
07/07/2025
e-Sanad ਪੋਰਟਲ ਲਾਂਚ ਕਰਨ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਤਰੀ ਭਾਰਤ ਦੀ ਪਹਿਲੀ ਸਰਕਾਰੀ ਯੂਨੀਵਰਸਿਟੀ ਬਣੀ- ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ
ਡਿਗਰੀਆਂ, ਟਰਾਂਸਕ੍ਰਿਪਟਸ ਅਤੇ ਸਰਟੀਫਿਕੇਟਸ ਦੀ ਤਸਦੀਕ ਅਤੇ ਅਟੈਸਟੇਸ਼ਨ ਹੁਣ ਪੂਰੀ ਤਰ੍ਹਾਂ ਆਨਲਾਈਨ, ਪੇਪਰਲੈੱਸ, ਕਾਂਟੈਕਟਲੈੱਸ ਅਤੇ ਕੈਸ਼ਲੈੱਸ
ਵਿਦਿਆਰਥੀਆਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਲਈ ਦਫਤਰਾਂ ਦੇ ਚੱਕਰਾਂ ਤੋਂ ਮੁਕਤੀ - ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ
ਅੰਮ੍ਰਿਤਸਰ, 7 ਜੁਲਾਈ (ਸੰਵਾਦ ਬਿਊਰੋ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਡਿਜੀਟਲ ਸੁਧਾਰਾਂ ਵੱਲ ਵੱਡਾ ਕਦਮ ਚੁੱਕਦਿਆਂ e-Sanad ਪੋਰਟਲ ਦੇ ਉਦਘਾਟਨੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ, “e-Sanad ਪੋਰਟਲ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੈਕਨੋਲੋਜੀ-ਅਧਾਰਿਤ ਸੁਧਾਰਾਂ ਅਤੇ ਵਿਦਿਆਰਥੀ-ਕੇਂਦਰਿਤ ਸੇਵਾਵਾਂ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਤਰੀ ਭਾਰਤ ਦੀ ਪਹਿਲੀ ਸਰਕਾਰੀ ਯੂਨੀਵਰਸਿਟੀ ਹੈ ਜਿਸਨੇ ਇਹ ਪੋਰਟਲ ਲਾਂਚ ਕੀਤਾ ਹੈ। ਇਹ ਪੋਰਟਲ ਨਾ ਸਿਰਫ਼ ਵਿਦਿਆਰਥੀਆਂ ਦੀ ਆਨਲਾਈਨ ਸਹੂਲਤ ਵਧਾਏਗਾ, ਸਗੋਂ ਉਨ੍ਹਾਂ ਨੂੰ ਗਲੋਬਲ ਪੱਧਰ ’ਤੇ ਮੁਕਾਬਲੇਬਾਜ਼ੀ ਲਈ ਵੀ ਤਿਆਰ ਕਰੇਗਾ।” ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਨਿਰੰਤਰ ਤਕਨੀਕੀ ਨਵੀਨਤਾਵਾਂ ਨੂੰ ਅਪਣਾ ਕੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇ ਰਹੀ ਹੈ।
ਉਹਨਾਂ ਕਿਹਾ ਕਿ ਇਹ ਪੋਰਟਲ ਨੈਸ਼ਨਲ ਇਨਫਾਰਮੇਟਿਕਸ ਸੈਂਟਰ (ਐੱਨ.ਆਈ.ਸੀ.) ਅਤੇ ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਨਵੀਂ ਪਹਿਲ ਨਾਲ ਵਿਦਿਆਰਥੀਆਂ ਦੀਆਂ ਡਿਗਰੀਆਂ, ਟਰਾਂਸਕ੍ਰਿਪਟਸ ਅਤੇ ਸਰਟੀਫਿਕੇਟਸ ਦੀ ਤਸਦੀਕ ਅਤੇ ਅਟੈਸਟੇਸ਼ਨ ਹੁਣ ਪੂਰੀ ਤਰ੍ਹਾਂ ਆਨਲਾਈਨ, ਪੇਪਰਲੈੱਸ, ਕਾਂਟੈਕਟਲੈੱਸ ਅਤੇ ਕੈਸ਼ਲੈੱਸ ਤਰੀਕੇ ਨਾਲ ਹੋਵੇਗੀ। ਇਸ ਨਾਲ ਵਿਦਿਆਰਥੀਆਂ ਨੂੰ ਦਸਤਾਵੇਜ਼ਾਂ ਦੀ ਤਸਦੀਕ ਲਈ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਸਮੇਂ ਅਤੇ ਸਰੋਤਾਂ ਦੀ ਵੱਡੀ ਬੱਚਤ ਹੋਵੇਗੀ।
