿਮਾਰੀ ਨੂੰ ਨਾ ਠੱਲ੍ਹਿਆ ਗਿਆ ਜਾਂ ਇਸ ਸਾਰੇ ਤਮਾਸ਼ੇ ਨੂੰ ਮੂਕ ਦਰਸ਼ਕ ਬਣਕੇ ਪ੍ਰਵਾਨਗੀ ਦੇ ਦਿੱਤੀ ਗਈ ਤਾਂ ਇਹ ਨੇੜ ਭਵਿੱਖ ਵਿੱਚ ਸੇਵਾ ਸੰਪਰਦਾਵਾਂ ਦੀ ਰੂਹਾਨੀਅਤ ਨੂੰ ਵੀ ਨਿਗਲ ਜਾਵੇਗੀ, ਇਸਨੂੰ ਰੋਕਣ ਲਈ ਅਸੀਂ ਅੱਜ ਪੰਥ ਦੇ ਸਨਮੁਖ ਕੁਛ ਸੁਝਾਅ ਰੱਖਾਂਗੇ,
ਕੁਝ ਸੁਆਲ ਬੜੇ ਅਹਿਮ ਹਨ, ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਇਹਨਾਂ ਤੇ ਚਰਚਾ ਲਈ ਇਕ ਇਕੱਤਰਤਾ ਸੱਦੀ ਗਈ ਹੈ
ਇਸ ਇਕੱਤਰਤਾ ਬਾਬਤ ਸਾਡੇ ਕੁਛ ਸੁਝਾਅ ਹਨ ਜੇ ਸੇਵਾ ਕਿਸੇ ਸਿੱਖ ਜਥੇ ਵੱਲੋਂ ਹੋ ਰਹੀ ਹੈ ਤਾਂ ਓਹਦੇ ਸਬੰਧ 'ਚ ਬੇਨਤੀ ਇਹ ਹੈ ਕਿ ਸੇਵਾ ਵਿੱਚ ਸਾਨੂੰ ਸਿੱਖ ਬਣਕੇ ਹਿੱਸਾ ਲੈਣਾ ਚਾਹੀਦਾ ਹੈ, ਸਿਰਫ ਸਿੱਖ, ਬਾਕੀ ਜੋ ਭਾਂਤ-ਭਾਂਤ ਦੇ ਟੈਗ ਸਾਡੇ ਤੇ ਲੱਗੇ ਹਨ ਇਹ ਸੇਵਾ ਕਰਦੇ ਗੁਰੂ ਦੇ ਸਿੱਖ ਉਤੇ ਭੱਦੇ ਲਗਦੇ ਹਨ, ਸਾਡੇ ਉਤੇ ਸੱਚੇ ਪਾਤਸ਼ਾਹ ਨੇ ਸਿੱਖ ਹੋਣ ਦੀ ਮੋਹਰ ਲਾਈ ਹੋਈ ਹੈ, ਸੇਵਾ ਕਰਨਾ ਸਿੱਖੀ ਦਾ ਬਹੁਤ ਪਵਿੱਤਰ ਸਿਧਾਂਤ ਹੈ, ਅਸੀਂ ਜਾਣੇ-ਅਣਜਾਣੇ ਇਸ ਨੂੰ ਮਲੀਨ ਕਰਨ ਤੇ ਤੁਲੇ ਹੋਏ ਹਾਂ, ਘੱਟੋ-ਘੱਟ ਸੇਵਾ ਕਾਰਜਾਂ ਦੌਰਾਨ ਸਾਨੂੰ ਹੋਰ ਦੂਜੀ-ਤੀਜੀ ਮੋਹਰ ‘ਫਲਾਣਾ ਸਿੱਖ, ਗਲੋਬਲ ਸਿੱਖ, ਲੋਕਲ ਸਿੱਖ, ਢਿਮਕਾਣਾ ਸਿੱਖ, ਇਹ ਬੇਮਾਅਨੇ ਟੈਗਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਸੱਚੇ ਪਾਤਸ਼ਾਹ ਮਿਹਰ ਕਰੇ ਇਹ ਹੜ੍ਹ ਓਹਨਾਂ ਟੈਗਾਂ ਨੂੰ ਵੀ ਰੋੜ੍ਹ ਕੇ ਲੈ ਜਾਵੇ, ਸਿੱਖਾਂ ਵੋਲੋਂ ਸੇਵਾ ਸਿਰਫ ‘ਸਿੱਖ ਸੇਵਾ’ ਦੇ ਨਾਮ ਤੇ ਕੀਤੀ ਜਾਣੀ ਚਾਹੀਦੀ ਹੈ, ਨਾ ਚਮਕਾਉਣ ਲਈ ਹੋਰ ਬਥੇਰੇ ਖੇਤਰ ਹਨ, ਕਿਸੇ ਵੀ ਸੇਵਾਦਾਰ ਦੇ ਕੱਪੜਿਆਂ ਤੇ ਸਿੱਖ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਲਿਖਿਆ ਹੋਣਾ ਚਾਹੀਦਾ, ਗ਼ੈਰ-ਸਿੱਖ ਜਥੇ ਜੇ ਕੋਈ ਹੈਨ ਉਹ ਆਪਣੀ ਸੰਸਥਾ ਦਾ ਨਾਮ ਵਰਤ ਸਕਦੇ ਹਨ
ਅਜਿਹੇ ਸੇਵਾ ਕਾਰਜਾਂ ਲਈ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਕੌਮ ਦਾ ਇਕ ਸਾਂਝਾ ਜਥਾ ਬਣ ਜਾਣਾ ਚਾਹੀਦਾ ਹੈ, ਜੋ ਬਾਕੀ ਵਿਚਰ ਰਹੀ ਹਰੇਕ ਸੰਸਥਾ ਤੋਂ ਵੱਖਰਾ ਅਤੇ ਸੰਪੂਰਨ ਅਜਾਦ ਹੋਵੇ, ਜਥੇ ਦਾ ਇੱਕ ਪੱਕਾ ਖਾਤਾ ਨੰਬਰ ਜਾਰੀ ਕੀਤਾ ਜਾਣਾ ਚਾਹੀਦਾ, ਜਥੇ ਦਾ ਕੋਈ ਵੀ ਨਾਮ ਰੱਖਿਆ ਜਾ ਸਕਦਾ ਜਿਵੇਂ ਕਿ ‘ਦਸਵੰਧ’ ਜਾਂ ਕੁਛ ਵੀ ਹੋਰ, ਪ੍ਰਧਾਨ ਮੰਤਰੀ ਰਾਹਤ ਕੋਸ਼ ਜਾਂ ਮੁੱਖ ਮੰਤਰੀ ਰਾਹਤ ਕੋਸ਼ ਦੀ ਤਰਜ ਤੇ ਜਥੇ ਦਾ ਇੱਕ ਪਰਮਾਨੈਂਟ ਅਕਾਊਂਟ ਨੰਬਰ ਹੋਵੇ ਜਿਹੜਾ ਦੁਨੀਆਂ ਵਿੱਚ ਵਸਦੇ ਸਿੱਖਾਂ ਨੂੰ ਘੱਟੋ-ਘੱਟ ਪਤਾ ਹੋਵੇ, ਇੱਕ ਪੱਕਾ ਖਾਤਾ ਨੰਬਰ ਜਿਸਦੇ ਪੰਥ ਵੱਲੋਂ ਵਾਰਸ ਦਰਬਾਰ ਸਾਹਿਬ ਦੇ ਤਤਕਾਲੀ ਮੁੱਖ ਗ੍ਰੰਥੀ ਹੋਣੇ ਚਾਹੀਦੇ ਹਨ, ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਦਾ ਰੁਤਬਾ ਸਾਡੇ ਲਈ ਬਹੁਤ ਸਤਿਕਾਰਤ ਤੇ ਸੱਚੇ ਪਾਤਸ਼ਾਹ ਵੱਲੋਂ ਆਪਣੇ ਸਿੱਖ ਨੂੰ ਆਪਣੇ ਹੱਥੀਂ ਬਖਸ਼ੀ ਪਹਿਲੀ ਵੱਡੀ ਸੇਵਾ ਹੈ, ਜਥੇਦਾਰ ਅਕਾਲ ਤਖਤ ਸਾਹਿਬ, ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਸਤਿਕਾਰਤ ਅਹੁਦੇ ਹਨ, ਪਰ ਇਹ ਅਹੁਦੇ ਸਾਡੀ ਨਖਿੱਧ ਰਾਜਨੀਤੀ ਨੇ ਕਿਸੇ ਨਾ ਕਿਸੇ ਰੂਪ ਵਿੱਚ ਦਾਗੀ ਕੀਤੇ ਹੋਏ ਹਨ, ਜਦਕਿ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਸਾਹਿਬਾਨ ਦਾ ਅਹੁਦਾ ਪੂਰੀ ਤਰਾ ਨਿਰਲੇਪ ਹੈ, ਤੇ ਮੇਰਾ ਵਿਸ਼ਵਾਸ ਹੈ ਕਿ ਸੱਚੇ ਪਾਤਸ਼ਾਹ ਇਸਦੀ ਬੁਲੰਦੀ ਏਸੇ ਤਰਾਂ ਬਰਕਰਾਰ ਰੱਖਣਗੇ, ਹੋਰ ਮੈਂਬਰ ਪੰਥ ਪੰਜਾਬ ਦੀ ਚੜ੍ਹਦੀਕਲਾ ਲਈ ਪਾਏ ਗਏ ਅਸਧਾਰਨ ਯੋਗਦਾਨ ਬਦਲੇ ਚੁਣੇ ਜਾਣੇ ਚਾਹੀਦੇ ਹਨ, ਕਿੰਨੇ ਵੀ ਹੋ ਸਕਦੇ ਹਨ ਮੇਰਾ ਸੁਝਾਅ ਹੈ 13 ਹੋਣ, ਮੁੱਖ ਗ੍ਰੰਥੀ ਸਾਹਿਬਾਨ ਦੇ ਸਹਿਯੋਗ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਅਤੇ ਇੱਕ ਸਾਬਕਾ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ, ਸ਼੍ਰੋਮਣੀ ਕਮੇਟੀ ਵਿੱਚ ਵਿਰੋਧੀ ਧਿਰ ਦੇ ਆਗੂ, ਇਹ ਚਾਰ ਇਸ ਕਰਕੇ ਕਿਉਂਕਿ ਇਹ ਇਕ ਦੂਜੇ ਨੂੰ ਟੋਕਣ ਦੀ ਸਮਰੱਥਾ ਰੱਖਦੇ ਹੁੰਦੇ ਹਨ, ਬੰਦੀ ਸਿੱਖਾਂ ਵੱਲੋਂ ਇੱਕ ਨੁਮਾਇੰਦਾ, ਖਾੜਕੂ ਧਿਰ ਵੱਲੋਂ ਇੱਕ ਨੁਮਾਇੰਦਾ, ਸਿੱਖ ਵਕੀਲਾਂ ਵੱਲੋਂ ਇੱਕ ਨੁਮਾਇੰਦਾ, ਸਿੱਖ ਵਿਦਿਅਕ ਸੰਸਥਾਵਾਂ ਵੱਲੋਂ ਇੱਕ ਨੁਮਾਇੰਦਾ, ਸਿੱਖ ਵਿਦਿਆਰਥੀਆਂ ਵੱਲੋਂ ਇੱਕ ਨੁਮਾਇੰਦਾ, ਸਿੱਖ ਵਿਦਵਾਨਾਂ ਵੱਲੋਂ ਇਕ ਨੁਮਾਇੰਦਾ, ਸਿੱਖ ਆਰਥਿਕ ਮਾਹਰਾਂ ਵੱਲੋਂ ਇਕ ਨੁਮਾਇੰਦਾ, ਅਤੇ ਬਾਕੀ ਬਚਦਾ ਇਕ ਮੈਂਬਰ ਸਮੇਂ ਅਤੇ ਹਲਾਤ ਮੁਤਾਬਿਕ ਜੋ ਢੁਕਵਾਂ ਹੋਏ ਸ਼ਾਮਿਲ ਕੀਤਾ ਜਾਵੇ, ਵਾਹ ਲਗਦੀ ਇਹ ਸਾਰੇ ਮੈਂਬਰ ਕੇਵਲ ਪੰਜਾਬ ਵਿੱਚੋਂ ਹੋਣ, ਇਕ ਤਿਹਾਈ ਮੈਂਬਰ ਹਰ ਦੋ ਸਾਲ ਬਾਅਦ ਬਦਲਦੇ ਰਹਿਣੇ ਜਾਣੇ ਚਾਹੀਦੇ ਹਨ, ਇਸ ਨਾਲ ਕੁਛ ਤਜਰਬੇਕਾਰ ਮੈਂਬਰ ਹਰ ਕਾਰਜਕਾਲ ਦੌਰਾਨ ਬਣੇ ਰਹਿਣਗੇ,
ਖਾਤੇ ਦੀ ਪਾਰਦਰਸ਼ਤਾ ਸੰਗਤ ਦੀ ਪਹੁੰਚ ਵਿੱਚ ਹੋਣੀ ਚਾਹੀਦੀ ਹੈ, ਤਾਂ ਜੋ ਭਰੋਸੇਯੋਗਤਾ ਬਣੀ ਰਹੇ, ਇਹ ਖਾਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ, ਇਹ ਗੱਲ ਮੈਂ ਇਥੇ ਤਾਂ ਸਾਫ ਕਰ ਰਿਹਾ ਕਿਉਂਕਿ ਮੌਜੂਦਾ ਪ੍ਰਬੰਧ ਅਧੀਨ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹਨ, ਇਸ ਕਰਕੇ ਇਹ ਖਾਤਾ ਐਸਜੀਪੀਸੀ ਸਮੇਤ ਮੌਜੂਦਾ ਦੌਰ ਵਿੱਚ ਚੱਲ ਰਹੀਆਂ ਸਭ ਸੰਸਥਾਵਾਂ ਤੋਂ ਪੂਰੀ ਤਰਾਂ ਮੁਕਤ ਹੋਵੇ ਤੇ ਇਹਦਾ ਫੰਡ ਇਹਨਾਂ ਵਿੱਚੋਂ ਕੋਈ ਵੀ ਆਪਣੀ ਮਰਜੀ ਨਾਲ ਨਾ ਵਰਤ ਸਕੇ,
