
25/05/2025
ਵਿਆਹ ਜਲੇਬੀ ਵਰਗੀ ਉਲਝਣ ਹੈ। ਇਹ ਸ਼ੁਗਰ ਕੋਟਡ ਘੇਰਾਬੰਦੀ ਹੈ ਜਿਸ ਵਿੱਚ ਵਿਆਹ ਵਾਲਾ ਵਿਆਕਤੀ ਬਾਹਰੀ ਵੱਡੇ ਘੇਰੇ ਤੋਂ ਸ਼ੁਰੂ ਹੋ ਕੇ ਕੇਂਦਰ ਬਿੰਦੂ ਉੱਪਰ ਤਾਲਾਬੰਦ ਹੋ ਜਾਂਦਾ ਹੈ।
ਇਸ ਵਿੱਚ ਕੋਈ ਮੰਨੇ ਨਾ ਮੰਨੇ ਸਭ ਤੋਂ ਵੱਡੀ ਕੁਰਬਾਨੀ ਕੁੜੀ ਕਰਦੀ ਹੈ। ਆਪਣੇ ਘਰ ਵਿੱਚ ਸਭ ਤੋਂ ਲਾਡਲੀ ਹੁੰਦੀ ਹੈ ਜਿਸਦੀ ਮਨਪਸੰਦ ਦੀ ਸਬਜ਼ੀ ਬਣਦੀ ਹੈ, ਪਹਿਲੀ ਰੋਟੀ ਓਸ ਨੂੰ ਪਰੋਸੀ ਜਾਂਦੀ ਹੈ, ਘਰ ਦਾ ਰੰਗ, ਦਰਵਾਜ਼ੇ ਖਿੜਕੀਆਂ ਨਿੱਕੀ ਤੋਂ ਵੱਡੀ ਚੀਜ਼ ਵਿੱਚ ਉਸਦੀ ਪਸੰਦ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ । ਅਚਾਨਕ ਵਿਆਹ ਹੁੰਦਾ ਹੈ ਅਗਲੇ ਘਰ ਓਹ ਸਭ ਤੋਂ ਆਖ਼ਰੀ ਮੈਂਬਰ ਹੁੰਦੀ ਹੈ। ਕਦੇ ਕਿਸੇ ਨੇ ਇਹ ਨਹੀਂ ਸੋਚਣਾ ਕਿ ਕਿਧਰੇ ਤੈਨੂੰ ਮਿਰਚ ਜਾਂ ਘੱਟ ਜਾਂ ਵੱਧ ਨਾਪਸੰਦ ਤਾਂ ਨਹੀਂ। ਕਦੇ ਕਿਸੇ ਉਸਦੇ ਖੁਸ਼ੀ ਗਮੀਦੇ ਦਿਨਾਂ ਦੀ ਪ੍ਰਵਾਹ ਨਹੀਂ ਕਰਨੀ । ਕਦੇ ਕਿਸੇ ਨੇ ਉਸਦੇ ਪੂਰਾ ਦਿਨ ਰਸੋਈ ਵਿੱਚ ਗਾਲ ਕੇ ਬਣਾਏ ਭੋਜਨ ਨੂੰ ਅਨੰਦ ਨਾਲ ਨਹੀਂ ਖਾਣਾ।
ਮਾਂ ਆਖਦੀ ਹੁੰਦੀ ਤੂੰ ਸੂਟਾਂ ਦਾ ਇਹ ਨੀ ਓਹ ਰੰਗ ਪਾਇਆ ਕਰ। ਮਾਂ ਆਖਦੀ ਹੁਣ ਤੇਰੇ ਕੋਲ ਫਲਾਣੇ ਰੰਗ ਦਾ ਸੂਟ ਹੈਨੀ ਓਹ ਬਣਾਈ ਇਸ ਵਾਰ। ਮਰਜਾਣੀਆਂ ਕੁੜੀਆਂ ਏਸੇ ਚਾਅ ਨਾਲ ਉੱਡਦੀਆਂ ਫਿਰਦੀਆਂ ਦੇ ਖੰਭ ਝੜਕੇ ਡਿੱਗ ਪੈਂਦੇ ਜਦ ਸਰਦੀਆਂ ਵੀ ਬਿਨਾਂ ਕੋਟੀਆਂ ਤੋਂ ਇੱਕ ਸ਼ਾਲ ਵਿੱਚ ਲੰਘ ਜਾਂਦੀਆਂ ਜੋ ਪੇਕਿਆਂ ਤੋਂ ਦਾਜ ਵਿੱਚ ਆਇਆ ਹੁੰਦਾ।
ਅਜਿਹੇ ਰਿਸ਼ਤੇ ਖਤਰਨਾਕ ਹੁੰਦੇ ਨੇ ਜਦੋਂ ਵਿਆਹ ਕੇ ਲੈ ਕੇ ਆਇਆ ਆਪਣੀ ਛੋਟੀ ਜਿੰਨੀ ਬੁੱਧੀ ਦਾ ਪੂਰਾ ਗਿਆਨ ਇਕੱਠਾ ਕਰਕੇ ਇਹ ਕਹਿੰਦਾ ਕਿ ਤੇਰੇ ਮੂੰਹੋਂ ਕਦੇ ਸਹਿਜ ਸੁਭਾਅ ਇਹ ਨਹੀਂ ਨਿੱਕਲਦਾ ਕਿ ਮੇਰਾ ਘਰ। ਭਲਿਆਂ ਮਾਣਸਾ ਅਗਲੀ ਨੂੰ ਮਹਿਸੂਸ ਤਾਂ ਕਰਵਾਓ ਕਿ ਓਹਦਾ ਘਰ । ਅਚਾਨਕ ਹੀ ਇਹ ਖਾਹਿਸ਼ ਦੀ ਬੋ ਆਉਣ ਲੱਗਦੀ ਹੈ ਕਿ ਕੁੜੀ ਪੇਕਿਆਂ ਦਾ ਫੇਰਾ ਵੀ ਘੱਟ ਕਰ ਦੇਵੇ । ਭੱਲਾਂ ਕਿੰਝ ਹੋ ਸਕਦਾ ਕਿ ਜਨਮ ਦੇਣ ਵਾਲੀ ਤੋਂ ਦੂਰ ਰਹਿਣਾ, ਓਹਨਾਂ ਕੰਧਾਂ ਤੋਂ ਦੂਰ ਰਹਿਣਾ ਜਿਹਨਾਂ ਉੱਤੇ ਕੋਲੇ ਨਾਲ ਨਿਸ਼ਾਨ ਲਾ ਲਾ ਅਗਲੀ ਦੇ ਮਾਪਿਆ ਨੇ ਇੰਚ-ਇੰਚ ਉਡਾਰ ਹੁੰਦੇ ਦੇਖਿਆ।
ਵਿਆਹ ਦੇ ਰਿਸ਼ਤਿਆਂ ਵਿੱਚ ਤਕਰਾਰ ਅਤੇ ਤਰੇੜਾਂ ਨਹੀਂ ਭਰ ਸਕਦੀਆਂ ਜਦ ਤੱਕ ਕੁੜੀਆਂ ਨੂੰ ਓਹਨਾ ਦੇ ਹਮਸ਼ਫਰ ਬਰਾਬਰ ਦਾ ਬੋਝ ਚੁੱਕਣ ਵਾਲੇ ਨਹੀਂ ਮਿਲਦੇ, ਸਹੁਰੇ ਧੀਅ ਵਾਲਾ ਸਨਮਾਨ ਨਹੀਂ ਦਿੰਦੇ। ਕੁੜੀਆਂ ਨੂੰ ਕੁਝ ਆਪਣਾ ਚਾਹੀਦਾ ਨਾ ਕਿ ਕੇਵਲ ਰਹਿਣ ਲਈ ਛੱਤ ।
ਕੁੜੀਆਂ ਨੂੰ ਕੇਵਲ ਤੁਹਾਡੇ ਘਰ ਦੀ ਰੋਟੀ ਨਹੀਂ ਅਸਮਾਨ ਜਿੱਡੇ ਸੁਪਨਿਆਂ ਤੱਕ ਦੀ ਉਡਾਰੀ ਚਾਹੀਦੀ। ਵਿਆਹ ਕੁੜੀਆਂ ਦੇ ਜੀਵਨ ਦਾ ਅੰਤ ਨਹੀਂ ਸ਼ੁਰੂਆਤ ਹੋਣੀ ਚਾਹੀਦੀ।
ਕੇਵਲ ਹਮਬਿਸਤਰੀ ਲਈ ਵਿਆਹ ਨਾ ਕਰਵਾਓ ਜਿੰਦਗੀ ਵਿੱਚ ਅੱਗੇ ਵਧਣ ਲਈ ਵਿਆਹ ਕਰਵਾਓ। ਵਿਆਹ ਕੋਈ ਖੇਲ ਨਹੀਂ ਜੀਵਨ ਦਾ ਇੱਕ ਅਜਿਹਾ ਮੁਕਾਮ ਹੈ ਜਿਸ ਨੇ ਨਵੀਂ ਦੁਨੀਆਂ ਸਿਰਜਣੀ ਹੈ । ਓਸ ਨਵੇਂ ਜਹਾਨ ਲਈ ਨਵੇਂ ਅਸਮਾਨ ਦਾ ਇੰਤਜ਼ਾਮ ਕਰਨਾ ਵਿਆਹ ਦੀ ਪਹਿਲ ਅਤੇ ਸ੍ਰੇਸ਼ਠ ਜ਼ੁੰਮੇਵਾਰੀ ਹੈ