07/08/2023
ਮੈਂ ਅੰਮ੍ਰਿਤਪਾਲ ਸਿੰਘ ਵਿਚੋਂ ਹੀ ਕੌਮ ਦੇ ਦਰਦ ਨੂੰ ਵੇਖਦੀ ਹਾਂ-ਕਿਰਨਦੀਪ ਕੌਰ
ਕਿਰਨਦੀਪ ਨਾਲ ਲੰਮੀ ਅਤੇ ਪਹਿਲੀ ਮੁਲਾਕਾਤ ।
"੧੧ਦਿਨ ਮੈਂ ਕੁਝ ਨਹੀਂ ਖਾਧਾ,ਇਕ ਤੁਪਕਾ ਵੀ ਪਾਣੀ ਦਾ ਨਹੀਂ ਪੀਤਾ,ਗਵਾਹਾਂ ਨੂੰ ਪੁੱਛ ਕੇ ਵੇਖ ਲਓ।"
"ਮੈਂ ਏਕਾਂਤ ਨੂੰ ਪਿਆਰ ਕਰਦੀ ਹਾਂ, ਅਸਮਾਨਾਂ ਵਿਚ ਬਦਲ ਵੀ ਮੇਰੇ ਸਾਥੀ ਹਨ। ਇਕੱਲਤਾ ਮੇਰੇ ਲਈ ਚੜਦੀ ਕਲਾ ਹੈ।"
"ਅੰਮ੍ਰਿਤ ਦੀ ਰੂਪੋਸ਼ੀ ਦੌਰਾਨ ਮੈਂ ਰੋਂਦੀ ਰਹੀ ਸੀ। ਰੋਣਾ ਗੁਨਾਹ ਨਹੀਂ,ਇਹ ਮੈਨੂੰ ਤਾਕਤ ਦਿੰਦਾ ਹੈ।"
"ਅਸੀਂ ਏਥੇ ਕੁੜੀਆਂ ਨੂੰ ਕਿਵੇਂ ਦਬਾ ਕੇ ਰਖਦੇ ਹਾਂ।"
"ਦੁਨੀਆਂ ਘੁੰਮੀ ਹੈ ਮੈਂ, ਇਨਸਾਨਾਂ ਨੂੰ ਪੜਿਆ ਹੈ ਪਰ ਕਈ ਵਾਰ ਕੁਦਰਤ ਨੇੜੇ ਲੱਗਦੀ ਹੈ।"
"ਬਲੈਕ ਪ੍ਰਿੰਸ ਫਿਲਮ ਮੈਨੂੰ ਬਹੁਤ ਪਸੰਦ ਆਈ।ਇਸ ਵਿੱਚ ਸਾਡਾ ਦਰਦ ਪਿਆ ਹੈ।"
"ਜੇਲ ਵਿੱਚ ਜਦੋਂ ਅੰਮ੍ਰਿਤ ਨੂੰ ਮਿਲੀ,ਗਲ ਲੱਗ ਕੇ ਰੋਈ ਪਰ ਅੰਮ੍ਰਿਤ ਦੀ ਅੱਖ ਨਮ ਨਹੀਂ ਸੀ,ਇਕ ਨੂਰ ਮੈਂ ਉਸ ਦੇ ਮੁੱਖ ਤੇ ਵੇਖਿਆ। ਉਹ ਪਹਿਲਾਂ ਵਾਂਗ ਹੀ ਦ੍ਰਿੜ ਸੀ ਜਿਵੇਂ ਕੁਝ ਵੀ ਨਹੀਂ ਸੀ ਹੋਇਆ।"
"ਵਾਰਿਸ ਪੰਜਾਬ ਦੇ" ਜਥੇਬੰਦੀ ਬਾਰੇ ਪੁੱਛੇ ਸਵਾਲਾਂ ਦਾ ਅਧਿਕਾਰ ਅੰਮ੍ਰਿਤ ਨੂੰ ਹੀ।
ਜੇਲ ਅੰਦਰ ਕਿਤਾਬਾਂ ਲਿਜਾਣ ਦੀ ਪਾਬੰਦੀ ਨਹੀਂ। ਖਾਣਾ ਠੀਕ ਮਿਲਦਾ ਹੈ। ਕ੍ਰਾਈਮ ਅਤੇ ਥਰਿਲਰ ਅੰਮ੍ਰਿਤ ਨੂੰ ਪਸੰਦ ਹਨ।
"ਪੰਜਾਬੀ ਭਾਸ਼ਾ ਮੇਰੀ ਰੂਹ ਵਿੱਚ ਰਚੀ ਹੈ। ਅਸੀਂ ਘਰ ਵਿੱਚ ਪੰਜਾਬੀ ਹੀ ਬੋਲਦੇ ਹਾਂ।"
"ਪੱਗ ਵਾਲੇ ਮੁੰਡੇ ਨੂੰ ਹੀ ਜੀਵਨ ਸਾਥੀ ਬਨਾਉਣਾ ਮੇਰੀ ਰੀਝ ਸੀ,ਸੋ ਪੂਰੀ ਹੋਈ।ਇਸ ਰੀਝ ਦੀ ਪੂਰਤੀ ਲਈ ਕਈ ਸਾਲ ਉਡੀਕ ਕੀਤੀ।"
ਸਤ ਬਾਣੀਆਂ ਹਥ ਨਾਲ ਲਿਖੀਆਂ ਅਤੇ ਗੁਟਕੇ ਦੇ ਰੂਪ ਵਿੱਚ ਅੰਮ੍ਰਿਤਪਾਲ ਨੂੰ ਭੇਟ ਕੀਤੀਆਂ।ਪੂਰੇ ਢਾਈ ਦਿਨ ਵਿਚ ਇਹ ਕਾਰਜ ਪੂਰਾ ਹੋਇਆ।ਪੰਜਾਬੀ ਗੁਰਦੁਆਰਾ ਸਾਹਿਬ ਤੋਂ ਸਿੱਖੀ।
ਦੋਵੇਂ ਹਾਜ਼ਰ ਜਵਾਬੀ ਦੇ ਹੁਨਰ ਵਿੱਚ ਇਕ ਦੂਜੇ ਤੋਂ ਅੱਗੇ।
ਕਿਰਨਦੀਪ ਦੀ ਬੋਲੀ ਵਿੱਚ ਦੁਆਬੇ ਦੀ ਮਿੱਟੀ ਦੀ ਖੁਸ਼ਬੋ। ਨਾਨਕਾ ਅਤੇ ਦਾਦਕਾ ਪਿੰਡ ਦੋਆਬੇ ਵਿੱਚ ਹੀ।
ਪੁਰਾਣੇ ਸਮਿਆਂ ਦੇ ਪੰਜਾਬ ਨੂੰ ਪਸੰਦ ਕਰਦੀ ਹੈ ਕਿਰਨਦੀਪ ਕੌਰ,