ਸੰਸਥਾ ਦਾ ਕੋਈ ਉਪਰੋਕਤ ਮੈਂਬਰ ਵੀ ਬਹੁਸੰਮਤੀ ਵੱਲ ਪਿੱਠ ਕਰਕੇ ਆਪਣੀ ਨਿੱਜੀ ਮਰਜ਼ੀ ਨਾਲ ਖਾਤੇ ਦਾ ਫੰਡ ਜਾਰੀ ਨਾ ਕਰ ਸਕੇ, ਪੰਥ-ਪੰਜਾਬ ਦੀ ਸਮੂਹਿਕ ਚੇਤਨਾ ਦੇ ਅਧਾਰ ਤੇ ਸੇਵਾ ਦੀ ਨਿਸ਼ਾਨਦੇਹੀ ਕੀਤੀ ਜਾਵੇ, ਸੇਵਾ ਕਰਨ ਲੱਗੇ ਨਿੱਜ ਨੂੰ ਹਰ ਹਾਲ 'ਚ ਮਨਫੀ ਰੱਖਿਆ ਜਾਵੇ, ਇਹਨਾਂ 13 ਮੈਂਬਰਾਂ ਵਿੱਚੋਂ ਕੋਈ ਵੀ ਮੈਂਬਰ ਅਗਲੇ 6 ਸਾਲ (ਛੇ ਸਾਲ ਇਸ ਕਰਕੇ ਤਾਂ ਜੋ ਪੰਜ ਸਾਲਾ ਚੋਣ ਸਾਈਕਲ ਦੇ ਪ੍ਰਭਾਵ ਤੋਂ ਇਹ ਪ੍ਰਬੰਧ ਨਿਰਲੇਪ ਰਹਿ ਸਕੇ) ਸੋ ਅਗਲੇ 6 ਸਾਲ ਕੋਈ ਵੀ ਰਾਜਨੀਤਕ ਅਹੁਦਾ ਨਾ ਲੈਣ ਤੇ ਚੋਣ ਨਾ ਲੜਨ ਦਾ ਪਾਬੰਦ ਹੋਵੇ, ਆਪਣੀ ਸਖਸ਼ੀਅਤ ਨੂੰ ਉਭਾਰਣ ਲਈ ਸੰਸਥਾ ਦੀ ਪੂੰਜੀ ਜਾਰੀ ਕਰਨਾ ਜਾਂ ਕਰਵਾਉਣਾ ਗੰਭੀਰ ਗੁਨਾਹ ਮੰਨਿਆ ਜਾਵੇ, ਅਜਿਹਾ ਕਰਨ ਵਾਲੇ ਮੈਂਬਰ ਦਾ ਗੁਨਾਹ ਸਾਬਿਤ ਹੋਣਤੇ ਤੁਰੰਤ ਬਰਖਾਸਤ ਕੀਤਾ ਜਾਵੇ, ਤੇ ਦੋਸ਼ਾਂ ਨੂੰ ਸੰਗਤ ਦੀ ਕਚਹਿਰੀ ਵਿੱਚ ਰੱਖਿਆ ਜਾਵੇ, ਤਾਂ ਜੋ ਸਬੰਧਤ ਵਿਅਕਤੀ ਸੰਸਥਾ ਦਾ ਪ੍ਰਭਾਵ ਵਰਤ ਕੇ ਕੋਈ ਰਾਜਨੀਤਿਕ, ਸਮਾਜਿਕ ਜਾਂ ਆਰਥਿਕ ਲਾਹਾ ਨਾ ਲੈ ਸਕੇ, ਸੇਵਾ ਨਿਮਰਤਾ ਨਾਲ ਤੇ ਲੋੜਵੰਦਾਂ ਦੀਆਂ ਲੋੜਾਂ ਦੀ ਪੂਰਤੀ ਲਈ ਹੀ ਕੀਤੀ ਜਾਵੇ, ਸੇਵਾ ਨੂੰ ਲਗਜਰੀ ਨਾ ਹੋਣ ਦਿੱਤਾ ਜਾਵੇ, ਕਿਸੇ ਨੂੰ ਮੱਝ ਦਾ ਸੰਗਲ ਫੜਾਤਾ, ਕਿਸੇ ਨੂੰ ਫਰਿਜ ਚਕਾਤਾ, ਵਾਸ਼ਿੰਗ ਮਸ਼ੀਨ ਚਕਾਤੀ, ਟਰੈਕਟਰ ਵੰਡਾਂਗੇ, ਇਹ ਸੇਵਾ ਨਹੀਂ ਹੈ ਇਹ ਫੁਕਰਪੁਣਾ ਹੈ, ਆਪਣੀ ਤਾਰੀਫ ਸੁਣਨ ਦੀ ਲਾਲਸਾ ਅਤੇ ਕਿਸੇ ਧਨਾਢ ਦੀ ਹਰਾਮ ਦੀ ਕਮਾਈ ਨੂੰ ਹੱਕ ਵਿੱਚ ਬਦਲਣ ਦੀ ਨਖਿੱਧ ਡੀਲ ਤੋਂ ਵਧੇਰੇ ਕੁਛ ਵੀ ਨਹੀਂ, ਇਹ ਸਹੂਲਤਾਂ ਓਹਨਾਂ ਲੋਕਾਂ ਲਈ ਤਾਂ ਹੋ ਸਕਦੀਆਂ ਹਨ, ਜਿਨ੍ਹਾਂ ਆਰਥਿਕ ਤੌਰ ਤੇ ਖੜ੍ਹੇ ਹੋਣ ਦਾ ਆਪਣਾ ਸਮਾਂ ਕੌਮ ਦੇ ਲੇਖੇ ਲਾ ਦਿਤਾ ਹੋਵੇ, ਪੰਥ-ਪੰਜਾਬ ਲਈ ਰੂਪੋਸ਼ੀ ਜਾਂ ਜੇਲ੍ਹ ਕੱਟੀ ਹੋਵੇ, ਜਾਂ ਕੌਮ ਲਈ ਸ਼ਹਾਦਤ ਦਿੱਤੀ ਹੋਵੇ, ਅਗਲੇ ਸਾਲਾਂ ‘ਚ ਦਿਬੜੂਗੜ੍ਹ ਵਾਲੇ ਜਾਂ ਹੋਰ ਜੇਲ੍ਹਾਂ ਵਿਚਲੇ ਸਿੰਘ ਜਦੋਂ ਰਿਹਾਅ ਹੋਕੇ ਆਉਣਗੇ, ਅਸੀਂ ਵੇਖਾਂਗੇ ਕਿ ਕਿੰਨੇ ਕੁ ਲਵੇਰੀਆਂ ਦੇ ਸੰਗਲ ਓਹਨਾਂ ਦੀ ਝੋਲੀ ਪਾਏ ਜਾਣਗੇ,
ਸੇਵਾ ਮੰਨ ਸਕਦੇ ਹਾਂ ਕੋਈ ਪਿੰਡ ਗੋਦ ਲੈ ਲੈਣਾ ਤੇ ਸਹਿਜੇ-ਸਹਿਜੇ ਉਸ ਪਿੰਡ ਦੇ ਲੋਕਾਂ ਨੂੰ ਖੜ੍ਹਾ ਕਰ ਲੈਣਾ, ਪੌਣਾ ਪੰਜਾਬ ਪੱਤਰਕਾਰ ਬਣਿਆ ਫਿਰਦਾ ਤੇ ਬਾਕੀ ਬਚਦਾ NGO ਚਲਾਈ ਬੈਠਾ, ਫਲਾਣੇ ਵੱਲੋਂ 100 ਟ੍ਰੈਕਟਰ, ਫਲਾਣੇ ਵੱਲੋਂ 100 ਕਰੋੜ, ਕਿਹੜਾ ਕੋਈ ਪੁਛਣ ਦੱਸਣ ਵਾਲਾ ਹੈ, ਇਕ ਵਾਰ ਰੀਲ ਬਣਾਕੇ ਚਲਾ ਦਿਓ, ਨਾਲੇ ਫਲਾਣੇ ਦਾ ਚੰਮ ਬਚ ਗਿਆ ਨਾਲੇ ਤੁਹਾਡਾ ਚੈਨਲ ਚੱਲ ਗਿਆ, ਪਤਾ ਨਹੀਂ ਕਿਉਂ, ਇਕ ਅਜੀਬ ਭਾਜੜ ਪਈ ਹੋਈ ਹੈ, ਖਾਸ ਗੱਲ ਕੋਈ NGO ਛੱਡ ਕੇ ਇਕ ਹੋਰ ਨਵੀਂ NGO ਬਣਾਉਣ ਤੇ ਸੇਵਾ ਨੂੰ ਕਮਰਸ਼ੀਲਾਈਜ ਕਰਨ ਵਾਲੇ 'ਸੇਵਾ ਦੇ ਪੁੰਜ' ਕੋਲੋਂ ਪੰਥ ਦੀ ਕਚਹਿਰੀ 'ਚ ਪੁੱਛ-ਪੜਤਾਲ ਹੋਣੀ ਚਾਹੀਦੀ ਹੈ ਕਿ ਓਹਨਾਂ ਪਿਛਲੀ NGO ਕਿਉਂ ਛੱਡੀ, ਅਜਿਹੀ ਕੀ ਸਮੱਸਿਆ ਸੀ? ਕੀ ਓਥੇ ਸੇਵਾ ਨਹੀਂ ਸੀ ਹੋ ਰਹੀ? ਜਾਂ ਹੁਣ ਕੀ ਵੱਖਰਾ ਹੋ ਰਿਹਾ ਹੈ? ਜਾਂ ਇਹ ਵੀ ਦੁਕਾਨ ਹੈ ਜੋ ਹੁਣ ਅੱਡ ਖੋਲ੍ਹ ਲਈ ਹੈ, ਇਹਦੇ ਬਾਰੇ ਪੰਥ ਨੂੰ ਸਪੱਸ਼ਟ ਕੀਤਾ ਜਾਵੇ
ਸਾਡੇ ਬਜੁਰਗਾਂ ਨੇ ਸਾਨੂੰ ਏਨੀਆਂ ਕਾਬਲ ਸੰਸਥਾਵਾਂ ਬਖਸੀਆਂ ਹਨ, ਸਾਡਾ ਵੀ ਫਰਜ ਬਣਦਾ ਹੈ ਕਿ ਇਸ ਸਾਰੇ ਹੋਛੇਪਣ ਅਤੇ ਮੁਕਾਬਲੇਬਾਜ਼ੀ ਤੋਂ ਦੂਰ ਕੋਈ ਚੰਗੀ ਸੰਸਥਾ ਸਿਰਜ ਕੇ ਅਗਲੀ ਪੀੜੀ ਨੂੰ ਦੇਈਏ, ਕੌਮ ਦੇ ਕੁਛ ਸੂਝਵਾਨ ਸਿਰ ਜੁੜਕੇ ਸੇਵਾ ਦੀਆਂ ਸਿੱਖੀ ਪ੍ਰੰਪਰਾਵਾਂ ਅਨੁਸਾਰ ਸੰਸਥਾ ਦਾ ਵਿਧਾਨ ਲਿਖਣ, ਜੋ ਸਾਰੀਆਂ ਸੇਵਾ ਸੰਸਥਾਂਵਾਂ ਨੂੰ ਆਪਣੇ ਕਲਾਵੇ ਵਿੱਚ ਅਤੇ ਜਾਬਤੇ ਵਿੱਚ ਰੱਖੇ, ਹੁਣ ਵਾਲੀਆਂ NGO ਸਮੇਤ ਕੋਈ ਵੀ ਸੰਸਥਾ ਮਿਥੇ ਗਏ ਵਿਧਾਨ ਮੁਤਾਬਿਕ, ਦਰਬਾਰ ਸਾਹਿਬ ਜਾਂ ਨਿਰਧਾਰਿਤ ਕੀਤੇ ਗੁਰਦੁਆਰਾ ਸਾਹਿਬਾਨਾਂ ਵਿਚੋਂ ਬਿਨਾ ਕਿਸੇ ਅਦਾਇਗੀ ਦੇ ਵਸਤਾਂ ਪ੍ਰਾਪਤ ਕਰਕੇ ਆਪ ਜਾਂ ਆਪਣੇ ਸੇਵਾਦਾਰਾਂ ਰਾਹੀਂ ਜਿੰਨੀਆਂ ਲੋੜ ਹੋਵੇ ਤੇ ਜਿੰਨਾ ਸਮਾਂ ਲੋੜ ਹੋਵੇ ਬੇਝਿਜਕ ਵੰਡ ਸਕੇ, ਕਿਸੇ ਨੂੰ ਕੋਈ ਇਤਰਾਜ ਨਾ ਹੋਵੇ, ਪਰ ਝੱਗੀਆਂ ਤੇ ਕੇਵਲ ‘ਸਿੱਖ ਸੇਵਾ’ ਲਿਖਿਆ ਹੋਣਾ ਚਾਹੀਦਾ
ਹੁਣ ਵੀ ਪੰਜਾਬ ਵਿੱਚ ਬਹੁਤ ਸਾਰੇ ਸਿੰਘ ਇਹਨਾਂ ਸਾਰੀਆਂ ਸੇਵਾਵਾਂ ਨੂੰ ਸਿੱਖ ਜਾਬਤੇ ਵਿੱਚ ਲਿਆਉਣ ਲਈ ਤਤਪਰ ਹਨ, ਇਹਨਾਂ ਵਿੱਚ ਦਲ ਖਾਲਸਾ ਦੇ ਸਰਦਾਰ ਪਰਮਜੀਤ ਸਿੰਘ ਮੰਡ, ਸਰਦਾਰ ਪਰਮਪਾਲ ਸਿੰਘ, ਸਰਦਾਰ ਸੁਖਦੇਵ ਸਿੰਘ ਫਗਵਾੜਾ ਸਾਡੇ ਧਿਆਨ ਵਿੱਚ ਹਨ ਅਤੇ ਹੋਰ ਬਹੁਤ ਸਾਰੇ ਸਿੰਘ ਜੋ ਸਾਡੀ ਜਾਣਕਾਰੀ ਤੋਂ ਬਾਹਰੇ ਹਨ ਕੋਸ਼ਿਸ਼ਾਂ ਕਰ ਰਹੇ ਹਨ, ਪਰ ਧੜਾ-ਧੜ ਖੁੱਲ੍ਹੀਆਂ NGO ਦੇ ਤਨਖਾਹਦਾਰ ਮੁਲਾਜਮਾਂ ਨੇ ਸਿੱਖੀ ਸਿਧਾਂਤ ਅਤੇ ਸਿੱਖ ਰਿਵਾਇਤ ਅਨੁਸਾਰੀ ਸੇਵਾ ਦੇ ਢੰਗ ਨੂੰ ਵੱਡੀ ਢਾਹ ਲਾਈ ਹੈ, ਇਸ ਬਾਰੇ ਸਮਾਂ ਰਹਿੰਦੇ ਗੱਲ ਕਰਨਾ ਬੜਾ ਜਰੂਰੀ ਹੈ
ਹੋਸ਼ੇਪਣ 'ਚ ਆਕੇ ਸੇਵਾ ਦੇ ਨਾਮ ਤੇ ਸਟੇਟ ਦੀ ਨਲਾਇਕੀ ਅਤੇ ਜਿੰਮੇਵਾਰੀ ਦੇ ਪਰਦੇ ਨਾ ਢਕੇ ਜਾਣ, ਸਟੇਟ ਦੀ ਨਲਾਇਕੀ ਖਿਲਾਫ਼ ਲੋਕਾਂ ਦੇ ਗੁੱਸੇ ਦੀ NGO ਵੱਲੋਂ ਭਰੂਣ ਹੱਤਿਆ ਕਰ ਦੇਣਾ ਸਹੀ ਨਹੀਂ ਹੈ, ਜੇ ਅਜਿਹੀਆਂ ਆਫਤਾਂ ਤੋਂ ਬਚਾਅ ਚਾਹੁੰਦੇ ਹੋ ਤਾਂ ਸਟੇਟ ਦੀ ਜਵਾਬਦੇਹੀ ਬੜੀ ਜਰੂਰੀ ਹੈ, ਸਟੇਟ ਨੂੰ ਲੋਕਾਂ ਦੀਆਂ ਪਰੇਸ਼ਾਨੀਆਂ ਨਾਲ ਨਜਿੱਠਣ ਦੇਣਾ ਚਾਹੀਦਾ ਹੈ, ਤੇ ਸਟੇਟ ਦਾ ਨਿਕੰਮਾਂਪਣ ਨੰਗਾ ਹੋਣ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਵਿੱਚ ਚੇਤਨਾ ਪੈਦਾ ਹੋ ਸਕੇ ਕਿ ਉਹ ਕਿਸ ਰਾਜ-ਪ੍ਰਬੰਧ ਦੇ ਗੁਲਾਮ ਹਨ, ਜਿੰਨਾ ਸਮਾਂ ਸਟੇਟ ਦਾ ਮੁਖੀ ਖਾਲਸੇ ਪਾਸੋਂ ਸਹਾਇਤਾ ਲਈ ਮੁੱਖ ਗ੍ਰੰਥੀ ਦਰਬਾਰ ਸਾਹਿਬ ਨੂੰ ਖ਼ੁਦ ਲਿਖਤੀ ਬੇਨਤੀ ਨਹੀਂ ਕਰਦਾ, ਸਟੇਟ ਦੇ ਅਧਿਕਾਰ ਖੇਤਰ ਦੇ ਕਾਰਜ ਨਾ ਕੀਤੇ ਜਾਣ
ਇਹ ਸੰਸਥਾ ਸਿਰਫ ਪੰਜਾਬ ਲਈ ਅਤੇ ਪੰਜਾਬ ਅੰਦਰ ਹੀ ਕਾਰਜ ਕਰੇ, ਹਾਂ ਸਿਰਫ, ਸਟੇਟ ਦੀ ਧੱਕੇਸ਼ਾਹੀ ਦੇ ਸ਼ਿਕਾਰ ਸਿੱਖਾਂ ਲਈ ਕੌਮਾਂਤਰੀ ਪੱਧਰ ਤੇ ਬਾਂਹ ਫੜਨ ਦੀ ਛੋਟ ਹੋਵੇ, ਇਸ ਤੋਂ ਇਲਾਵਾ ਸੰਸਥਾ ਦਾ ਕਾਰਜ ਖੇਤਰ ਸਿਰਫ ਪੰਜਾਬ ਹੋਵੇ, ਕਿਸੇ ਆਫਤ ਤੋਂ ਬਿਨਾ ਆਮ ਹਾਲਤਾਂ ਵਿੱਚ ਸਿਰਫ਼ ਪੰਥ-ਪੰਜਾਬ ਦੀ ਬਿਹਤਰੀ ਲਈ, ਗੁਰਮਤਿ ਅਨੁਸਾਰੀ ਸੇਵਾਵਾਂ ਵਾਸਤੇ ਪੰਜਾਬ ਦੀ ਹੱਦ ਦੇ ਅੰਦਰ ਹੀ ਕੌਮੀਂ ਦਸਵੰਧ ਵਰਤਿਆ ਜਾਵੇ, ਇਹ ਗੱਲ ਬਕਾਇਦਾ ਸੰਸਥਾ ਦੇ ਸੰਵਿਧਾਨ ਵਿੱਚ ਦਰਜ ਹੋਣੀ ਚਾਹੀਦੀ ਹੈ, ਇਥੇ ਸਵਾਲ ਸਰਬੱਤ ਦੇ ਭਲੇ ਦੇ ਸਿਧਾਂਤ ਦਾ ਉਠ ਸਕਦਾ ਹੈ, ਸਰਬਤ ਲਈ ਸਿੱਖ ਗੁਰਦੁਆਰਿਆਂ ਦੇ ਦਰਵਾਜੇ ਹਰ ਵਖਤ ਖੁੱਲ੍ਹੇ ਹਨ, ਗੁਰੂ ਸਾਹਿਬਾਨ ਵੱਲੋਂ ਚਲਾਈ ਪ੍ਰੰਪਰਾ ਅਨੁਸਾਰ ਲੋੜਵੰਦ ਲਈ ਲੰਗਰ, ਬਿਮਾਰ ਲਈ ਦਵਾ, ਤੇ ਨਿਆਸਰੇ ਲਈ ਛੱਤ ਮੌਜੂਦ ਹੈ ਤੇ ਸਦੀਵੀ ਰਹੇਗੀ, ਪਰ ਇਹ ਸੰਸਥਾ ਸਿੱਖਾਂ ਦੀ ਅੰਦਰੂਨੀ ਅਧੋ-ਗਤੀ ਨੂੰ ਸੰਭਾਲਣ ਲਈ ਹੋਵੇ ਤਾਂ ਜੋ ਸਾਰੇ ਸਿੱਖ ਤਕੜੇ ਹੋਕੇ ਸਰਬੱਤ ਦਾ ਭਲਾ ਕਰ ਸਕਣ, ਤੇ ਕੋਈ ਅਜਿਹਾ ਤਰੀਕਾਕਾਰ ਵੀ ਲੱਭਣ ਦੀ ਕੋਸ਼ਿਸ਼ ਹੋਵੇ ਕਿ ਇਸ ਜਥੇ ਲਈ ਦਸਵੰਧ ਕੇਵਲ ਸਿੱਖਾਂ ਤੋਂ ਹੀ ਇਕੱਤਰ ਕੀਤਾ ਜਾਵੇ, ਜਾਂ ਸਿਰਫ ਕਿਸੇ ਆਫਤ ਦੇ ਸਮੇਂ ਜਦੋਂ ਪੰਜਾਬ ਲਈ ਸਮੂਹਿਕ ਸੇਵਾਂ ਕਾਰਜਾਂ ਦਾ ਸਮਾਂ ਬਣੇ ਕੇਵਲ ਓਦੋਂ ਹੀ ਗੈਰ-ਸਿੱਖਾਂ ਨੂੰ ਦਸਵੰਧ ਦੇਣ ਦੀ ਛੋਟ ਹੋਵੇ, ਗੁਰੂ ਸਾਹਿਬਾਨ ਦਾ ਦਸਵੰਧ ਬਾਰੇ ਹੁਕਮ ਕੇਵਲ ਆਪਣੇ ਸਿੱਖਾਂ ਨੂੰ ਹੈ, ਸੋ ਆਮ ਹਾਲਤਾਂ ਵਿੱਚ ਦਸਵੰਧ ਕੇਵਲ ਸਿੱਖਾਂ ਤੋਂ ਹੀ ਇਕੱਤਰ ਕੀਤਾ ਜਾਵੇ
ਸਭ ਤੋਂ ਖਾਸ ਗੱਲ ਨਿਸ਼ਾਨਾ ਬਣਾਏ ਗਏ ਸਾਡੇ ਨੌਜੁਆਨਾਂ ਨਾਲ ਕਰਾਂਗੇ, ਭਰਾਵੋ, ਚੌਂਕ ‘ਚ ਟਰਾਲੀ ਖੜ੍ਹੀ ਕਰਕੇ ਨਾ ਤਾਂ ਕੋਈ ਸੇਵਾ ਇਕੱਠੀ ਕੀਤੀ ਜਾਣੀ ਚਾਹੀਦੀ ਹੈ ਤੇ ਨਾ ਹੀ ਚੌਂਕ ਚ ਟਰਾਲੀ ਖੜ੍ਹੀ ਕਰਕੇ ਕੋਈ ਸੇਵਾ ਵੰਡੀ ਜਾਣੀ ਚਾਹੀਦੀ, ਜੋ ਵੀ ਸੇਵਾ ਹੈ ਉਹ ਇਕੱਠੀ ਵੀ ਸਥਾਨਕ ਗੁਰਦੁਆਰਾ ਸਾਹਿਬ ਦੇ ਵਿੱਚ ਹੋਵੇ ਤੇ ਵੰਡੀ ਵੀ ਪੀੜਤ ਇਲਾਕੇ ਦੇ ਗੁਰਦੁਆਰਾ ਸਾਹਿਬ ਵਿੱਚੋਂ ਹੀ ਜਾਵੇ, ਜੇ ਗੁਰਦੁਆਰਾ ਸਾਹਿਬ ਕਿਸੇ ਕਾਰਨ ਨਾ ਪਹੁੰਚਿਆ ਜਾ ਸਕੇ ਤਾਂ ਸਥਾਨਕ ਪਿੰਡਾਂ ਦੇ ਗੁਰਸਿੱਖਾਂ ਦੀ ਸੇਧ ਨਾਲ ਗੁਰਦੁਆਰਾ ਸਾਹਿਬ ਦੇ ਨਾਮ ਤੇ ਕੋਈ ਸਾਂਝਾ ਕੈਂਪ ਕਿਸੇ ਢੁਕਵੀਂ ਥਾਂ ਸਥਾਪਿਤ ਕਰ ਲਿਆ ਜਾਵੇ, ਲੋੜਵੰਦ ਆਵੇ ਤੇ ਗੁਰੂ ਦਰਬਾਰ ਵਿੱਚੋਂ ਹੱਕ ਨਾਲ ਬਿਨਾਂ ਕਿਸੇ ਝਿਜਕ ਲੋੜ ਮੁਤਾਬਿਕ ਵਸਤਾਂ ਲੈ ਜਾਵੇ, ਇਹ ਸੇਵਾ ਬਿਨਾ ਕਿਸੇ ਰੰਗ, ਨਸਲ, ਜਾਤ, ਲਿੰਗ ਭੇਦ ਤੇ ਗੁਰਮਤਿ ਸਿਧਾਂਤ ਮੁਤਾਬਿਕ ਏਸੇ ਤਰਾਂ ਜਾਰੀ ਰਹੇ ਜਿਵੇਂ ਸਦੀਆਂ ਤੋਂ ਚੱਲਦੀ ਆ ਰਹੀ ਹੈ, ਜੇ ਕੋਈ ਲੋੜਵੰਦ ਕਿਸੇ ਖਾਸ ਵਜ੍ਹਾ ਕਰਕੇ ਨਾ ਪਹੁੰਚ ਸਕੇ ਤਾਂ ਸਬੰਧਤ ਪਿੰਡ ਕਸਬੇ ਦੇ ਕੁਛ ਸਥਾਨਕ ਸਿੰਘ, ਜੋ ਉਸ ਇਲਾਕੇ ਬਾਰੇ ਗੂੜ੍ਹ ਜਾਣਕਾਰੀ ਰੱਖਦੇ ਹੋਣ, ਲੋੜਵੰਦਾਂ ਅਤੇ ਓਹਨਾਂ ਦੀਆਂ ਲੋੜਾਂ ਦੀ ਨਿਸ਼ਾਨਦੇਹੀ ਕਰਕੇ ਗੁਰਦੁਆਰਾ ਸਾਹਿਬ ਵੱਲੋਂ ਸੇਵਾ ਪਹੁੰਚਾ ਦੇਣ
ਮੁਕਾਬਲੇਬਾਜੀ, ਆਪੋਧਾਪੀ ਦੇ ਇਸ ਦੌਰ ਅੰਦਰ ਅੰਨ੍ਹੀ ਵੰਡ ਜਾਂ ਕਾਣੀ ਵੰਡ ਦੇ ਇਲਜਾਮਾਂ ਦਾ ਸਾਹਮਣਾ ਏਸੇ ਕਰਕੇ ਕਰਨਾ ਪੈ ਰਿਹਾ ਹੈ ਕਿ ਸਾਡੀ ਸੇਵਾ ਤੇ ਕੋਈ ਕੇਂਦਰੀ ਜਾਬਤਾ ਨਹੀਂ ਹੈ, ਕੋਈ ਸਾਂਝਾ ਕੇਂਦਰ ਨਹੀਂ ਹੈ, ਇਕ NGO ਨੂੰ ਦੂਜੇ ਬਾਰੇ ਕੋਈ ਪਤਾ ਨਹੀਂ ਕਿ ਕਿਹੜਾ ਕਿਹੜੇ ਇਲਾਕੇ ਵਿੱਚ ਕੀ ਕਰੀ ਜਾ ਰਿਹਾ ਹੈ, ਇਕੋ ਥਾਂ ਦਸ ਵਾਰ ਵੀ ਚਲੇ ਜਾਂਦੇ ਹਨ, ਤੇ ਕਈ ਥਾਂ ਇਕ ਵਾਰ ਵੀ ਨਹੀਂ ਪਹੁੰਚਦੇ
ਕਿਸੇ ਬੇਗਾਨੇ ਇਲਾਕੇ ਵਿੱਚ, ਸੇਵਾਦਾਰਾਂ ਵੱਲੋਂ ਸੇਵਾ ਕਰਦਿਆਂ ਕਮੀਆਂ ਹਮੇਸ਼ਾਂ ਰਹਿਣਗੀਆਂ, ਇਸ ਲਈ ਸਥਾਨਕ ਗੁਰਦੁਆਰਿਆਂ ਨੂੰ ਨਾਲ ਲੈਕੇ ਚੱਲਣ ਦੀ ਲੋੜ ਹੈ
ਮੈਂ ਵੇਖ ਰਿਹਾਂ ਕਿ ਸਾਡੇ ਲੋਕਾਂ ਉਤੇ ਅਜੀਬ ਕਿਸਮ ਦਾ ਦਬਾਅ ਹੈ, ਅਜੀਬ ਕਿਸਮ ਦੀ ਦੌੜ ਲੱਗੀ ਹੈ, ਮੰਤਰੀ ਗਾਰੇ ਨਾਲ ਪਜਾਮੇਂ ਲਬੇੜੀ ਫਿਰਦੇ ਹਨ, ਡੀਸੀ ਗੋਡੇ-ਗੋਡੇ ਪਾਣੀ ‘ਚ ਰੀਲਾਂ ਬਣਾਉਂਦੇ ਫਿਰਦੇ ਹਨ, ਐਮ ਪੀ ਬੋਰੀਆਂ ਢੋਈ ਜਾਂਦੇ ਹਨ, ਇਹਨਾਂ ਸਾਰੇ ਅਖੌਤੀ ਸੇਵਾਦਾਰਾਂ ਨੂੰ ਅਧਿਕਾਰਤ ਅਹੁਦਿਆਂ ਤੋਂ ਬਰਖਾਸਤ ਕਰਕੇ ‘ਮਨਰੇਗਾ’ ‘ਚ ਭਰਤੀ ਕਰ ਦੇਣਾ ਚਾਹੀਦਾ ਹੈ, ਤੇ ਕਾਬਲ ਬੰਦੇ ਜਿਨ੍ਹਾਂ ਨੂੰ ਪ੍ਰਸ਼ਾਸ਼ਨਿਕ ਜਿੰਮੇਵਾਰੀਆਂ ਦਾ ਤਜਰਬਾ ਹੋਵੇ ਰਿਪਲੇਸ ਕਰਨੇ ਚਾਹੀਦੇ ਹਨ
ਸਰਦਾਰ ਸੁਖਬੀਰ ਸਿੰਘ ਬਾਦਲ ਨੋਟਾਂ ਦੀਆਂ ਗੁਟੀਆਂ ਲਹਿਰਾ ਰਹੇ ਹਨ, ਗਿਆਨੀ ਹਰਪ੍ਰੀਤ ਸਿੰਘ ਨੇ 1 ਲੱਖ ਲੀਟਰ ਡੀਜਲ ਦੇਣ ਦਾ ਐਲਾਨ ਕੀਤਾ ਹੈ, ਕੀ ਸਾਡੇ ਆਗੂਆਂ ਵੱਲੋਂ 2027 ਵਾਲੇ ਮੇਵੇ ਦੀ ਝਾਕ ਵਿੱਚ ਇਹ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ? ਜਾਂ ਇਹ ਸਮੇਂ ਦੇ ਦਬਾਅ ‘ਚ ਕੀਤੇ ਐਲਾਨ ਹਨ, ਸੇਵਾਦਾਰ ਤੇ ਕੋਈ ਦਬਾਅ ਨਹੀਂ ਹੁੰਦਾ, ਨਾ ਹੋਣਾ ਚਾਹੀਦਾ ਹੈ
