15/05/2025
ਤੇਰੇ ਬੁੱਢੇ ਹੱਡਾਂ ਦੀ ਕਦਰ ਮੈਂ ਜਰੂਰ ਪਾਵਾਂਗਾ। ਚਾਹੇ ਮੈਂਨੂੰ ਆਪਣੀ ਜਿੰਦਗੀ ਹੀ ਦਾਅ ਤੇ ਕਿਉਂ ਨਾਂ ਲਾਉਣੀ ਪੈ ਜਾਵੇ।ਇਹ ਝੋਲੀ ਪੈਸਿਆਂ ਨਾਲ ਨਾਂ ਭਰ ਸਕਿਆ ਤਾਂ ਖੁਸ਼ੀਆਂ ਨਾਲ ਜਰੂਰ ਭਰ ਦੇਵਾਂਗਾ। ਐਂਨਾਂ ਕੁ ਯਕੀਨ ਜਰੂਰ ਹੈ । ਤੇਰੀ ਢਾਕ ਤੇ ਬੈਠ ਕੇ ਘੁੰਮੀ,, ਤੇ ਤੇਰੀ ਉੰਗਲੀ ਫੜ ਕੇ ਪੁੱਟੀ ਇੱਕ ਇੱਕ ਡਿੰਗ ਅੱਗੇ ਇਹ ਦੁਨੀਆਂ ਬਹੁਤ ਛੋਟੀ ਆ। ਇੱਕ ਤੂੰ ਹੀ ਤਾਂ ਹੈਂ ਜੀਹਨੇ ਬਿਨਾਂ ਪਰਾਂ ਤੋਂ ਮੈਂਨੂੰ ਅੰਬਰਾਂ ਤੂੰ ਉੱਚਾ ਉੱਡਣਾਂ ਸਿਖਾਇਆ। ਇੱਕ ਤੂੰ ਹੀ ਤਾਂ ਹੈਂ ਜੀਹਨੇ ਦੋ ਦੋ ਉੰਗਲਾਂ ਨਾਲ ਮਿਣ ਕੇ ਮੈਂਨੂੰ ਐਡਾ ਕੀਤਾ।ਇੱਕ ਤੂੰ ਤਾਂ ਹੈਂ ਜੀਹਨੇ ਇਹਨਾਂ ਨਿੱਕੇ ਨਿੱਕੇ ਪੱਬਾਂ ਨੂੰ ਦੱਸਿਆ ਸੀ,, ਕਿ ਧਰਤੀ ਤੇਰੇ ਅੱਗੇ ਕੱਚ ਦੀ ਗੋਲੀ ਨਾਲੋਂ ਵੀ ਛੋਟੀ ਆ।ਮੇਰੀ ਨੀਂਦ ਖਾਤਿਰ ਜਗਰਾਤੇ ਕੱਟਣ ਵਾਲੀਏ ਤੇਰੇ ਅਹਿਸਾਨਾਂ ਅੱਗੇ ਇਹ ਆਉਂਦੇ ਜਾਂਦੇ ਸਾਹ ਵੀ ਛੋਟੀ ਗੱਲ ਲੱਗਦੇ ਨੇ। ਤੇਰੇ ਮੂੰਹ ਦੀਆਂ ਝੁਰੜੀਆਂ,ਮੱਥੇ ਦੀਆਂ ਤਿਉੜੀਆਂ,,ਮੈਂਨੂੰ ਦੇਖ ਕੇ ਕਿੱਧਰੇ ਈ ਉੱਡ ਜਾਂਦੀਆਂ ਨੇ। ਮੇਰੇ ਇੱਕ ਹੰਝੂ ਵੱਟੇ ਤੂੰ ਦੁਨੀਆਂ ਦੀਆਂ ਤਮਾਮ ਖੁਸ਼ੀਆਂ ਮੇਰੇ ਪੈਰਾਂ ਵਿਚ ਢੇਰੀ ਕਰ ਦਿੱਤੀਆਂ।ਤੇਰੀਆਂ ਬੁੱਕਲਾਂ ਚ ਬਹਿ ਕੇ ਤਾਂ ਸੁਰਗ ਵੀ ਕੋਈ ਮਮੂਲੀ ਜਹੀ ਚੀਜ਼ ਜਾਪਦੀ ਆ।ਤੇਰਿਆਂ ਬੁੱਕਾਂ ਚੋਂ ਪੀਤੇ ਪਾਣੀ,,ਤੇਰਿਆਂ ਹੱਥਾਂ ਨਾਲ ਕੁੱਟੀਆਂ ਚੂਰੀਆਂ,,ਮੇਰੇ ਤੋਤਲੇ ਤੇ ਲਾਲ੍ਹਾਂ ਨਾਲ ਭਰੇ ਮੂੰਹ ਪਾਈਆਂ ਪਚੂਰੀਆਂ ਬੁਰਕੀਆਂ ਅੱਗੇ ਇਹ ਕੌਂਮਪਲੈਨ,ਬੌਰਨ ਬੀਟੇ, ਵੀ ਕੋਈ ਅਹਿਮੀਅਤ ਨਹੀਂ ਰੱਖਦੇ। ਹੋਰ ਗੱਲਾਂ ਤਾਂ ਮੇਰੇ ਲਈ ਬਹੁਤ ਮੁਸ਼ਕਿਲ ਨੇ ਮੈਂ ਤਾਂ ਤੇਰੇ ਨੌਹਾਂ ਦਾ ਵੀ ਦੇਣ ਨੀ ਦੇ ਸਕਦਾ…ਮੈਂਨੂੰ ਇੱਕ ਦਿਨ ਕਿਸੇ ਨੇ ਇੱਕ ਗੱਲ ਕਹੀ ਸੀ..
ਇਹਨਾਂ ਛਿੱਲੇ ਹੋਏ ਬਦਾਮਾਂ ਚ ਜਰੂਰ ਕੋਈ ਅਦੁੱਤੀ ਤਾਕਤ ਹੋਵੇਗੀ।ਕਿਉੰਕੀ ਇਹ ਤੇਰੀ 'ਮਾਂ 'ਦੇ ਨੌਹਾਂ ਨੇ ਛਿੱਲੇ ਨੇ...
ਤਸਵੀਰ ਚ ਮੇਰਾ 'ਰੱਬ' ਵੱਡੀ ਮਾਂ ਕਰਤਾਰ ਕੌਰ।