ਜਦੋਂ ਪਰਿਵਾਰ ਇਕੱਠੇ ਰਿਹਾ ਕਰਦੇ ਸਨ।
ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪੱਤਰਕਾਰ
ਜਿਵੇਂ ਅੰਮ੍ਰਿਤਪਾਲ ਨੂੰ ਸਮਝਣ ਲਈ ਕਈ ਪਰਤਾਂ ਵਿਚ ਉਤਰਨਾ ਪੈਂਦਾ ਹੈ, ਇਵੇਂ ਕਿਰਨਦੀਪ ਵੀ ਕਈ ਪਰਤਾਂ ਵਿਚ ਜਿਉਂਦੀ,ਜਾਗਦੀ ਅਤੇ ਵਿਚਰਦੀ ਹੈ।
ਉਹ ਕੌਮ ਦੇ ਦਰਦ ਨੂੰ ਵੀ ਅੰਮ੍ਰਿਤਪਾਲ ਵਿਚੋਂ ਹੀ ਵੇਖਦੀ ਹੈ। ਅੰਮ੍ਰਿਤਪਾਲ ਸਿੰਘ ਲਈ ਉਸ ਦੀ ਮੁਹੱਬਤ ਸਭ ਹਦ ਬੰਨੇ ਟੱਪ ਜਾਂਦੀ ਹੈ।ਮੈਨੂੰ ਇਉਂ ਲੱਗਿਆ ਜਿਵੇਂ ਉਸ ਨਾਲ ਸਾਰੀ ਇੰਟਰਵਿਊ ਅਮ੍ਰਿਤਪਾਲ ਤੋਂ ਸ਼ੁਰੂ ਹੋ ਕੇ ਅੰਮ੍ਰਿਤਪਾਲ ਉੱਤੇ ਹੀ ਮੁੱਕਦੀ ਹੋਵੇ। ਹਾਲ ਵਿਚ ਹੀ ਉਸ ਨੇ ਆਪਣੇ ਪਿਆਰ ਦਾ ਜਿਵੇਂ ਇਜ਼ਹਾਰ ਕੀਤਾ,ਉਸ ਤੋਂ ਵੱਖਰੀ ਤਰ੍ਹਾਂ ਦੀ ਹੈਰਾਨੀ ਮਹਿਸੂਸ ਹੁੰਦੀ ਹੈ ਅਤੇ ਕੌਮ ਦੇ ਨੌਜਵਾਨਾਂ ਲਈ ਇੱਕ ਤਰ੍ਹਾਂ ਦੀ ਪ੍ਰੇਰਨਾ ਵੀ। ਉਸ ਨੇ ਪੰਜ ਬਾਣੀਆਂ ਅਰਦਾਸ ਅਤੇ ਰਹਿਰਾਸ ਹੱਥ ਨਾਲ ਲਿਖ ਕੇ ਗੁਟਕੇ ਦੀ ਸ਼ਕਲ ਵਿੱਚ ਅਮ੍ਰਿਤਪਾਲ ਸਿੰਘ ਨੂੰ ਭੇਟ ਕੀਤੀਆਂ। ਇਹ ਕਾਰਜ ਉਸ ਨੇ ਢਾਈ ਦਿਨ ਵਿਚ ਪੂਰਾ ਕੀਤਾ। ਇਤਫਾਕ ਵੱਸ ਉਸ ਦੀ ਪੰਜਾਬੀ ਦੀ ਲਿਖਾਈ ਵੀ ਬੇਹੱਦ ਖੂਬਸੂਰਤ ਹੈ। ਉਹ ਪੰਜਾਬੀ,ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਉਰਦੂ ਵਿੱਚ ਵੀ ਦਿਲਚਸਪੀ ਰੱਖਦੀ ਹੈ। ਅੰਮ੍ਰਿਤਪਾਲ ਸਿੰਘ ਲਈ ਉਸ ਦਾ ਪਿਆਰ ਅੰਨਾ ਪਿਆਰ ਨਹੀਂ,ਇਹ ਸੁਜਾਖਾ ਪਿਆਰ ਹੈ,ਯਾਨੀ ਇਸ ਪਿਆਰ ਵਿੱਚ ਦਲੀਲ,ਵਿਵੇਕ ਅਤੇ ਤਰਕ ਹਾਜ਼ਰ ਹੁੰਦਾ ਹੈ।
ਇਹ ਪੁੱਛੇ ਜਾਣ ਉਤੇ ਕਿ ਬਾਹਰਲੇ ਮੁਲਕ ਵਿੱਚ ਜੰਮੀਂ ਪਲੀ ਕੁੜੀ ਪੰਜਾਬੀ ਨੂੰ ਏਨਾ ਪਿਆਰ ਕਿਵੇਂ ਕਰ ਸਕਦੀ ਹੈ,ਉਸ ਦਾ ਜਵਾਬ ਸੁਣੋ: ਪੰਜਾਬੀ ਮੇਰੀ ਰੂਹ ਵਿੱਚ ਰਚੀ ਹੋਈ ਹੈ।ਇਹ ਮੇਰੀ ਮਾਂ ਬੋਲੀ ਹੈ। ਮੈਂ ਹਰਿ ਐਤਵਾਰ ਨੂੰ ਗੁਰਦੁਆਰੇ ਜਾਂਦੀ ਸੀ ਅਤੇ ਓਥੇ ਹੀ ਪੰਜਾਬੀ ਸਿੱਖੀ। ਉਹ ਸ਼ੌਂਕ ਨਾਲ ਪੰਜਾਬੀ ਦੀਆਂ ਕਿਤਾਬਾਂ ਪੜ੍ਹਦੀ ਹੈ। ਤੁਸੀਂ ਹੈਰਾਨ ਹੁੰਦੇ ਹੋਵੋਗੇ ਕਿ ਅੰਗਰੇਜ਼ੀ ਵਿੱਚ ਪੂਰੀ ਮੁਹਾਰਤ ਹੋਣ ਦੇ ਬਾਵਜੂਦ ਉਸ ਨੇ ਬਹੁਤਾ ਕਰਕੇ ਸਵਾਲਾਂ ਦੇ ਜਵਾਬ ਪੰਜਾਬੀ ਵਿੱਚ ਹੀ ਦਿੱਤੇ।੯੬ ਸਾਲਾਂ ਦੇ ਦਾਦਾ ਜੀ, ਡੈਡੀ ਅਤੇ ਹੋਰ ਸਾਰੇ ਘਰ ਵਿੱਚ ਪੰਜਾਬੀ ਹੀ ਬੋਲਦੇ ਹਨ।
ਪੱਗ ਵਾਲੇ ਮੁੰਡੇ ਨੂੰ ਹੀ ਜੀਵਨ ਸਾਥੀ ਬਣਾਉਣ ਦੀ ਰੀਝ ਅਤੇ ਤਾਂਘ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਸ ਨੂੰ ਕਈ ਸਾਲ ਉਡੀਕ ਕਰਨੀ ਪਈ। ਕਿਰਨਦੀਪ ਦੇ ਦੱਸਣ ਮੁਤਾਬਿਕ ਵੀਹ ਸਾਲ ਦੀ ਉਮਰ ਵਿੱਚ ਹੀ ਪਗ ਵਾਲੇ ਮੁੰਡੇ ਨਾਲ ਵਿਆਹ ਕਰਵਾਉਣ ਦੀ ਇਛਾ ਪੈਦਾ ਹੋ ਗਈ ਸੀ। ਜਦੋਂ 26 ਸਾਲ ਦੀ ਹੋਈ ਤਾਂ ਘਰ ਦਿਆਂ ਨੇ, ਰਿਸ਼ਤੇਦਾਰਾਂ ਨੇ,ਸਮਾਜ ਨੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ,ਪਰ ਉਹ ਕਿਸੇ ਵੀ "ਘੋਨ ਮੋਨ" ਮੁੰਡੇ ਨਾਲ ਰਿਸ਼ਤੇ ਵਿੱਚ ਬਝਣਾ ਨਹੀਂ ਸੀ ਚਾਹੁੰਦੀ।ਇਕ ਸਟੇਜ ਮੇਰੇ ਉੱਤੇ ਇਹੋ ਜਿਹੀ ਵੀ ਆਈ ਕਿ ਜੇਕਰ ਪਗ ਵਾਲਾ ਸਰਦਾਰ ਨਾ ਮਿਲਿਆ ਤਾਂ ਮੈਂ ਸਾਰੀ ਉਮਰ ਹੀ ਵਿਆਹ ਨਹੀਂ ਕਰਾਵਾਂਗੀ।ਪਰ ਹੁਣ ਤਾਂ ਘਰ ਦੇ ਸਾਰੇ ਜੀਅ ਆਖਦੇ ਨੇ ਕਿ ਇਸ ਨੂੰ ਪਗ ਵਾਲਾ ਸਰਦਾਰ ਤਾਂ ਛੱਡੋ ਸਗੋਂ ਇਸ ਨੂੰ "ਸਰਦਾਰਾਂ ਦਾ ਸਰਦਾਰ" ਅੰਮ੍ਰਿਤਪਾਲ ਮਿਲ ਗਿਆ। ਹੁਣ ਤਾਂ ਡੈਡ ਨੇ ਵੀ ਪਗ ਬੰਨਣੀ ਸ਼ੁਰੂ ਕਰ ਦਿੱਤੀ ਹੈ। ਵੈਸੇ ਮੇਰੇ ਭਰਾ ਨੇ ਸ਼ੁਰੂ ਤੋਂ ਹੀ ਪਗ ਬੰਨਣੀ ਨਹੀਂ ਛੱਡੀ। ਅੰਮ੍ਰਿਤਪਾਲ ਅਤੇ ਕਿਰਨਦੀਪ ਦਾ ਜਨਮ ਦਿਨ ਇੱਕੋ ਮਹੀਨੇ ਅਪ੍ਰੈਲ ਵਿੱਚ ਅਤੇ ਇਕੋਂ ਸਾਲ ੧੯੯੩ ਵਿੱਚ ਹੋਇਆ। ਜਦੋਂ ਮੈਂ ਪੁੱਛਿਆ ਕਿ ਘੋਨ ਮੋਨ ਸਿਖਾਂ ਦੇ ਤਾਕਤਵਰ ਮਾਹੌਲ ਵਿਚ ਵੀ ਤੁਹਾਡੇ ਅੰਦਰ ਪਗ ਵਾਲੇ ਮੁੰਡੇ ਦੀ ਰੀਝ ਕਿਵੇਂ ਜਾਗਦੀ ਰਹੀ ਤਾਂ ਉਸ ਦਾ ਜਵਾਬ ਸੀ ਕਿ ਇਸ ਦਾ ਜਵਾਬ ਤਾਂ ਮੇਰੇ ਕੋਲੋਂ ਵੀ ਐਕਸਪਲੇਨ ਨਹੀਂ ਹੁੰਦਾ। ਜਵਾਬ ਲਈ ਕੋਈ ਵੀ ਲਫ਼ਜ਼ ਛੋਟੇ ਰਹਿ ਜਾਣਗੇ।ਦਰਅਸਲ ਕੁਝ ਗੱਲਾਂ ਉਸ ਦੇ ਅੰਦਰ ਹੀ ਪਈਆਂ ਹਨ ਜਿਸ ਦਾ ਉਸ ਨੂੰ ਵੀ ਪਤਾ ਨਹੀਂ ਹੁੰਦਾ।ਇਹ ਗੁਝੇ ਰਾਜ਼ ਉਸ ਲਈ ਤਾਕਤ ਹਨ।
ਜਦੋਂ ਸਵਾਲ ਕੀਤਾ ਕਿ ਉਹ ਦਿਨ ਤੁਹਾਡੇ ਲਈ ਕਿਸ ਤਰ੍ਹਾਂ ਦੇ ਸਨ ਜਦੋਂ ਇਹ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਅੰਮ੍ਰਿਤਪਾਲ ਰੂਪੋਸ਼ ਹੈ ਜਾਂ "ਖਤਮ" ਕਰ ਦਿੱਤਾ ਗਿਆ ਹੈ? ਅਤੇ ਉਹ ਪਲ ਵੀ ਕਿਹੋ ਜਿਹੇ ਸਨ ਜਦੋਂ ਇਹ ਪੱਕਾ ਪਤਾ ਲਗ ਗਿਆ ਕਿ ਉਹ ਠੀਕ ਠਾਕ ਹੈ ਅਤੇ ਛੇਤੀ ਹੀ ਸਾਹਮਣੇ ਆਏਗਾ?
