14/08/2023
ਲਾਲ ਸਿੰਘ ਦਿਲ* ਦਾ ਜਨਮ 14 ਅਪ੍ਰੈਲ 1943 ਨੂੰ ਮਾਤਾ ਚਿੰਤ ਕੌਰ ਪਿਤਾ ਰੌਣਕੀ ਰਾਮ, ਪਿੰਡ ਘੁੰਗਰਾਲੀ ਸਿੱਖਾਂ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਐਸ ਤਰਸੇਮ ਅਨੁਸਾਰ ਲਾਲ ਸਿੰਘ ਦਿਲ ਦਾ ਜਨਮ 11 ਅਪ੍ਰੈਲ 1943 ਨੂੰ ਹੋਇਆ ਸੀ। ਦਲਿਤ ਪਰਿਵਾਰ ਵਿੱਚ ਪੈਦਾ ਹੋਏ ਲਾਲ ਸਿੰਘ ਦਿਲ ਨੇ ਜ਼ਿੰਦਗੀ ਨਿਰਬਾਹ ਕਰਨ ਲਈ ਛੋਟੇ ਮੋਟੇ ਕੰਮ ਕੀਤੇ ਅਤੇ ਕੁਝ ਦੇਰ ਯੂ.ਪੀ. ਵਿੱਚ ਵੀ ਰਿਹਾ। ਉਹ ਦਸ ਪਾਸ,ਕਾਲਜ ਪੜ੍ਹਿਆ, ਟੀਚਰ ਟਰੇਨਿੰਗ ਕੋਰਸ ਵਿੱਚ ਦਾਖਲ ਹੋਇਆ ਅਤੇ ਪੰਜਾਬੀ ਸਾਹਿਤ ਦੇ ਆਨਰਜ਼ ਕੋਰਸ ਦਾ ਯਤਨ ਪਰ ਪੂਰਾ ਕੋਈ ਵੀ ਨਹੀਂ ਕੀਤਾ।ਕਿੱਤਾਕਵੀ, ਉਜਰਤੀ ਮਜ਼ਦੂਰ, ਚੌਕੀਦਾਰ, ਖੇਤ ਮਜਦੂਰ, ਰਸੋਈਆ, ਚਾਹ ਦੀ ਦੁਕਾਨ ਕੀਤੀ।ਲਾਲ ਸਿੰਘ ਦਿਲ ਨਕਸਲਬਾੜੀ ਕਾਵਿ-ਲਹਿਰ ਨਾਲ ਤੂਫਾਨ ਵਾਂਗ ਉੱਠਿਆ ਕਵੀ ਸੀ।ਜੋ ਆਪਣੇ ਵੱਖਰੇ ਅਨੁਭਵ ਅਤੇ ਵਿਕਲੋਤਰੀ ਕਾਵਿ ਸ਼ੈਲੀ ਕਾਰਨ ਲਹਿਰ ਦੇ ਬਾਕੀ ਕਵੀਆਂ ਨਾਲੋਂ ਵੱਖਰੇ ਸੁਹਜ ਦੀ ਸਿਰਜਣਾ ਕਰਦਾ ਹੈ। ਲਾਲ ਸਿੰਘ ਦਿਲ ਦਲਿਤ ਵਰਗ ਦਾ ਗਰੀਬ ਯੁਵਕ ਸੀ। ਜੋ ਨਕਸਲਬਾੜੀ ਦੌਰ ਦੀ ਰਾਜਸੀ ਸਮਝ ਨਾਲ ਆਪਣੀ ਹੋਣੀ ਜੋੜਦਾ ਹੈ ,ਅਤੇ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਹੀਣ ਭਾਵਨਾ ਦੀ ਥਾਂ ਸੰਘਰਸ਼ ਭਾਵਨਾ ਨਾਲ ਭਰਿਆ ਹੋਇਆ ਹੈ।