24/06/2025
ਇੱਕ ਵਿਅੰਗਮਈ ਕਹਾਣੀ: ਇਲਤੀ ਇਜ਼ਰੂ
ਇੱਕ ਵਾਰ ਦੀ ਗੱਲ ਆ। ਤਿੰਨ ਬੰਦੇ ਸੀ- ਇੱਕ ਦਾ ਨਾਂ ਮਰੀਕੂ, ਦੂਜੇ ਦਾ ਨਾਂ ਇਜ਼ਰੂ ਤੇ ਤੀਸਰਾ ਸੀ ਰਣ। ਰਣ ਅਤੇ ਇਜ਼ਰੂ ਦੇ ਘਰਾਂ ਵਿੱਚ ਤਾਂ ਲਗਭਗ ਦੋ-ਤਿੰਨ ਘਰਾਂ ਦਾ ਫਰਕ ਸੀ। ਪਰ ਜਿਹੜਾ ਮਰੀਕੂ ਸੀ, ਇਹਦਾ ਤਾਂ ਕਈ ਪਿੰਡਾਂ ਦਾ ਫਰਕ ਸੀ ਇਜ਼ਰੂ ਤੇ ਰਣ ਨਾਲੋਂ। ਪਰ ਕਿਤੇ ਨਾ ਕਿਤੇ ਇਜ਼ਰੂ ਤੇ ਮਰੀਕੂ ਦਾ ਆਪਸ ਵਿੱਚ ਨਾਤਾ ਜੁੜਿਆ ਹੋਇਆ ਸੀ। ਕਿਉਂਕਿ ਰਣ ਦੇ ਗਵਾਂਢ ਵਿੱਚ ਮਰੀਕੂ ਨੇ ਹੀ ਇਜ਼ਰੂ ਨੂੰ ਵਸਾਇਆ ਸੀ। ਇਜ਼ਰੂ ਸ਼ੁਰੂ ਤੋਂ ਹੀ ਬੜਾ ਇਲਤੀ ਰਿਹਾ। ਇਹਨੇ ਆਪਣੇ ਕਿਸੇ ਵੀ ਗਵਾਂਢੀ ਨਾਲ ਨਹੀਂ ਬਣਾ ਕੇ ਰੱਖੀ। ਕਦੀ ਕਿਸੇ ਦੇ ਵਿਹੜੇ ਵਿੱਚ ਰੋੜਾ-ਇੱਟ ਮਾਰ ਦਿੰਦਾ, ਕਦੀ ਕਿਸੇ ਦੇ ਡਾਂਗ ਮਾਰ ਦਿੰਦਾ, ਕਦੀ ਕਿਸੇ ਨੂੰ ਉਵੇਂ ਹੀ ਭੁੱਬਾਂ ਲੈ ਕੇ ਪਊਗਾ, ਕਿ ਤੂੰ ਮੇਰਾ ਫਲਾਣਾ ਨੁਕਸਾਨ ਕਰਤਾ, ਤੂੰ ਮੇਰਾ ਢੀਗੜਾ ਨੁਕਸਾਨ ਕਰਤਾ। ਪਰ ਹਰ ਵਾਰੀ ਕਸੂਰ ਇਸ ਦਾ ਹੀ ਰਹਿੰਦਾ ਸੀ। ਇਹਨੇ ਬੜੀਆਂ ਚਾਲਾਂ ਚੱਲ ਕੇ ਆਪਣੇ ਕਈ ਗੁਆਂਢੀਆਂ ਦੇ ਘਰ ਪੱਟੇ। ਕਿਉਂਕਿ ਮਰੀਕੂ ਬਹੁਤ ਤਗੜਾ ਸੀ; ਪੈਸੇ ਪੱਖੋਂ ਵੀ ਤੇ ਸਾਧਨਾ ਪੱਖੋਂ ਵੀ। ਉੱਤੋਂ ਇਹਦੇ ਨਾਲ ਯਾਰੀ ਪੱਕੀ ਹੋਣ ਕਰਕੇ, ਉਹ ਇਹਦੇ ਕਹੇ ਤੇ ਭੱਜਾ ਆਉਂਦਾ ਸੀ। ਤੇ ਵਿਚਾਰੇ ਮਹਾਤੜ ਗਵਾਂਢੀ ਨਜਾਇਜ਼ ਹੀ ਰਗੜੇ ਜਾਂਦੇ ਸਨ। ਪਰ ਐਤਕੀ ਇਜ਼ਰੂ ਨੂੰ ਆਪਣੀ ਕੀਤੀ ਇਲਤ ਪੁੱਠੀ ਪੈ ਗਈ। ਕਿਉਂਕਿ ਰਣ ਬੰਦਾ ਓਦਾਂ ਤਾਂ ਠੰਡਾ ਬੰਦਾ ਸੀ, ਪਰ ਅਗਲੇ ਨੇ ਇਜ਼ਰੂ ਦੀਆਂ ਕਰਤੂਤਾਂ ਵੇਖ ਕੇ ਤਿਆਰੀ ਵੀ ਰੱਖੀ ਹੋਈ ਸੀ। ਇਜ਼ਰੂ ਨੂੰ ਲੱਗਦਾ ਸੀ ਵੀ ਜਿਦਾਂ ਬਾਕੀ ਗਵਾਂਢੀ ਹੁਣ ਤੱਕ ਦੱਬੇ ਹੋਏ ਨੇ, ਇਹ ਵੀ ਦੱਬਿਆ ਹੀ ਸਮਝੋ। ਇਸੇ ਤਿੜ ਵਿੱਚ ਆ ਕੇ ਇਸ ਇਜ਼ਰੂ ਨੇ ਰਣ ਦੇ ਵੇੜੇ ਵਿੱਚ ਇੱਟਾਂ ਰੋੜੇ ਮਾਰਣੇ ਸ਼ੁਰੂ ਕਰ ਦਿੱਤੇ। ਬਥੇਰਾ ਆਂਡੀਆਂ ਗਵਾਂਡੀਆਂ ਨੇ ਸਮਝਾਇਆ ਵੀ ਨਾ ਪੰਗੇ ਲੈ। ਪਰ ਮਰੀਕੂ ਦੀ ਫੂਕ ਵਿੱਚ ਆ ਕੇ ਇਜ਼ਰੂ ਕਾਬੂ ਕਿੱਥੇ ਆਉਂਦਾ ਸੀ। ਚਲੋ ਰਣ ਆਇਆ ਆਪਣੇ ਤਾਅ ਵਿਚ। ਕੱਢੇ ਆਪਣੇ ਦੱਬੇ ਅਸ਼ਤਰ। ਜਦੋਂ ਭਵਾਂ ਭਵਾਂ ਕੇ ਇਜ਼ਰੂ ਦੇ ਵਿਹੜੇ ਵੱਲ ਸੁੱਟੇ ਤਾਂ ਇਜ਼ਰੂ ਭੱਜਿਆ ਮਰੀਕੂ ਕੋਲ, ਵੀ ਭਰਾਵਾ ਮੈਂ ਤਾਂ ਮਰ ਗਿਆ। ਮੇਰਾ ਕੋਈ ਮਸਲਾ ਹੱਲ ਕਰਾ। ਮੈਂ ਤਾਂ ਲੁੱਟਿਆ ਗਿਆ। ਹੁਣ ਮਰੀਕੂ ਨੇ ਸਮਝਿਆ ਵੀ ਇਹ ਤਾਂ ਫਸ ਗਿਆ। ਪਰ ਮਰੀਕੂ ਨੂੰ ਵੀ ਰਣ ਦੇ ਗਵਾਂਢੀਆਂ ਨੇ ਕਹਿ ਦਿੱਤਾ ਸੀ, ਵੀ ਇਹ ਦੋਵਾਂ ਦਾ ਮਸਲਾ। ਤੂੰ ਵਿੱਚ ਨਾ ਆ। ਜੇ ਤੂੰ ਵਿੱਚ ਆਇਆ ਤਾਂ ਛੱਡਣਾ ਅਸੀਂ ਵੀ ਨਹੀਂ ਗਾ। ਹੁਣ ਮਰੀਕੂ ਸੋਚੇ ਕਰਾਂ ਤੇ ਕਰਾਂ ਕੀ? ਕਾਫੀ ਦਿਮਾਗ ਘੁਮਾ ਘੁਮਾ ਕੇ ਉਹਨੇ ਲਾਇਆ ਹਿਸਾਬ ਕਿ ਹੌਲੀ ਜਿਹੀ ਦੋ ਤਿੰਨ ਰੋੜੇ ਰਣ ਦੇ ਮਾਰ ਦਿੰਨਾ। ਇਹਦੇ ਨਾਲ ਇਹ ਹੋਊਗਾ ਵੀ ਆਂਡੀ ਗਵਾਂਢੀ ਵੀ ਜਿਆਦਾ ਗੁੱਸਾ ਨਹੀਂ ਕਰਣਗੇ ਤੇ ਇਹ ਇਜ਼ਰੂ ਨੂੰ ਵੀ ਹੋਊਗਾ ਵੀ ਮਰੀਕੂ ਨੇ ਮੇਰਾ ਸਾਥ ਦੇ ਦਿੱਤਾ। ਤੇ ਉਹਨੇ ਇਦਾਂ ਹੀ ਕੀਤਾ। ਮਰੀਕੂ ਨੇ ਇੱਕ ਦੋ ਛੋਟੇ ਮੋਟੇ ਰੋੜੇ ਜਿਹੇ ਰਣ ਦੇ ਘਰ ਸੁੱਟਤੇ ਤੇ ਵਿਖਾਵੇ ਦੇ ਤੌਰ ਤੇ ਇਜ਼ਰੂ ਨੂੰ ਕਹਿਣ ਲੱਗ ਪਿਆ ਵੇਖ ਲੈ ਕਰਾਤੀ ਨਾ ਬੱਲੇ ਬੱਲੇ। ਦੱਬ ਲਿਆ ਰਣ ਨੂੰ, ਕਰਾ ਤੀ ਨਾ ਘੀਸੀ। ਇਹ ਕਹਿ ਕੇ ਮਰੀਕੂ ਆਪਣੇ ਘਰ ਨੂੰ ਚਲਾ ਗਿਆ। ਪਰ ਜਿਹੜੀ ਤੀਲੀ ਬਾਲ ਕੇ ਇਜ਼ਰੂ ਦੇ ਗਵਾਂਡ ਸੁੱਟ ਗਿਆ ਸੀ, ਉਸ ਦਾ ਸੇਕ ਤਾਂ ਇਜ਼ਰੂ ਨੂੰ ਝੱਲਣਾ ਹੀ ਪੈਣਾ ਸੀ। ਆਪ ਤਾਂ ਭੱਜ ਗਿਆ ਪਤੰਦਰ, ਪਰ ਇਜ਼ਰੂ ਰਣ ਦੇ ਕਾਬੂ ਆ ਗਿਆ। ਕਢਾਈਆਂ ਚੀਕਾਂ ਫਿਰ ਜਿੰਨੀਆਂ ਨਿਕਲਦੀਆਂ ਸੀ। ਹੁਣ ਇੱਕ ਦੂਜੇ ਨੂੰ ਬੇਸ਼ਰਮਾਂ ਦੇ ਤਾਣ ਵੇਖਣ ਤੇ ਕਹਿਣ ਵੀ ਹੁਣ ਕੀ ਕਰੀਏ। ਪਤਾ ਤਾਂ ਸਾਰਿਆਂ ਨੂੰ ਵਾ ਕਿ ਸਿਰੇ ਦੇ ਇਲਤੀ ਬੰਦੇ ਆ। ਕੋਈ ਨਾ ਕੋਈ ਫੁਰਣਾ ਦਿਮਾਗ ਚ ਪੁੱਠਾ ਫੋਰ ਲਿਆ। ਮਰੀਕੂ ਨੇ ਸਕੀਮ ਲੜਾਈ ਕਿ ਆਪਾਂ ਇਦਾਂ ਕਰੀਏ ਕਿ ਮੈਂ ਆਪਣੇ ਵੱਲੋਂ ਹੀ ਕਹਿ ਦਿੰਦਾ ਹਾਂ ਕਿ ਮੈਂ ਦੋਵਾਂ ਦੀ ਸੁਲਾ ਕਰਾ ਤੀ ਆ। ਆਪੇ ਦੁਨੀਆਂ ਵਾਲੇ ਕਹਿਣਗੇ ਵੀ ਇਹ ਰਣ ਗਲਤ ਕੰਮ ਕਰ ਰਿਹਾ ਜਦੋਂ ਉਹ ਬਹਿ ਗਿਆ ਤਾਂ ਇਹਨੂੰ ਵੀ ਬਹਿ ਜਾਣਾ ਚਾਹੀਦਾ ਸੀ। ਪਰ ਇਜਰੋ ਨਾ ਮੰਨੇ। ਫਿਰ ਮਰੀਕੂ ਨੇ ਦਬਕਾ ਦੁਬਕਾ ਮਾਰ ਕੇ ਕਿਹਾ ਕਿ ਆਪਾਂ ਦੋਵੇਂ ਫਸ ਗਏ ਆਂ। ਤੂੰ ਤੇ ਹੁਣ ਮਰਨਾ, ਮੈਨੂੰ ਵੀ ਮਰਵਾਏਗਾ। ਬੱਧੇ ਰੁੱਦੇ ਮਨ ਨਾਲ ਇਜ਼ਰੂ ਨੇ ਹਾਮੀ ਭਰਦੀ। ਨਾਲ ਹੀ ਮਰੀਕੂ ਨੇ ਲਲਕਾਰਾ ਮਾਰ ਦਿੱਤਾ ਕਿ ਮੈਂ ਦੋਵਾਂ ਦੀ ਸੁਲ੍ਹਾ ਕਰਾ ਦਿੱਤੀ ਹੈ। ਇਜਰੂ ਤੇ ਰਣ ਦੋਵੇਂ ਮੰਨ ਗਏ ਨੇ। ਹੁਣ ਅੱਗੇ ਤੋਂ ਕੋਈ ਕਿਸੇ ਦੇ ਵੇਹੜੇ ਵਿੱਚ ਇੱਟਾਂ ਰੋੜੇ ਨਹੀਂ ਮਾਰੂਗਾ। ਉਨਾਂ ਨੇ ਇਹ ਰਣ ਨੂੰ ਪੁੱਛੇ ਬਗੈਰ ਹੀ ਕਹਿ ਤਾ। ਚਲੋ ਰਣ ਵੀ ਕਿਹਾ ਕਿ ਜੇ ਇਹ ਨਹੀਂ ਕਰਣਗੇ ਤਾਂ ਠੀਕ ਆ ਭਾਈ ਆਪਾਂ ਨਹੀਂ ਪੰਗਾ ਲੈਂਦੇ। ਪਰ ਰਣ ਅਤੇ ਗਵਾਂਡੀਆਂ ਨੂੰ ਪਤਾ ਸੀ ਵੀ ਇਹ ਸੁਧਰਨ ਵਾਲੀਆਂ ਜਿਨਸਾਂ ਨਹੀਂ। ਆਂਢੀਆਂ ਗਵਾਂਢੀਆਂ ਨੇ ਵੀ ਲਾਇਆ ਹਿਸਾਬ ਵੀ ਜੇ ਹੁਣ ਕੰਮ ਠੰਡਾ ਪੈ ਗਿਆ ਤਾਂ ਕੱਲ ਨੂੰ ਇੰਨਾ ਫੇਰ ਕੋਈ ਨਾ ਕੋਈ ਇਲਤ ਕਰ ਦੇਣੀ। ਫੇਰ ਕੀ ਸੀ ਰਣ ਨੇ ਕਰਤੀ ਤਿਆਰੀ। ਜਿੱਥੇ ਜਿੱਥੇ ਕਾਬੂ ਆਏ ਦੋਵਾਂ ਦੀ ਰੀਜ ਨਾਲ ਤਸੱਲੀ ਕਰਾਈ। ਜਦੋਂ ਮਰੀਕੂ ਤੇ ਇਜ਼ਰੂ ਨੇ ਹਿਸਾਬ ਲਾਇਆ ਵੀ ਰਣ ਤਾਂ ਕਾਬੂ ਨਹੀਂ ਆ ਰਿਹਾ। ਮਾਹੌਲ ਚਾਲ ਵੇਖ ਕੇ ਇਜ਼ਰੂ ਨੇ ਵੀ ਕਹਿ ਤਾ ਭਈ ਮੈਂ ਵੀ ਸੁਲਾ ਕਰ ਰਿਹਾ। ਜੋ ਮਰੀਕੂ ਨੇ ਕਿਹਾ ਉਹ ਸਿਰ ਮੱਥੇ ਪ੍ਰਵਾਨ। ਰਾਤ ਤਾਂ ਇਨ੍ਹਾਂ ਦੀ ਰਣ ਨੇ ਇੱਕ ਵਾਰੀ ਲਾਲਾ ਲਾਲਾ ਕਰਾਤੀ। ਹੁਣ ਪਤਾ ਲੱਗਾ ਕਿ ਮਰੀਕੂ ਤੇ ਇਜ਼ਰੀ ਆਪਸ ਚ ਇੱਕ ਦੂਜੇ ਨਾਲ ਮਾਂ ਭੈਣ ਦੀਆਂ ਗਾਲਾਂ ਕੱਢਣ ਤੱਕ ਆ ਗਏ ਹਨ। ਮਰੀਕੂ ਨੇ ਕਿਹਾ ਕਿ ਤੂੰ ਮੇਰੀ ਬੇਜਤੀ ਕਰਾ ਤੀ ਤੂੰ ਮੇਰੇ ਆਖੇ ਨਹੀਂ ਲੱਗਾ। ਹੁਣ ਪਤਾ ਲੱਗਾ ਦੋਵਾਂ ਨੂੰ ਕਿ ਬਗਾਨੇ ਪੁੱਤਾਂ ਨਾਲ ਪੰਗਾ ਕਿਵੇਂ ਲਈਦਾ? ਅੱਗੇ ਵੇਖੋ ਇਹਨਾਂ ਨਾਲ ਕੀ ਬਣਦਾ?
ਖਾਸ ਟਿੱਪਣੀ: ਇਸ ਦਾ ਮੌਜੂਦਾ ਦੌਰ ਵਿੱਚ ਇਜ਼ਰਾਇਲ ਅਤੇ ਇਰਾਨ ਵਿਚਕਾਰ ਚੱਲ ਰਹੇ ਯੁੱਧ ਨਾਲ ਕੋਈ ਸਬੰਧ ਨਹੀਂ ਹੈ ਅਤੇ ਅਮਰੀਕਾ ਨਾਲ ਵੀ ਇਸ ਦਾ ਕੋਈ ਨਾਤਾ ਨਹੀਂ ਹੈ। ਬਾਕੀ ਤੁਸੀਂ ਸਮਝਦਾਰ ਜੇ।
ਗੁਰਪਾਲ ਸਿੰਘ ਕਾਮ
#ਰੇਤਵਿੱਚਰੋਲਾ #ਵਿਅੰਗਕਾਰ The Sikh Gazette Highlights ਬਿਕਰਮਜੀਤ ਸਿੰਘ ਟਕਾਪੁਰ