ਓ ਭਲਿਓ ਇਹ ਕਿਸਾਨ ਮੋਰਚਾ ਨਹੀਂ ਹੈ, ਓਥੇ ਤੁਸੀਂ ਸਟੇਟ ਤੋਂ ਆਪਣੇ ਹੱਕ ਲੈਣ ਗਏ ਸੀ ਇਸ ਕਰਕੇ ਦਸਵੰਧ ਵਾਰ ਰਹੇ ਸੀ, ਹੁਣ ਤੁਸੀ ਸਟੇਟ ਦੀਆਂ ਜਿੰਮੇਵਾਰੀਆਂ ਓਟ ਰਹੇ ਹੋ, ਸਟੇਟ ਦੀਆਂ ਨਲਾਇਕੀਆਂ ਢਕ ਰਹੇ ਹੋ, ਅਸੀਂ ਕਿਉਂ ਦੇਵਾਂਗੇ ਡੀਜਲ, ਸਾਡੇ ਅਕਾਲੀ ਦਲ ਇਸ ਕਰਕੇ ਖੜ੍ਹੇ ਕੀਤੇ ਸਨ ਕਿ ਉਹ NDRF ਜਾਂ ਸਟੇਟ ਦੇ ਹਿੱਸੇ ਦੇ ਕਾਰਜ ਕਰਨ, ਫਿਰ ਪੰਥ ਦੇ ਹਿੱਸੇ ਦੇ ਕਾਰਜ ਕੀਹਨੇ ਕਰਨੇ ਹਨ, ਹਿਮਾਚਲ ਸਰਕਾਰ ਵੱਲੋਂ BBMB ਉਤੇ ਕ੍ਰਿਮੀਨਲ ਕੇਸ ਦਰਜ ਕਰਵਾਉਣ ਬਾਰੇ ਸੁਣਿਆ ਸੀ, ਤੁਸੀਂ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰੋ, ਤੇ ਸਰਕਾਰ ਤੋਂ ਪੁੱਛੋ ਕਿ ਪੰਜਾਬ ਸਰਕਾਰ BBMB ਵੱਲੋਂ ਕੀਤੇ ਇਸ ਕ੍ਰਾਈਮ ਲਈ ਕੀ ਕਰ ਰਹੀ ਹੈ, NDRF ਤੇ ਆਰਮੀਂ ਨੂੰ ਓਹਦਾ ਕੰਮ ਕਰਨ ਦਿਓ, ਜੇ ਨਹੀਂ ਕਰਦੇ ਤਾਂ ਲੋਕਾਂ ਨੂੰ ਅਹਿਸਾਸ ਹੋ ਲੈਣ ਦਿਓ, ਕਿ ਸਟੇਟ ਦਾ ਖਜਾਨਾ ਨੀਰਵ ਮੋਦੀ, ਵਿਜੇ ਮਾਲੀਆ, ਅੰਬਾਨੀ, ਅੰਡਾਨੀ, ਲਈ ਹੈ ਨਾ ਕਿ ਤਹਾਡੇ ਲਈ, ਐਵੇਂ ਨਾ ਚੌਧਰੀ ਬਣੇ ਫਿਰੀਏ
ਨਾਲੇ ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਹੁੰਦਿਆਂ ‘ਵਰਲਡ ਸਿੱਖ ਬੈਂਕ’ ਨੂੰ ਕਾਇਮ ਕਰਨ ਬਾਰੇ ਬਹੁਤ ਅਹਿਮ ਚਰਚਾ ਛੇੜੀ ਸੀ, ਅਜਿਹੇ ਉਦਮ ਕਿਵੇਂ ਸਿਰੇ ਚੜਨ ਇਸ ਬਾਰੇ ਅੱਗੇ ਗੱਲ ਤੋਰਨ ਦੀ ਲੋੜ ਹੈ, ਤਾਂ ਜੋ ਕੌਮ ਦਾ ਦਸਵੰਧ ਸਹੀ ਤਰੀਕੇ ਨਾਲ ਵਰਤਿਆ ਜਾ ਸਕੇ, ਐਵੇਂ ਸੰਗਤ ਦੀ ਦਸਾਂ-ਨੌਹਾਂ ਦੀ ਕਿਰਤ ਖੂਹ ‘ਚ ਸੁੱਟੀ ਜਾਣਾ ਦਿਆਨਤਦਾਰੀ ਨਹੀਂ, ਤੁਸੀਂ ਇਸ ਗੱਲ ਦੀ ਘੋਖ ਕਰੋ ਕੇ ਪੰਜਾਬ ‘ਚ ਫਸਲ ਬੀਮਾ ਯੋਜਨਾ ਕਿਥੇ ਅੜੀ ਹੋਈ ਹੈ, ਮਾਲ-ਡੰਗਰ, ਘਰ-ਘਾਟ ਦਾ ਬੀਮਾ ਕਿਵੇਂ ਕਰਵਾਇਆ ਜਾ ਸਕਦਾ ਹੈ,
ਸ਼੍ਰੋਮਣੀ ਕਮੇਟੀ ਨੇ ਵੀ ਵੱਡੇ ਐਲਾਨ ਕੀਤੇ ਹਨ, ਜਿੰਨ੍ਹਾਂ ਵਿੱਚੋਂ ਕੁਛ ਨਾਲ ਮੈਂ ਅਸਹਿਮਤ ਹਾਂ, ਕਿੱਡਾ ਵੱਡਾ ਨੈਰੇਟਿਵ ਸਿਰਜਿਆ ਗਿਆ ਸਾਡੀ ਇਸ ਸੰਸਥਾ ਖਿਲਾਫ, ਕਿ ਇਹਨਾਂ ਦਾ ਬਜਟ ਪੰਜਾਬ ਸਰਕਾਰ ਨਾਲੋਂ ਵੱਧ ਹੈ, ਤੀਜੇ ਕੁ ਦਿਨ ਲੱਲੀ-ਛੱਲੀ ਸ਼ੌਸ਼ਲਮੀਡੀਆ ਤੇ ਇਕ ਰੁਪਈਏ ਦਾ ਮੋਰਚਾ ਲਾਕੇ ਬੈਠੀ ਹੁੰਦੀ ਹੈ ਗੁਰੂ ਕੀਆਂ ਗੋਲਕਾਂ ਖਿਲਾਫ, ਮੇਰਾ ਮਤਲਬ ਅਸੀਂ ਘੱਟੋ-ਘੱਟ ਅਹਿਸਾਸ ਤਾਂ ਹੋਣ ਦੇਈਏ ਲੋਕਾਂ ਨੂੰ ਕਿ ਤੁਹਾਡੇ ਨਾਲ ਖੜਦਾ ਕੌਣ ਹੈ
ਐਲਾਨ ਕਰਤੇ ਅਖੇ
ਜ਼ਮੀਨਾਂ ਨੂੰ ਪੱਧਰਾ ਕਰਨ ਅਤੇ ਹੋਰ ਵਰਤੋਂ ਲਈ 8 ਲੱਖ ਲੀਟਰ ਡੀਜ਼ਲ ਦਿੱਤਾ ਜਾਵੇਗਾ,
ਇਹ ਨਾਜਾਇਜ਼ ਹੈ, ਇਹ ਜਿੰਮੇਵਾਰੀ ਪ੍ਰਸ਼ਾਸਨ ਦੀ ਹੈ
ਹੜ੍ਹਾਂ ਨਾਲ ਨੁਕਸਾਨੇ ਗਏ ਗੁਰੂ-ਘਰਾਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ। ਇਹ ਜਾਇਜ਼ ਕਹਿ ਸਕਦੇ ਹਾਂ, ਬਲਕਿ ਇਹ ਘੱਟ ਹੈ
ਹੜ੍ਹਾਂ ਦੇ ਪਾਣੀ ਨਾਲ ਨੁਕਸਾਨੀਆਂ ਗਈਆਂ ਸਕੂਲੀ ਕਿਤਾਬਾਂ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਸਿਖਿਆ ਮਹਿਕਮੇ ਦਾ ਕੰਮ ਹੈ