ਕਿਰਨਦੀਪ ਦੇ ਜਵਾਬ ਵਿੱਚ ਜੋ ਦਰਦ ਸੀ, ਉਸ ਨੂੰ ਪੇਸ਼ ਕਰਨ ਲਈ ਜਸਵੰਤ ਸਿੰਘ ਕੰਵਲ ਵਰਗਾ ਨਾਵਲਕਾਰ ਹੀ ਉਸ ਦਰਦ ਦੇ ਹਾਣ ਦੇ ਬਰਾਬਰ ਸ਼ਬਦਾਂ ਨੂੰ ਲੱਭ ਕੇ ਲਿਆ ਸਕਦਾ ਸੀ। ਅੰਮ੍ਰਿਤ ਲਈ ਜੋ ਇੰਤਜ਼ਾਰ ਸੀ-ਇਕ ਅਜਿਹੀ ਉਡੀਕ ਜਿਸ ਵਿਚ "ਉਹ ਹੈ" ਅਤੇ "ਉਹ ਨਹੀਂ ਹੈ"-ਦੋਵਾਂ ਵਿਚਾਰਾਂ ਨੇ ਆਪਣੀ ਥਾਂ ਬਣਾ ਲਈ ਸੀ। ਕਿਰਨਦੀਪ ਦੇ ਖਿਲਰੇ ਹੋਏ ਜ਼ਜ਼ਬਾਤ ਵੀ ਵੱਖਰੀ ਕਿਸਮ ਦੀ ਤਰਤੀਬ ਪੇਸ਼ ਕਰ ਰਹੇ ਜਾਪਦੇ ਸਨ। ਜਿਵੇਂ ਉਹ ਮੁਲਾਕਾਤ ਦੌਰਾਨ ਬੋਲ ਰਹੀ ਸੀ ਉਸ ਤੋਂ ਇਹੋ ਮਹਿਸੂਸ ਹੁੰਦਾ ਸੀ ਜਿਵੇਂ ਦਰਦ ਦੀ ਇਕ ਨਦੀ ਲਗਾਤਾਰ ਵਗ ਰਹੀ ਹੈ-ਕਦੇ ਸਹਿਜ ਵਿੱਚ ਅਤੇ ਕਦੇ ਸਹਿਜ ਨੂੰ ਤੋੜਦੀ ਹੋਈ ਕੰਢਿਆਂ ਤੋਂ ਬਾਹਰ। ਕਾਸ਼! ਖਾਲਸਾ ਪੰਥ ਅਮ੍ਰਿਤਪਾਲ ਸਿੰਘ ਦੇ ੩੬ ਦਿਨਾਂ ਦੇ ਰੂਪੋਸ ਸਫ਼ਰ ਨੂੰ ਆਪਣਾ ਸਫ਼ਰ ਬਣਾ ਲਵੇ। ਮੈਨੂੰ ਪਤਾ ਲੱਗਾ ਹੈ ਕਿ ਇਸ ਅਨੋਖੇ ਸਫਰ ਦੀ ਦਾਸਤਾਨ ਦੇ ਸਾਰੇ ਪੜਾਵਾਂ ਬਾਰੇ ਬਾਹਰ ਬੈਠਾ ਇਕ ਵਿਦਵਾਨ ਰਸਿਕ ਅੰਦਾਜ਼ ਵਿੱਚ ਕਿਤਾਬ ਵੀ ਲਿਖ ਰਿਹਾ ਹੈ।
ਇੰਟਰਵਿਊ ਦੌਰਾਨ ਕਿਰਨਦੀਪ ਦੇ ਜਜ਼ਬੇ street of consciousnessਵਰਗੀ ਨਾਵਲੀ ਤਕਨੀਕ ਵਾਂਗੂੰ ਹੀ ਚਲਦੇ ਸਨ ਜਿਥੇ ਵਿਚਾਰ ਅਤੇ ਭਾਵਨਾਵਾਂ ਦੇ ਪ੍ਰਵਾਹ ਇਕੋਂ ਸੇਧ ਅਤੇ ਇਕਸਾਰਤਾ ਵਿੱਚ ਨਹੀਂ ਚਲਦੇ ਪਰ ਫਿਰ ਵੀ ਪਾਠਕਾਂ ਦੇ ਮਨ ਨੂੰ ਵੰਨ ਸੁਵੰਨੇ ਰੰਗਾਂ ਨਾਲ ਸਰਸ਼ਾਰ ਜ਼ਰੂਰ ਕਰ ਦਿੰਦੇ ਹਨ। ਵਰਜੀਨੀਆ ਵੁਲਫ ਅਤੇ ਜੇਮਜ਼ ਜਾਇਸ ਵਰਗੇ ਲੇਖਕ ਇਸੇ ਤਕਨੀਕ ਦੇ ਪੈਰੋਕਾਰਾਂ ਵਿਚੋਂ ਹਨ। ਹੇਠਾਂ ਜਦੋਂ ਪੜੋਗੇ ਤਾਂ ਕਿਰਨਦੀਪ ਕੌਰ ਦੇ ਜਜ਼ਬੇ ਇਕ ਤਰ੍ਹਾਂ ਨਾਲ ਕਈ ਵਿਸ਼ਿਆਂ ਉਤੇ ਸੰਖੇਪ ਟਿੱਪਣੀਆਂ ਵੀ ਲਗਦੀਆਂ ਹਨ:
"੧੧ਦਿਨ ਮੈਂ ਕੁਝ ਨਹੀਂ ਖਾਧਾ••••ਕਮਰਾ ਬੰਦ ਕਰਕੇ ਦਿਨ ਕਟੇ•••••ਪਾਣੀ ਦਾ ਇਕ ਤੁਪਕਾ ਵੀ ਨਹੀਂ ਪੀਤਾ••ਵਾਹਿਗੁਰੂ, ਇਕ ਤੁਪਕਾ ਵੀ ਨਹੀਂ ਲੰਘਣਾ ਚਾਹੀਦਾ ••••ਕਿਸੇ ਨਾਲ ਵੀ ਨਹੀਂ ਬੋਲੀ•••ਡੋਲਦੀ ਵੀ ਰਹੀ •••••ਰੋਂਦੀ ਵੀ ਰਹੀ•••ਪਰ ਆਪਣੇ ਆਪ ਨੂੰ ਸਾਂਭਦੀ ਵੀ ਰਹੀ••••ਕੀ ਰੋਣਾ ਗਲਤੀ ਹੈ •••ਗੁਨਾਹ ਹੈ •••ਕੋਈ ਕਮਜ਼ੋਰੀ ਹੈ •••ਪਾਪ ਹੈ ਜਿਵੇਂ ਕਿ ਅਸਾਂ ਬਣਾ ਦਿੱਤਾ ਹੈ ••ਇਕਲਤਾ •••ਮੇਰੇ ਲਈ ਚੜਦੀ ਕਲਾ ਹੈ •••ਬਸ ਇਕੋ ਸੋਚ••• ਅੰਮ੍ਰਿਤ ਕਿਥੇ ਹੈ •••ਤੁਸੀ ਪੁੱਛੋਗੇ ਕਿ ਕਿਵੇਂ ਗੁਜ਼ਾਰੇ ੩੬ਦਿਨ ••• ਬਸ ਉਸ ਨਾਲ ਮੇਰੀਆਂ ਤਸਵੀਰਾਂ ਸਨ ••••ਉਨਾਂ ਨੂੰ ਦੇਖ ਦੇਖ ਕੇ ਦਿਨ ਕੱਟੇ •••ਉਹ ਮੇਰੀਆਂ ਯਾਦਾਂ ਸਨ•••ਮੈਨੂੰ ਕਿਹਾ ਗਿਆ ਸਭ ਕੁਝ ਡਿਲੀਟ ਕਰ ਦਿਓ •••ਪਰ ਇਹ ਕਿਵੇਂ ਹੋ ਸਕਦਾ ਸੀ •••ਮੈ ਇਨ੍ਹਾਂ ੧੧ਦਿਨਾਂ ਵਿੱਚ ਫੇਂਟ(ਬੇਹੋਸ਼) ਨਹੀਂ ਹੋਈ••ਘਰ ਦੇ ਗਵਾਹ ਹਨ ••• ਕਿਤੇ ਨਾ ਕਿਤੇ ਗੁਰੂ ਸਾਹਿਬ ਮੇਰੇ ਨਾਲ ਸਨ•••ਅੰਮਰਤ ਮੇਰੇ ਨਾਲ ਸੀ•••ਉਸ ਦੀਆਂ ਯਾਦਾਂ ਸਨ•••ਜੇ ਅੰਮ੍ਰਿਤ ਨਹੀਂ ਤਾਂ ਬਸ ਕੁਛ ਵੀ ਨਹੀਂ •••ਉਹੋ ਯਾਦਾਂ ਮੇਰੀ ਐਂਟਰਟੇਨਮੈਂਟ (ਮਨੋਰੰਜਨ) ਸਨ•••ਇਕ ਵੀ ਸੈਕਿੰਡ ਲਈ ਮੈਂ ਉਸ ਤੋਂ ਵਖ ਨਹੀਂ ਸੀ।
"ਇਕੱਲੇ ਰਹਿਣਾ ਤਾਕਤ ਦਿੰਦਾ ਹੈ ਮੈਨੂੰ•••ਮੈ ਡਰੀ ਡਰੀ ਨਹੀਂ ਰਹਿੰਦੀ••••ਇਥੇ ਅਸੀਂ ਕੁੜੀਆਂ ਨੂੰ ਕਿਵੇਂ ਦਬਾ ਕੇ ਰਖਦੇ ਹਾਂ •••ਇਹ ਗਲਾਂ ਮੈਂ ਅੰਮ੍ਰਿਤਪਾਲ ਨਾਲ ਵੀ ਸਾਂਝੀਆਂ ਕਰਦੀ ਸੀ •••ਮੈ ਬਾਈ ਨੇਚਰ( ਸੁਭਾਅ ਕਰਕੇ ਹੀ) ਇਕਲੀ ਹਾਂ •••ਮੈ ਕੁਦਰਤ ਨੂੰ ਪਿਆਰ ਕਰਦੀ ਹਾਂ •••ਬੂਟਿਆਂ ਨੂੰ ਪਿਆਰ ਕਰਦੀ ਹਾਂ •••ਅਸਮਾਨ ਵਿੱਚ ਜਦੋਂ ਬਦਲਾਂ ਨੂੰ ਦੇਖਦੀ ਹਾਂ ਤਾਂ ਉਹ ਵੀ ਮੇਰੇ ਸਪੋਰਟਰ ਹਨ•••ਮੇਰਾ ਸਹਾਰਾ ਹਨ•••ਮੈਂ ਡਰਾਮੇ ਨਹੀਂ ਕਰ ਸਕਦੀ•••ਮੈ ਫੇਕ(ਲੇਪਾ ਪੋਚੀ ਨਹੀਂ ਕਰਦੀ) ਨਹੀਂ •••ਮੈ ਝੂਠ ਨਹੀਂ ਬੋਲ ਸਕਦੀ। ਜੋ ਦਿਲ ਵਿੱਚ ਹੈ ਉਹ ਕਹਿ ਦਿੰਦੀ ਹਾਂ ••••ਮੈਂ ਦੁਨੀਆਂ ਵੇਖੀ ਹੈ •••ਅਮਰੀਕਾ ਕਨੇਡਾ,ਯੂਰਪ ਘੁੰਮੀ ਹਾਂ ••••ਜ਼ਿੰਦਗੀ ਨੂੰ ਦੇਖਿਆ ਹੈ •••ਇਨਸਾਨਾਂ ਨੂੰ ਪੜਿਆ ਹੈ••• •••ਇਨਸਾਨਾਂ ਨਾਲੋਂ ਕੁਦਰਤ ਨੇੜੇ ਲੱਗਦੀ ਐ•••ਹਾਂ,ਗੁਸਾ ਵੀ ਚੜਦਾ ਹੈ, ਮਾਂ ਪਿਓ ਵੀ ਕਈ ਵਾਰ ਨਾਰਾਜ਼ ਹੋ ਜਾਂਦੇ ਸਨ•••ਆਖਣਗੇ ,ਏਸ ਨੂੰ ਬੋਲਣ ਦਾ ਚਜ ਨਹੀਂ ਪਰ ਮੈਂ ਇਵੇਂ ਹੀ ਹਾਂ ••••ਮੈ ਇਹੋ ਜਿਹੀ ਨਹੀਂ ਹਾਂ ਜੋ ਆਪਣੇ ਆਪ ਨੂੰ ਮਾਰ ਲਵੇ,ਬਸ ਮੈਨੂੰ ਤੇਰੇ (ਅੰਮ੍ਰਿਤਪਾਲ) ਤੋਂ ਇਲਾਵਾ ਕੋਈ ਨਹੀਂ ਚਾਹੀਦਾ•••ਜੇ ਅੰਮ੍ਰਿਤਪਾਲ ਹੈ ਤਾਂ ਸਭ ਕੁਝ ਹੈ •••।
"ਗਿਆਰਵੇਂ ਦਿਨ 29 ਮਾਰਚ ਨੂੰ ਜਦੋਂ ਅੰਮ੍ਰਿਤਪਾਲ ਦੀ ਵੀਡੀਓ ਆਈ ਤਾਂ ਉਸ ਦਿਨ ਪਹਿਲੀ ਵਾਰ ਮੈਂ ਕੁਝ ਖਾਧਾ•••ਉਸਦੇ ਪੇਸ਼ ਹੋਣ ਤੋਂ ਪਹਿਲਾਂ ਮੈਂ ਮਿਲਣਾ ਚਾਹੁੰਦੀ ਸੀ••••ਪਰ ਇਸ ਦੀ ਇਜਾਜ਼ਤ ਹੀ ਨਹੀਂ ਸੀ••• ਮੈਂ ਉਸ ਨੂੰ ਵੇਖਣਾ ਚਾਹੁੰਦੀ ਸੀ •••ਭਾਵੇਂ ਦੂਰੋਂ ਹੀ ਵੇਖ ਲਵਾਂ •••ਬਸ ਇਕ ਵਾਰ ਲੇਖ ਲਵਾਂ •••।"
ਜਦੋਂ ਮੈਂ ਪੁੱਛਿਆ ਕਿ ਜੇਲ੍ਹ ਵਿਚ ਜਦੋ ਮਿਲੇ ਤਾਂ ਉਸ ਸਮੇਂ ਅੰਮ੍ਰਿਤਪਾਲ ਨੂੰ ਮਿਲ ਕੇ ਕਿਵੇਂ ਮਹਿਸੂਸ ਹੋਇਆ? ਅੰਮ੍ਰਿਤਪਾਲ ਦਾ ਚਿਹਰਾ ਕਿਵੇਂ ਲਗਿਆ? ਕਿਰਨਦੀਪ ਦਾ ਜਵਾਬ ਸੁਣੋ:
"ਉਸ ਦੇ ਮੁਖ ਤੇ ਮੈਂ ਨੂਰ ਵੇਖਿਆ ਜਿਵੇਂ ਉਸ ਨੂੰ ਕੁਝ ਹੋਇਆ ਹੀ ਨਹੀਂ ਸੀ ••ਮੈ ਗਲ ਲੱਗ ਕੇ ਮਿਲੀ••••"
ਮੈਂ ਸਵਾਲ ਕੀਤਾ: ਕੀ ਤੁਸੀਂ ਰੋਏ?
