
06/08/2025
ਕਾਇਨਾਤ, ਕਣ, ਕਿਰਤ, ਮੁਹੱਬਤ ਅਤੇ ਜ਼ਿੰਦਗੀ
ਸਾਡੀ ਕਾਇਨਾਤ (Universe) ਵਿੱਚ ਮੌਜੂਦ ਹਰ ਸ਼ੈਅ ਛੋਟੇ ਛੋਟੇ ਕਣਾਂ (Sediments) ਤੋਂ ਬਣੀ ਹੈ। ਇਹ ਕਣ ਕਾਇਨਾਤ ਦੇ ਕਰਤਾ (ਰੱਬ) ਹਨ। ਰੈਚਲ ਕਾਰਸਨ ਨੇ ਕਿਹਾ ਹੈ ਕਿ ਇਹ ਕਣ ਇੱਕ ਤਰ੍ਹਾਂ ਨਾਲ ਧਰਤੀ ਦਾ ਮਹਾਂ-ਕਾਵਿ (Epic Poem) ਹਨ। ਜਿਸ ਦਿਨ ਅਸੀਂ ਇੰਨ੍ਹੇ ਸਿਆਣੇ ਹੋ ਗਏ ਕਿ ਅਸੀਂ ਕਣਾਂ ਰੂਪੀ ਕਵਿਤਾ ਨੂੰ ਪੜ੍ਹ ਸਕੇ। ਉਸ ਦਿਨ ਅਸੀਂ ਧਰਤੀ ਦਾ ਸਾਰਾ ਇਤਿਹਾਸ ਪੜ੍ਹਨ ਜੋਗੇ ਹੋ ਜਾਵਾਂਗੇ।
ਜੇ ਕਾਇਨਾਤ, ਕਣਾਂ ਦੀ ਕਰਾਮਾਤ ਹੈ ਤਾਂ ਮਨੁੱਖੀ ਤਹਿਜ਼ੀਬ (Civilization) ਦੀ ਹਰ ਦਿਸਦੀ ਸ਼ੈਅ ਕਾਮੇ ਹੱਥਾਂ ਨੇ ਉਸਾਰੀ ਹੈ। ਜਿਹਦੇ ਵਿੱਚ ਫ਼ਸਲਾਂ ਤੋਂ ਲੈ ਕੇ ਆਸਮਾਨ ਛੂੰਹਦੀਆਂ ਇਮਾਰਤਾਂ ਤੱਕ ਸਭ ਕੁਝ ਸ਼ਾਮਿਲ ਹੈ। ਇਨ੍ਹਾਂ ਕਾਮਿਆਂ ਦੇ ਹੱਥ ਕਾਇਨਾਤੀ ਕਣਾਂ ਵਰਗੇ ਹਨ। ਜਿਨ੍ਹਾਂ ਦਾ ਮੁਹੱਬਤੀ ਮਹਾਂ-ਕਾਵਿ ਪੜ੍ਹਨਾ ਅਜੇ ਬਾਕੀ ਹੈ। ਕਾਇਨਾਤ, ਕਣ ਅਤੇ ਕਿਰਤ ਦੀ ਕਤਾਰ ਵਿੱਚ ਅਗਲਾ ਲਫ਼ਜ਼ ਮੁਹੱਬਤ ਹੋ ਸਕਦਾ ਹੈ। ਜਿਹਦੇ ਬਾਬਤ ਫ਼ਿਲਮ ‘ਇੰਟਰਸਟੈਲਰ’ ਦਾ ਸੰਵਾਦ ਬੇਸ਼ਕੀਮਤੀ ਹੈ। ਸੰਵਾਦ ਮੁਤਾਬਿਕ ਮੁਹੱਬਤ ਕੋਈ ਸਮਾਜ-ਸੇਵਾ, ਸਮਾਜਿਕ ਰਿਸ਼ਤੇ ਜਾਂ ਜੁਆਕ ਜੰਮਣ ਲਈ ਬਣੀ ਸ਼ੈਅ ਨਹੀਂ ਹੈ। ਮੁਹੱਬਤ ਅਜਿਹੀ ਅਲੌਕਿਕ ਸ਼ੈਅ ਹੈ ਜੋ ਸਮੇਂ ਅਤੇ ਖ਼ਲਾਅ (ਸਪੇਸ) ਦੀਆਂ ਹੱਦਬੰਦੀਆਂ ਤੋਂ ਪਾਰ ਹੈ। ਇਹ ਕਿਸੇ ਮਹਾਂ-ਖਿਆਲ (Higher Dimension) ਦਾ ਇਸ਼ਾਰਾ ਜਾਂ ਸਬੂਤ (Evidence or Artifact) ਹੈ। ਜਿਹਨੂੰ ਅਸੀਂ ਅਜੇ ਸਮਝ ਨਹੀਂ ਰਹੇ ਪਰ ਸਾਨੂੰ ਮੁਹੱਬਤ ਵਿੱਚ ਯਕੀਨ ਕਰਨਾ ਚਾਹੀਦਾ ਹੈ।
ਕਾਇਨਾਤ, ਕਣ, ਕਿਰਤ ਅਤੇ ਮੁਹੱਬਤ ਦੀ ਲੜੀ ਵਿੱਚ ਪੰਜਵਾਂ ਸ਼ਬਦ ਲੱਭਣਾ ਹੋਵੇ ਤਾਂ ਫ਼ਿਲਮ ‘ਵੈਸਟ ਸਾਈਡ ਸਟੋਰੀ’ ਦਾ ਸੰਵਾਦ ਥੋਡੇ ਕਾਲਜੇ ਦਾ ਰੁੱਗ ਭਰ ਸਕਦਾ ਹੈ। ਸੰਵਾਦ ਹੈ, “ਜ਼ਿੰਦਗੀ ਮੁਹੱਬਤ ਤੋਂ ਵੀ ਕੀਮਤੀ ਸ਼ੈਅ ਹੈ।”
(ਤਸਵੀਰ ਵਿਚਲਾ ਪੱਥਰ ਧਰਤੀ ਦੇ ਸਭ ਤੋਂ ਪੁਰਾਣੇ ਕਣਾਂ ਦੀ ਨਿਸ਼ਾਨੀ ਹੈ।)
ਲਿਖਤ Jatinder Mauhar