11/05/2025
"ਮਿਟਿਆ ਅੰਧੇਰਾ ਚੰਦੁ ਚੜਿਆ"
(ਗੁਰੂ ਗ੍ਰੰਥ ਸਾਹਿਬ ਜੀ 393-394)
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
🙏❤️🙏
ਅਕਾਲਪੁਰਖ ਦੇ ਹੁਕਮ ਅਨੁਸਾਰ ਸਰਬੱਤ ਦੇ ਭਲੇ ਲਈ ਇਸ ਜਗਤ ਵਿੱਚ ਪਸਰੇ ਹਨੇਰੇ ਨੂੰ ਮਿਟਾਉਣ ਲਈ ਚੰਦ ਅਤੇ ਸੂਰਜ ਵਾਂਗ ਚਮਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਧਰਤੀ 'ਤੇ ਸੱਚ ਤੇ ਆਧਾਰਿਤ ਸੱਚਾ ਹਲੇਮੀ ਖਾਲਸਾ ਰਾਜ ਚਲਾਇਆ, ਅਜਿਹਾ ਸਦੀਵੀ ਰਾਜ ਜਿਸ ਦੀ ਨੀਂਹ ਅਤੇ ਕਿਲਾ ਸੱਚ ਰਖਿਆ।
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥'' (ਰਾਮਕਲੀ ਦੀ ਵਾਰ, ਗੁਰੂ ਗ੍ਰੰਥ ਸਾਹਿਬ ਜੀ 966)
ਅਕਾਲਪੁਰਖ ਨੇ ਹੁਕਮ ਦੇਕੇ ਰੱਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਬਚਲ ਰਾਜ ਸਦਾ-ਥਿਰ ਤੇ ਅਟੱਲ ਹੈ।
ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ ਆਦਿ ਪੁਰਖਿ ਫੁਰਮਾਇਓ ॥੭॥
(ਗੁਰੂ ਗ੍ਰੰਥ ਸਾਹਿਬ ਜੀ 1390)
ਗੁਰੂ ਨਾਨਕ ਸਾਹਿਬ ਜੀ ਵਲੋਂ ਖੜੇ ਕੀਤੇ ਵਿਲੱਖਣ ਰਾਜ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜ ਕੇ ਵਿਵਹਾਰਿਕ ਸਰਕਾਰ ਸਰੂਪ ਦਿੱਤਾ ਅਤੇ ਖਾਲਸਾ ਪੰਥ ਨੇ ਉਸ ਸਮੇਂ ਤੋਂ ਗੁਰੂ ਵਲੋਂ ਬਖਸ਼ੀ ਸਦੀਵੀ ਪਾਤਿਸਾਹੀ ਦਾ ਇਸ ਧਰਤੀ ਤੇ ਰਾਜਸੀ ਸੱਤਾ ਪ੍ਰਬੰਧ ਵਜੋਂ ਪ੍ਰਗਟਾਵਾ ਜਾਂ ਤਾਂ ਸਰਕਾਰੇ ਖਾਲਸਾ ਰੂਪ ਵਿੱਚ ਸਾਕਾਰ ਕੀਤਾ ਜਾਂ ਫਿਰ ਇਹ ਪ੍ਰਗਟਾਵਾ ਕਰਨ ਦਾ ਨਿਰੰਤਰ ਸੰਘਰਸ਼ ਕੀਤਾ ਹੈ ਅਤੇ ਅਣਗਿਣਤ ਅਜ਼ੀਮ ਸ਼ਹਾਦਤਾਂ ਦਿੱਤੀਆਂ ਹਨ (ਅਜੋਕੇ ਸਮੇਂ ਵਿੱਚ ਜਿਸਦਾ ਨਾਮ ਖਾਲਿਸਤਾਨ ਸੰਘਰਸ਼ ਹੈ) ਤਾਂਕਿ ਖਾਲਸਾ ਪੰਥ ਦੀ ਨਿਆਰੀ ਅਤੇ ਸੁਤੰਤਰ ਹੋਂਦ-ਹਸਤੀ ਨਿਰਵਿਘਨ ਵਿਗਸਦੀ ਰਹੇ, ਸਰਬੱਤ ਦੇ ਭਲੇ ਵਾਲੀਆਂ ਹਲਤਮੁਖੀ ਤੇ ਪਲਤਮੁਖੀ ਬਣਤਰਾਂ (ਨਸਲ, ਰੰਗ, ਲਿੰਗ, ਜਾਤ-ਪਾਤ, ਧਰਮ, ਅਮੀਰ-ਗਰੀਬ ਆਦਿ ਦੇ ਭਿੰਨ-ਭੇਦ ਤੋਂ ਰਹਿਤ, ਬਰਾਬਰੀ ਵਾਲਾ ਆਦਰਸ਼ਕ ਸਮਾਜ ਅਤੇ ਰਾਜ) ਉਸਰ ਤੇ ਵਿਕਸਤ ਹੁੰਦੀਆਂ ਰਹਿਣ, ਅਤੇ ਮਨੁੱਖ ਆਪਣੇ ਸੰਪੂਰਨ ਵਿਗਾਸ ਨੂੰ ਆਜ਼ਾਦੀ ਬਰਾਬਰਤਾ, ਨਿਆਂ ਤੇ ਸਾਂਝੀਵਾਲਤਾ ਨਾਲ ਮਾਣ ਸਕੇ।
ਹੁਣਿ ਹੁਕਮੁ ਹੋਆ ਮਿਹਰਵਾਣ ਦਾ।। ਪੈ ਕੋਇ ਨ ਕਿਸੈ ਰਞਾਣਦਾ।। ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ।। ੧੩।।
(ਗੁਰੂ ਗ੍ਰੰਥ ਸਾਹਿਬ ਜੀ 74)
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦਸ ਜਾਮੇ ਧਾਰ ਕੇ, ਸਦਾ ਕਾਇਮ ਰਹਿਣ ਵਾਲੀ ਪਾਤਸ਼ਾਹੀ ਨੂੰ ਦਸਵੇਂ ਜਾਮੇ ਅੰਦਰ ਨਿੱਜੀ ਰਾਜ-ਕਾਮਨਾ ਤੋਂ ਰਹਿਤ, ‘ਜੀਅ ਦਾਨੁ ਦੇ ਭਗਤੀ' ਲਾਉਣ ਹਿਤ, ਅਕਾਲ ਪੁਰਖ ਨਾਲ ਮੇਲ ਮਿਲਾਉਣ ਹਿਤ, ਧਰਮ ਦਾ ਰਾਜ ਵਿਥਾਰਨ, ਜ਼ੁਲਮ ਤੇ ਜ਼ਾਲਮ ਦੀ ਜੜ੍ਹ ਉਖਾੜਨ ਲਈ, ਸਰਬੱਤ ਦੇ ਭਲੇ ਹਿਤ ਖ਼ਾਲਸਾ ਸਾਜ ਕੇ ਅਟੱਲ ਕੀਤਾ। ਅੱਜ ਗੁਰਮਤਿ ਬਿਬੇਕ ਦੀ ਰੋਸ਼ਨੀ ਨਾਲ ਉਸ ਉੱਚੇ ਆਦਰਸ਼ਕ ਖਾਲਸਾ ਕਿਰਦਾਰ ਨੂੰ ਪੁਨਰਸੁਰਜੀਤ ਕਰਨ ਦੀ ਅਤਿਅੰਤ ਲੋੜ ਹੈ ਜਿਸ ਅੰਦਰ ਗੁਰੂ ਆਪ ਵਰਤਦਾ ਹੈ। 🙏