ਜਵਾਬ ਆਇਆ ਕਿ ਹਾਂ,ਬਹੁਤ ਰੋਈ••ਪਰ ਅਮ੍ਰਿਤ ਦੀ ਅਖ ਨਮ ਨਹੀਂ ਸੀ ••ਮੈ ਉਸ ਨੂੰ ਹਮੇਸ਼ਾ ਵਾਂਗ ਹੀ ਦ੍ਰਿੜ ਅਤੇ ਤਕੜਾ ਮਹਿਸੂਸ ਕੀਤਾ •••ਉਸ ਨੇ ਤਸਲੀ ਦਿਤੀ ਤੇ ਕਿਹਾ,ਦੇਖ! ਮੈਂ ਤੇਰੇ ਸਾਹਮਣੇ ਖੜ੍ਹਾ ਹਾਂ •••ਮੈ ਹੈਗਾ ਹਾਂ ਨਾ ••••"।
ਲੰਮੀ ਇੰਟਰਵਿਊ ਤੋਂ ਪਿੱਛੋਂ ਇਉ ਮਹਿਸੂਸ ਹੋਇਆ ਕਿ ਅੰਮ੍ਰਿਤਪਾਲ ਸਿੰਘ ਵਾਂਗ ਕਿਰਨਦੀਪ ਵੀ ਕਾਫੀ ਮਚਿਉਰ ਹੈ।ਉਹ ਨਾ ਹੀ ਲਾਈ ਲੱਗ ਹੈ ਅਤੇ ਨਾ ਹੀ ਉਸ ਨੂੰ ਉਸ ਦੇ ਆਪਣੇ ਸ਼ਬਦਾਂ ਮੁਤਾਬਕ ਕੋਈ ਮੂਰਖ ਬਣਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਜਣੇ ਸਵਾਲਾਂ ਦਾ ਜਵਾਬ ਦੇਣ ਵਿੱਚ ਹਾਜ਼ਰ ਜਵਾਬੀ ਦੇ ਹੁਨਰ ਵਿਚ ਨਿਪੁੰਨ ਹਨ। ਦੋਵੇਂ ਏਕਾਂਤ ਦੀ ਦੁਨੀਆਂ ਨੂੰ ਪਸੰਦ ਕਰਦੇ ਹਨ। ਅੰਮ੍ਰਿਤਪਾਲ ਲਈ ਕਿਰਨਦੀਪ ਦੇ ਕਹਿਣ ਮੁਤਾਬਕ ਖਾਲਸਾ ਪੰਥ ਪ੍ਰਥਮ ਹੈ ਪਰ ਕਿਰਨਦੀਪ ਉਸ ਲਈ ਵੱਡਾ ਸਹਾਰਾ ਹੈ। ਡਿਬਰੂਗੜ੍ਹ ਜੇਲ ਵਿਚ ਅੰਮ੍ਰਿਤਪਾਲ ਦਾ ਕਮਰਾ ਵੱਖਰਾ ਹੈ, ਭਾਵੇਂ ਦੂਜੇ ਸਾਥੀ ਵੀ ਨਾਲ ਲੱਗਦੇ ਕਮਰੇ ਵਿੱਚ ਹਨ ਅਤੇ ਇਕ ਦੂਜੇ ਨਾਲ ਗੱਲਾਂ ਕਰ ਸਕਦੇ ਹਨ।
ਕਿਰਨਦੀਪ ਰਾਜਨੀਤਕ ਦੁਨੀਆ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਰੱਖਦੀ ਪਰ ਇਉਂ ਲਗਦਾ ਹੈ ਜਿਵੇਂ ਕਿਸੇ ਨਾ ਕਿਸੇ ਦਿਨ ਹਾਲਾਤ ਉਸ ਨੂੰ ਉਸ ਦੁਨੀਆਂ ਤਕ ਲੈ ਹੀ ਜਾਣਗੇ।
ਜੇਲ ਵਿੱਚ ਸਾਰੇ ਨਜ਼ਰਬੰਦ ਸਿੰਘਾਂ ਨੂੰ ਬਣਦੀਆਂ ਸਹੂਲਤਾਂ ਹਨ ਅਤੇ ਮਰਜ਼ੀ ਦਾ ਖਾਣਾ ਮਿਲਦਾ ਹੈ।ਆਸਾਮ ਦਾ ਮੀਡੀਆ ਕਿਰਨਦੀਪ ਨੂੰ ਠੀਕ ਲੱਗਿਆ ਹੈ, ਆਖਦੇ ਸਨ, ਕੁਛ ਤਾਂ ਕਹਿ ਜਾਓ ,ਪਰ ਕਿਰਨਦੀਪ ਮੀਡੀਆ ਤੋਂ ਦੂਰ ਹੀ ਰਹਿੰਦੀ ਹੈ। ਉਸ ਦੇ ਅੰਦਰ ਪ੍ਰਸਿੱਧੀ ਦੀ ਕੋਈ ਭੁੱਖ ਨਹੀਂ ਜਾਪਦੀ। ਉਹ ਵਾਤਾਵਰਨ ਅਤੇ ਆਲੇ ਦੁਆਲੇ ਦੇ ਮਾਹੌਲ ਨੂੰ ਅਤੇ ਨਿਕੀਆਂ ਨਿਕੀਆਂ ਚੀਜ਼ਾਂ ਨੂੰ ਨੀਝ ਲਾ ਕੇ ਵੇਖਦੀ ਹੈ।ਕੇਵਲ ਉਹ ਹੀ ਦਸ ਸਕਦੀ ਹੈ ਕਿ ਜੇਲ ਦੇ ਪਿੱਛੇ ਦਰਿਆ ਵਗਦਾ ਹੈ ਅਤੇ ਮੌਸਮ ਪੰਜਾਬ ਨਾਲੋਂ ਠੰਡਾ ਹੈ। ਕਈ ਵਾਰ ਤਾਪਮਾਨ ਵੀਹ ਇਕੀ ਸੈਂਟੀਗਰੇਡ ਤਕ ਵੀ ਪਹੁੰਚ ਜਾਂਦਾ ਹੈ।ਪਪਲਪ੍ਰੀਤ ਅਤੇ ਹੋਰ ਸਿੰਘਾਂ ਨਾਲ ਗੱਲਬਾਤ ਕਰਨ ਦੀ ਆਗਿਆ ਨਹੀਂ,ਪਰ ਕਈ ਵਾਰ ਫ਼ਤਿਹ ਦੀ ਸਾਂਝ ਦੂਰ ਤੋਂ ਹੋ ਹੀ ਜਾਂਦੀ ਹੈ।
ਜੇਲ੍ਹ ਅੰਦਰ ਕਿਤਾਬਾਂ ਲਿਜਾਣ ਦੀ ਪਾਬੰਦੀ ਨਹੀਂ। ਕਿਰਨਦੀਪ ਅੰਗਰੇਜ਼ੀ ਅਤੇ ਪੰਜਾਬੀ ਦੀਆਂ ਕਿਤਾਬਾਂ ਲੈ ਕੇ ਜਾਂਦੀ ਹੈ। ਅੰਮ੍ਰਿਤਪਾਲ ਅੰਗਰੇਜ਼ੀ ਦੀਆਂ ਕਿਤਾਬਾਂ ਵਧ ਪੜਦਾ ਹੈ।ਉਸ ਨੂੰ ਕ੍ਰਾਈਮ ਅਤੇ ਥਰਿਲਰ ਵਧੇਰੇ ਕਰਕੇ ਪਸੰਦ ਹਨ।
ਕਿਰਨਦੀਪ ਚੰਗੀਆਂ ਅਤੇ ਮਹਾਨ ਫਿਲਮਾਂ ਦੇਖਦੀ ਹੈ। ਉਸ ਨੇ ਬਹੁਤ ਸਾਰੀਆਂ ਕਿਤਾਬਾਂ ਨੂੰ ਨਹੀਂ ਪੜ੍ਹਿਆ ਪਰ ਉਸ ਨੇ "ਜ਼ਿੰਦਗੀ ਦੀ ਕਿਤਾਬ"ਨੂੰ ਬਹੁਤ ਗੰਭੀਰ ਹੋ ਕੇ ਪੜਿਆ ਅਤੇ ਬੁਝਿਆ ਹੈ। ਉਸ ਨੂੰ "ਬਲੈਕ ਪ੍ਰਿੰਸ" ਫਿਲਮ ਬਹੁਤ ਵਧੀਆ ਲੱਗੀ। ਇਸ ਫਿਲਮ ਵਿਚ ਸਿੱਖ ਰਾਜ ਖੁੱਸ ਜਾਣ ਪਿਛੋ ਮਹਾਰਾਜਾ ਦਲੀਪ ਸਿੰਘ ਦੀ ਦਰਦ ਭਰੀ ਦਾਸਤਾਨ ਹੈ ਅਤੇ ਇਹ ਫ਼ਿਲਮ ਅੰਤਰਰਾਸ਼ਟਰੀ ਸਨਮਾਨ ਵੀ ਹਾਸਲ ਕਰ ਚੁੱਕੀ ਹੈ। ਸਿਰਤਾਜ ਅਤੇ ਸੋਹਬਾਨਾ ਆਜ਼ਮੀ ਇਸ ਫਿਲਮ ਵਿੱਚ ਕੰਮ ਕਰਦੇ ਹਨ।
ਕਿਰਨਦੀਪ ਉਹ ਕਿਤਾਬਾਂ ਵਧੇਰੇ ਪਸੰਦ ਕਰਦੀ ਹੈ ਜਿਸ ਵਿੱਚ ਪੁਰਾਣੇ ਪੰਜਾਬ ਦਾ ਹਾਲ ਬਿਆਨ ਕੀਤਾ ਗਿਆ ਹੋਵੇ -ਜਦੋਂ ਪਰਿਵਾਰ ਇਕੱਠੇ ਰਿਹਾ ਕਰਦੇ ਸਨ ਅਤੇ ਜਦੋਂ ਪਰਿਵਾਰਾਂ ਅੰਦਰ ਮੋਹ ਪਿਆਰ ਹੁਣ ਨਾਲੋਂ ਕਿਤੇ ਵੱਧ ਹੁੰਦਾ ਸੀ। ਕਿਰਨਦੀਪ ਪੁਰਾਣੇ ਅਤੇ ਨਵੇਂ ਪੰਜਾਬ ਦੇ ਵਿਚਕਾਰ ਇਕ ਮਜ਼ਬੂਤ ਕੜੀ ਬਣ ਸਕਦੀ ਹੈ।ਉਸ ਦਾ ਵੀਜ਼ਾ ਵੀ ਇਕ ਸਾਲ ਲਈ ਐਕਸਟੈਂਡ ਹੋ ਗਿਆ ਹੈ ਅਤੇ ਉਹ ਖੁਸ਼ ਹੈ।
ਉਹ ਬਹੁਤ ਸੋਹਣੀ ਪੰਜਾਬੀ ਬੋਲਦੀ ਹੈ ਅਤੇ ਇਸ ਵਿੱਚ ਕਦੇ ਕਦੇ ਗੁਝੇ ਤਨਜ਼ ਵੀ ਹੁੰਦੇ ਹਨ। ਉਸ ਦੀ ਬੋਲੀ ਵਿੱਚ ਦੁਆਬੇ ਦੀ ਮਿੱਟੀ ਦੀ ਖੁਸ਼ਬੋ ਹੈ। ਇਸੇ ਇਲਾਕੇ ਵਿੱਚ ਉਸ ਦਾ ਦਾਦਾ ਅਤੇ ਨਾਨਕਾ ਪਿੰਡ ਹੈ। ਪਰ ਹੁਣ ਉਸ ਦੇ ਸਾਰੇ ਰਿਸ਼ਤੇਦਾਰ ਬਾਹਰਲੇ ਦੇਸ਼ਾਂ ਵਿੱਚ ਹੀ ਰਹਿੰਦੇ ਹਨ। ਅੰਮ੍ਰਿਤਪਾਲ ਉਸ ਦੀ ਜਿੰਦ ਜਾਨ ਹੈ।ਇਸ ਪੱਤਰਕਾਰ ਨਾਲ ਇੰਟਰਵਿਊ ਕਰਨ ਤੋਂ ਪਹਿਲਾਂ ਉਸਨੇ ਬਾਕਾਇਦਾ ਅੰਮ੍ਰਿਤਪਾਲ ਤੋਂ ਇਜਾਜ਼ਤ ਲਈ ਸੀ।