ਉਸ ਦੀਆਂ ਕਵਿਤਾਵਾਂ ਵਿੱਚ ਜਮਾਤੀ ਦੁਸ਼ਮਣ ਪ੍ਰਤੀ ਪ੍ਰਚੰਡ ਨਫਰਤ ਦਿਖਾਈ ਦਿੰਦੀ ਹੈ। ਭਾਰਤ ਦੀ ਸਮਾਜਿਕ ਬਣਤਰ ਬੜੀ ਗੁੰਝਲਦਾਰ ਹੈ। ਇੱਥੇ ਕੇਵਲ ਜਮਾਤੀ ਵੰਡ ਹੀ ਨਹੀਂ ਸਗੋਂ ਜਾਤੀ ਵੰਡ ਵੀ ਹੈ। ਲਾਲ ਸਿੰਘ ਇਸ ਤੱਥ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਜਾਤਪਾਤ ਕਿਵੇਂ ਸੰਵੇਦਨਸ਼ੀਲ ਮਨੁੱਖ ਨੂੰ ਨਪੀੜਦੀ ਹੈ। ਨਕਸਲਬਾੜੀ ਲਹਿਰ ਦੇ ਹੋਰ ਕਵੀਆਂ ਦੇ ਮੁਕਾਬਲੇ ਲਾਲ ਸਿੰਘ ਦਿਲ ਦੀ ਵਿਲੱਖਣਤਾ ਹੈ ਕਿ ਉਸ ਨੇ ਪਿਆਰ ਨੂੰ ਜਮਾਤੀ ਨਜ਼ਰੀਏ ਦੇ ਨਾਲੋ ਨਾਲ ਜਾਤੀ ਨਜ਼ਰੀਏ ਵਜੋਂ ਵੀ ਵੇਖਿਆ ਹੈ; ਮੈਨੂੰ ਪਿਆਰ ਕਰਦੀਏ ਪਰ-ਜਾਤ ਕੁੜੀਏ ਸਾਡੇ ਸਕੇ ਮੁਰਦੇ ਵੀ ਇੱਕ ਥਾਂ ਤੇ ਨਹੀਂ ਜਲਾਉਂਦੇ। ਇਤਿਹਾਸ/ਮਿਥਿਹਾਸ ਨੂੰ ਨਵ ਅਰਥ ਦੇਣੇ ਨਕਸਲਬਾੜੀ ਲਹਿਰ ਦੇ ਕਵੀਆਂ ਦਾ ਸਾਂਝਾ ਲੱਛਣ ਹੈ। ਲਾਲ ਸਿੰਘ ਦਿਲ ਦੀ ਕਾਂਗਲਾ ਤੇਲੀ ਮਿਥਿਹਾਸ ਅਧਾਰਿਤ ਲੰਮੀ ਬਿਰਤਾਂਤਕ ਕਵਿਤਾ ਹੈ ਜਿਸ ਵਿੱਚ ਹੋਈ ਬੀਤੀ ਘਟਨਾ ਦੇ ਜਮਾਤੀ ਅਧਾਰਾਂ ਨੂੰ ਸਪੱਸ਼ਟ ਕਰਦਿਆਂ ਕਿਥੇ ਰਾਜਾ ਭੋਜ ਕਿਥੇ ਕਾਂਗਲਾ ਦਾ ਜੁਆਬ ਦਿੱਤਾ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਜਮਾਤੀ ਦ੍ਰਿਸ਼ਟੀਕੋਣ ਨੂੰ ਪ੍ਰਗਟਾਉਣ ਲਈ ਸੰਤ ਰਾਮ ਉਦਾਸੀ ਵਾਂਗ ਸਿਆਸੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਦਾ ਸਗੋਂ ਉਹ ਚੁੱਪ ਚੁਪੀਤੇ ਕਵਿਤਾ ਕਹਿੰਦਾ ਹੈ ਜਿਸ ਵਿੱਚੋਂ ਸਿਆਸੀ ਅਰਥਾਂ ਤੋਂ ਬਿਨਾਂ ਹੋਰ ਕੋਈ ਅਰਥ ਨਹੀਂ ਲਏ ਜਾ ਸਕਦੇ। ਦਿਲ ਆਪਣੀਆਂ ਸ਼ਾਮ ਦਾ ਰੰਗ,ਕੜੇਲੀ ਪਿੰਡ ਦੀਆਂ ਵਾਸਣਾਂ,ਨਾਮਾ ਅਤੇ ਜਜ਼ਬੇ ਦੀ ਖੁਦਕਸ਼ੀ ਵਰਗੀਆਂ ਵਿਲੱਖਣ ਅਨੁਭਵ ਅਤੇ ਪ੍ਰਗਟਾਅ ਸ਼ੈਲੀ ਵਾਲੀਆਂ ਰਚਨਾਵਾਂ ਕਾਰਨ ਵੱਖਰਾ ਹੀ ਦਿਸਦਾ ਰਹੇਗਾ।ਇਹ ਇਨਕਲਾਬੀ ਜੁਝਾਰੂ ਕਵੀ 14 ਅਗਸਤ 2007 ਨੂੰ ਸਦਾ ਲਈ ਵਿਛੜ ਗਿਆ।