10 ਏਕੜ ਤੋਂ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਵਾਹੀ ਲਈ ਤੇਲ ਅਤੇ ਕਣਕ ਦੀ ਵਧੀਆ ਕਿਸਮ ਦਾ ਬੀਜ ਕਰਵਾਇਆ ਜਾਵੇਗਾ ਮੁਹੱਈਆ। ਇਹ ਵੀ ਖੇਤੀ ਮਹਿਕਮੇ ਦਾ ਕੰਮ ਹੈ
ਚੱਲ ਰਹੀਆਂ ਸਿਹਤ ਸਹੂਲਤਾਂ ਤੋਂ ਇਲਾਵਾ ਹੋਰ 50 ਡਾਕਟਰੀ ਟੀਮਾਂ (ਮੈਡੀਕਲ ਵੈਨਾਂ ਸਮੇਤ) ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੇਜੀਆਂ ਜਾਣਗੀਆਂ। ਇਹ ਸਿਹਤ ਮਹਿਕਮੇ ਦਾ ਕੰਮ ਹੈ
ਲੰਗਰ ਅਤੇ ਰਾਹਤ ਸਮਗਰੀ ਦੀਆਂ ਸੇਵਾਵਾਂ ਪਹਿਲਾਂ ਦੀ ਤਰਾਂ ਨਿਰੰਤਰ ਜਾਰੀ ਰਹਿਣਗੀਆਂ, ਇਹ ਜਾਇਜ਼ ਹੈ
ਜੇ ਤੁਸੀਂ ਇਹ ਕਾਰਜ ਕਰਨੇ ਹੀ ਹਨ, ਤਾਂ ਫਿਰ ਇਹ ਬਿਆਨ ਦਿਓ ਸਟੇਟ ਨਾਲਾਇਕ ਹੈ, ਆਪਣੇ ਨਾਗਰਿਕਾਂ ਦੇ ਜਾਨ-ਮਾਲ ਰਾਖੀ ਕਰਨ 'ਚ ਅਸਫ਼ਲ ਸਿੱਧ ਹੋਈ ਹੈ, ਇਸ ਬਿਨਾਅ ਉੱਤੇ ਪੰਜਾਬ ਨੂੰ ਭਾਰਤ ਨਾਲੋਂ ਵੱਖਰਾ ਕਰ ਦੇਣਾ ਚਾਹੀਦਾ ਹੈ,
ਜਾਂ ਘੱਟੋ-ਘੱਟ ਸਟੇਟ ਦਾ ਮੁਖੀ ਇਹ ਬੇਨਤੀ ਭੇਜੇ ਕਿ ਸਾਡੇ ਹੱਥ ਖੜ੍ਹੇ ਹਨ ਭਾਈ ਸਾਡੀ ਸਹਾਇਤਾ ਕਰੋ
ਸੋ ਅਖੀਰ ਵਿੱਚ ਸਭ ਨੂੰ ਬੇਨਤੀ ਹੈ ਕਿਸੇ ਦਬਾਅ ਹੇਠ ਆਕੇ ਦਸਵੰਧ ਦੀ ਬਰਬਾਦੀ ਨਾ ਕਰੋ, ਸਾਡੇ ਗੁਰਦਆਰੇ ਬਾਖੂਬੀ ਸੇਵਾ ਨਿਭਾਅ ਰਹੇ ਹਨ, ਸਾਨੂੰ ਗੁਰਦਆਰਿਆਂ ਦੇ ਬਦਲ ਵਜੋਂ ਕਿਸੇ NGO ਦੀ ਕੋਈ ਲੋੜ ਨਹੀਂ ਹੈ, ਸਾਡੇ ਸੇਵਾ ਕਾਰਜ ਸਦੀਆਂ ਤੋਂ ਮਿਥੇ ਹੋਏ ਹਨ, ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਜਗਿਆਸੂਆਂ ਲਈ ਆਤਮਾ ਦੀ ਖੁਰਾਕ, ਰੋਗੀਆਂ ਲਈ ਸ਼ਫਾਖਾਨਾ, ਭੁੱਖਿਆਂ ਲਈ ਲੰਗਰ, ਇਸਤਰੀ ਦੀ ਪੱਤ ਰੱਖਣ ਲਈ ਕਿਲਾ, ਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ, ਤੇ ਇਹੋ ਸਾਡੀ ਸੇਵਾ ਦੇ ਖੇਤਰ ਹਨ, ਬਾਕੀ ਸਭ ਹਉਮੇਂ ਦਾ ਬੋਝ ਹੈ ਜਿੰਨਾ ਮਰਜੀ ਕੋਈ ਢੋਈ ਜਾਵੇ, ਕਿਸੇ ਦਾ ਕੀ ਪਤਾ ਕੱਲ੍ਹਨੂੰ ਕੋਈ ਆਈਫੋਨ ਵੰਡਣ ਲੱਗ ਜਾਵੇ ਤੇ ਕਹਿ ਦੇਵੇ ਇਹ ਆਈਫੋਨਾਂ ਦਾ ਲੰਗਰ ਹੈ, ਤੇ ਅਖੌਤੀ ਲੋੜਵੰਦ ਕਤਾਰਾਂ ਬੰਨ੍ਹ ਦੇ ਖੜ੍ਹੇ ਹੋਣ, ਜਿਸ ਹਿਸਾਬ ਦੀ ਦੌੜ ਹੈ ਕੋਈ ਵੀ ਕਮਲ਼ ਮਾਰਿਆ ਜਾ ਸਕਦਾ ਹੈ, ਬਿਲਕੁਲ ਇਹ ਪਾਗਲ਼ਪਣ ਹੀ ਹੈ, ਸੇਵਾ ਦਾ ਪਤਾ NGO ‘ਚ ਭਰਤੀ ਹੋਕੇ ਨਹੀਂ ਲੱਗਣਾ, ਇਹ ਸੋਝੀ ਗੁਰਦੁਆਰਾ ਸਾਹਿਬ ਜਾਕੇ ਹੀ ਆਉਣੀ ਹੈ
ਪਹਿਲੇ ਪਾਤਸ਼ਾਹ ਦਾ ਫੁਰਮਾਨ ਹੈ, ਗੁਰੂ ਦੁਆਰੈ ਹੋਇ ਸੋਝੀ ਪਾਇਸੀ, ਏਤੁ ਦੁਆਰੈ ਧੋਇ ਹਛਾ ਹੋਇਸੀ,,
ਆਪਾਂ ਸਾਰੇ ਆਪਣੇ ਮਨ ਨੂੰ ਗੁਰੂ ਦੇ ਦਰ ਤੇ ਜਾਕੇ ਧੋਈਏ,,, ਅਕਲ ਗੁਰਦੁਆਰਾ ਸਾਹਿਬ ‘ਚੋਂ ਗੁਰੂ ਦੇ ਚਰਨਾ ‘ਚੋਂ ਮਿਲਣੀ ਹੈ,,, ਤੇ ਦਾਨ ਅਕਲ ਨਾਲ ਹੋਣਾ ਹੈ,,, ਅਕਲੀ ਕੀਚੈ ਦਾਨ
ਦਸਮ ਪਾਤਸ਼ਾਹ ਸਭ ਥਾਂਈਂ ਹੋਇ ਸਹਾਇ
ਸੁਖਦੀਪ ਸਿੰਘ ਬਰਨਾਲਾ