ਜਦੋਂ ਮੈਂ ਪੁੱਛਿਆ ਕਿ "ਵਾਰਸ ਪੰਜਾਬ ਦੇ"ਜਥੇਬੰਦੀ ਅੰਦਰ ਖਾਮੋਸ਼ੀ ਦਾ ਮਾਹੌਲ ਹੈ ਅਤੇ ਕੋਈ ਵੀ ਬੋਲ ਨਹੀਂ ਰਿਹਾ,ਇਕ ਅਣਦਿਸਦਾ ਡਰ,ਖਿਲਾਅ ਅਤੇ ਤਨਾਅ ਨਜ਼ਰ ਆ ਰਿਹਾ ਹੈ ਤਾਂ ਕੀ ਇਸ ਹਾਲਤ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਜਥੇਬੰਦੀ ਦੇ ਕਾਰਕੁਨਾਂ ਲਈ ਏਕਤਾ ਅਤੇ ਹੌਂਸਲਾ ਰੱਖਣ ਦਾ ਕੋਈ ਸੰਦੇਸ਼ ਨਹੀਂ ਦੇਣਾ ਚਾਹੀਦਾ? ਕਿਰਨਦੀਪ ਇਹ ਅਤੇ ਇਹੋ ਜਿਹੇ ਹੋਰ ਕਈ ਅਣਸੁਖਾਵੇਂ ਸਵਾਲਾਂ ਬਾਰੇ ਚੁੱਪ ਰਹਿੰਦੀ ਹੈ ਜਾਂ "ਆਫ ਦੀ ਰਿਕਾਰਡ" ਦੀ ਰਣਨੀਤੀ ਅਪਨਾ ਰਹੀ ਹੈ ਅਤੇ ਸਾਰਾ ਕੁਝ ਅੰਮ੍ਰਿਤਪਾਲ ਸਿੰਘ ਉਤੇ ਹੀ ਛੱਡਦੀ ਹੈ। ਇਉਂ ਲਗਦਾ ਹੈ ਫਿਲਹਾਲ ਸਾਰਾ ਜ਼ੋਰ ਅਤੇ ਤਾਕਤ ਐਨ ਐਸ ਏ ਤੁੜਵਾਉਣ ਤੇ ਲੱਗੀ ਹੋਈ ਹੈ। ਉੱਘੇ ਵਕੀਲ ਨਵਕਿਰਨ ਸਿੰਘ ਨੂੰ ਮਿਲਣ ਦੀ ਵੀ ਆਗਿਆ ਮਿਲ ਗਈ ਹੈ ਪਰ ਸ਼ਾਇਦ ਵਕੀਲਾਂ ਵਿਚ ਆਪਸੀ ਤਾਲਮੇਲ ਦੀ ਘਾਟ ਹੈ।
ਜਦੋ ਮੈਂ ਸੋਚ ਸੋਚ ਕੇ ਸਵਾਲ ਕਰ ਹੀ ਲਿਆ ਕਿ ਕੀ ਹੁਣ ਇਉਂ ਮਹਿਸੂਸ ਨਹੀਂ ਹੋ ਰਿਹਾ ਕਿ ਅੰਮ੍ਰਿਤਪਾਲ ਸਿੰਘ ਰੌਸ਼ਨੀ ਦੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਸੀ ਅਤੇ ਕਿਤੇ ਨਾ ਕਿਤੇ ਰਾਜਨੀਤਕ ਸੰਜਮ ਦੀ ਦੁਨੀਆਂ ਨਾਲ ਗੰਭੀਰ ਅਤੇ ਬਾਰੀਕ ਰਿਸ਼ਤੇ ਟੁਟ ਰਹੇ ਸਨ ਤਾਂ ਕਿਰਨਦੀਪ ਕੌਰ ਦੀ ਚੁੱਪ ਲੰਮੀ ਸੀ,ਜਾਂ ਕੋਈ ਵੀ ਜਵਾਬ ਉਸ ਦੇ ਅਧਿਕਾਰ ਖੇਤਰ ਤੋਂ ਬਾਹਰ ਸੀ ਜਾਂ ਫਿਰ ਉਸ ਦੀ ਚੁੱਪ ਵਿਚ "ਹਾਂ"ਸੀ।
ਕਈ ਵਾਰ ਇਤਿਹਾਸ ਆਗੂਆਂ ਨੂੰ ਇਹੋ ਜਿਹੇ ਮੋੜਾਂ ਤੇ ਲਿਆ ਖੜਾ ਕਰਦਾ ਹੈ ਜਦੋਂ ਸਵਾਲਾਂ ਦੇ ਜਵਾਬ ਵੀ ਤਾਂ ਸਵਾਲ ਹੀ ਹੁੰਦੇ ਹਨ। ਕਿਰਨਦੀਪ ਨਾਲ ਲੰਮੀ ਮੁਲਾਕਾਤ ਅਤੇ ਉਸ ਦੀ ਸ਼ਖਸੀਅਤ ਦੇ ਵਖ ਵਖ ਪਹਿਲੂ ਦਿਲਚਸਪ ਹੋਣ ਦੇ ਨਾਲ ਨਾਲ ਉਸ ਦੇ "ਅੰਦਰਲੇ ਅਮ੍ਰਿਤਪਾਲ" ਨੂੰ ਵੀ ਵੇਖਣ ਸਮਝਣ ਦਾ ਮੌਕਾ ਮਿਲਿਆ। ਅੰਮ੍ਰਿਤਪਾਲ ਫਿਰ ਆਵੇਗਾ,ਉਸੇ ਤਰ੍ਹਾਂ ਦੀਆਂ ਰੌਣਕਾਂ ਲਗਣਗੀਆਂ,ਸੁਚੇਤ ਜਜ਼ਬਿਆਂ ਦੇ ਹੜ ਵੀ ਆਉਣਗੇ, ਜੁਝਾਰੂ ਲਹਿਰ, ਸੰਤ ਜਰਨੈਲ ਸਿੰਘ,ਦੀਪ ਸਿੱਧੂ,ਸਿਧੂ ਮੂਸੇਵਾਲਾ ਇਕ ਵਾਰ ਮੁੜ ਅੰਮ੍ਰਿਤਪਾਲ ਸਿੰਘ ਰਾਹੀਂ ਯਾਦਾਂ ਵਿੱਚ ਉਤਰਣਗੇ ਪਰ ਹੁਣ ਜੋਸ਼,ਹੋਸ਼,ਧੀਰਜ, ਗੰਭੀਰਤਾ,ਅਣਖ ਦਾ ਇਕ ਉਚਾ ਸੁੱਚਾ ਸੰਤੁਲਨ ਸਾਡੇ ਦਿਲਾਂ ਤੇ ਰਾਜ ਕਰੇਗਾ। ਸਾਡੀਆਂ ਉਡੀਕਾਂ ਨੇ ਅਜੇ ਦਮ ਨਹੀਂ ਤੋੜਿਆ।