ਯੂਨੀਵਰਸਿਟੀ ਦੇ ਸੇਨੇਟ ਹਾਲ ਵਿਖੇ ਆਯੋਜਿਤ ਸਮਾਗਮ ਵਿੱਚ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਤੋਂ ਇਲਾਵਾ, ਡੀਨ ਅਕਾਦਮਿਕ ਮਾਮਲੇ, ਪ੍ਰੋ. ਪਲਵਿੰਦਰ ਸਿੰਘ, ਰਜਿਸਟਰਾਰ ਡਾ. ਕੇ. ਐਸ. ਚਾਹਲ ਸਮੇਤ ਅਧਿਆਪਕ, ਵਿਦਿਆਰਥੀ ਅਤੇ ਐੱਨ.ਆਈ.ਸੀ. ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ਪ੍ਰੋ. ਪਲਵਿੰਦਰ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ e-Sanad ਪੋਰਟਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਇਸ ਦੇ ਲਾਭਾਂ ਬਾਰੇ ਵਿਸਥਾਰ ਨਾਲ ਦੱਸਿਆ।ਸਮਾਗਮ ਵਿੱਚ ਐੱਨ.ਆਈ.ਸੀ. ਦੇ ਸੀਨੀਅਰ ਅਧਿਕਾਰੀਆਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ ਜਿਨਾਂ ਵਿੱਚਸ਼੍ਰੀ ਇੰਦਰਪਾਲ ਸਿੰਘ ਸੈਥੀ, ਡਾਇਰੈਕਟਰ ਜਨਰਲ, ਐੱਨ.ਆਈ.ਸੀ., ਸ਼੍ਰੀ ਵਿਵੇਕ ਵਰਮਾ, ਡਿਪਟੀ ਡਾਇਰੈਕਟਰ ਜਨਰਲ, ਐੱਨ.ਆਈ.ਸੀ. ਪੰਜਾਬ, ਕੀਰਤੀ ਮਹਾਜਨ, ਡਾਇਰੈਕਟਰ (ਆਈ.ਟੀ.), ਐੱਨ.ਆਈ.ਸੀ. ਪੰਜਾਬ ਤੋਂ ਇਲਾਵਾ ਹੋਰ ਅਧਿਕਾਰੀ ਵੀ ਸ਼ਾਮਿਲ ਸਨ।
ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਪੋਰਟਲ ਵਿਦਿਆਰਥੀਆਂ ਅਤੇ ਸੰਸਥਾਵਾਂ ਲਈ ਡਿਜੀਟਲ ਸੁਵਿਧਾਵਾਂ ਦਾ ਇੱਕ ਨਵਾਂ ਦੌਰ ਸ਼ੁਰੂ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਡਿਗਰੀਆਂ, ਟਰਾਂਸਕ੍ਰਿਪਟਸ ਅਤੇ ਸਰਟੀਫਿਕੇਟਸ ਦੀ ਤਸਦੀਕ ਅਤੇ ਅਟੈਸਟੇਸ਼ਨ ਪੂਰੀ ਤਰ੍ਹਾਂ ਆਨਲਾਈਨ ਹੋਵੇਗੀ, ਜਿਸ ਨਾਲ ਸਮੇਂ ਦੀ ਬੱਚਤ ਹੋਵੇਗੀ।
ਉਹਨਾਂ ਦੱਸਿਆ ਕਿ ਪੇਪਰਲੈੱਸ ਅਤੇ ਕਾਂਟੈਕਟਲੈੱਸ ਤਰਜੀਹਾਂ ਨੂੰ ਪਹਿਲ ਦਿੰਦਿਆਂ ਕਾਗਜ਼ੀ ਕਾਰਵਾਈ ਆਦਿ ਦੀ ਜ਼ਰੂਰਤ ਨੂੰ ਘੱਟ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਸੁਰੱਖਿਅਤ ਆਨਲਾਈਨ ਭੁਗਤਾਨ ਸੁਵਿਧਾ ਨਾਲ ਤੇਜ਼ ਅਤੇ ਸੁਵਿਧਾਜਨਕ ਟਰਾਂਜੈਕਸ਼ਨ ਤੋਂ ਇਲਾਵਾ ਵਿਦੇਸ਼ੀ ਸੰਸਥਾਵਾਂ ਅਤੇ ਅਦਾਰਿਆਂ ਲਈ ਵੀ ਅਟੈਸਟੇਸ਼ਨ ਦੀ ਸੁਵਿਧਾ ਸ਼ਾਮਿਲ ਹੈ
ਟਰੈਕਿੰਗ ਸਹੂਲਤ ਬਾਰੇ ਗੱਲ ਕਰਦਿਆਂ ਡਾਕਟਰ ਕਰਮਜੀਤ ਸਿੰਘ ਨੇ ਕਿਹਾ ਕਿ ਅਰਜ਼ੀ ਦੀ ਸਥਿਤੀ ਨੂੰ ਆਨਲਾਈਨ ਟਰੈਕ ਕਰਨ ਦੀ ਸਹੂਲਤ ਇਸ ਦੇ ਮੁੱਖ ਹਿੱਸੇ ਵਿੱਚ ਸ਼ਾਮਿਲ ਹੈ।
ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਧਿਆਨ ਵਿੱਚ ਰੱਖਦਿਆਂ ਡਿਜੀਟਲ ਸਿਗਨੇਚਰ ਅਤੇ ਵੈਰੀਫਿਕੇਸ਼ਨ ਤਕਨੀਕਾਂ ਨਾਲ ਪ੍ਰਮਾਣਿਕਤਾ ਵੀ ਇਸ ਪੋਰਟਲ ਵਿੱਚ ਯਕੀਨੀ ਬਣਾਈ ਗਈ ਹੈ।
ਬਹੁ-ਭਾਸ਼ਾਈ ਸਹਾਇਤਾ ਦੀ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਦੱਸਿਆ ਕਿ ਵੱਖ-ਵੱਖ ਭਾਸ਼ਾਵਾਂ ਦੀ ਸੁਵਿਧਾ ਤੇ ਸਪੋਟਲ ਵਿੱਚ ਸ਼ਾਮਿਲ ਕੀਤੀ ਗਈ ਹੈ ਜਿਸ ਨਾਲ ਵੱਖ-ਵੱਖ ਭਾਸ਼ਾਵਾਂ ਜਾਣਦੇ ਲੋਕ ਵੀ ਇਸ ਦਾ ਲਾਭ ਉਠਾ ਸਕਣਗੇ।
ਐੱਨ.ਆਈ.ਸੀ. ਦੀ ਟੀਮ ਨੇ ਸਮਾਗਮ ਦੌਰਾਨ e-Sanad ਪੋਰਟਲ ਦਾ ਲਾਈਵ ਡੈਮੋ ਪੇਸ਼ ਕੀਤਾ, ਜਿਸ ਵਿੱਚ ਪੋਰਟਲ ਦੀ ਵਰਤੋਂ, ਅਰਜ਼ੀ ਪ੍ਰਕਿਰਿਆ ਅਤੇ ਟਰੈਕਿੰਗ ਸੁਵਿਧਾਵਾਂ ਨੂੰ ਵਿਸਥਾਰਪੂਰਵਕ ਦਿਖਾਇਆ ਗਿਆ। ਇਸ ਡੈਮੋ ਨੇ ਹਾਜ਼ਰੀਨ ਨੂੰ ਪੋਰਟਲ ਦੀ ਸਰਲਤਾ ਅਤੇ ਕੁਸ਼ਲਤਾ ਤੋਂ ਜਾਣੂ ਕਰਵਾਇਆ।
ਵਾਈਸ ਚਾਂਸਲਰ ਨੇ ਦੱਸਿਆ ਕਿ e-Sanad ਪੋਰਟਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਵਿਦਿਆਰਥੀਆਂ ਨੂੰ ਹੁਣ ਡਿਗਰੀਆਂ ਜਾਂ ਸਰਟੀਫਿਕੇਟਸ ਦੀ ਤਸਦੀਕ ਲਈ ਆਪ ਯੂਨੀਵਰਸਿਟੀ ਜਾਂ ਸਰਕਾਰੀ ਦਫਤਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਇਹ ਸੁਵਿਧਾ ਖਾਸ ਤੌਰ ’ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲਜ਼ ਲਈ ਬਹੁਤ ਲਾਭਕਾਰੀ ਸਾਬਤ ਹੋਵੇਗੀ, ਜਿਨ੍ਹਾਂ ਨੂੰ ਅਟੈਸਟੇਸ਼ਨ ਦੀ ਪ੍ਰਕਿਰਿਆ ਵਿੱਚ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਪ੍ਰੋਗਰਾਮ ਦੇ ਅੰਤ ਵਿੱਚ ਰਜਿਸਟਰਾਰ ਡਾ. ਕੇਐਸ ਚਾਹਲ ਨੇ ਧੰਨਵਾਦੀ ਭਾਸ਼ਣ ਦਿੱਤਾ। ਉਨ੍ਹਾਂ ਨੇ ਐੱਨ.ਆਈ.ਸੀ. ਦੀ ਟੀਮ, ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਦਾ ਇਸ ਪਹਿਲ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ।